ਪੰਥ-ਰਤਨ ਜਥੇਦਾਰ ਗੁਰਚਰਨ ਸਿੰਘ ਜੀ ‘ਟੌਹੜਾ’ : ਸਦੀਵੀ ਵਿਛੋੜਾ – ਡਾ. ਰੂਪ ਸਿੰਘ

ਬਰਸੀ  ‘ਤੇ ਵਿਸ਼ੇਸ਼

ਆਖਰੀ ਵੇਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣ, ਉਹ ਕਦੇ ਪ੍ਰਸੰਨਚਿਤ ਨਜ਼ਰ ਨਹੀਂ ਆਏ ਸਗੋਂ ਉਨ੍ਹਾਂ ਨੂੰ ਨੇੜ੍ਹਿਓਂ ਤੱਕਿਆਂ ਇਹ ਮਹਿਸੂਸ ਹੁੰਦਾ ਸੀ ਕਿ ਉਨ੍ਹਾਂ ਦੇ ਸਵੈ-ਮਾਣ ਨੂੰ ਭਾਰੀ ਠੇਸ ਪਹੁੰਂਚੀ ਹੈ, ਜਿਸਦੀ ਪੀੜ ਉਨ੍ਹਾਂ ਦੇ ਉੱਤਰੇ ਹੋਏ ਚਿਹਰੇ ਤੋਂ ਦਿਖਾਈ ਦਿੰਦੀ। ਉਨ੍ਹਾਂ ਨੂੰ ਅਹਿਸਾਸੇ ਕੰਮਤਰੀ ਨੇ ਘੇਰਿਆ ਹੋਇਆ ਸੀ ਜੋ ਉਹ ਕਰਨਾ ਲੋਚਦੇ ਤੇ ਸੋਚਦੇ ਸਨ ਉਹ ਕਰ ਨਾ ਸਕੇ……

ਗੁਰੂ-ਗ੍ਰੰਥ ਤੇ ਗੁਰੂ-ਪੰਥ ਨੂੰ ਰੋਮ ਰੋਮ ਤੋਂ ਸਮਰਪਿਤ ਸੁਹਿਰਦ ਧਾਰਮਿਕ, ਰਾਜਸੀ, ਸਮਾਜਿਕ ਆਗੂ, ਪ੍ਰਬੁਧ ਵਕਤਾ, ਦਰਸ਼ਨੀ ਗੁਰਸਿੱਖ, ਲੰਮੇਰਾ ਸਮਾਂ ਰਾਜ ਸਭਾ ਤੇ ਲੋਕ ਸਭਾ ਦੇ ਮੈਂਬਰ ਤੇ ਸਿੱਖਾਂ ਦੀ ਸਿਰਮੌਰ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਹੁਣ ਤੀਕ ਦੇ ਸਭ ਤੋਂ ਵਧੇਰੇ ਸਮਾਂ ਪ੍ਰਧਾਨਗੀ ਪਦ ‘ਤੇ ਸ਼ਸੋਭਿਤ ਰਹੇ ਸਨਮਾਨਤ ਸ਼ਖ਼ਸੀਅਤ, ਪੰਥ-ਰਤਨ ਜਥੇਦਾਰ ਗੁਰਚਰਨ ਸਿੰਘ ਜੀ ‘ਟੌਹੜਾ’ ਬਾਰੇ, ਜੇ ਮੇਰੇ ਵਾਸਤੇ ਲਿਖਣਾ ਅਸੰਭਵ ਨਹੀਂ ਤਾਂ ਮੁਸ਼ਕਿਲ ਜ਼ਰੂਰ ਹੈ। ਕਾਰਣ, ਮੈਂ ਟੌਹੜਾ ਸਾਹਿਬ ਜੀ ਦੀ ਜੀਵਨ-ਜਾਚ ਦਾ ਕਾਇਲ ਹਾਂ। ਮੈਨੂੰ ਟੌਹੜਾ ਸਾਹਿਬ ਦੇ ਨਜ਼ਦੀਕ ਰਹਿਣ, ਉਨ੍ਹਾਂ ਨਾਲ ਕੰਮ ਕਰਨ, ਉਨ੍ਹਾਂ ਨੂੰ ਸੁਨਣ ਤੇ ਉਨ੍ਹਾਂ ਬਾਰੇ ਪੜ੍ਹਨ ਦਾ ਵੀ ਮੌਕਾ ਮਿਲਿਆ। ਉਨ੍ਹਾਂ ਬਾਰੇ ਬਹੁਤ ਕੁਝ ਲਿਖਿਆ ਗਿਆ, ਲਿਖਿਆ ਜਾਵੇਗਾ, ਖੋਜ ਕਾਰਜ ਹੋਣਗੇ ਪਰ ਸਮੇਂ ਦੇ ਨਾਲ, ਕਿਉਂ ਕਿ ਸਮਾਂ ਕਈ ਵੇਰ ਸਮੇਂ ਸਿਰ, ਸੱਚ ਬੋਲਣ ਦੀ ਇਜ਼ਾਜਤ ਨਹੀ ਦਿੰਦਾ!

ਜਥੇਦਾਰ ਗੁਰਚਰਨ ਸਿੰਘ ਜੀ ‘ਟੌਹੜਾ’ ਦਾ ਜਨਮ 24 ਸਤੰਬਰ, 1924 ਨੂੰ ਸਰਦਾਰ ਦਲੀਪ ਸਿੰਘ ਤੇ ਸਰਦਾਰਨੀ ਬਸੰਤ ਕੌਰ ਦੇ ਘਰ ਪਿੰਡ ਟੌਹੜਾ, ਤਹਿਸੀਲ ਨਾਭਾ, ਜ਼ਿਲ੍ਹਾ ਪਟਿਆਲਾ ‘ਚ ਸਾਧਾਰਨ ਕਿਸਾਨ ਦੇ ਘਰ ਹੋਇਆ। ਅਜੇ ਢਾਈ ਸਾਲ ਦੀ ਬਾਲ ਵਰੇਸ ਦੇ ਹੀ ਸਨ ਕਿ ਉਨ੍ਹਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ। ਟੌਹੜਾ ਸਾਹਿਬ ਦਾ ਪਾਲਣ ਪੋਸਣ ਉਨ੍ਹਾਂ ਦੇ ਮਾਮਾ ਜੀ ਨੇ ਕੀਤਾ ਜੋ ਕਿ ਅਕਾਲੀ ਲਹਿਰ ਦੇ ਸਰਗਰਮ ਵਰਕਰ ਸਨ।ਟੌਹੜਾ ਸਾਹਿਬ ਨੇ ਅੱਖਰ ਗਿਆਨ ਪ੍ਰਾਇਮਰੀ ਸਕੂਲ ਡਕੋਦਾ ਤੋਂ ਪ੍ਰਾਪਤ ਕਰ, ਪਬਲਿਕ ਸਕੂਲ ਚਰਨਾਰਥਲ ਤੋਂ ਅੱਠਵੀਂ ਦਾ ਇਮਤਿਹਾਨ ਪਾਸ ਕੀਤਾ। ਘਰ ਤੋਂ ਸਕੂਲ ਦੂਰ ਹੋਣ ‘ਤੇ ਪਰਿਵਾਰਕ- ਆਰਥਿਕ ਮਜ਼ਬੂਰੀਆਂ ਕਾਰਨ ਟੌਹੜਾ ਸਾਹਿਬ ਨਿਰੰਤਰ ਵਿਦਿਆ ਪ੍ਰਾਪਤ ਨਾ ਕਰ ਸਕੇ ਪਰ ਕੁਝ ਸਮਾਂ ਸੰਸਕ੍ਰਿਤ ਵਿਦਿਆਲਾ ਪਟਿਆਲਾ ਤੋਂ ਸੰਸਕ੍ਰਿਤ ਭਾਸ਼ਾ ਦਾ ਗਿਆਨ ਪ੍ਰਾਪਤ ਕੀਤਾ। ਤੀਖਣ ਬੁੱਧੀ ਸਦਕਾ ਉਨ੍ਹਾਂ ਨੇ 1942 ਈ: ‘ਚ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਗਿਆਨੀ ਦਾ ਇਮਤਿਹਾਨ ਪਾਸ ਕੀਤਾ। ਟੌਹੜਾ ਸਾਹਿਬ ਨੂੰ ਜੁਆਨੀ ਦੇ ਕੁਝ ਸਾਲ ਖੇਤੀਬਾੜੀ ਦੇ ਗੋਰਖ ਧੰਦੇ ‘ਚ ਵੀ ਗੁਜ਼ਾਰਨੇ ਪਏ। 13 ਸਾਲ ਦੀ ਉਮਰੇ, 1937 ਈ: ਵਿੱਚ ਟੌਹੜਾ ਸਾਹਿਬ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ, ਗੁਰੂ ਪਰਿਵਾਰ ਦੇ ਮੈਂਬਰ ਬਣ, ਗੁਰਬਾਣੀ ਦੇ ਨੇਮੀ ਤੇ ਪ੍ਰੇਮੀ ਬਣ ਗਏ। ਗਿਆਨੀ ਵਰਿਆਮ ਸਿੰਘ ਜੀ ਦੇ ਸਾਥੀ ਵਜੋਂ ਕੀਰਤਨ ਕਰਨ ਸਦਕਾ, ਇਲਾਕੇ ‘ਚ ਪ੍ਰਸਿੱਧ ਰਾਗੀ ਵਜੋਂ ਪਹਿਚਾਣ ਬਣੀ।

ਨਿਤਨੇਮ, ਆਸਾ ਦੀ ਵਾਰ ਤੋਂ ਇਲਾਵਾ ਕਈ ਬਾਣੀਆਂ ਤੇ ਗੁਰਬਾਣੀ ਦੇ ਅਨੇਕਾਂ ਸ਼ਬਦ ਟੌਹੜਾ ਸਾਹਿਬ ਨੂੰ ਜੁਬਾਨੀ ਯਾਦ ਸਨ। ਜੁਆਨੀ ਸਮੇਂ ਉਨ੍ਹਾਂ ਨੂੰ ਅੰਮ੍ਰਿਤ ਸੰਚਾਰ ਸਮਾਗਮਾਂ ਸਮੇਂ ਵੀਂ ਪੰਜਾਂ ਪਿਆਰਿਆਂ ‘ਚ ਸ਼ਾਮਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਗੀ ਕਾਰਜ ਕਾਲ ਸਮੇਂ ਵੀ ਕਈ ਵਾਰ ਅੰਮ੍ਰਿਤ ਸੰਚਾਰ ਸਮਾਗਮਾਂ ‘ਚ ਸ਼ਾਮਲ ਹੁੰਦੇ ਰਹੇ। ਜਥੇਦਾਰ ਗੁਰਚਰਨ ਸਿੰਘ ਜੀ ‘ਟੌਹੜਾ’ ਦਾ ਅਨੰਦ ਕਾਰਜ਼ 16 ਸਾਲ ਦੀ ਉਮਰ ‘ਚ ਮਾਤਾ ਜੋਗਿੰਦਰ ਕੌਰ ਜੀ ਨਾਲ ਪਟਿਆਲਾ ‘ਚ ਹੋਇਆ। ਉਨ੍ਹਾਂ ਦੇ ਘਰ ਇਕ ਸਪੁੱਤਰ ਨੇ ਜਨਮ ਲਿਆ ਜੋ ਕੁਝ ਸਮੇਂ ਬਾਅਦ ਅਕਾਲ ਚਲਾਣਾ ਕਰ ਗਿਆ। ਫਿਰ ਉਨ੍ਹਾਂ ਨੇ ਆਪਣੀ ਧਰਮ ਸੁਪੱਤਨੀ ਦੀ ਭੈਣ ਦੀ ਲੜਕੀ ਕੁਲਦੀਪ ਕੌਰ ਨੂੰ ਗੋਦ ਲੈ ਲਿਆ ਜਿਸ ਦਾ ਅਨੰਦ ਕਾਰਜ ਸ. ਹਰਮੇਲ ਸਿੰਘ ਨਾਲ ਹੋਇਆ, ਜੋ ਪਟਿਆਲੇ ‘ਚ ਨਿਵਾਸ ਰ਼ੱਖਦੇ ਹਨ।

ਅਕਾਲ ਦੇ ਪੁਜਾਰੀ ਜਥੇਦਾਰ ਗੁਰਚਰਨ ਸਿੰਘ ਜੀ ‘ਟੌਹੜਾ’ 1938 ਈ: ‘ਚ ਅਕਾਲੀ ਦਲ ‘ਚ ਭਰਤੀ ਹੋ ਗਏ। 20 ਸਾਲ ਦੀ ਭਰ ਜੁਆਨੀ ‘ਚ ਟੌਹੜਾ ਸਾਹਿਬ ਨੇ ਪਹਿਲੀ ਵੇਰ ਜੇਲ੍ਹ ਯਾਤਰਾ ਕੀਤੀ ਤੇ ਫਿਰ ਅਕਾਲੀ ਦਲ ਵੱਲੋਂ ਲੱਗੇ ਹਰ ਮੋਰਚੇ ਸਮੇਂ ਇਸ ਨੇਮ ਨੂੰ ਸਿਦਕ-ਭਰੋਸੇ ਨਾਲ ਨਿਭਾਇਆ। ਅਨੁਸ਼ਾਸ਼ਤ ਸਿੱਖੀ ਜੀਵਨ, ਸ਼ਖ਼ਤ ਮਿਹਨਤ, ਨਿਰ-ਸੁਆਰਥੀ ਜ਼ਜ਼ਬੇ ਨੂੰ ਤੱਕਦਿਆਂ ਸਮੇਂ ਦੇ ਅਕਾਲੀ ਆਗੂਆਂ ਨੇ ਟੌਹੜਾ ਸਾਹਿਬ ਨੂੰ 1948 ਈ: ‘ਚ ਰਿਆਸਤੀ ਅਕਾਲੀ ਦਲ ਦੇ ਸਕੱਤਰ ਹੋਣ ਦਾ ਮਾਣ ਬਖ਼ਸ਼ਿਸ਼ ਕੀਤਾ। ਜਥੇਦਾਰ ਗੁਰਚਰਨ ਸਿੰਘ ਜੀ ‘ਟੌਹੜਾ’ ਸਾਦਗੀ, ਸੰਜਮੀ, ਸਮੇਂ ਦੀ ਪਾਬੰਦੀ ਦੇ ਸੁਭਾਅ ਤੇ ਪਾਰਟੀ ਪ੍ਰਤੀ ਸਮਰਪਣ ਦੀ ਭਾਵਨਾ ਕਰਕੇ 1952 ਈ: ‘ਚ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਜਥੇਦਾਰ ਚੁਣੇ ਗਏ। ‘ਜਥੇਦਾਰ’ ਸ਼ਬਦ ਟੌਹੜਾ ਸਾਹਿਬ ਦੀ ਸ਼ਖ਼ਸੀਅਤ ਨਾਲ ਪੂਰਨ ਤੌਰ ‘ਤੇ ਸੁਮੇਲ ਖਾਂਦਾ ਤੇ ਖੂਬ ਫੱਬਦਾ ਸੀ। 1959 ਈ: ਵਿਚ ਜਥੇਦਾਰ ਗੁਰਚਰਨ ਸਿੰਘ ਜੀ ‘ਟੌਹੜਾ’ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਹੋਣ ਦਾ ਮਾਣ ਪ੍ਰਾਪਤ ਹੋਇਆ।

1960 ਈ: ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੀਆਂ ਜਨਰਲ ਚੋਣਾਂ ਸਮੇਂ ਟੌਹੜਾ ਸਾਹਿਬ, ਮੈਂਬਰ ਸ਼੍ਰੋਮਣੀ ਕਮੇਟੀ ਚੁਣੇ ਗਏ ਤੇ ਆਖਰੀ ਸਾਹਾਂ ਤੀਕ ਚੁਣੇ ਹੋਏ ਮੈਂਬਰ ਦੀ ਹੈਸੀਅਤ ‘ਚ ਕ੍ਰਿਆਸ਼ੀਲ ਰਹੇ। ਪਹਿਲੀ ਚੋਣ ਸਮੇਂ ਉਨ੍ਹਾਂ ਨੇ ਚੋਣ ਫੰਡ ‘ਚੋਂ ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਨੂੰ ਪਾਰਟੀ ਦੇ ਪੈਸੇ ਵਾਪਸ ਕੀਤੇ ਤੇ ਕਿਹਾ ਸੀ ਕਿ ਚੋਣ ਤਾ ਮੈਂ ਪੈਦਲ ਤੇ ਸਾਇਕਲ ‘ਤੇ ਚਲ ਕੇ ਲੜੀ ਹੈ, ਇਹ ਪੰਥ ਦੀ ਇਮਾਨਤ ਹੈ, ਜੋ ਮੈਂ ਵਾਪਿਸ ਕਰ ਰਿਹਾ ਹਾਂ। 13 ਮਾਰਚ, 1965 ਨੂੰ ਟੌਹੜਾ ਸਾਹਿਬ ਪਹਿਲੀ ਵੇਰ ਅੰਤ੍ਰਿਗ ਕਮੇਟੀ ਮੈਂਬਰ ਚੁਣੇ ਗਏ। 12 ਨਵੰਬਰ, 1967; 27 ਅਕਤੂਬਰ, 1968; 29 ਨਵੰਬਰ, 1969; 26 ਨਵੰਬਰ, 1970; 10 ਅਕਤੂਬਰ, 1971; ਅਤੇ 23 ਅਕਤੂਬਰ, 1972 ਨੂੰ ਹੋਈਆਂ ਸਲਾਨਾਂ ਚੋਣਾ ਸਮੇਂ ਟੌਹੜਾ ਸਾਹਿਬ ਅੰਤ੍ਰਿਗ ਕਮੇਟੀ ਮੈਂਬਰ ਚੁਣੇ ਜਾਂਦੇ ਰਹੇ। 30 ਨਵੰਬਰ, 1972 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਸੰਤ ਚੰਨਣ ਸਿੰਘ ਜੀ ਦੇ ਅਕਾਲ ਚਲਾਣਾ ਕਰ ਜਾਣ ‘ਤੇ ਜਥੇਦਾਰ ਗੁਰਚਰਨ ਸਿੰਘ ਜੀ ‘ਟੌਹੜਾ’ ਨੂੰ ਪ੍ਰਧਾਨ, ਸ਼੍ਰੋਮਣੀ ਕਮੇਟੀ ਥਾਪਿਆ ਗਿਆ। 6 ਜਨਵਰੀ, 1973 ਨੂੰ ਬਕਾਇਦਾ ਪ੍ਰਧਾਨਗੀ ਪਦ ਦੀ ਚੋਣ ਸਮੇਂ ਟੌਹੜਾ ਸਾਹਿਬ, ਪ੍ਰਧਾਨ ਸ਼੍ਰੋਮਣੀ ਕਮੇਟੀ ਚੁਣੇ ਗਏ ਤੇ 31 ਮਾਰਚ, 1973 ਨੂੰ ਪਹਿਲੀ ਵਾਰ ਉਨ੍ਹਾਂ ਦੀ ਪ੍ਰਧਾਨਗੀ ‘ਚ ਬਜਟ ਅਜਲਾਸ ਹੋਇਆ ਤੇ ਫਿਰ ਇਹ ਸਿਲਸਲਾ ਨਿਰੰਤਰ ਜਾਰੀ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਰੀਕਾਰਡ ਅਨੁਸਾਰ ਜਥੇਦਾਰ ਗੁਰਚਰਨ ਸਿੰਘ ਜੀ ‘ਟੌਹੜਾ’ 6 ਜਨਵਰੀ, 1973 ਤੋਂ 23 ਮਾਰਚ, 1986; 30 ਨਵੰਬਰ, 1986 ਤੋਂ 28 ਨਵੰਬਰ, 1990; 13 ਨਵੰਬਰ, 1991 ਤੋਂ 13 ਅਕਤੂਬਰ, 1996; 20 ਦਸੰਬਰ, 1996 ਤੋਂ 16 ਮਾਰਚ, 1999 ਤੇ ਫਿਰ 27 ਜੁਲਾਈ, 2003 ਤੋਂ 31 ਮਾਰਚ, 2004 ਤੀਕ ਸਿੱਖ ਪਾਰਲੀਮੈਂਟ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਸਭ ਤੋਂ ਸਤਿਕਾਰਤ ਉਚ ਅਹੁਦੇ, ਪ੍ਰਧਾਨਗੀ ਪਦਵੀ ‘ਤੇ ਸ਼ੋਭਨੀਕ ਰਹੇ। ਪੰਥਕ ਜ਼ਜ਼ਬੇ ‘ਚ ਗੜੂੰਦ ਟੌਹੜਾ ਸਾਹਿਬ ਨੂੰ ਜੀ.ਟੀ.ਵੀ. ਦੇ ਪ੍ਰੋਗਰਾਮ ਆਪ ਕੀ ਅਦਾਲਤ ‘ਚ ਪੁੱਛਿਆ ਗਿਆ ਕਿ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਕਦ ਤਕ ਕਰੋਗੇ? ਉਨ੍ਹਾਂ ਦਾ ਗੁੁਰੂ-ਭਰੋਸੇ ਸਹਿਜ-ਸੁਭਾਵ ਜੁਆਬ ਸੀ ਜਦ ਤੀਕ ਧਰਮ ਰਾਜ ਨਹੀ ਬੁਲਾ ਲੈਂਦਾ! ਇਨ੍ਹ- ਬਿਨ੍ਹ ਸੱਚ ਹੋਇਆ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਨਰਲ ਚੋਣਾਂ ਵੀ ਟੌਹੜਾ ਸਾਹਿਬ ਨੂੰ ਰਿਟ ਕਰਕੇ ਕਰਵਾਉਣੀਆਂ ਪਈਆਂ। ਇਨ੍ਹਾਂ ਦੇ ਸਮੇਂ 1979 ਈ: ਅਤੇ 1996 ਈ: ਵਿਚ ਜਨਰਲ ਚੋਣਾਂ ਹੋਈਆਂ ਅਤੇ ਨਵੇਂ ਬਣੇ ਹਾਊਸ ਵਿਚ ਫਿਰ ਪ੍ਰਧਾਨ ਚੁਣੇ ਜਾਂਦੇ ਰਹੇ। 1977ਈ: ਤੋਂ 1979 ਈ: ਤੀਕ ਲੋਕ ਸਭਾ ਦੇ ਮੈਂਬਰ ਤੇ 1969 ਈ: ਤੋਂ 2004 ਈ: ਦੌਰਾਨ 6 ਵਾਰ ਰਾਜ ਸਭਾ ਦੇ ਮੈਂਬਰ ਚੁਣੇ ਗਏ। 21 ਮਾਰਚ, 1993 ਤੋਂ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ, ਅਤੇ 1995 ਤੋਂ ਸਿੱਖ ਐਜੂਕੇਸ਼ਨ ਸੁਸਾਇਟੀ, ਚੰਡੀਗੜ੍ਹ ਦੇ ਪ੍ਰਧਾਨ, ਦੇ ਅਹੁਦੇ ‘ਤੇ ਵੀ ਕਾਰਜਸ਼ੀਲ ਰਹੇ। ਤਖ਼ਤ ਸੱਚ-ਖੰਡ ਸ੍ਰੀ ਹਜੂਰ ਸਾਹਿਬ ਦੇ ਬੋਰਡ ਪ੍ਰਧਾਨ ਤੋਂ ਇਲਾਵਾ ਕਾਫੀ ਲੰਮਾ ਸਮਾਂ ਮੈਂਬਰ ਵੀ ਰਹੇ। ਸਾਰੀਆਂ ਸੇਵਾਵਾਂ ਦਾ ਜਿਕਰ ਕਰਨਾ ਮੁਸ਼ਕਿਲ ਹੈ।

1973 ਈ. ਵਿਚ ਜਿਸ ਸਮੇਂ ਟੌਹੜਾ ਸਾਹਿਬ ਪਹਿਲੀ ਵੇਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਬਣੇ ਤਾਂ ਉਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੇਵਲ ਗਿਣਤੀ ਦੇ ਸਕੂਲ ਤੇ ਇਕ ਇੰਜੀਨਿਅਰਿੰਗ ਕਾਲਜ ਚਲਾ ਰਹੀ ਸੀ। ਉਨ੍ਹਾਂ ਦੇ ਕਾਰਜਕਾਲ ਵਿਚ ਪਵਿੱਤਰ ਇਤਿਹਾਸਕ ਸਰੋਵਰਾਂ ਦੀ ਕਾਰ-ਸੇਵਾਵਾਂ ਅਰੰਭ ਹੋਈਆਂ, ਇਤਿਹਾਸਕ ਗੁਰਦੁਆਰਿਆਂ ਦੀਆਂ ਇਮਾਰਤਾਂ ਦਾ ਨਵ ਨਿਰਮਾਣ ਕਾਰਜ, ਗੁਰਪੁਰਬ ਤੇ ਸਤਾਬਦੀਆਂ ਵੱਡੀ ਪੱਧਰ ‘ਤੇ ਮਨਾਉਣ ਦੀ ਪਿਰਤ ਸਥਾਪਤ ਹੋਈ । ਸ੍ਰੀ ਗੁਰੂ ਰਾਮਦਾਸ ਹਸਪਤਾਲ, ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਐਂਡ ਰੀਸਰਚ, ਅੰਮ੍ਰਿਤਸਰ, ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਡੈਂਟਲ ਸਾਇੰਸਜ਼ ਐਂਡ ਰੀਸਰਚ, ਅੰਮ੍ਰਿਤਸਰ, ਮੀਰੀ-ਪੀਰੀ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਐਂਡ ਰੀਸਰਚ, ਸ਼ਾਹਾਬਾਦ ਮਾਰਕੰਡਾ (ਹਰਿਆਣਾ), ਬਾਬਾ ਬੰਦਾ ਸਿੰਘ ਬਹਾਦਰ ਇੰਜੀਨਿਅਰਿੰਗ ਕਾਲਜ, ਫਤਹਿਗੜ੍ਹ ਸਾਹਿਬ ਅਤੇ ਅਨੇਕਾਂ ਡਿਗਰੀ ਕਾਲਜ ਅਤੇ ਪਬਲਿਕ ਸਕੂਲ ਹੋਂਦ ਵਿਚ ਆਏ ਅਤੇ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ‘ਚ ਸ਼੍ਰੋਮਣੀ ਕਮੇਟੀ ਦੀ ਪਹਿਚਾਣ ਬਣੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ ਦਾ ਵੱਡਾ ਪਬਲੀਕੇਸ਼ਨ ਅਦਾਰਾ ਬਣਿਆ। ਦਿੱਲੀ ਸਿੱਖ ਗੁਰਦੁਆਰਾ ਐਕਟ 1971 ਨੂੰ ਬਨਾਉਣ ਵਿਚ ਟੌਹੜਾ ਸਾਹਿਬ ਦਾ ਵਿਸ਼ੇਸ਼ ਹੱਥ ਸੀ। ਉਨਾਂ ਦੇ ਯਤਨਾ ਸਦਕਾ ਹੀ ਗੁਰਦੁਆਰਿਆਂ ਤੋਂ ਲਗੀ ਸੀਲਿੰਗ ਹਟੀ। 24 ਜੂਨ, 1975 ਨੂੰ ਦੇਸ਼ ਭਰ ਵਿਚ ਲੱਗੀ ਐਮਰਜੈਂਸੀ ਦਾ ਵਿਰੋਧ ਸਭ ਤੋਂ ਪਹਿਲੇ ਤੇ ਵਧੇਰੇ ਸਿੱਖਾਂ ਵਲੋਂ ਕੀਤਾ ਗਿਆ, ਜਿਸ ਦੇ ਨੇਤਾ ਜਥੇਦਾਰ ਗੁਰਚਰਨ ਸਿੰਘ ਜੀ ‘ਟੌਹੜਾ’ ਸਨ। ਕੋਈ ਮੋਰਚਾ ਟੋਹੜਾ ਸਾਹਿਬ ਦੇ ਜੀਵਨ ਦਾ ਅਜਿਹਾ ਨਹੀਂ, ਜਿਸ ਵਿਚ ਉਨ੍ਹਾਂ ਨੇ ਗ੍ਰਿਫਤਾਰੀ ਦੇ ਕੇ ਕੈਦ ਨਾ ਕੱਟੀ ਹੋਵੇ।

ਉਨ੍ਹਾਂ ਦੀ ਮਿਹਨਤ, ਲਗਨ, ਤੀਖਣ ਬੁੱਧੀ ਤੇ ਸੁਹਿਰਦ ਯਤਨਾਂ ਸਦਕਾ ਹੀ ਸ਼੍ਰੋਮਣੀ ਗੁਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਨੂੰ ਸਿੱਖਾਂ ਦੀ ਪਾਰਲੀਮੈਂਟ, ਸ਼੍ਰੋਮਣੀ ਸਿੱਖ ਸੰਸਥਾ ਹੋਣ ਦਾ ਮਾਣ ਸਤਿਕਾਰ ਹਾਸਲ ਹੋਇਆ। ਟੌਹੜਾ ਛੋਟਾ ਜਿਹਾ ਪਿੰਡ ਸੀ, ਜਿਸ ‘ਚ ਪ੍ਰਾਇਮਰੀ ਸਕੂਲ ਵੀ ਨਹੀਂ ਸੀ। ਜਥੇਦਾਰ ਟੌਹੜਾ ਦੀ ਅਨੂਠੀ ਸ਼ਖ਼ਸੀਅਤ ਸਦਕਾ ਹੀ ਵਿਸ਼ਵ-ਵਿਆਪੀ ਸਿੱਖ ਭਾਈਚਾਰੇ ‘ਚ ਉਨ੍ਹਾਂ ਦੀ ਨਿਵੇਕਲੀ ਪਹਿਚਾਨ ਬਣੀ। ਆਖਰੀ ਪਲਾਂ ਤੀਕ ਵੀ ਟੌਹੜਾ ਸਾਹਿਬ ਟੌਹੜਾ ਪਿੰਡ ‘ਚ ਆਪਣੇ ਬਾਲਿਆਂ ਵਾਲੇ ਘਰ ‘ਚ ਨਿਵਾਸ ਰੱਖਦੇ ਰਹੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਏਨ੍ਹੀਂ ਵੇਰ ਪ੍ਰਧਾਨ ਬਨਣਾ ਟੌਹੜਾ ਸਾਹਿਬ ਦੀ ਲੋੜ ਹੀ ਨਹੀਂ ਸਗੋਂ ਸਮਕਾਲੀ ਹਾਲਾਤਾਂ ਦੀ ਮਜ਼ਬੂਰੀ ਤੇ ਜ਼ਰੂਰਤ ਵੀ ਸੀ। ਟੌਹੜਾ ਸਾਹਿਬ ਰਾਜਾਂ ਦੀ ਅੰਦਰੂਨੀ ਖੁਦ-ਮੁਖਤਿਆਰੀ ਦੇ ਹੱਕ ਵਿਚ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਅਜੋਕੇ ਰਾਜਨੀਤਿਕ ਵਾਤਾਵਰਣ ‘ਚ ‘ਹਲੇਮੀ ਰਾਜ’ ਸੰਭਵ ਨਹੀਂ। ਸਮਕਾਲੀ ਹਾਲਾਤਾਂ ਦੀਆਂ ਮਜਬੂਰੀਆ ਕਰਕੇ ਟੌਹੜਾ ਸਾਹਿਬ ਸਿੱਖ ਕੌਮ, ਪੰਜਾਬ ਤੇ ਪੰਜਾਬੀਅਤ ਬਾਰੇ ਉਹ ਕੁਝ ਨਹੀ ਕਰ ਸਕੇ ਜੋ ਕਰਨਾ ਸੋਚਦੇ ‘ਤੇ ਲੋਚਦੇ ਸਨ। ਸਮੇਂ-ਸਥਾਨ ਦੀਆਂ ਮਜ਼ਬੂਰੀਆ ਦੀ ਕਲਰਾਠੀ ਧਰਤੀ ‘ਚ ਉੱਗੇੇ ਗੁਲਾਬ ਟੌਹੜਾ ਸਾਹਿਬ  ਸਿਆਸੀ ਮਜ਼ਬੂਰੀਆਂ ਕਾਰਨ ਕੁਮਲਾ ਗਏ । ਟੌਹੜਾ ਸਾਹਿਬ ਸੋਚਦੇ ਸਨ ਕਿ ਸਿੱਖ ਸਿਆਸਤ, ਸਿੱਖ ਸਿਧਾਤਾਂ ਤੇ ਜਜ਼ਬਿਆ ਅਧਾਰਿਤ ਹੋਣੀ ਚਾਹੀਦੀ ਹੈ, ਇਹੀ  ਕਾਰਨ ਸੀ ਕਿ ਉਨ੍ਹਾਂ ਦੀ ਬਹੁਤੀ ਸ਼ਕਤੀ ਸਿੱਖ ਸਿਆਸਤ ਨੂੰ ਸਿੱਖ ਜ਼ਜ਼ਬਿਆ ਨਾਲ ਜੋੜਨ ‘ਚ ਹੀ ਗੁਜ਼ਰ ਗਈ। ਉਨ੍ਹਾਂ ਦਾ ਦਿੜ੍ਰ ਵਿਸ਼ਵਾਸ ਸੀ ਕਿ ਅਕਾਲੀ ਕਹਾਉਣ ਵਾਲਿਆਂ ਨੂੰ ਕੇਵਲ ਅਕਾਲ ਦਾ ਪੁਜਾਰੀ ਹੋਣਾ ਜ਼ਰੂਰੀ ਹੈ ਪਰ ਸਰਕਾਰ ਚਲਾਉਣ ਵਾਸਤੇ ਧਰਮ ਨਿਰਪੱਖ ਹੋਣਾ ਮਜ਼ਬੂਰੀ ਹੈ।ਦਰਵੇਸ਼, ਦਾਨਸ਼ਵਰ, ਸਿੱਖ ਨੇਤਾ ਟੌਹੜਾ ਸਾਹਿਬ ਸਿੱਖ ਵਿਦਵਾਨਾਂ, ਵਿਚਾਰਵਾਨਾਂ ਤੇ ਬੁਧੀਜੀਵੀਆਂ ਦੇ ਕਦਰ-ਦਾਨ ਸਨ।ਟੌਹੜਾ ਸਾਹਿਬ ਹੀ ਅਜਿਹੀ ਸ਼ਖਸੀਅਤ ਸਨ ਜਿਨ੍ਹਾ ਨੂੰ ਪੰਥ ਦਾ ਰੌਸ਼ਨ ਦਿਮਾਗ ਆਗੂ, ਸਿਆਸਤ ਦਾ ਭੀਸ਼ਮ ਪਿਤਾਮਾ, ਬਾਬਾ ਬੋਹੜ ਤੇ ਆਦਰਸ਼ਕ ਸਿੱਖ ਨੇਤਾ ਦੇ ਤਖੱਲਸ ਮਿਲੇ ਪਰ ਉਨ੍ਹਾਂ ਦੇ ਵਿਰੋਧੀ ਉਨ੍ਹਾਂ ਨੂੰ ਕਾਮਰੇਡ, ਮੌਕਾਪ੍ਰਸਤ ਤੇ ਦਗੇਬਾਜ਼ ਤੀਕ ਵੀ ਕਹਿ ਜਾਂਦੇ ਅਤੇ ਉਹ ਹੱਸ ਕੇ ਜਰ ਲੈਂਦੇ ਸਨ।

ਪੰਥ ਦੇ ਰੋਸ਼ਨ ਦਿਮਾਗ ਆਗੂ ਵਜੋਂ ਜਾਣੇ ਜਾਂਦੇ ਰਹੇ ਜਥੇਦਾਰ ਟੌਹੜਾ ਸਾਹਿਬ ਨੂੰ ਰਾਜਸ਼ਾਹੀ, ਰਜਵਾੜਾਸ਼ਾਹੀ, ਜਿਮੀਂਦਾਰੀ ਪ੍ਰਥਾ, ਅਖੌਤੀ ਸਾਧਵਾਦ, ਡੇਰਾਵਾਦ ਵਿਰੁਧ ਲੰਮਾ ਸੰਘਰਸ ਕਰਨਾ ਪਿਆ। ਲੰਮੇਰਾ ਸੰਘਰਸ਼ਮਈ ਜੀਵਨ ਹੋਣ ਕਰਕੇ ਉਨ੍ਹਾਂ ਦੇ ਬੋਲਾਂ ‘ਚੋਂ ਗੁਰਬਾਣੀ ਦੀ ਖੁਸ਼ਬੋਈ, ਸਿੱਖੀ ਸਿਧਾਤਾਂ ਪ੍ਰਤੀ, ਪ੍ਰਤੀਬੱਧਤਾ, ਪੰਥ-ਪ੍ਰਸਤੀ, ਪੰਜਾਬ ਤੇ ਪੰਜਾਬੀਅਤ ਲਈ ਦਰਦ ਬੋਲਦਾ ਪ੍ਰਗਟ ਹੁੰਦਾ ਸੀ। ਜੀਵਨ ਭਰ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਉਤਰਾਵਾਂ-ਚੜਾਵਾਂ ਦਾ ਸਾਹਮਣਾ ਕਰਨਾ ਪਿਆ। ਕਈ ਵਾਰ ਜਵਾਰ-ਭਾਟਿਆਂ ਦਾ ਸਾਹਮਣਾ ਕਰਨਾ ਪਿਆ ਤੇ ਕਈ ਵਾਰ ਸ਼ਾਂਤ ਸਾਗਰਾਂ ਦੀ ਥਾਹ ਪਾਉਣੀ ਪਈ। ਸਿੱਖ ਜ਼ਜ਼ਬਾਤਾਂ ਦੀ ਤਰਜ਼ਮਾਨੀ ਜੋ ਟੌਹੜਾ ਸਾਹਿਬ ਕਰ ਗਏ ਹਨ ਉਹ ਇਕ ਮਿਸਾਲ ਹੈ। ਟੌਹੜਾ ਸਾਹਿਬ ਨੂੰ ਮਿਲਣ ਵਾਸਤੇ ਅੰਮ੍ਰਿਤ ਵੇਲੇ ਜਾਗਣਾ ਪੈਦਾਂ, ਕਿਉਕਿ ਟੌਹੜਾ ਸਾਹਿਬ ਤਿਆਰ ਬਰ ਤਿਆਰ ਹੋ ਕੇ ਸਵੇਰੇ 6 ਵਜੇ ਆਏ ਮਹਿਮਾਨਾਂ ਨੂੰ ਮਿਲਦੇ ਸਨ। ਸੂਰਜਮੁਖੀ ਸਿੱਖ ਟੌਹੜਾ ਸਾਹਿਬ ਦੀ ਜੀਵਨ ਜਾਚ ਨਾਲ ਕਦਮ ਮਿਲਾ ਕੇ ਨਹੀਂ ਸਨ ਚਲ ਸਕਦੇ। ਸਫੇਦ ਲਿਬਾਸ, ਨੀਲੀ ਦਸਤਾਰ, ਚੇਹਰੇ ਦੀ ਗੰਭੀਰਤਾ ਤੇ ਨੈਣਾ ਦਾ ਤੇਜ਼, ਸਫੇਦ ਦਾਹੜਾ, ਟੌਹੜਾ ਸਾਹਿਬ ਦੀ ਸ਼ਖ਼ਸੀਅਤ ਨੂੰ ਬਿਆਨ ਕਰਨ ‘ਚ ਕਾਫੀ ਸਹਾਈ ਹੁੰਦਾ। ਜਥੇਦਾਰ ਗੁਰਚਰਨ ਸਿੰਘ ਜੀ ਟੌਹੜਾ ਦੀ ਬਹੁ-ਪੱਖੀ ਸ਼ਖ਼ਸੀਅਤ ਦੇ ਨੇੜਿਓ ਦਰਸ਼ਨ ਕਰਨ ਨੂੰ ਮਨ ਲੋਚਦਾ, ਵਿਚਾਰ ਸਰਵਣ ਕਰਨ ਨੂੰ ਮਨ ਤਰਸਦਾ ਸੀ। ਟੌਹੜਾ ਸਾਹਿਬ ਦੀ ਪ੍ਰਭਾਵਸ਼ਾਲੀ ਸ਼ਖਸੀਅਤ ਦੇ ਸਤਿਕਾਰ ਤੇ ਦਹਿਸ਼ਤ ਨੂੰ ਸੇਵਾਦਾਰ ਤੋਂ ਸਕੱਤਰ, ਸ਼੍ਰੋਮਣੀ ਕਮੇਟੀ ਤੀਕ ਕਬੂਲ ਕਰਦੇ ਸਨ। ਉਨ੍ਹਾਂ ਦਾ ਫੋਨ ਸੁਨਣ ਸਮੇਂ ਸਬੰਧਤ ਅਧਿਕਾਰੀ ਚੈਨ ਨਾਲ ਨਹੀਂ ਸੀ ਬੈਠ ਸਕਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰਾਂ ‘ਚ ਆਈ ਖਾਮੋਸ਼ੀ ਟੌਹੜਾ ਸਾਹਿਬ ਦੀ ਆਮਦ ਨੂੰ ਮੂਕ ਭਾਸ਼ਾ ‘ਚ ਪ੍ਰਸਤੁਤ ਕਰਦੀ। ਟੌਹੜਾ ਸਾਹਿਬ ਦੇ ਪੰਥਕ ਬੋਲਿਆਂ ਦਾ ਅਸਰ ਕੇਵਲ ਪੰਜਾਬ ਤੀਕ ਹੀ ਸੀਮਤ ਨਹੀਂ ਸਗੋਂ ਕੇਂਦਰ ਸਰਕਾਰ ਵੀ ਉਨ੍ਹਾਂ ਨੂੰ ਤਰਜੀਹ ਦੇਂਦੀ ਸੀ। ਟੌਹੜਾ ਸਾਹਿਬ ਸਮੇਂ ਸਿਰ ਬੋਲਦੇ ਸਨ ਤੇ ਹਰ ਬੋਲ ਖ਼ਬਰ ਹੁੰਦਾ।

ਅਪ੍ਰੈਲ, 1978 ‘ਚ ਵਾਪਰੇ ਨਿਰੰਕਾਰੀ ਕਾਂਡ, ਜੂਨ, 1984 ‘ਚ ਵਾਪਰੇ ਘੱਲੂਘਾਰੇ, ਆਪ੍ਰੇਸ਼ਨ ਬਲੈਕ ਥੰਡਰ ਨੇ ਵੀ ਟੋਹੜਾ ਸਾਹਿਬ ਨੂੰ ਗਹਿਰੇ ਮਾਨਸਿਕ ਜ਼ਖਮ ਦਿੱਤੇ। ਕਿਸਾਨਾਂ ਦੇ ਕੰਗਾਲੀ ਕਰਨ ਤੇ ਖੁਦਕਸ਼ੀਆਂ ਦੇ ਰਸਤੇ ਤੇ ਲੈ ਜਾਣ ਵਾਲੀਆਂ ਕਿਸਾਨ ਮਾਰੂ ਨੀਤੀਆਂ ਤੇ ਮਜਦੂਰਾਂ ਦੀਆਂ ਮਜ਼ਬੂਰੀਆਂ ਤੋਂ ਟੌਹੜਾ ਸਾਹਿਬ ਭਲੀ ਭਾਂਤ ਜਾਣੂ ਸਨ। ਵਿਦਿਅਕ ਢਾਂਚੇ ‘ਚ ਆਈ ਗਿਰਾਵਟ, ਨਕਲ, ਨੰਗੇਜ਼ ਤੇ ਨਸ਼ਿਆਂ ਦੇ ਘੁਣ ਨਾਲ ਪੰਜਾਬ ਤੇ ਪੰਜਾਬੀਅਤ ਦਾ ਜੋ ਨੁਕਸ਼ਾਨ ਹੋਇਆ ਉਸ ਤੋਂ ਬੇਹਦ ਨਿਰਾਸ਼ ਸਨ। ਉਹ ਕਹਿੰਦੇ ਸਨ ਕਿ ਸਰੀਰਿਕ ਨਸ਼ੇ ਬਹੁਤ ਮਾੜੇ ਹਨ ਪਰ ਇਹ ਕੇਵਲ ਸਰੀਰ ਨੂੰ ਗਾਲਦੇ ਹਨ ਪਰ ਕਈ ਵਾਰ ਹਕੂਮਤ ਦਾ ਨਸ਼ਾ ਕੌਮਾਂ ਨੂੰ ਬਰਬਾਦ ਕਰ ਦਿੰਦਾ ਹੈ। ਪੰਜਾਬ ਦੇ ਬਿਖੜੇ ਦਿਨਾਂ ‘ਚ ਜਿਤਨੇ ਵੀ ਡੈਪੂਟੇਸ਼ਨ ਪ੍ਰਧਾਨ ਮੰਤਰੀ ਤੇ ਕੇਂਦਰ ਸਰਕਾਰ ਨੂੰ ਮਿਲਨ ਗਏ ਉਨ੍ਹਾਂ ਵਿਚ ਟੌਹੜਾ ਸਾਹਿਬ ਦੀ ਹਾਜ਼ਰੀ ਲਾਜ਼ਮੀ ਸੀ। ਜਿਸ ਬੇਬਾਕੀ ਨਾਲ ਟੌਹੜਾ ਸਾਹਿਬ ਸਿੱਖਾਂ ਤੇ ਪੰਜਾਬ ਦੇ ਮਸਲਿਆਂ ਬਾਰੇ ਵਾਰਤਾਲਾਪ ਕਰਨ ਦਾ ਹੁਨਰ ਤੇ ਸਮਰੱਥਾ ਉਨ੍ਹਾਂ ਪਾਸ ਸੀ ਉਹ ਕਿਸੇ ਹੋਰ ਪਾਸ ਨਹੀਂ ਸੀ। ਟੌਹੜਾ ਸਾਹਿਬ ਕਹਿੰਦੇ ਸਨ ਕਿ ਕੇਂਦਰ ਸਰਕਾਰ ਪੰਜਾਬ ਤੇ ਸਿੱਖਾਂ ਪ੍ਰਤੀ ਸੁਹਿਰਦ ਨਹੀਂ, ਐਵੇਂ ਗੱਲਬਾਤ ਰਾਹੀਂ ਡਰਾਮੇਬਾਜ਼ੀ ਕਰਦੀ ਹੈ। ਮਾਂ ਬੋਲੀ ਪੰਜਾਬੀ ਤੇ ਪੰਜਾਬੀ ਸਭਿਆਚਾਰ ‘ਚ ਆ ਰਹੇ ਨਿਘਾਰ ਤੋਂ ਵੀ ਪਰੇਸ਼ਾਨ ਸਨ ਟੌਹੜਾ ਸਾਹਿਬ। ਉਨ੍ਹਾਂ ਦੀ ਗੈਰ-ਹਾਜ਼ਰੀ ‘ਚ ਪ੍ਰਬੰਧਕੀ ਊਣਤਾਈਆਂ ਕਰਕੇ ਦਫਤਰ ਵਲੋਂ ਪੰਥ ਪ੍ਰਸਿੱਧ ਕਥਾ-ਵਾਚਕ  ਗਿਆਨੀ ਸੰਤ ਸਿੰਘ ਜੀ ਮਸਕੀਨ ਤੇ ਅਮਰੀਕਨ ਸਿੱਖਾਂ ਨਾਲ ਹੋਏ ਘਟੀਆ ਵਿਵਹਾਰ ਤੇ ਬਦਸਲੂਕੀ ਦੀ ਟੌਹੜਾ ਸਾਹਿਬ ਨੇ ਲਿਖਤੀ ਮੁਆਫੀ ਮੰਗੀ। ਉਨ੍ਹਾਂ ਦੇ ਮੁਆਫੀ ਨੁਮਾ ਪੱਤਰ ਨੂੰ ਪੜ੍ਹਕੇ ਗਿਆਨੀ ਸੰਤ ਸਿੰਘ ਜੀ ਮਸਕੀਨ ਵੀ ਅੱਖਾਂ ਭਰ ਆਏ।

ਜੀਵਨ ਸੰਗਰਾਮ ਦੌਰਾਨ ਟੌਹੜਾ ਸਾਹਿਬ ਨੂੰ ਬਹੁਤ ਸਾਰੀਆਂ ਮੁਸ਼ਕਲਾਂ, ਰੁਕਾਵਟਾਂ, ਦੁਸ਼ਵਾਰੀਆਂ, ਅਣਸੁਖਾਵੇਂ ਹਾਲਾਤਾਂ ਤੇ ਬਿਖੜੇ ਪੈਡਿਆ ਨੂੰ ਨੰਗੇ ਪੈਰੀ ਤਹਿ ਕਰਨਾ ਪਿਆ ਪਰ ਉਹ ਹਮੇਸ਼ਾ ਸਦ ਜਾਗਤ ਗੁਰਸਿੱਖ ਵਜੋਂ, ਚੜ੍ਹਦੀ ਕਲ੍ਹਾ ‘ਚ ਵਿਚਰਦੇ ਰਹੇ।ਟੌਹੜਾ ਸਾਹਿਬ ਪੰਥਕ ਬਾਗ ‘ਚ ਬਹਾਰ ਤੇ ਖੇੜਾ ਦੇਖਣਾ ਲੋਚਦੇ ਸਨ। ਉਨ੍ਹਾਂ ਦੇ ਵਿਰੋਧੀਆ ਵਲੋਂ ਉਨ੍ਹਾਂ ‘ਤੇ ਜਾਨ ਲੇਵਾ ਹਮਲੇ ਵੀ ਕੀਤੇ ਗਏ, ਉਨ੍ਹਾਂ ਦੇ ਪਿਆਰੇ ਸਾਥੀ ਸ਼ਹੀਦ ਵੀ ਹੋਏ ਪਰ ਉਨ੍ਹਾਂ ਸਿਧਾਂਤ ਨਾਲ ਸਮਝੋਤਾ ਨਹੀਂ ਕੀਤਾ। ਪੰਥਕ ਜ਼ਜ਼ਬਿਆਂ ਤੇ ਮਸਲਿਆਂ ਦੇ ਦਫ਼ਨ ਹੋਣ ਕਾਰਨ ਟੌਹੜਾ ਸਾਹਿਬ ਉਦਾਸ, ਉਦ੍ਰੇਵਾਂ ਤੇ ਉਕੇਵੇਂ ‘ਚ ਸਨ। ਜਿੰਦਗੀ ਦੇ ਆਖ਼ਰੀ ਵਰੇ ਜਥੇਦਾਰ ਟੌਹੜਾ ਸਾਹਿਬ ਖੁਸ਼ਮਿਜਾਜ ਤੇ ਹਸਮੁਖ ਨਹੀਂ ਰਹੇ, ਉਹ ਉਦਾਸ, ਗਮਗੀਨ ਤੇ ਚਿੰਤਤ ਦਿਖਾਈ ਦਿੰਦੇ ਸਨ। ਉਹ ਹਰੇਕ ਨੂੰ ਮਿਲਣਾ ਲੋਚਦੇ ਸਨ ਪਰ ਅਖੌਤੀ ਨੇੜਲੇ ਆਮ ਬੰਦੇ ਨੂੰ ਨੇੜੇ ਨਾ ਢੁਕਣ ਦੇਦੇ। ਜਥੇਦਾਰ ਹਰਬੰਸ ਸਿੰਘ ਮੰਝਪੁਰ ਦੀ ਪਰਬਲ ਇਛਾ ਸੀ ਕਿ ਉਨ੍ਹਾਂ ਦੀ ਜੀਵਨ ਕਹਾਣੀ ਰੀਕਾਰਡ ਹੋ ਸਕੇ, ਉਨ੍ਹਾਂ ਮੈਂਨੂੰ ਵੀ ਇਸ ਕਾਰਜ ਲਈ ਪਰੇਰਿਆ ਪਰ ਅਸੀਂ ਕਾਮਯਾਬ ਨਾ ਹੋ ਸਕੇ ਤੇ ਸਾਥੋ ਸਦੀ ਦਾ ਸਿੱਖ ਇਤਿਹਾਸ ਜਾਂਦਾ ਰਿਹਾ, ਜਿਸ ਦਾ ਹਮੇਸ਼ਾ ਅਫਸੋਸ ਰਹੇਗਾ। 1999 ਈ: ‘ਚ ਲੀਡਰਸ਼ਿਪ ਦੇ ਵਿਚਾਰਾਂ ਦੇ ਵਖਰੇਵੇ ਕਾਰਨ ਟੌਹੜਾ ਸਾਹਿਬ ਨੂੰ ਅਕਾਲੀ ਦਲ ’ਚੋਂ ਵੀ ਕੱਢ ਦਿਤਾ ਗਿਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਸਤਿਕਾਰਤ ਪਦਵੀ ਤੋਂ ਵੀ ਹਟਾ ਦਿੱਤਾ ਗਿਆ । ਉਨ੍ਹਾਂ ਹਾਲਾਤਾਂ ਦਾ ਸੰਤਾਪ ਦੋਹਾਂ ਧਿਰਾਂ ਨੂੰ ਭੁਗਤਨਾ ਪਿਆ ਤੇ ਲਾਹਾ ਕਾਂਗਰਸ਼ ਲੈ ਗਈ। ਟੌਹੜਾ ਸਾਹਿਬ ਦੀ ਇੱਛਾ ਸੀ ਕਿ ‘ਪੰਥ ਤੰਤਰ’ ਸਥਾਪਤ ਹੋ ਸਕੇ ਕਿਉਂਕਿ ਉਹ ਜਾਣਦੇ ਸਨ ਕਿ ‘ਗੁਰੂ-ਪੰਥ’ ਨੇ ਹੀ ‘ਗੁਰੂ ਜੋਤਿ’ ਦੇ ਅਧੀਨ ਅਗਵਾਈ ਕਰਨੀ ਹੈ। ਪਰ ਉਨ੍ਹਾਂ ਨੂੰ ਦਰਦ ਸੀ ਕਿ ਪੰਥਕ ਚਾਓ-ਪੰਥਕ ਅਖਵਾਉਣ ਵਾਲਿਆਂ ‘ਚੋਂ ਘੱਟ ਰਿਹਾ ਹੈ। ਟੌਹੜਾ ਸਾਹਿਬ ਉਦਾਸ ਸਨ ਕਿ ਉਨ੍ਹਾਂ ਨੂੰ ਖਾਲਸੇ ਦੀ ਤੀਸਰੀ ਇਤਿਹਾਸਕ ਸ਼ਤਾਬਦੀ ਸਮੇਂ ਪੰਥ ਦੀ ਅਗਵਾਈ ਕਰਨ ਤੋਂ ਦੂਰ ਕਰ ਦਿੱਤਾ। ਸ਼ਾਇਦ ਕੁਦਰਤ ਦੇ ਕਰਤੇ ਨੂੰ ਇਹੀ ਮਨਜੂਰ ਸੀ!, 2004 ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸ਼ਤਾਬਦੀ ਮੌਕੇ ਉਨ੍ਹਾਂ ਦਾ ਸੰਦੇਸ਼ ਈ.ਟੀ.ਸੀ ਚੈਨਲ ਨੂੰ ਰੀਕਾਰਡ ਕਰਾਉਣ ਦਾ ਸੁਭਾਗ ਦਾਸ ਨੂੰ ਪ੍ਰਾਪਤ ਹੋਇਆ ਤੇ ਇਹੀ ਸੰਦੇਸ਼ ਆਖਰੀ ਹੋ ਨਿਬੜਿਆ। ਇਹ ਵੀ ਅਜੀਬ ਇਤਫ਼ਾਕ ਹੀ ਸੀ ਕਿ ਪਹਿਲੀ ਵੇਰ ਪ੍ਰਧਾਨ ਬਨਣ ‘ਤੇ ਸਚ-ਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਆਰੰਭ ਹੋਈ ਅਤੇ ਕਾਰਜ਼ ਕਾਲ ਦੀ ਸੰਪੂਰਨਤਾ ਵੀ ਸਚ-ਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਦੀ ਕਾਰ ਸੇਵਾ ਅਰੰਭ ਕਰਨ ਨਾਲ ਹੋਇਆ।25 ਮਾਰਚ ਨੂੰ ਅੰਮ੍ਰਿਤ ਸਰੋਵਰ, ਸ੍ਰੀ ਅੰਮ੍ਰਿਤਸਰ ਦੀ ਕਾਰ ਸੇਵਾ ਆਰੰਭ ਕਰਦੇ, ਕਰਤੇ ਨਾਲ ਅਭੇਦ ਹੋਣ ਲਈ ਤਿਆਰ ਹੋ ਗਏ। 31 ਮਾਰਚ, 2004 ਦੀ ਅੱਧੀ ਰਾਤ ਤੋਂ ਬਾਅਦ ਜਥੇਦਾਰ ਗੁਰਚਰਨ ਸਿੰਘ ਜੀ ‘ਟੌਹੜਾ’ ਇਸ ਨਾਸ਼ਮਾਨ ਤੇ ਚਲਾਏਮਾਨ ਸੰਸਾਰ ਨੂੰ ਆਖਰੀ ਫਤਿਹ ਬੁਲਾ, ਗੁਰੂ ਚਰਨਾ ‘ਚ ਜਾ ਬਿਰਾਜ਼ੇ। ਜੀਉਂਦੇ ਜੀਅ ਤੇ ਅਕਾਲ ਚਲਾਣੇ ਉਪਰੰਤ ਜੋ ਮਾਣ-ਸਤਿਕਾਰ ਜਥੇਦਾਰ ਗੁਰਚਰਨ ਸਿੰਘ ਜੀ ‘ਟੌਹੜਾ’ ਨੂੰ ਮਿਲਿਆ ਉਸ ਨੇ ਨਵੇਂ ਕੀਰਤੀਮਾਨ ਸਥਾਪਤ ਕੀਤੇ। ਸਿੱਖ ਨੇਤਾਵਾਂ ਤੋਂ ਇਲਾਵਾ ਦੇਸ਼ ਦੀ ਹਰ ਪਾਰਟੀ, ਧਾਰਮਿਕ, ਸਮਾਜਿਕ  ਨੇਤਾਵਾਂ ਨੇ ਉਨ੍ਹਾਂ ਨੂੰ ਸ਼ਰਧਾ-ਸਤਿਕਾਰ ਭੇਂਟ ਕੀਤਾ। ਟੌਹੜਾ ਸਾਹਿਬ ਦੇ ਗੁਰਪੁਰੀ ਪਿਆਨਾ ਕਰ ਜਾਣ ‘ਤੇ ਜਿੱਥੇ ਸਕੇ-ਸਬੰਧੀ, ਰਿਸਤੇਦਾਰ, ਸੱਜਣ-ਮਿੱਤਰ, ਸਨੇਹੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਤੇ ਅਧਿਕਾਰੀ ਰੋਏ, ਉੱਥੇ ਦੁਸ਼ਮਣ ਵੀ ਗਮਗੀਨ ਚੇਹਰਿਆਂ ਤੇ ਨਮ ਅੱਖਾਂ ਨਾਲ ਅੰਤਿਮ ਯਾਤਰਾ ‘ਚ ਸ਼ਾਮਲ ਹੋਏ। ਸ਼ਰੀਰਕ ਤੌਰ ‘ਤੇ ਉਹ ਸਾਨੂੰ ਸਭਨਾ ਨੂੰ ਸਦੀਵੀ ਵਿਛੋੜਾ ਦੇ ਗਏ ਪਰ ਸਿੱਖ ਸੋਚ ਅਨੁਸਾਰ ਜਿਵੇਂ ਉਨ੍ਹਾਂ ਜੀਵਨ ਗੁਜ਼ਾਰਿਆਂ ਉਹ ਬਹੁਤ ਸਾਰੇ ਗੁਰੂ ਨਾਨਕ ਨਾਮ ਲੇਵਾ ਗੁਰਸਿੱਖਾਂ ਵਾਸਤੇ ਪ੍ਰੇਰਨਾ ਸਰੋਤ ਰਹੇਗਾ।

*98146 37979 _roopsz@yahoo.com

Check Also

ਮੋਰਚਾ ਗੁਰੂ ਕਾ ਬਾਗ ਦੀ ਲਹੂ ਭਿੱਜੀ ਦਾਸਤਾਨ

ਜਿੱਥੋ ਮੁਕਦੀ ਮਜਨੂੰਆਂ ਰਾਂਝਿਆਂ ਦੀ ਉੱਥੋਂ ਸ਼ੁਰੂ ਹੁੰਦੀ ਦਾਸਤਾਨ ਸਾਡੀ ਸਾਡੇ ਲੜਦਿਆਂ ਲੜਦਿਆਂ ਸੀਸ ਲਹਿ …

Leave a Reply

Your email address will not be published.