ਬੰਗਲਾਦੇਸ਼ ਵਿੱਚ ਹਿੰਦੂ ਭਾਈਚਾਰੇ ਦੇ 60 ਤੋਂ ਵੱਧ ਘਰਾਂ ਨੂੰ ਕੀਤਾ ਗਿਆ ਅੱਗ ਦੇ ਹਵਾਲੇ

TeamGlobalPunjab
2 Min Read

ਨਿਊਜ਼ ਡੈਸਕ: ਬੰਗਲਾਦੇਸ਼ ਵਿੱਚ ਹਿੰਦੂ ਘੱਟ-ਗਿਣਤੀਆਂ ਦੇ ਖਿਲਾਫ ਬੀਤੇ ਹਫਤੇ ਕੁਮਿਲਾ ਵਿੱਚ ਦੁਰਗਾ ਪੂਜਾ ਦੌਰਾਨ ਸ਼ੁਰੂ ਹੋਈ ਹਿੰਸਾ ਰੁਕਣ ਦਾ ਨਾਮ ਨਹੀਂ ਲੈ ਰਹੀ। ਕੁਰਾਨ ਦੀ ਬੇਅਦਬੀ ਦੀ ਫੈਲੀ ਅਫਵਾਹ ਨੂੰ ਲੈ ਕੇ ਸ਼ੁਰੂ ਹੋਈ ਹਿੰਸਾ ਦੀ ਅੱਗ ਵੇਖਦੇ ਹੀ ਵੇਖਦੇ ਦੇਸ਼ਭਰ ਵਿੱਚ ਫੈਲਦੀ ਹੋਈ ਨਜ਼ਰ ਆ ਰਹੀ ਹੈ। ਰੰਗਪੁਰ ਦੇ ਇੱਕ ਪਿੰਡ ਵਿੱਚ ਹਿੰਦੂ ਭਾਈਚਾਰੇ ਦੇ ਘਰਾਂ ‘ਤੇ ਭੀੜ ਵਲੋਂ ਹਮਲਾ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਹਿੰਸਾ ਦੀ ਸ਼ੁਰੂਆਤ ਇੱਕ ਫੇਸਬੁਕ ਪੋਸਟ ਤੋਂ ਹੋਈ, ਮੰਨਿਆ ਜਾ ਰਿਹਾ ਹੈ ਕਿ ਇਸ ਪੋਸਟ ਨੂੰ ਇੱਕ ਹਿੰਦੂ ਵਿਅਕਤੀ ਵਲੋਂ ਫੇਸਬੁਕ ‘ਤੇ ਅਪਲੋਡ ਕੀਤਾ ਗਿਆ ਸੀ।

ਜਾਣਕਾਰੀ ਅਨੁਸਾਰ ਐਤਵਾਰ ਰਾਤ ਹੋਏ ਹਮਲੇ ਦੌਰਾਨ ਲਗਭਗ 65 ਘਰਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਜਿਸ ਕਾਰਨ ਘੱਟੋਂ-ਘੱਟ 20 ਘਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਤਣਾਅ ਵਧਣ ‘ਤੇ ਪੁਲਿਸ ਬਲ ਮੌਕੇ ‘ਤੇ ਪਹੁੰਚਿਆ ਅਤੇ ਹਿੰਦੂਆਂ ਦੇ ਘਰ ਦੀ ਰੱਖਿਆ ਕੀਤੀ। ਅਧਿਕਾਰੀ ਨੇ ਕਿਹਾ, ਅਸੀਂ ਉਨ੍ਹਾਂ ਦੇ ਘਰਾਂ ਨੂੰ ਬਚਾਉਣ ਵਿੱਚ ਸਫਲ ਵੀ ਰਹੇ, ਪਰ ਹਮਲਾਵਰਾਂ ਨੇ ਆਸਪਾਸ ਦੇ ਲਗਭਗ 15 ਤੋਂ 20 ਘਰਾਂ ਨੂੰ ਪੂਰੀ ਤਰ੍ਹਾਂ ਅੱਗ ਦੇ ਹਵਾਲੇ ਕਰ ਦਿੱਤਾ।

ਉਥੇ ਹੀ ਦੱਸਿਆ ਗਿਆ ਹੈ ਕਿ ਅੱਗ ਬੁਝਾਊ ਦਸਤੇ ਦੀਆਂ ਗੱਡੀਆਂ ਰਾਤ ਲਗਭਗ 10 ਵਜੇ ਮੌਕੇ ‘ਤੇ ਪਹੁੰਚੀਆਂ ਅਤੇ ਸੋਮਵਾਰ ਸਵੇਰੇ ਤਿੰਨ ਵਜੇ ਤੱਕ ਗਰਾਉਂਡ ਜ਼ੀਰੋ ‘ਤੇ ਰਹੀਆਂ। ਕਿਸੇ ਦੀ ਮੌਤ ਹੋਣ ਜਾਂ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ।

Share this Article
Leave a comment