ਨਵਜੋਤ ਸਿੱਧੂ ਦੀ ਵਿਰੋਧੀ ਧਿਰਾਂ ਵਲੋਂ ਘੇਰਾਬੰਦੀ

TeamGlobalPunjab
5 Min Read

ਜਗਤਾਰ ਸਿੰਘ ਸਿੱਧੂ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਵਿਰੋਧੀ ਧਿਰਾਂ ਵਿਚਕਾਰ ਪੰਜਾਬ ਦੀ ਰਾਜਨੀਤੀ ਅੰਦਰ ਟੱਕਰ ਦੀ ਇਕ ਨਿਵੇਕਲੀ ਮਿਸਾਲ ਕਾਇਮ ਹੋ ਰਹੀ ਹੈ।ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਜਿਹੜੀ ਸਥਿਤੀ ਬਣ ਗਈ ਹੈ ਉਸ ਨਾਲ ਪਤਾ ਲਗਦਾ ਹੈ ਕਿ ਇਕ ਪਾਸੇ ਨਵਜੋਤ ਸਿੱਧੂ ਹਨ ਅਤੇ ਦੂਜੇ ਪਾਸੇ ਸਮੁੱਚੀ ਵਿਰੋਧੀ ਧਿਰ ਹੈ।ਸਿੱਧੂ ਵਿਰੁੱਧ ਕੰਮ ਕਰ ਰਹੀਆਂ ਰਾਜਸੀ ਧਿਰਾਂ ਪੰਜਾਬ ਵਿਧਾਨ ਸਭਾ ਚੋਣਾਂ ਤਾਂ ਆਪੋ-ਆਪਣੀਆਂ ਪਲੇਟਫਾਰਮ ‘ਤੇ ਲੜ ਰਹੀਆਂ ਹਨ। ਪਰ ਸਿੱਧੂ ਦੇ ਮਾਮਲੇ ‘ਚ ਉਨ੍ਹਾਂ ਦੀ ਬੋਲੀ ਮਿਲਦੀ ਜੁਲਦੀ ਹੈ।

ਇਕ ਪਾਸੇ ਪੰਜਾਬ ਬਹੁਤ ਵੱਡੇ ਸੰਕਟ ‘ਚੋਂ ਨਿਕਲ ਰਿਹਾ ਹੈ ਅਤੇ ਪੰਜਾਬੀਆਂ ਨੂੰ ਆਸ ਹੈ ਕਿ ਸੰਕਟ ‘ਚੋਂ ਬਾਹਰ ਆਉਣ ਲਈ ਲੋਕਪੱਖੀ ਲੀਡਰਸ਼ਿਪ ਅੱਗੇ ਆਵੇਗੀ।ਪਰ ਦੂਜੇ ਪਾਸੇ ਰਾਜਸੀ ਧਿਰਾਂ ‘ਚ ਦੁਸ਼ਣਬਾਜ਼ੀ ‘ਚ ਐਨਾ ਬੋਲਬਾਲਾ ਹੈ ਕਿ ਮੁੱਦਿਆਂ ਦੀ ਥਾਂ ਇੱਕ-ਦੂਜੇ ਉਪਰ ਚਿਕੜ ਸੁੱਟ ਕੇ ਵੋਟਰਾਂ ਦੀਆਂ ਅੱਖਾਂ ‘ਚ ਘੱਟਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਮਿਸਾਲ ਵਜੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿੱਧੂ ‘ਤੇ ਦੋਸ਼ ਲਗਾ ਰਹੇ ਹਨ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਸਨੇਹਾ ਦਿੱਤਾ ਸੀ ਕਿ ਨਵਜੋਤ ਸਿੱਧੂ ਨੂੰ ਮੰਤਰੀ ਮੰਡਲ ‘ਚ ਸ਼ਾਮਲ ਕਰ ਲਿਆ ਜਾਵੇ।ਇਹੋ ਜਹੇ ਮਿਲਦੇ ਜੁਲਦੇ ਦੋਸ਼ ਭਾਜਪਾ ਵਲੋਂ ਵੀ ਸਿੱਧੂ ‘ਤੇ ਲਗਾਤਾਰ ਲਗਾਏ ਜਾਂਦੇ ਹਨ। ਕੈਪਟਨ ਇਹ ਦੋਸ਼ ਲਗਾਉਣ ਵੇਲੇ ਹਮੇਸ਼ਾ ਹੀ ਇਹ ਦਸਣਾ ਭੁੱਲ ਜਾਂਦੇ ਹਨ ਕਿ ਪਾਕਿਸਤਾਨ ਨਾਲ ਉਨ੍ਹਾਂ ਦੇ ਕਿਹੜੇ ਅਜਿਹੇ ਸਿੱਧੇ ਸਬੰਧ ਸਨ ਕਿ ਪਾਕਿਸਤਾਨ ਪ੍ਰਧਾਨ ਮੰਤਰੀ ਦਾ ਸਨੇਹਾ ਪੰਜਾਬ ਦੇ ਮੁੱਖ ਮੰਤਰੀ ਨੂੰ ਸਿੱਧੇ ਤੋਰ ‘ਤੇ ਆ ਰਿਹਾ ਹੈ।ਇਸ ਮਾਮਲੇ ‘ਚ ਉਹ ਕਾਂਗਰਸ ਦੀ ਕੋਮੀ ਪ੍ਰਧਾਨ ਸੋਨੀਆ ਗਾਂਧੀ ਨੂੰ ਵੀ ਲਪੇਟ ਲੈਂਦੇ ਹਨ।ਇਹ ਜਾਣਕਾਰੀ ਉਨ੍ਹਾਂ ਨੇ ਪਾਰਟੀ ਪ੍ਰਧਾਨ ਨੂੰ ਦੇ ਦਿੱਤੀ ਸੀ।

- Advertisement -

ਬਿਲਕੁੱਲ ਇਸੀ ਤਰ੍ਹਾਂ ਦੇ ਦੋਸ਼ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਵਜ਼ੀਰਾਂ ਅਤੇ ਵਿਧਾਇਕਾਂ ‘ਤੇ ਲਾਉਂਦੇ ਹੋਏ ਕਿਹਾ ਸੀ ਕਿ ਉਨ੍ਹਾਂ ਦੇ ਭ੍ਰਿਸ਼ਟਾਚਾਰਾਂ ਦੀ ਜਾਣਕਾਰੀ ਸੋਨੀਆ ਗਾਂਧੀ ਨੂੰ ਦੇ ਦਿੱਤੀ ਸੀ।ਸਵਾਲ ਇਹ ਪੈਦਾ ਹੁੰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ‘ਚ ਰਹਿੰਦੇ ਹੋਏ ਨਵਜੋਤ ਸਿੱਧੂ ਬਾਰੇ ਬੁਰਾ-ਭੱਲਾ ਕਹਿਣ ਦੀ ਕੋਈ ਕਸਰ ਨਹੀਂ ਛੱਡੀ ਸੀ।ਪਰ ਇਸ ਤਰ੍ਹਾਂ ਦੇ ਦੋਸ਼ਾਂ ਬਾਰੇ ਕਦੇ ਨਹੀਂ ਦੱਸਿਆ ਗਿਆ ਜੋ ਉਨ੍ਹਾਂ ‘ਤੇ ਹੁਣ ਲਗਾਏ ਜਾ ਰਹੇ ਹਨ।

ਇਸੇ ਤਰ੍ਹਾਂ ਅਕਾਲੀਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵੀ ਸਿੱਧੁ ਬਾਰੇ ਕਈ ਤਰ੍ਹਾਂ ਦੇ ਦੋਸ਼ ਲਗਾਏ ਜਾਂਦੇ ਹਨ। ਇਕ ਹੋਰ ਅਕਾਲੀ ਨੇਤਾ ਬੀਕਰਮ ਸਿੰਘ ਮਜੀਠੀਆ ਤਾਂ ਸਿੱਧੇ ਤੌਰ ‘ਤੇ ਅਮ੍ਰਿਤਸਰ ਪੁਰਬੀ ਵਿਧਾਨ ਸਭਾ ਹਲਕੇ ਸਿੱਧੂ ਦੇ ਮੁਕਾਬਲੇ’ਚ ਆ ਗਏ ਹਨ।ਮਜੀਠੀਆ ਦਾ ਕਹਿਣਾ ਹੈ ਕਿ ਉਹ ਸਿੱਧੂ ਨੂੰ ਸਬਕ ਸਿਖਾਉਣ ਲਈ ਮਜੀਠਾ ਹਲਕਾ ਛੱਡ ਕੇ ਸਿੱਧੂ ਦੇ ਮੁਕਾਬਲੇ ‘ਚ ਆਏ ਹਨ।

ਇਸੇ ਤਰ੍ਹਾਂ ‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਸਿੱਧੂ ‘ਤੇ ਹਮਲਾ ਕਰਨ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੇ। ਸਵਾਲ ਇਹ ਪੈਦਾ ਹੁੰਦਾ ਹੈ ਕਿ ਵੱਖੋ-ਵੱਖਰੀਆਂ ਰਾਜਸੀ ਧਿਰਾਂ ਵੱਲੋਂ ਸਿੱਧੂ ਨੂੰ ਕਿਉਂ ਨਿਸ਼ਾਨੇ ‘ਤੇ ਲਿਆ ਜਾ ਰਿਹਾ ਹੈ।

ਇਸ ਸਥਿਤੀ ਦਾ ਇੱਕ ਹੋਰ ਅਹਿਮ ਪਹਿਲੂ ਇਹ ਵੀ ਹੈ ਕਿ ਕਾਂਗਰਸ ਦੇ ਕਈ ਨੇਤਾ ਵੀ ਕਿਸੇ ਨਾ ਕਿਸੇ ਢੰਗ ਨਾਲ ਸਿੱਧੂ ਨੂੰ ਚੋਭ ਲਾਉਣ ਦਾ ਮੌਕਾ ਹੱਥੋਂ ਨਹੀਂ ਜਾਣ ਦਿੰਦੇ।

ਨਵਜੋਤ ਸਿੱਧੂ ਦਾ ਕਹਿਣਾ ਹੈ ਕਿ ਉਸ ਦੀ ਕਿਸੇ ਨਾਲ ਵੀ ਨਿੱਜੀ ਲੜਾਈ ਨਹੀਂ ਹੈ।ਪਰ ਉਹ ਪੰਜਾਬ ਦੇ ਭੱਵਿਖ ਨੂੰ ਬਚਾਉਣ ਦੀ ਲੜਾਈ ਲੜ ਰਿਹਾ ਹੈ।ਉਹ ਲਗਾਤਾਰ ਆਖ ਰਿਹਾ ਹੈ ਕਿ ਡਰੱਗ ਮਾਫੀਆ ਦੇ ਵੱਡੇ ਮੱਗਰਮੱਛਾ ਨੂੰ ਹੱਥ ਪਾਇਆ ਜਾਵੇ ਅਤੇ ਸਜਾਵਾਂ ਦਿੱਤੀਆਂ ਜਾਣ।ਤਾਂ ਜੋ ਪੰਜਾਬ ਦੀ ਜਵਾਨੀ ਨੂੰ ਡਰੱਗ ਮਾਫੀਆ ਤੋਂ ਮੁੱਕਤੀ ਮਿਲ ਸਕੇ।ਉਹ ਇਹ ਵੀ ਆਖਦਾ ਹੈ ਕਿ ਜਦੋਂ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜਾਵਾਂ ਨਹੀਂ ਮਿਲ ਜਾਂਦੀਆਂ ਉਦੋਂ ਤੱਕ ਉਹ ਚੈਨ ਨਾਲ ਨਹੀਂ ਬੈਠੇਗਾ। ਉਹ ਪੰਜਾਬ ਦੀਆਂ ਬੱਚੀਆਂ ਨੂੰ ਪੜਾਉਣ ਲਈ ਆਰਥਿਕ ਮਦਦ ਦੇਣ ਦੀ ਗੱਲ ਕਰਦਾ ਹੈ।ਉਹ ਘਰਾਂ ‘ਚ ਕੰਮ ਕਰਨ ਵਾਲੀਆਂ ਅੋਰਤਾਂ ਦੇ ਆਰਿਥਕ ਸੁਧਾਰ ਲਈ ਚਿੰਤਤ ਹੈ ਅਤੇ ਉਨ੍ਹਾਂ ਲਈ ਯੋਜਨਾ ਲੈ ਕੇ ਆਇਆ ਹੈ। ਉਹ ਕਿਸਾਨਾਂ ਨੂੰ ਆਰਥਿਕ ਤੌਰ ‘ਤੇ ਮਜਬੂਤ ਕਰਨ,ਨੌਜਵਾਨਾਂ ਨੂੰ ਰੋਜ਼ਗਾਰ ਦੇਣ,ਸਿਹਤ ਅਤੇ ਵਿਦਿਅਕ ਢਾਂਚੇ ਨੂੰ ਮਜਬੂਤ ਕਰਨ ਦੀ ਗੱਲ ਕਰਦਾ ਹੈ।

- Advertisement -

ਉਹ ਇਹ ਵੀ ਆਖਦਾ ਹੈ ਠੇਕਾ ਅਤੇ ਸ਼ਰਾਬ ਦੇ ਕਾਰੋਬਾਰੀਆਂ ਨੂੰ ਨਿਯਮਬੱਧ ਕਰਕੇ ਪੰਜਾਬ ਦੇ ਸਰਕਾਰੀ ਖਜਾਨੇ ਦੀ ਹਾਲਤ ਮਜਬੂਤ ਕੀਤੀ ਜਾ ਸਕਦੀ ਹੈ।ਉਹ ਪੰਜਾਬ ਦੀ ਬੇਹਤਰੀ ਲਈ ਵਾਰ-ਵਾਰ ਆਖਦਾ ਹੈ ਪੰਜਾਬ ‘ਚ ਜਾਂ ਮਾਫੀਆਂ ਰਹੇਗਾ ਜਾਂ ਨਵਜੋਤ ਸਿੱਧੂ ਰਹੇਗਾ।

ਜਗਤਾਰ ਸਿੰਘ ਸਿੱਧੂ

ਸੰਪਰਕ ਨੰ. 9814002186

Share this Article
Leave a comment