ਕੋਵਿਡ-19 ਦੇ ਹਨੇਰੇ ਵਿੱਚ ਚਾਨਣ ਦਾ ਸੁਨੇਹਾ ਦਿੰਦੀ ਜ਼ਿੰਦਗੀ-2

TeamGlobalPunjab
6 Min Read

-ਜਗਤਾਰ ਸਿੰਘ ਸਿੱਧੂ

ਕੇਵਲ ਮਨੁੱਖਾਂ ਨੇ ਹੀ ਨਹੀਂ ਕੁਦਰਤ ਨੇ ਵੀ ਇਸ ਦੁਨੀਆ ਨੂੰ ਸਾਫ-ਸੁਥਰਾ ਅਤੇ ਸੋਹਣਾ ਬਨਾਉਣ ‘ਚ ਬਹੁਤ ਵੱਡਾ ਹਿੱਸਾ ਪਾਇਆ। ਵਾਤਾਵਰਨ ‘ਚ ਪ੍ਰਦੂਸ਼ਣ ਦੇ ਐਨਾ ਹੇਠਾਂ ਚਲੇ ਜਾਣ ਬਾਰੇ ਸ਼ਾਇਦ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ। ਦਰਿਆਵਾਂ ਦਾ ਪਾਣੀ ਸਾਫ ਹੋ ਗਿਆ। ਹਵਾ ਐਨੀ ਸ਼ੁੱਧ ਹੋ ਗਈ ਕਿ ਅਸਮਾਨ ਇਸ ਤੋਂ ਪਹਿਲਾਂ ਕਦੇ ਐਨਾ ਸਾਫ ਨਜ਼ਰ ਨਹੀਂ ਆਇਆ। ਹਵਾ ‘ਚ ਤੈਰਦੇ ਪੰਛੀਆਂ ਦੀਆਂ ਅਠਖੇਲੀਆਂ ਦਿਲਚਸਪ ਨਜ਼ਾਰੇ ਪੇਸ਼ ਕਰਦੀਆਂ ਸਨ। ਇਹ ਵੱਖਰੀ ਗੱਲ ਹੈ ਕਿ ਕੋਰੋਨਾ ਮਹਾਮਾਰੀ ਵਿਰੁੱਧ ਲੜਦਿਆਂ ਅਨਲੌਕ ਫੇਜ਼ ‘ਚ ਵੀ ਵਾਤਾਵਰਨ ਨੂੰ ਬਚਾ ਕੇ ਰੱਖਣ ਦੀ ਲੋੜ ਹੈ।

- Advertisement -

 

ਪੰਜਾਬ ਦੇ ਲੋਕ ਸੰਪਰਕ ਵਿਭਾਗ ਵੱਲੋਂ ਹੁਣ ਤੱਕ ਵੀ ਸ਼ਾਮ ਨੂੰ ਸਟੇਟ ਕੰਟਰੋਲ ਰੂਮ ਤੋਂ ਕੋਰੋਨਾ ਵਾਇਰਸ ਸਬੰਧੀ ਰਿਪੋਰਟ ਦਾ ਮੀਡੀਆ ਦੇ ਦੋਸਤ ਤੀਬਰਤਾ ਨਾਲ ਇੰਤਜ਼ਾਰ ਕਰਦੇ ਹਨ। ਇਸ ਰਿਪੋਰਟ ਦੇ ਅਧਾਰ ‘ਤੇ ਪ੍ਰਿਟ ਅਤੇ ਇਲੈਕਟ੍ਰੋਨਿਕ ਮੀਡੀਆ ਦੀਆਂ ਕੋਰੋਨਾ ਬਿਮਾਰੀ ਦੀ ਜਾਣਕਾਰੀ ਦੀਆਂ ਸੁਰਖੀਆਂ ਬਣੀਆਂ ਹਨ। ਪਿਛਲੇ 111 ਦਿਨ ਤੋਂ ਅਧਿਕਾਰੀ ਅਤੇ ਡਾਕਟਰ ਰੋਜ਼ਾਨਾ ਕੋਵਿਡ ਵੀਡੀਓ ਬੁਲਿਟਨ ਜਾਰੀ ਕਰਵਾ ਰਹੇ ਹਨ। ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਅਜੀਤ ਕੰਵਲ ਸਿੰਘ ਹਮਦਰਦ ਦੀ ਅਗਵਾਈ ਹੇਠ ਲਗਾਤਾਰ ਇਹ ਕੰਮ ਕਰ ਰਹੀ ਹੈ। ਲੋਕ ਸੰਪਰਕ ਵਿਭਾਗ ਦੀ ਵਿਸ਼ੇਸ਼ ਟੀਮ ਰਿਕਾਰਡਿੰਗ ਤੋਂ ਲੈ ਕੇ ਹੇਠਲੇ ਪੱਧਰ ਤੱਕ ਜਾਣਕਾਰੀ ਦਿੰਦੀ ਹੈ।

 

ਸੀਨੀਅਰ ਪੱਤਰਕਾਰ ਅਵਤਾਰ ਸਿੰਘ ਭੰਵਰਾ ਨੇ ਇਸ ਸਮੇਂ ਦੌਰਾਨ ਇਕ ਵੱਖਰਾ ਤੇ ਸ਼ਲਾਘਾਯੋਗ ਤਜ਼ਰਬਾ ਸਾਂਝਾ ਕੀਤਾ ਹੈ। ਉਹ ਚੰਡੀਗੜ੍ਹ ਦੇ ਸੈਕਟਰ 50 ਸਥਿਤ ਟ੍ਰਿਬਿਊਨ ਫਰੈਂਡਜ਼ ਹਾਉਸ ਬਿਲਡਿੰਗ ਸੁਸਾਸਿਟੀ ਦੇ ਪ੍ਰਧਾਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਕਰਫ਼ਿਊ ਲਗਦੇ ਸਾਰ ਇਕ ਮੁਸ਼ਕਲ ਪੇਸ਼ ਆਈ ਜਿਸ ਨਾਲ ਸੁਸਾਇਟੀ ਦੇ 300 ਦੇ ਕਰੀਬ ਬਾਸ਼ਿੰਦਿਆਂ ਦੀ ਸੁਰੱਖਿਆ ਦਾ ਮਾਮਲਾ ਜੁੜਿਆ ਹੋਇਆ ਸੀ। ਕਰਫ਼ਿਊ ਦੌਰਾਨ ਗੇਟ ਉਪਰ ਤਾਇਨਾਤ ਸਾਰੇ ਗਾਰਡ ਜਵਾਬ ਦੇ ਗਏ ਕਿ ਉਹ ਘਰ ਤੋਂ ਡਿਊਟੀ ‘ਤੇ ਨਹੀਂ ਆ ਸਕਦੇ। ਸ਼੍ਰੀ ਭੰਵਰਾ ਨੇ ਸੁਸਾਇਟੀ ਦੇ ਪਰਿਵਾਰਾਂ ਨੂੰ ਵਟਸਐਪ ਗਰੁੱਪ ‘ਤੇ ਇਕ ਅਪੀਲ ਕੀਤੀ ਕਿ ਗਾਰਡ 24 ਘੰਟੇ ਇਥੇ ਹੀ ਰਹਿਣਗੇ। ਇਸ ਲਈ ਸੁਸਾਇਟੀ ਦਾ ਹਰ ਪਰਿਵਾਰ ਉਨ੍ਹਾਂ ਲਈ ਨਾਸ਼ਤੇ, ਦੁਪਹਿਰ ਅਤੇ ਰਾਤ ਦੇ ਖਾਣੇ ਦਾ ਇੰਤਜ਼ਾਮ ਕਰਨਗੇ। ਉਨ੍ਹਾਂ ਦੀ ਇਹ ਅਪੀਲ ਹਰ ਘਰ ਨੇ ਸਵੀਕਾਰ ਕਰਕੇ ਇਸ ਕੰਮ ਦੀ ਸ਼ਲਾਘਾ ਕੀਤੀ। ਇਹ ਸਿਲਸਿਲਾ ਲਗਪਗ ਦੋ ਮਹੀਨੇ ਲਗਾਤਾਰ ਚਲਦਾ ਰਿਹਾ। ਸ਼੍ਰੀ ਭੰਵਰਾ ਦਾ ਕਹਿਣਾ ਕਿ ਉਨ੍ਹਾਂ ਨੂੰ ਇਹ ਸੇਵਾ ਕਰਕੇ ਸੰਤੁਸ਼ਟੀ ਮਿਲੀ ਹੈ। ਉਨ੍ਹਾਂ ਵਲੋਂ ਕੀਤੇ ਇਸ ਉਪਰਾਲੇ ਦੀ ਆਸਪਾਸ ਦੀਆਂ ਸੁਸਾਇਟੀਆਂ ਦੇ ਲੋਕਾਂ ਨੇ ਕਾਫੀ ਪ੍ਰਸ਼ੰਸ਼ਾ ਕੀਤੀ।

- Advertisement -

 

ਇਸੇ ਤਰ੍ਹਾਂ ਸੀਨੀਅਰ ਪੱਤਰਕਾਰ ਜੈ ਸਿੰਘ ਛਿੱਬਰ ਨੇ ਲੌਕਡਾਊਨ ਦੇ ਦਿਨਾਂ ‘ਚ ਕਵਿਤਾ ਰਾਹੀਂ ਵੀ ਜ਼ਿੰਦਗੀ ‘ਚ ਨਵੇਂ ਰੰਗ ਭਰਨ ਦਾ ਉਪਰਾਲਾ ਕੀਤਾ ਹੈ। ਆਮ ਤੌਰ ‘ਤੇ ਕੋਰੋਨਾ ਮਹਾਮਾਰੀ ਨੂੰ ਉਨ੍ਹਾਂ ਨੇ ਆਪਣੀਆਂ ਕਈ ਕਵਿਤਾਵਾਂ ‘ਚ ਕੇਂਦਰ ਬਿੰਦੂ ਬਣਾਇਆ ਹੈ। ਪੇਸ਼ ਹੈ ਉਨ੍ਹਾਂ ਦੀ ਕਵਿਤਾ ਦੇ ਕੁਝ ਅੰਸ਼ –
“ਲੈਣਾ ਕੀ ਏ ਤੂੰ ਘਰੋਂ ਨਿਕਲ ਕੇ ਬਾਹਰ ਸੱਜਣਾ,
ਹੋਣੀ ਤਾਂਡਵ ਮਚਾਉਣ ਨੂੰ ਫਿਰਦੀ ਏ ਬਾਹਰ ਸੱਜਣ,
ਹਰ ਸ਼ੈਅ ਘੁੰਮ ਰਹੀ ਮੌਤ ਦਾ ਪਰਛਾਵਾਂ ਬਣ,
ਕਿਉਂ ਮੌਤ ਲੈਣ ਨੂੰ ਕਾਹਲਾ ਜਾ ਕੇ ਬਾਹਰ ਸੱਜਣਾ।
ਜ਼ਿੰਦਗੀ ਕੀਮਤੀ ਐ ਛਿੱਬਰ ਮਿਲਦੀ ਨਹੀਂ ਵਾਰੋਵਾਰ
ਜਿੰਦਾ ਰਹੇ ਆਉਣਗੇ ਬਹੁਤ ਮੌਕੇ ਜਾਣ ਲਈ ਬਾਹਰ ਸੱਜਣਾ।

 

ਇਸੇ ਤਰ੍ਹਾਂ ਸੀਨੀਅਰ ਪੱਤਰਕਾਰ ਅਤੇ ਸਾਡੇ ਸਹਿਯੋਗੀ – ਬਿੰਦੂ ਸਿੰਘ ਦਾ ਕਹਿਣਾ ਹੈ “ਵਰਕ ਫਰਾਮ ਹੋਮ” ਦਾ ਇਹ ਪਹਿਲਾਂ ਤਜਰਬਾ ਸੀ। ਮੌਕਾ ਮਿਲਦਿਆਂ ਹੀ ਅਣਡਿੱਠੇ ਦੁਸ਼ਮਣ ਤੋਂ ਸਮਰਥਾ ਮੁਤਾਬਿਕ ਖਾਣ ਪੀਣ ਦਾ ਸਮਾਨ ਲੈ ਕੇ ਘਰੋਂ ਬਾਹਰ ਨਿਕਲ ਜਾਂਦੀ। ਇੱਕ ਦਿਨ ਮੈਂ ਫੀਲਡ ‘ਚ ਸੀ ਅਤੇ ਘਰੋਂ ਪਾਣੀ ਦੀ ਬੋਤਲ ਨਾਲ ਲੈ ਕੇ ਜਾਣਾ ਭੁੱਲ ਗਈ। ਇੱਕ ਦੁਕਾਨ ‘ਤੇ ਜਦੋਂ ਪਾਣੀ ਲੈਣ ਲੱਗੀ ਤਾਂ ਇੱਕ ਗਰੀਬ ਬੱਚਾ ਭੱਜ ਕੇ ਕੋਲ ਆਇਆ। ਕੋਕ ਦੀਆਂ ਛੋਟੀਆਂ ਬੋਤਲਾਂ ਅਤੇ ਬਿਸਕੁਟਾਂ ਦੇ ਦੋ ਪੈਕਟ ਦੀ ਮੰਗ ਕੀਤੀ। ਬੱਚੇ ਨੇ ਆਪਣੀ ਛੋਟੀ ਭੈਣ ਲਈ ਵੀ ਸਮਾਨ ਮੰਗਿਆ। ਉਸ ਮਾਸ਼ੂਮ ਜਿਹੀ ਮੰਗ ‘ਤੇ ਮੈਂ ਕੋਈ ਸਵਾਲ ਨਾ ਕੀਤਾ ਅਤੇ ਸਮਾਨ ਲੈ ਕੇ ਦੇ ਦਿੱਤਾ। ਇੱਕ ਹੋਰ ਗੱਲ, ਹਰ ਰੋਜ਼ ਮਿਲਣ ਵਾਲੇ ਅਤੇ ਚਾਹ ਦੀ ਸਾਂਝ ਪਾਉਣ ਵਾਲੇ ਲੰਮੀ ਸਾਥੀ ਵੀ ਮਿਲਣ ਤੋਂ ਗੁਰੇਜ਼ ਕਰਨ ਲੱਗੇ। ਸੋਚਿਆ, ਇਹ ਵੀ ਇੱਕ ਦੌਰ ਹੈ, ਕਦੇ ਤਾਂ ਬਦਲੇਗਾ। ਹੈਰਾਨੀ ਦੀ ਗੱਲ ਹੈ ਕਿ ਧਰਤੀ ‘ਤੇ ਆਪਣੇ ਆਪ ਨੂੰ ਸਭ ਤੋਂ ਤਾਕਤਵਰ ਸਮਝਣ ਵਾਲਾ ਮਨੁੱਖ ਐਨਾ ਕਮਜ਼ੋਰ ਵੀ ਪੈ ਸਕਦਾ ਹੈ। ਮਨੁੱਖ ਨੂੰ ਇਸ ਆਫਤ ਦੇ ਨਾਲ ਰਹਿ ਕੇ ਨਵੇਂ ਮਾਹੌਲ ‘ਚ ਵਸੀਲੇ ਪੈਦਾ ਕਰਨ ਦੀ ਲੋੜ ਹੈ।

ਲੋਕ ਸੰਪਰਕ ਵਿਭਾਗ ਦੀਆਂ ਟੀਮਾਂ ਅਤੇ ਅਧਿਕਾਰੀਆਂ ਲਈ ਵੀ ਇਹ ਇਮਤਿਹਾਨ ਦੀ ਘੜੀ ਹੈ। ਅਜਿਹੇ ਦਹਿਸ਼ਤ ਦੇ ਮਾਹੌਲ ਦੀ ਚਾਦਰ ਪਾਸੇ ਸੁਟਦਿਆਂ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਅਜੀਤ ਕੰਵਲ ਸਿੰਘ ਹਮਦਰਦ ਆਪਣੀ ਸੂਖਮ ਕਲਾ ਕਵਿਤਾ ਰਾਹੀਂ ਮਾਨਵਤਾ ਲਈ ਸੁਨੇਹਾ ਦਿੰਦੇ ਰਹੇ। ਹੋਰ ਵੀ ਦੋਸਤ ਹਨ ਜਿਹੜੇ ਮਾਨਵਤਾ ਦੀ ਪੀੜ ਨੂੰ ਕਾਵਿ ਸਤਰਾਂ ਰਾਹੀਂ ਪੇਸ਼ ਕਰਦੇ ਹਨ – ਡਾ. ਹਮਦਰਦ ਵੀ ਕਵਿਤਾ ਦੀ ਇੱਕ ਵੰਨਗੀ –

ਨੌਜਵਾਨ ਕਿਸਾਨ ਰਾਜਵੀਰ ਸਿੰਘ ਆਪਣੇ ਫੁਰਸਤ ਦੇ ਪਲਾਂ ਨੂੰ ਪੰਛੀਆਂ ਨਾਲ ਪਿਆਰ ਕਰਕੇ ਗੁਜ਼ਾਰਦਾ ਹੈ। ਬੇਸ਼ਕ ਲੌਕਡਾਊਨ ਦੌਰਾਨ ਕਣਕ ਦੀ ਫਸਲ ਦੀ ਸੰਭਾਲ ਵਰਗੇ ਵੱਡੇ ਰੁਝੇਵੇਂ ਵੀ ਸਨ। ਰਾਜਵੀਰ ਨੈ ਆਪਣੇ ਮਹਿਰਾਜ ਪਿੰਡ ਦੇ ਫਾਰਮ ਹਾਊਸ ‘ਤੇ ਮੌਰ ਅਤੇ ਪੰਛੀਆਂ ਨੂੰ ਆਪਣਾ ਮਿੱਤਰ ਬਣਾ ਲਿਆ। ਉਸ ਦੇ ਫਾਰਮ ਹਾਊਸ ਨੇੜੇ ਇੱਕ ਵੱਡੀ ਚਿੜੀ ਹੈ ਅਤੇ ਬਹੁਤ ਸਾਰੇ ਪੰਛੀਆਂ ਦੇ ਉਥੇ ਟਿਕਾਣੇ ਹਨ। ਆਪਣੇ ਵਾਧੂ ਸਮੇਂ ‘ਚ ਰਾਜਬੀਰ ਨੇ ਮੋਰ ਪੰਛੀ ਦਾ ਐਨਾ ਭਰੋਸਾ ਜਿੱਤ ਲਿਆ ਕਿ ਉਹ ਉਸ ਦੇ ਕੋਲ ਆ ਕੇ ਚੋਗਾ ਚੁਗਣ ਲੱਗੇ। ਇਸ ਨਜ਼ਾਰੇ ਦੀ ਇੱਕ ਤਸਵੀਰ ਪੇਸ਼ ਹੈ।

ਸੰਪਰਕ : 98140-02186

(ਇਸ ਆਰਟੀਕਲ ਦਾ ਪਹਿਲਾ ਭਾਗ ਪੜ੍ਹਨ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ)

ਕੋਵਿਡ-19 ਦੇ ਹਨੇਰੇ ਵਿੱਚ ਚਾਨਣ ਦਾ ਸੁਨੇਹਾ ਦਿੰਦੀ ਜ਼ਿੰਦਗੀ

 

Share this Article
Leave a comment