ਗੁਰਦੁਆਰਾ ਸਾਹਿਬ ਅੰਦਰ ਹੋ ਰਹੇ ਹਨ ਅਨੋਖੇ ਪ੍ਰਬੰਧ, ਜਾਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ!

TeamGlobalPunjab
3 Min Read

ਦੇਸ਼ ਦੀ ਕੌਮੀ ਰਾਜਧਾਨੀ ਵਿਚ ਵਧਦੇ ਪ੍ਰਦੂਸ਼ਣ ਨੂੰ ਧਿਆਨ ਵਿਚ ਰੱਖਦਿਆਂ ਇੱਥੇ ਗੁਰੂ ਘਰ ਵਿਚ ਇਕ ਅਨੋਖਾ ਕਾਰਜ ਕੀਤਾ ਗਿਆ ਹੈ। ਇਹ ਕੰਮ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਇਕ ਅਨੋਖੀ ਪਹਿਲ ਕਰਦਿਆਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤ ਲਈ ਬਣਨ ਵਾਲੇ ਲੰਗਰ ਅਤੇ ਪ੍ਰਸ਼ਾਦ ਵਾਸਤੇ ਪਲਾਸਟਿਕ ਦੇ ਬਰਤਨਾਂ ਨੂੰ ਵਰਤੋਂ ਵਿਚ ਨਾ ਲਿਆਉਣ ਦਾ ਅਹਿਮ ਕੰਮ ਕੀਤਾ ਗਿਆ ਹੈ। ਦਿੱਲੀ  ਵਿਚ ਪਲਾਸਟਿਕ ‘ਤੇ ਰੋਕ ਲਾਉਣ ਦੀ ਪਹਿਲ ਸ਼ਾਇਦ ਗੁਰੂ ਘਰ ਤੋਂ ਹੀ ਹੋਈ ਹੈ। ਇਸ ਦੇ ਨਾਲ ਜਿੱਥੇ ਗੁਰੂ ਘਰ ਦਾ ਚੌਗਿਰਦਾ ਸਾਫ ਸੁਥਰਾ ਰਹੇਗਾ ਉੱਥੇ ਸ਼ਰਧਾਲੂਆਂ ਦੀ ਸਿਹਤ ‘ਤੇ ਪੈਣ ਵਾਲੇ ਅਸਰ ਤੋਂ ਵੀ ਮੁਕਤੀ ਮਿਲੇਗੀ। ਇਸੇ ਲੜੀ ਵਿਚ ਕਮੇਟੀ ਵੱਲੋਂ ਗੁਰੂ ਘਰ ਵਿਚ ਆਉਣ ਵਾਲੇ ਵਿਸ਼ੇਸ਼ ਲੋੜਾਂ ਵਾਲੇ ਅਤੇ ਬਜ਼ੁਰਗ ਸੰਗਤ ਦੀ ਸਹੂਲਤ ਲਈ ਬੜਾ ਅਹਿਮ ਤੇ ਸ਼ਲਾਘਾਯੋਗ ਕਦਮ ਅਖਤਿਆਰ ਕੀਤਾ ਗਿਆ ਹੈ। ਇਸ ਕੰਮ ਦੀ ਸਿੱਖ ਸੰਗਤ ਵਿਚ ਬਹੁਤ ਪ੍ਰਸ਼ੰਸ਼ਾ ਕੀਤੀ ਜਾ ਰਹੀ ਹੈ। ਇਸੇ ਲੜੀ ਵਿੱਚ ਸ਼ਰਧਾਲੂਆਂ ਲਈ ਹੋਰ ਵੀ ਸਹੂਲਤਾਂ ਮੁਹਈਆ ਪ੍ਰਦਾਨ ਕੀਤੀਆਂ ਗਈਆਂ ਹਨ।

ਕਮੇਟੀ ਨੇ ਬਜ਼ੁਰਗਾਂ ਅਤੇ ਵਿਸ਼ੇਸ਼ ਲੋੜਾਂ ਵਾਲੀ ਸੰਗਤ ਦੀ ਗੁਰਦੁਆਰਾ ਸਾਹਿਬ ਦੇ ਗਲਿਆਰੇ ਤੱਕ ਪਹੁੰਚ ਕਰਨ ਵਾਸਤੇ ਮੌਜੂਦਾ ਪ੍ਰਬੰਧਾਂ ਵਿੱਚ ਤਬਦੀਲੀ ਕਰਕੇ ਵਿਸ਼ੇਸ਼ ਤੌਰ ‘ਤੇ ਮੁਰੰਮਤ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਬਜ਼ੁਰਗ ਤੇ ਸਰੀਰਕ ਤੌਰ ‘ਤੇ ਅਸਮਰੱਥ ਸ਼ਰਧਾਲੂਆਂ ਦੀ ਸਹੂਲਤ ਲਈ ਗੁਰਦੁਆਰਾ ਕੰਪਲੈਕਸ ਵਿੱਚ ਵੀਲ੍ਹਚੇਅਰ, ਬੈਟਰੀ ਨਾਲ ਚੱਲਦੇ ਵਾਹਨ, ਵਿਸ਼ੇਸ਼ ਪਖਾਨਿਆਂ, ਟੈਕਟਾਈਲ ਫ਼ਰਸ਼, ਰਸਤੇ ਤੇ ਰੇਲਿੰਗਾਂ ਆਦਿ ਦਾ ਵਿਸ਼ੇਸ ਪ੍ਰਬੰਧ ਕੀਤਾ ਗਿਆ ਹੈ।

ਗੁਰਦੁਆਰਾ ਸਾਹਿਬ ਦੇ ਤਿੰਨਾਂ ਪ੍ਰਵੇਸ਼ ਦੁਆਰਾਂ ਉਪਰ ਚਾਰ ਬੈਟਰੀਆਂ ਵਾਲੇ ਵਾਹਨ ਬਜ਼ੁਰਗਾਂ ਅਤੇ ਵਿਸ਼ੇਸ਼ ਲੋੜਾਂ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਖੜ੍ਹੇ ਕੀਤੇ ਗਏ ਹਨ। ਇਨ੍ਹਾਂ ਵਾਹਨਾਂ ਰਾਹੀਂ ਅਜਿਹੇ ਸ਼ਰਧਾਲੂ ਪੌੜੀਆਂ ਤੱਕ ਪਹੁੰਚ ਸਕਦੇ ਹਨ ਅਤੇ ਉੱਥੇ ਪੌੜੀਆਂ ਨਾਲ ਲਿਫਟ ਦਾ ਪ੍ਰਬੰਧ ਗਿਆ ਹੈ, ਜਿਸ ਵਿੱਚ ਬੈਠ ਕੇ ਉੱਪਰ ਜਾਇਆ ਜਾ ਸਕਦਾ ਹੈ।

ਗੁਰਦੁਆਰਾ ਸਾਹਿਬ ਵਿੱਚ 16 ਵੀਲ੍ਹਚੇਅਰਜ਼ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ ਅਤੇ 20 ਹੋਰ ਵੀਲ੍ਹਚੇਅਰਜ਼ ਦਾ ਹੋਰ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸ਼ਰਧਾਲੂਆਂ ਨੂੰ ਹੋਰ ਸਹੂਲਤਾਂ ਪ੍ਰਦਾਨ ਕਰਦਿਆਂ ਗੁਰਦੁਆਰੇ ’ਚ ਕੁਝ ਰੈਂਪ ਵੀ ਬਣਾਏ ਗਏ ਹਨ ਤਾਂ ਜੋ ਵੀਲ੍ਹਚੇਅਰਜ਼ ਆਸਾਨੀ ਨਾਲ ਗੁਰਦੁਆਰਾ ਸਾਹਿਬ ਤੱਕ ਪਹੁੰਚ ਸਕਣ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰੇ ਦੇ ਸਾਹਮਣੇ ਅਤੇ ਮੁੱਖ ਦਰਬਾਰ ਹਾਲ ਤੱਕ ਇੱਕ ਹੋਰ ਲਿਫਟ ਲਾਈ ਜਾ ਰਹੀ ਹੈ, ਜੋ ਨਵੰਬਰ ਮਹੀਨੇ ਵਿੱਚ ਚਾਲੂ ਹੋ ਜਾਵੇਗੀ।

- Advertisement -

ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਬੰਧਕਾਂ ਵੱਲੋਂ ਕਰਵਾਏ ਜਾ ਰਹੇ ਇਹਨਾਂ ਖਾਸ ਪ੍ਰਬੰਧਾਂ ਤੋਂ ਸ਼ਰਧਾਲੂਆਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ। ਇਸੇ ਤਰ੍ਹਾਂ ਦੇਸ਼ ਦੇ ਹੋਰ ਗੁਰੂ ਘਰਾਂ ਵਿਚ ਵੀ ਸੰਗਤਾਂ  ਲਈ ਵਿਲੱਖਣ ਪ੍ਰਬੰਧ ਕਰਵਾਏ ਜਾ ਰਹੇ ਹਨ।

ਅਵਤਾਰ ਸਿੰਘ

-ਸੀਨੀਅਰ ਪੱਤਰਕਾਰ

Share this Article
Leave a comment