Shabad Vichaar 48-ਪਾਪੀ ਹੀਐ ਮੈ ਕਾਮੁ ਬਸਾਇ ॥

TeamGlobalPunjab
4 Min Read

ਨੌਵੇਂ ਮਹਲੇ ਦੀ ਇਲਾਹੀ ਬਾਣੀ ਦੇ 48ਵੇਂ ਸ਼ਬਦ ਦੀ ਵਿਚਾਰ – Shabad Vichaar -48

ਪਾਪੀ ਹੀਐ ਮੈ ਕਾਮੁ ਬਸਾਇ ॥ ਸ਼ਬਦ ਵਿਚਾਰ

ਡਾ. ਗੁਰਦੇਵ ਸਿੰਘ*

ਮਾਇਆ ਦੇ ਪ੍ਰਭਾਵ ਤੋਂ ਬਚਣਾ ਆਸਾਨ ਨਹੀਂ ਹੈ। ਜੋਗੀ, ਸਨਿਆਸੀ, ਸਾਧੂ ਆਦਿ ਜਿਨ੍ਹਾਂ ਨੇ ਵੀ ਇਸ ਦਾ ਤਿਆਗ ਕੀਤਾ ਉਹ ਵੀ ਇਸ ਦੇ ਪ੍ਰਭਾਵ ਤੋਂ ਨਹੀਂ ਬਚ ਸਕੇ। ਮਾਇਆ ਦੇ ਪ੍ਰਭਾਵ ਤੋਂ ਕਿਵੇਂ ਬਚਿਆ ਜਾ ਸਕਦਾ ਹੈ, ਕਿਵੇਂ ਅਸੀਂ ਸੰਸਾਰ ਸਮੁੰਦਰ ਤੋਂ ਪਾਰ ਹੋ ਸਕਦੇ ਹਾਂ? ਤਾਂ ਇਸ ਸੰਬੰਧੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਡਾ ਮਾਰਗ ਦਰਸ਼ਨ ਕਰਦੀ ਹੈ:

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਅੱਜ ਅਸੀਂ ਗੁਰੂ ਸਾਹਿਬ ਦੀ ਕੁੱਲ ਬਾਣੀ ਦੇ 48ਵੇਂ ਸ਼ਬਦ ‘ਪਾਪੀ ਹੀਐ ਮੈ ਕਾਮੁ ਬਸਾਇ ॥ ਮਨੁ ਚੰਚਲੁ ਯਾ ਤੇ ਗਹਿਓ ਨ ਜਾਇ ॥੧॥ ਦੀ ਵਿਚਾਰ ਕਰਾਂਗੇ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1186 ‘ਤੇ ਰਾਗ ਬਸੰਤ ਅਧੀਨ ਅੰਕਿਤ ਹੈ। ਇਸ ਸ਼ਬਦ ਵਿੱਚ ਗੁਰੂ ਜੀ ਮਨੁੱਖ ਮਾਇਆ ਦੇ ਪ੍ਰਭਾਵ ਤੋਂ ਬਚਣ ਦਾ ਉਪਦੇਸ਼ ਕੁਝ ਇਸ ਪ੍ਰਕਾਰ ਦੇ ਰਹੇ ਹਨ:

- Advertisement -

ਬਸੰਤੁ ਮਹਲਾ ੯ ॥

ਪਾਪੀ ਹੀਐ ਮੈ ਕਾਮੁ ਬਸਾਇ ॥

ਮਨੁ ਚੰਚਲੁ ਯਾ ਤੇ ਗਹਿਓ ਨ ਜਾਇ ॥੧॥ ਰਹਾਉ ॥

ਹੇ ਭਾਈ! ਪਾਪਾਂ ਵਿਚ ਫਸਾਣ ਵਾਲੀ ਕਾਮ-ਵਾਸਨਾ (ਮਨੁੱਖ ਦੇ) ਹਿਰਦੇ ਵਿਚ ਟਿਕੀ ਰਹਿੰਦੀ ਹੈ, ਇਸ ਵਾਸਤੇ (ਮਨੁੱਖ ਦਾ) ਚੰਚਲ ਮਨ ਕਾਬੂ ਵਿਚ ਨਹੀਂ ਆ ਸਕਦਾ।1। ਰਹਾਉ।

ਜੋਗੀ ਜੰਗਮ ਅਰੁ ਸੰਨਿਆਸ ॥ ਸਭ ਹੀ ਪਰਿ ਡਾਰੀ ਇਹ ਫਾਸ ॥੧॥

- Advertisement -

ਹੇ ਭਾਈ! ਜੋਗੀ ਜੰਗਮ ਅਤੇ ਸੰਨਿਆਸੀ (ਜਿਹੜੇ ਆਪਣੇ ਵੱਲੋਂ ਮਾਇਆ ਦਾ) ਤਿਆਗ ਕਰ ਗਏ ਹਨ) ਇਹਨਾਂ ਸਭਨਾਂ ਉੱਤੇ ਹੀ (ਮਾਇਆ ਨੇ ਕਾਮ-ਵਾਸ਼ਨਾ ਦੀ) ਇਹ ਫਾਹੀ ਸੁੱਟੀ ਹੋਈ ਹੈ।1।

ਜਿਹਿ ਜਿਹਿ ਹਰਿ ਕੋ ਨਾਮੁ ਮਾਰਿ॥ ਤੇ ਭਵ ਸਾਗਰ ਉਤਰੇ ਪਾਰਿ ॥੨॥

ਹੇ ਭਾਈ! ਜਿਸ ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਇਆ ਹੈ,  ਉਹ ਸਾਰੇ ਸੰਸਾਰ-ਸਮੁੰਦਰ (ਦੇ ਵਿਕਾਰਾਂ) ਤੋਂ ਪਾਰ ਲੰਘ ਜਾਂਦੇ ਹਨ।2।

ਜਨ ਨਾਨਕ ਹਰਿ ਕੀ ਸਰਨਾਇ ॥ ਦੀਜੈ ਨਾਮੁ ਰਹੈ ਗੁਨ ਗਾਇ ॥੩॥੨॥

ਹੇ ਨਾਨਕ! ਪਰਮਾਤਮਾ ਦਾ ਦਾਸ ਪਰਮਾਤਮਾ ਦੀ ਸਰਨ ਪਿਆ ਰਹਿੰਦਾ ਹੈ (ਪਰਮਾਤਮਾ ਦੇ ਦਰ ਤੇ ਉਹ ਅਰਜ਼ੋਈ ਕਰਦਾ ਰਹਿੰਦਾ ਹੈ– ਹੇ ਪ੍ਰਭੂ! ਆਪਣੇ ਦਾਸ ਨੂੰ ਆਪਣਾ) ਨਾਮ ਦੇਹ (ਤਾ ਕਿ ਤੇਰਾ ਦਾਸ ਤੇਰੇ) ਗੁਣ ਗਾਂਦਾ ਰਹੇ (ਇਸ ਤਰ੍ਹਾਂ ਉਹ ਕਾਮਾਦਿਕ ਵਿਕਾਰਾਂ ਦੀ ਮਾਰ ਤੋਂ ਬਚਿਆ ਰਹਿੰਦਾ ਹੈ) ।3।2।

ਉਕਤ ਸ਼ਬਦ ਵਿੱਚ ਗੁਰੂ ਜੀ ਉਪਦੇਸ਼ ਕਰ ਰਹੇ ਹਨ ਕਿ ਹੇ ਭਾਈ ਮਨ ਵਿੱਚ ਕਾਮਿਕ ਮਾਇਆ ਹੋਣ ਦੇ ਕਾਰਨ ਮਨ ‘ਤੇ ਕਾਬੂ ਨਹੀਂ ਰਹਿੰਦਾ। ਇਸ ਕਾਮ ਵਾਸ਼ਨਾ ਦੀ ਮਾਇਆ ਨੇ ਵੱਡੇ ਵੱਡੇ ਜੋਗੀ ਨਹੀਂ ਛੱਡੇ। ਕੇਵਲ ਉਹੀ ਮਨੁੱਖ ਇਸ ਦੇ ਪ੍ਰਭਾਵ ਤੋਂ ਬਚ ਸਕਦਾ ਹੈ ਜੋ ਉਸ ਪ੍ਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਵਸਾਉਂਦਾ ਹੈ।  ਉਹ ਹੀ ਸੰਸਾਰ ਸਾਗਰ ਤੋਂ ਪਾਰ ਹੁੰਦਾ ਹੈ।  ਇਸ ਲਈ ਉਸ ਅਕਾਲ ਪੁਰਖ ਪ੍ਰਮਾਤਮਾ ਕੋਲ ਨਾਮ ਸਿਮਰਨ ਲਈ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਕਾਮ ਵਾਸ਼ਨਾ ਵਰਗੇ ਵਿਕਾਰਾਂ ਤੋਂ ਬਚਿਆ ਜਾ ਸਕੇ।

ਕੱਲ੍ਹ ਸ਼ਾਮੀ 6 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚਲੇ 49ਵੇਂ ਸ਼ਬਦ ਦੀ ਵਿਚਾਰ ਕਰਾਂਗੇ। ਪ੍ਰੋ. ਸਾਹਿਬ ਸਿੰਘ ਜੀ ਦੀ ਕ੍ਰਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਨੂੰ ਸ਼ਬਦ ਦੀ ਵਿਚਾਰ ਦਾ ਅਧਾਰ ਬਣਾਇਆ ਗਿਆ ਹੈ। ਸ਼ਬਦ ਵਿਚਾਰ ਸੰਬੰਧੀ ਜੇ ਆਪ ਜੀ ਦਾ ਵੀ ਕੋਈ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਸਾਨੂੰ ਖੁਸ਼ੀ ਹੋਵੇਗੀ। ਭੁੱਲਾਂ ਚੁੱਕਾਂ ਦੀ ਖਿਮਾ।

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ

*gurdevsinghdr@gmail.com

Share this Article
Leave a comment