ਵਿਸਕੌਨਸਿਨ : ਅਮਰੀਕਾ ਦੇ ਵਿਸਕੌਨਸਿਨ ਸੂਬੇ ‘ਚ ਸਟੇਟ ਹਾਈਵੇਅ 94 ‘ਤੇ ਅਚਾਨਕ ਹੋਈ ਬਰਫ਼ਬਾਰੀ ਕਾਰਨ ਤਿਲਕਣ ਪੈਦਾ ਹੋਣ ਕਾਰਨ ਇੱਕ ਤੋਂ ਬਾਅਦ ਇੱਕ 100 ਤੋਂ ਵੱਧ ਗੱਡੀਆਂ ਆਪਸ ‘ਚ ਭਿੜ ਗਈਆਂ। ਕਾਰਾਂ ਦੀ ਟਰੱਕਾਂ ਨਾਲ ਟੱਕਰ ਹੋਣ ਤੋਂ ਬਾਅਦ ਕਈ ਕਾਰਾਂ ਵਿਚ ਅੱਗ ਲੱਗ ਗਈ ਤੇ ਆਵਾਜਾਈ ਪੂਰੀ ਤਰ੍ਹਾਂ ਰੁਕ ਗਈ।
ਵਿਸਕੌਨਸਿਨ ਪੁਲਿਸ ਨੇ ਦੱਸਿਆ ਕਿ ਬਰਫ਼ ਨੇ ਸੜਕ ਨੂੰ ਬੇਹੱਦ ਖ਼ਤਰਨਾਕ ਬਣਾ ਦਿੱਤਾ ਅਤੇ ਡਰਾਈਵਰਾਂ ਲਈ ਆਪਣੀਆਂ ਗੱਡੀਆਂ ‘ਤੇ ਕੰਟਰੋਲ ਕਰਨਾ ਮੁਸ਼ਕਲ ਹੋ ਗਿਆ। ਹਾਦਸਿਆਂ ਦਾ ਸਿਲਸਿਲਾ ਉਸ ਵੇਲੇ ਸ਼ੁਰੂ ਹੋਇਆ ਜਦੋਂ ਇੱਕ ਟਰੈਕਟਰ-ਟੇਲਰ ਨੇ ਦੂਜੇ ਨੂੰ ਟੱਕਰ ਮਾਰ ਦਿੱਤੀ। ਇਸ ਮਗਰੋਂ ਦੇਖਦੇ ਹੀ ਦੇਖਦੇ 100 ਤੋਂ ਵੱਧ ਗੱਡੀਆਂ ਆਪਸ ਵਿਚ ਭਿੜ ਗਈਆਂ।
ਹਾਲਾਤ ਨੂੰ ਵੇਖਦਿਆਂ ਸਟੇਟ ਹਾਈਵੇਅ ਨੂੰ ਹਾਦਸੇ ਵਾਲੀ ਥਾਂ ਤੋਂ 40 ਕਿਲੋਮੀਟਰ ਪਹਿਲਾਂ ਬੰਦ ਕਰ ਦਿਤਾ ਗਿਆ। ਹਾਦਸੇ ਦੌਰਾਨ ਭਾਵੇਂ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਈ ਗੱਡੀਆਂ ਸੜ ਕੇ ਸੁਆਹ ਹੋ ਗਈਆਂ।