ਸਿਹਤ ਮੰਤਰੀ ਡਾ. ਬਲਬੀਰ ਸਿੰਘ ਨਾਲ ਖੁੱਲ੍ਹੀ ਮੁਲਾਕਾਤ

Global Team
5 Min Read

ਜਗਤਾਰ ਸਿੰਘ ਸਿੱਧੂ

ਮੈਨੇਜਿੰਗ ਐਡੀਟਰ

ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਸਿਹਤ ਸੇਵਾਵਾਂ ਬਾਰੇ ਵੱਡਾ ਏਜੰਡਾ ਹੈ। ਇਸ ਏਜੰਡੇ ਬਾਰੇ ਪੰਜਾਬ ਭਵਨ ਚੰਡੀਗੜ੍ਹ ਵਿਖੇ ਡਾਕਟਰ ਬਲਬੀਰ ਸਿੰਘ ਨਾਲ ਪੰਜਾਬ ਦੀ ਸਿਹਤ ਨੂੰ ਲੈ ਕੇ ਉਹਨਾਂ ਦੇ ਵੱਡੇ ਰੁਝੇਵਿਆਂ ਦੇ ਬਾਵਜੂਦ ਖੁੱਲ੍ਹੀ ਗੱਲਬਾਤ ਕਰਨ ਦਾ ਮੌਕਾ ਮਿਲ ਹੀ ਗਿਆ। ਇਸ ਏਜੰਡੇ ਵਿਚ ਜਿਥੇ ਸਿਹਤ ਨਾਲ ਸੰਬੰਧਿਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਗੱਲ ਹੈ ਉਥੇ ਪੰਜਾਬੀਆਂ ਨਾਲ ਵੀ ਉਹਨਾਂ ਦੀ ਤੰਦਰੁਸਤੀ ਲਈ ਵੱਡੇ ਨੁਕਤੇ ਸ਼ਾਮਿਲ ਹਨ। ਅਜੇ ਤਕਰੀਬਨ ਇੱਕ ਮਹੀਨਾ ਪਹਿਲਾਂ ਹੀ ਡਾ. ਬਲਬੀਰ ਸਿੰਘ ਨੇ ਸਿਹਤ ਮੰਤਰੀ ਵਜੋਂ ਅਹੁਦਾ ਸੰਭਾਲਿਆ ਹੈ ਪਰ ਇਸ ਸਮੇਂ ਪੰਜਾਬ ਦੀ ਸਿਹਤ ਨਾਲ ਜੁੜੀ ਤਸਵੀਰ ਉਹਨਾਂ ਅੱਗੇ ਸ਼ੀਸ਼ੇ ਦੀ ਤਰ੍ਹਾਂ ਸਾਫ਼ ਹੈ। ਅਗਲੇ ਕੁੱਝ ਦਿਨਾਂ ਤੱਕ ਪੰਜਾਬ ਦੀ ਆਮ ਆਦਮੀ ਸਰਕਾਰ ਦਾ ਪਲੇਠਾ ਬਜਟ ਸੈਸ਼ਨ ਆਉਣ ਵਾਲਾ ਹੈ। ਸਮੁੱਚੇ ਪੰਜਾਬੀਆਂ ਦੀ ਨਜ਼ਰਾਂ ਬਜਟ ਉਪਰ ਟਿਕੀਆਂ ਹੋਈਆਂ ਹਨ। ਜੇਕਰ ਆਪਾਂ ਸਿਹਤ ਸੇਵਾਵਾਂ ਨਾਲ ਜੁੜੇ ਬਜਟ ਦੀ ਗੱਲ ਕਰੀਏ ਤਾਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਹਿੱਕ ਥਾਪੜ ਕੇ ਆਖਦੇ ਹਨ ਕਿ ਉਹਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਸਿਹਤ ਸੇਵਾਵਾਂ ਦੀ ਬੇਹਤਰੀ ਨੂੰ ਪਹਿਲ ਦੇਣ ਦਾ ਭਰੋਸਾ ਦਿੱਤਾ ਹੈ। ਸਿਹਤ ਮੰਤਰੀ ਦਾ ਕਹਿਣਾ ਹੈ ਕਿ ਮਾਨ ਸਰਕਾਰ ਸਿਹਤ ਸੇਵਾਵਾਂ ਨਾਲ ਪੰਜਾਬੀਆਂ ਦੀਆਂ ਜੁੜੀਆਂ ਉਮੀਦਾਂ ’ਤੇ ਪੂਰਾ ਉਤਰੇਗੀ। ਸਿਹਤ ਮੰਤਰੀ ਮੁਹੱਲਾ ਕਲੀਨਿਕ ਦੇ ਪ੍ਰਾਜੈਕਟ ਦੀ ਪੰਜਾਬ ਦੀ ਸਿਹਤ ਲਈ ਪਾਏ ਜਾਣ ਵਾਲੇ ਯੋਗਦਾਨ ਪ੍ਰਤੀ ਪੂਰੇ ਭਰੋਸੇ ਨਾਲ ਗੱਲ ਕਰਦੇ ਹਨ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਕੁੱਝ ਲੋਕਾਂ ਵੱਲੋਂ ਫੈਲਾਈਆਂ ਗਈਆਂ ਗਲਤ ਫਹਿਮੀਆਂ ਵੀ ਦੂਰ ਹੋ ਜਾਣਗੀਆਂ। ਉਹਨਾਂ ਦਾ ਕਹਿਣਾ ਹੈ ਕਿ ਮੁਹੱਲਾ ਕਲੀਨਿਕ ਦੇ ਨਾਲ ਨਾਲ ਬਾਕੀ ਸਿਹਤ ਸੇਵਾਵਾਂ ਵੀ ਪੂਰੀ ਮਜ਼ਬੂਤੀ ਨਾਲ ਚੱਲਣਗੀਆਂ।

 

- Advertisement -

ਡਾਕਟਰ ਬਲਬੀਰ ਸਿੰਘ ਨੂੰ ਜਦੋਂ ਪੰਜਾਬ ਦੀਆਂ ਵੱਡੀਆਂ ਬਿਮਾਰੀਆਂ ਦੀ ਚੁਣੌਤੀ ਬਾਰੇ ਪੁੱਛਿਆ ਜਾਂਦਾ ਹੈ ਤਾਂ ਅਕਸਰ ਉਹ ਉੰਗਲਾਂ ’ਤੇ ਸਾਰੀਆਂ ਬਿਮਾਰੀਆਂ ਦੇ ਨਾਂ ਲੈ ਕੇ ਇਹਨਾਂ ਦੇ ਟਾਕਰੇ ਲਈ ਬਣਾਈ ਯੋਜਨਾ ਦਾ ਜ਼ਿਕਰ ਕਰਦੇ ਹਨ ਪਰ ਨਾਲ ਹੀ ਉਹ ਪੰਜਾਬੀਆਂ ਨੂੰ ਇਹ ਸਲਾਹ ਵੀ ਦਿੰਦੇ ਹਨ ਕਿ ਇਲਾਜ ਨਾਲੋਂ ਪਰਹੇਜ ਚੰਗਾ ਹੈ। ਜੇਕਰ ਪੰਜਾਬੀ ਆਪਣੀ ਡਾਈਟ ਦਾ ਧਿਆਨ ਰੱਖਣਗੇ ਅਤੇ ਸੈਰ, ਯੋਗਾ ਜਾਂ ਹੋਰ ਐਕਸਰਸਾਈਜ਼ਾਂ ਵੱਲ ਧਿਆਨ ਦੇਣਗੇ ਤਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਕਮਾਲ ਦੀ ਗੱਲ ਇਹ ਹੈ ਕਿ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਅਤੇ ਡਾਕਟਰ ਦੀ ਭੂਮਿਕਾ ਇਕੋ ਵੇਲੇ ਨਿਭਾਉਂਦੇ ਹਨ। ਉਹ ਦੱਸਦੇ ਹਨ ਕਿ ਪੰਜਾਬੀਆਂ ਨੂੰ ਖੁਰਾਕ ਕਿਹੋ ਜਿਹੀ ਖਾਣੀ ਚਾਹੀਦੀ ਹੈ। ਖਾਸਤੌਰ ’ਤੇ ਸਿਹਤ ਮੰਤਰੀ ਬਣਨ ਤੋਂ ਬਾਅਦ ਵੀ ਉਹਨਾਂ ਵੱਲੋਂ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਲਈ ਪਹਿਲਾਂ ਦੀ ਤਰ੍ਹਾਂ ਹੀ ਧਿਆਨ ਦਿੱਤਾ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਇਨਸਾਨ ਦਾ ਦ੍ਰਿਸ਼ਟੀਕੋਣ ਸਹੀ ਹੋਵੇਗਾ ਤਾਂ ਸ਼੍ਰਿਸ਼ਟੀ ਵੀ ਸਹੀ ਹੋਵੇਗੀ। ਉਹਨਾਂ ਦਾ ਕਹਿਣਾ ਹੈ ਕਿ ਸਿਹਤ, ਸਿੱਖਿਆ ਅਤੇ ਰੁਜ਼ਗਾਰ ਕਿਸੇ ਵੀ ਸਮਾਜ ਲਈ ਬੁਨਿਆਦੀ ਨੁਕਤੇ ਹਨ। ਇਸੇ ਲਈ ਉਹ ਆਖ਼ਦੇ ਹਨ ਕਿ ਡਰੱਗ-ਮਾਫੀਆ ਨੂੰ ਨੱਥ ਪਾਈ ਜਾਏਗੀ ਅਤੇ ਉਹਨਾਂ ਦੀ ਪੁਸ਼ਤਪਨਾਹੀ ਕਰਨ ਵਾਲਿਆਂ ਨੂੰ ਵੀ ਕਾਬੂ ਕੀਤਾ ਜਾਵੇਗਾ। ਇਸ ਮਾਮਲੇ ਵਿਚ ਸਿਹਤ ਮੰਤਰੀ ਧਾਰਮਿਕ ਆਗੂਆਂ ਤੋਂ ਵੀ ਉਮੀਦ ਕਰਦੇ ਹਨ ਕਿ ਨਸ਼ਾ ਛੁਡਾਉਣ ਦੀ ਮੁਹਿੰਮ ਵਿਚ ਉਹਨਾਂ ਵੱਲੋਂ ਵੀ ਹਿੱਸਾ ਪਾਇਆ ਜਾਵੇ। ਸਿਹਤ ਮੰਤਰੀ ਦੀ ਧਾਰਨਾ ਹੈ ਕਿ ਨਸ਼ਾ ਵਿਰੋਧੀ ਮੁਹਿੰਮ ਸਮਾਜਿਕ ਧਿਰਾਂ ਦੇ ਸਹਿਯੋਗ ਨਾਲ ਹੀ ਕਾਮਯਾਬ ਹੋ ਸਕਦੀ ਹੈ।

 

ਪੰਜਾਬ ਦੀਆਂ ਐਮਰਜੰਸੀ ਸੇਵਾਵਾਂ ਲਈ ਵੀ ਡਾਕਟਰ ਬਲਬੀਰ ਸਿੰਘ ਨੇ ਉਚੇਚੀ ਯੋਜਨਾ ਤਿਆਰ ਕੀਤੀ ਹੈ। ਪੰਜਾਬ ਵਿਚ ਇਹ ਪਹਿਲੀ ਵਾਰ ਹੈ ਕਿ ਜੇਕਰ ਕੋਈ ਵਿਅਕਤੀ ਕਿਸੇ ਹਾਦਸੇ ਵਿਚ ਜ਼ਖ਼ਮੀ ਆਦਮੀ ਨੂੰ ਹਸਪਤਾਲ ਲੈ ਕੇ ਜਾਵੇਗਾ ਤਾਂ ਉਸ ਨੂੰ ਦੋ ਹਜ਼ਾਰ ਰੁਪਏ ਸਰਕਾਰ ਵੱਲੋਂ ਦਿੱਤੇ ਜਾਣਗੇ। ਸੜਕਾਂ ਦੇ ਨਾਲ ਲੱਗਦੀਆਂ ਐਮਰਜੰਸੀ ਸੇਵਾਵਾਂ ਨੂੰ ਮਜ਼ਬੂਤ ਕੀਤਾ ਜਾਵੇਗਾ।

 

ਜੇਕਰ ਪਰਵਾਸੀ ਪੰਜਾਬੀਆਂ ਬਾਰੇ ਗੱਲ ਨਾ ਕੀਤੀ ਜਾਵੇ ਤਾਂ ਸਿਹਤ ਮੰਤਰੀ ਨਾਲ ਮੁਲਾਕਾਤ ਮੁਕੰਮਲ ਨਹੀਂ ਹੋ ਸਕਦੀ। ਡਾਕਟਰ ਬਲਬੀਰ ਸਿੰਘ ਬੜੇ ਖੁੱਲ੍ਹੇ ਦਿਲ ਨਾਲ ਪਰਵਾਸੀ ਪੰਜਾਬੀਆਂ ਨੂੰ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਲਈ ਯੋਗਦਾਨ ਪਾਉਣ ਅਤੇ ਸਹਿਯੋਗ ਦੇਣ ਦਾ ਸੱਦਾ ਦਿੰਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਪਰਵਾਸੀ ਪੰਜਾਬੀਆਂ ਦਾ ਪੰਜਾਬ ਦੇ ਵਿਕਾਸ ਵਿਚ ਵੱਡਾ ਯੋਗਦਾਨ ਹੈ ਅਤੇ ਉਹਨਾਂ ਦੀ ਮਦਦ ਨਾਲ ਹੀ ਪੰਜਾਬ ਨੂੰ ਬਿਹਤਰ ਬਣਾਉਣ ਦਾ ਸੁਪਨਾ ਸਾਕਾਰ ਹੋ ਸਕਦਾ ਹੈ। ਸਿਹਤ ਮੰਤਰੀ ਖਾਸਤੌਰ ’ਤੇ ਮੀਡੀਆ ਦੀ ਪਹੁੰਚ ਬਾਰੇ ਵੀ ਗੱਲ ਕਰਦੇ ਹਨ। ਡਾਕਟਰ ਬਲਬੀਰ ਸਿੰਘ ਦਾ ਕਹਿਣਾ ਹੈ ਕਿ ਮੀਡੀਆ ਨਾਲ ਉਹ ਦੋਸਤਾਨਾ ਸੰਬੰਧਾਂ ਦੇ ਹੱਕ ਵਿਚ ਹਨ। ਉਹਨਾਂ ਦਾ ਕਹਿਣਾ ਹੈ ਕਿ ਮੀਡੀਆ ਨੂੰ ਤੱਥਾਂ ਦੇ ਅਧਾਰ ’ਤੇ ਸਹੀ ਜਾਣਕਾਰੀ ਦੇਣੀ ਚਾਹੀਦੀ ਹੈ ਅਤੇ ਉਹ ਉਸਾਰੂ ਅਲੋਚਨਾ ਦਾ ਹਮੇਸ਼ਾਂ ਸਵਾਗਤ ਕਰਦੇ ਹਨ।

- Advertisement -
Share this Article
Leave a comment