ਆਪ੍ਰੇਸ਼ਨ ਬਲ਼ੂ ਸਟਾਰ (ਨੀਲਾ ਤਾਰਾ) – ਸਦੀਆਂ ਤੱਕ ਨਾ ਭੁਲਾਈ ਜਾਣ ਵਾਲੀ ਚੀਸ!

TeamGlobalPunjab
5 Min Read

-ਜਗਤਾਰ ਸਿੰਘ ਸਿੱਧੂ (ਐਡੀਟਰ);

37 ਸਾਲ ਪਹਿਲਾਂ ਜਦੋਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮ ‘ਤੇ ਭਾਰਤੀ ਫੌਜ ਨੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਉੱਤੇ ਚੜ੍ਹਾਈ ਕੀਤੀ ਤਾਂ ਦੁਨੀਆਂ ਭਰ ਵਿਚ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ। ਆਜ਼ਾਦ ਭਾਰਤ ਵਿਚ ਵਾਪਰਿਆ ਗੈਰ-ਮਾਨਵੀ ਤੀਜਾ ਘਲੂਘਾਰਾ। ਠੀਕ ਇਸ ਤੋਂ 220 ਸਾਲ ਪਹਿਲਾਂ ਅਹਿਮਦ ਸ਼ਾਹ ਅਬਦਾਲੀ ਨੇ ਕੁੱਪਰਹੀੜਾ ਵਿਖੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ ਸੀ ਉਸ ਨੂੰ ਦੂਜੇ ਵੱਡੇ ਘਲੂਘਾਰੇ ਵੱਜੋਂ ਚੇਤੇ ਕੀਤਾ ਜਾਂਦਾਂ ਹੈ। ਪਹਿਲਾ ਘਲੂਘਾਰਾਂ ਲਾਹੌਰ ਦੇ ਹਾਕਮਾ ਦੇ ਆਦੇਸ਼ ‘ਤੇ ਕਾਹਨੂੰਵਾਨ ਇਲਾਕੇ ਵਿਚ ਸਿੱਖਾਂ ਦੇ ਕਤਲੇਆਮ ਦਾ ਚੇਤਾ ਕਰਵਾਉਂਦਾ ਹੈ। ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕੀ ਆਜ਼ਾਦ ਭਾਰਤ ਵਿਚ ਆਪ੍ਰੇਸ਼ਨ ਨੀਲਾ ਤਾਰਾ ਕਿਉ ਹੋਇਆ? ਮਾਨਵਤਾ ਦਾ ਸੁਨੇਹਾ ਦੇਣ ਵਾਲੇ ਪਵਿਤਰ ਅਸਥਾਨ ਨੂੰ ਕਿਉਂ ਖੂਨ ਨਾਲ ਰੰਗਿਆ ਗਿਆ? ਇਸ ਤੋਂ ਮਾੜਾ ਕੀ ਹੋਵੇਗਾ ਕਿ ਦਿੱਲੀ ਨੇ ਇਸ ਕਾਰੇ ਲਈ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੀ ਚੋਣ ਕੀਤੀ।

ਇੰਦਰਾ ਗਾਂਧੀ ਨੇ ਸਿੱਖ ਭਾਈਚਾਰੇ ਨੂੰ ਸਬਕ ਸਿਖਾਉਣ ਲਈ ਇਹ ਰਾਹ ਚੁਣਿਆ? ਇਹ ਅਜਿਹਾ ਸਵਾਲ ਹੈ ਜਿਹੜਾ ਕਿ ਆਪ੍ਰੇਸ਼ਨ ਨੀਲਾ ਤਾਰਾ ਦੀਆਂ ਕਈ ਪਰਤਾਂ ਨੂੰ ਨੰਗਾ ਕਰਦਾ ਹੈ। ਜੇਕਰ ਪਿਛੋਕੜ ਵੱਲ ਝਾਤ ਮਾਰੀ ਜਾਵੇ ਤਾਂ ਪੱਤਾ ਲਗਦਾ ਹੈ ਕਿ ਪੰਜਾਬ ਵੱਲੋਂ ਦੇਸ਼ ਦੀ ਆਜ਼ਾਦੀ ਲਈ ਬਹੁਤ ਵੱਡੀ ਭੁਮਿਕਾ ਨਿਭਾਈ ਗਈ। ਆਜ਼ਾਦੀ ਲਈ ਦਿੱਤੀਆਂ ਕੁਰਬਾਨੀਆ ਨਾਲ ਸਿੱਖ ਭਾਈਚਾਰੇ ਨੂੰ ਆਸ ਸੀ ਕਿ ਉਨ੍ਹਾਂ ਦੀ ਬੋਲੀ, ਸਭਿਆਚਾਰ ਅਤੇ ਧਾਰਮਿਕ ਮਾਮਲਿਆਂ ਨੂੰ ਬਣਦਾ ਅਸਥਾਨ ਮਿਲੇਗਾ।

ਪੰਜਾਬ ਦੀਆਂ ਮੁਸ਼ਕਲਾਂ ਦਾ ਹੱਲ ਹੋਵੇਗਾ। ਉਸ ਵੇਲੇ ਦੀ ਸਿੱਖ ਲੀਡਰਸ਼ਿਪ ਨੇ ਦੇਸ਼ ਦੀ ਕੌਮੀ ਲੀਡਰਸ਼ਿਪ ਨਾਲ ਕੋਈ ਲਿਖਤੀ ਸਮਝੌਤਾ ਤਾਂ ਨਹੀਂ ਕੀਤਾ ਸੀ। ਪਰ ਸਿੱਖਾਂ ਨੂੰ ਆਜ਼ਾਦ ਭਾਰਤ ਵਿਚ ਬਣਦਾ ਮਾਣ ਸਤਿਕਾਰ ਦੇਣ ਦਾ ਪੁਰਾ ਭਰੋਸਾ ਦਿੱਤਾ ਗਿਆ। ਦੇਸ਼ ਦੀ ਵੰਡ ਵੇਲੇ ਜੋ ਪੰਜਾਬ ਨੇ ਭੁਗਤਿਆ, ਉਸ ਨੂੰ ਚੇਤੇ ਕਰ ਕੇ ਅੱਜ ਵੀ ਦਿਲ ਦਹਿਲ ਜਾਂਦਾ ਹੈ। ਹੋਇਆ ਕਿ? ਆਜ਼ਾਦੀ ਮਿਲਣ ਬਾਅਦ ਪੰਜਾਬ ਦੀ ਅਗਵਾਈ ਕਰਨ ਵਾਲੀ ਲੀਡਰਸ਼ਿਪ ਨੇ ਜਦੋਂ ਆਪਣੇ ਵਾਜਿਬ ਹੱਕ ਲੈਣ ਦੀ ਗੱਲ ਕੀਤੀ ਤਾਂ ਉਹਨਾਂ ਨੂੰ ਬਦਨਾਮ ਕਰਨ ਦੀ ਮੁਹਿੰਮ ਸ਼ੁਰੂ ਹੋ ਗਈ। ਇਥੋਂ ਤੱਕ ਕੇ ਆਨੰਦਪੁਰ ਸਾਹਿਬ ਦੇ ਮਤੇ ਨੂੰ ਵੱਖਵਾਦੀ ਕਹਿ ਕੇ ਭੰਡਿਆ ਗਿਆ। ਇਸ ਮਤੇ ਵਿਚ ਰਾਜਾਂ ਲਈ ਵੱਧ ਅਧਿਕਾਰਾਂ ਦੀ ਮੰਗ ਕੀਤੀ ਗਈ ਸੀ।

- Advertisement -

ਸਰਕਾਰੀ ਧਿਰ ਵੱਲੋਂ ਆਪਣੇ ਮੰਤਵ ਲਈ ਆਪਣੇ ਪ੍ਰਭਾਵ ਵਾਲੇ ਮੀਡੀਆ ਨੂੰ ਵੀ ਖੂਬ ਵਰਤਿਆਂ। ਰਵਾੲਤੀ ਨੇਤਾ ਸੰਤ ਹਰਚੰਦ ਸਿੰਘ ਲੌਗੋਵਾਲ ਨਾਲ ਮੰਗਾਂ ਨੂੰ ਲੈ ਕੇ ਕਈ ਬਾਰ ਸਮਝੌਤੇ ਦੀ ਗੱਲ ਵੀ ਹੋਈ ਪਰ ਕੇਂਦਰ ਸਰਕਾਰ ਪਿੱਛੇ ਹਟਦੀ ਰਹੀ। ਇਸੇ ਦੌਰਾਨ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੇ ਸਰਕਾਰ ਪ੍ਰਤੀ ਨਰਮ ਰਵਈਏ ਕਾਰਨ ਸੰਤ ਲੌਂਗੋਵਾਲ ਅਤੇ ਉਹਨਾਂ ਦੇ ਸਾਥੀਆਂ ਨਾਲ ਮਤਭੇਦ ਪੈਦਾ ਹੋ ਗਏ। ਸੰਤ ਭਿੰਡਰਾਂਵਾਲਾ ਕੇਂਦਰ ਸਰਕਾਰ ਨਾਲ ਫੈਸਲਾਕੁਨ ਲੜਾਈ ਲੜਨ ਦੇ ਹੱਕ ਵਿਚ ਸਨ। ਕੇਂਦਰ ਸਰਕਾਰ ਵੱਲੋਂ ਅੰਦਰਖਾਤੇ ਦਰਬਾਰ ਸਾਹਿਬ ‘ਤੇ ਹਮਲੇਂ ਦੀ ਤਿਆਰੀ ਕੀਤੀ ਜਾ ਰਹੀ ਸੀ ਪਰ ਇਸ ਬਾਰੇ ਕਿਸੇ ਨੂੰ ਜਾਣਕਾਰੀ ਨਹੀਂ ਸੀ ਹਮਲੇ ਤੋਂ ਪਹਿਲਾਂ ਇੰਦਰਾ ਗਾਂਧੀ ਨੇ ਕੌਮ ਦੇ ਨਾ ਭਾਸ਼ਨ ਦਿੱਤਾ ਪਰ ਇਸ ਵਿਚ ਫੌਜੀ ਹਮਲੇ ਦਾ ਕੋਈ ਜ਼ਿਕਰ ਨਹੀਂ ਸੀ।
ਇਸ ਤਰ੍ਹਾਂ ਗਿਣੀ-ਮਿਥੀ ਸਾਜਿਸ਼ ਨਾਲ ਆਪ੍ਰੇਸ਼ਨ ਨੀਲਾ ਤਾਰਾ ਕੀਤਾ ਗਿਆ। ਜਿਸ ਨੂੰ ਸਦੀਆਾਂ ਤੱਕ ਨਹੀ ਭੁਲਾਇਆ ਜਾ ਸਕੇਗਾ। ਇਸ ਨਾਲ ਦੇਸ਼ ਅੰਦਰ ਘੱਟ ਗਿਣਤੀਆਂ ਦੀ ਭਰੋਸੇਯੋਗਤਾ ਨੂੰ ਸਭ ਤੋਂ ਵੱਡਾ ਝਟਕਾ ਲੱਗੀਆ। ਆਪ੍ਰਸ਼ੇਨ ਨੀਲਾ ਤਾਰਾ ਨੇ ਦੇਸ਼ ਅੰਦਰ ਬਹੁਗਿਣਤੀ ਨੂੰ ਖੁਸ਼ ਕਰਨ ਲਈ ਇਕ ਨਵੀ ਨੀਤੀ ਨੂੰ ਜਨਮ ਦਿੱਤਾ। ਆਪ੍ਰੇਸ਼ਨ ਨੀਲਾ ਤਾਰਾ ਤੋਂ ਬਾਅਦ ਪਾਰਲੀਮੈਂਟ ਚੋਣਾਂ ਵਿਚ ਕਾਂਗਰਸ ਭਾਰੀ ਬਹੁਮਤ ਨਾਲ ਜਿੱਤੀ। ਇਸ ਤੋਂ ਬਾਅਦ ਫਿਰਕੂ ਲੀਹਾਂ ‘ਤੇ ਕਤਾਰਬੰਦੀ ਤਿੱਖੀ ਕਰ ਕੇ ਕੌਮੀ ਪਾਰਟੀਆਂ ਨੂੰ ਤਾਕਤ ਹਾਸਲ ਕਰਨ ਦਾ ਨਵਾਂ ਹਥਿਆਰ ਮਿਲ ਗਿਆ।

ਜੇਕਰ ਆਪ੍ਰੇਸ਼ਨ ਨੀਲਾ ਤਾਰਾ ਦੇ ਸੰਬਧ ਵਿਚ ਪੰਜਾਬ ਦੀ ਮੋਜੂਦਾ ਅਕਾਲੀ ਲੀਡਰਸ਼ਿਪ ਦੀ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਨੇ ਖੇਤਰੀ ਪਾਰਟੀ ਦੀ ਭੁਮਿਕਾ ਹੀ ਖਤਮ ਕਰ ਦਿੱਤੀ ਅਤੇ ਦੇਸ਼ ਦੀ ਕੌਮੀ ਪਾਰਟੀ ਭਾਜਪਾ ਨਾਲ ਤਾਕਤ ਹਾਸਲ ਕਰਨ ਖਾਤਰ ਹੱਥ ਮਿਲਾ ਲਿਆ। ਐਨੀਆਂ ਕੁਰਬਾਨੀਆਂ ਬਾਅਦ ਵੀ ਕਮਜ਼ੋਰ ਲਿਡਰਸ਼ਿਪ ਪੰਜਾਬ ਲਈ ਕੁਝ ਹਾਸਲ ਨਾ ਕਰ ਸਕੀ। ਜਿੱਥੇ ਪੰਜਾਬ ਨੇ ਭਾਸ਼ਾ, ਸਭਿਆਚਾਰ ਅਤੇ ਧਾਰਮਿਕ ਖੇਤਰ ਵਿਚ ਬਹੁਤ ਕੁਝ ਗੁਆ ਲਿਆ ਉਥੇ ਪੰਜਾਬ ਵੱਡੇ ਆਰਥਿਕ ਸੰਕਟ ਦੇ ਦੌਰ ਵਿਚ ਚਲਾ ਗਿਆ।

ਸੰਪਰਕ :9814002186

Share this Article
Leave a comment