ਨਿਊਜ਼ ਡੈਸਕ: ਆਪਰੇਸ਼ਨ ਸਿੰਦੂਰ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਵੀਜ਼ਾ ਪਾਬੰਦੀਆਂ ਅਤੇ ਅਟਾਰੀ-ਵਾਘਾ ਸਰਹੱਦੀ ਰਸਤਾ ਬੰਦ ਹੋਣ ਕਾਰਨ ਕਈ ਪਰਿਵਾਰਾਂ ਦੇ ਵਿਆਹ ਰੁਕ ਗਏ ਸਨ। ਇਨ੍ਹਾਂ ਵਿੱਚ ਪਾਕਿਸਤਾਨ ਦੇ ਸਿੰਧ ਸੂਬੇ ਦੀਆਂ ਲਗਭਗ 150 ਲਾੜੀਆਂ ਵੀ ਸ਼ਾਮਲ ਸਨ, ਜਿਨ੍ਹਾਂ ਦੀ ਮੰਗਣੀ ਭਾਰਤ ਵਿੱਚ ਰਹਿੰਦੇ ਨੌਜਵਾਨਾਂ ਨਾਲ ਹੋ ਚੁੱਕੀ ਸੀ। ਹੁਣ ਲੰਮੇ ਇੰਤਜ਼ਾਰ ਤੋਂ ਬਾਅਦ ਇਨ੍ਹਾਂ ਪਾਕਿਸਤਾਨੀ ਲਾੜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਭਾਰਤ ਆਉਣ ਲਈ ਵੀਜ਼ਾ ਮਿਲ ਗਿਆ ਹੈ।
450 ਰਿਸ਼ਤੇਦਾਰਾਂ ਨਾਲ ਭਾਰਤ ਪਹੁੰਚੀਆਂ
ਗ੍ਰਹਿ ਮੰਤਰਾਲੇ ਦੀ ਹਾਲੀਆ ਰਿਪੋਰਟ ਮੁਤਾਬਕ ਅਪ੍ਰੈਲ ਤੋਂ ਜੂਨ ਦੇ ਵਿਚਾਲੇ ਲਗਭਗ 150 ਪਾਕਿਸਤਾਨੀ ਲਾੜੀਆਂ ਲਗਭਗ 450 ਰਿਸ਼ਤੇਦਾਰਾਂ ਨਾਲ ਭਾਰਤ ਪਹੁੰਚੀਆਂ। ਇਨ੍ਹਾਂ ਵਿੱਚੋਂ ਕਈ ਨੇ ਨਾਗਪੁਰ, ਜੋਧਪੁਰ, ਅਹਿਮਦਾਬਾਦ, ਰਾਏਪੁਰ, ਪੁਣੇ ਅਤੇ ਭੋਪਾਲ ਵਰਗੇ ਸ਼ਹਿਰਾਂ ਵਿੱਚ ਆਪਣੇ ਜੀਵਨ ਸਾਥੀਆਂ ਨਾਲ ਵਿਆਹ ਕੀਤਾ।
ਇਨ੍ਹਾਂ ਜੋੜਿਆਂ ਦੀ ਮੰਗਣੀ ਆਪਰੇਸ਼ਨ ਸਿੰਦੂਰ ਤੋਂ ਪਹਿਲਾਂ ਹੋ ਚੁੱਕੀ ਸੀ। ਇਸ ਲਈ ਸਰਕਾਰ ਵੱਲੋਂ ਉਨ੍ਹਾਂ ਨੂੰ ਵਿਸ਼ੇਸ਼ ਇਜਾਜ਼ਤ ਦਿੱਤੀ ਗਈ। ਹਾਲਾਂਕਿ, ਪਰਿਵਾਰਕ ਮੈਂਬਰਾਂ ਲਈ ਨਿਰਧਾਰਤ ਸਮੇਂ ਅੰਦਰ ਵਾਪਸ ਜਾਣ ਦੀ ਸ਼ਰਤ ਹੋਣ ਕਾਰਨ ਜ਼ਿਆਦਾਤਰ ਵਿਆਹ ਸਾਦਗੀ ਨਾਲ ਕੀਤੇ ਗਏ।
ਆਮ ਤੌਰ ’ਤੇ ਵੀਜ਼ਾ ਹੋਣ ਦੀ ਸਥਿਤੀ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਨਾਗਰਿਕ ਅਟਾਰੀ-ਵਾਘਾ ਸਰਹੱਦ ਰਾਹੀਂ ਆ-ਜਾ ਸਕਦੇ ਹਨ। ਪਰ ਆਪਰੇਸ਼ਨ ਸਿੰਦੂਰ ਤੋਂ ਬਾਅਦ ਇਹ ਰਸਤਾ ਬੰਦ ਹੋਣ ਕਾਰਨ ਇਨ੍ਹਾਂ ਪਰਿਵਾਰਾਂ ਨੂੰ ਹੋਰ ਰਸਤੇ ਚੁਣਨੇ ਪਏ। ਪਾਕਿਸਤਾਨੀ ਲਾੜੀਆਂ ਮਸਕਟ, ਕੋਲੰਬੋ, ਢਾਕਾ, ਦੁਬਈ ਅਤੇ ਕਤਰ ਵਰਗੇ ਰੂਟਾਂ ਰਾਹੀਂ ਕਨੈਕਟਿੰਗ ਫਲਾਈਟਾਂ ਲੈ ਕੇ ਭਾਰਤ ਪਹੁੰਚੀਆਂ।
300 ਹੋਰ ਲਾੜੀਆਂ ਵੀ ਉਡੀਕ ਵਿੱਚ
ਸਿੰਧੀ ਭਾਈਚਾਰੇ ਦੇ ਆਗੂ ਰਾਜੇਸ਼ ਝਾਂਬੀਆ ਮੁਤਾਬਕ ਅਪ੍ਰੈਲ 2026 ਤੋਂ ਹੁਣ ਤੱਕ ਲਗਭਗ 150 ਪਾਕਿਸਤਾਨੀ ਲਾੜੀਆਂ ਅਤੇ ਉਨ੍ਹਾਂ ਦੇ ਪਰਿਵਾਰ ਭਾਰਤ ਆ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਵਿੱਚ ਅਜੇ ਵੀ ਲਗਭਗ 300 ਹੋਰ ਲੜਕੀਆਂ ਹਨ, ਜਿਨ੍ਹਾਂ ਦੀ ਮੰਗਣੀ ਭਾਰਤ ਵਿੱਚ ਰਹਿੰਦੇ ਨੌਜਵਾਨਾਂ ਨਾਲ ਹੋਈ ਹੈ ਅਤੇ ਉਹ ਵਿਆਹ ਮਗਰੋਂ ਭਾਰਤ ਆਉਣ ਦੀ ਉਡੀਕ ਕਰ ਰਹੀਆਂ ਹਨ।
ਵਿਆਹ ਅਟਕਣ ਤੋਂ ਬਾਅਦ ਸਿੰਧ ਦੇ ਘੋਟਕੀ ਸਥਿਤ ਸਦਾਨੀ ਦਰਬਾਰ ਦੇ ਆਧਿਆਤਮਿਕ ਮੁਖੀ ਸੰਤ ਯੁਧਿਸ਼ਠਿਰਲਾਲ ਸ਼ਦਾਨੀ ਤੋਂ ਮਦਦ ਮੰਗੀ ਗਈ। ਜਿਨਾਂ ਵੱਲੋਂ ਇਨ੍ਹਾਂ ਔਰਤਾਂ ਦੀ ਸੂਚੀ ਤਿਆਰ ਕਰਕੇ ਗ੍ਰਹਿ ਮੰਤਰਾਲੇ ਨਾਲ ਸੰਪਰਕ ਕੀਤਾ ਗਿਆ। ਇਸ ਤੋਂ ਬਾਅਦ ਵਿਸ਼ੇਸ਼ ਇਜਾਜ਼ਤ ਦਿੱਤੀ ਗਈ, ਜਿਸ ਤਹਿਤ ਹਵਾਈ ਰਸਤੇ ਭਾਰਤ ਆਉਣ ਦੀ ਮਨਜ਼ੂਰੀ ਮਿਲੀ। ਹੁਣ ਸਿੰਧੀ ਭਾਈਚਾਰਾ ਬਾਕੀ 300 ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਵੀ ਵੀਜ਼ਾ ਦੇਣ ਦੀ ਅਪੀਲ ਕਰ ਰਿਹਾ ਹੈ।

