ਇਸ ਵੱਡੀ ਘਟਨਾ ਤੋਂ ਬਾਅਦ ਅਫਸਰਾਂ ਨੂੰ ਕਿਉਂ ਆਇਆ ਹਰਿਆਲੀ ‘ਤੇ ਗੁੱਸਾ?

TeamGlobalPunjab
4 Min Read

ਮੋਤੀਆਂ ਵਾਲੀ ਸਰਕਾਰ ਅੱਜ ਕੱਲ੍ਹ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਜ਼ਿਮਨੀ ਚੋਣਾਂ ਹੋਣ ਕਾਰਨ ਦੌਰੇ ‘ਤੇ ਹੈ। ਪੰਜਾਬ ਸਕੱਤਰੇਤ ਵਿੱਚ ਮੰਤਰੀਆਂ ਸੰਤਰੀਆਂ ਦੀ ਹਾਜ਼ਰੀ ਘੱਟ ਹੀ ਹੈ। ਸੂਬੇ ਦੇ ਮੁੱਖ ਮੰਤਰੀ ਜਿਹੜੇ ਵੀ ਹਲਕੇ ਵਿੱਚ ਆਪਣਾ ਚੋਣ ਪ੍ਰਚਾਰ ਕਰਨ ਲਈ ਨਿਕਲਦੇ ਹਨ, ਸਾਰੇ ਲਾਮ ਲਸ਼ਕਰ ਦਾ ਪਿੱਛੇ ਤੁਰ ਪੈਣਾ ਸੁਭਾਵਿਕ ਹੈ। ਹਲਕੇ ਵਿੱਚ ਚੰਗੇ ਪ੍ਰਬੰਧ ਨਾ ਹੋਣ ਕਾਰਨ ਉਸ ਇਲਾਕੇ ਦੇ ਪਾਰਟੀ ਆਗੂਆਂ ਤੋਂ ਇਲਾਵਾ ਇਸ ਦਾ ਨਜ਼ਲਾ ਜ਼ਿਲਾ ਪੱਧਰੀ ਉੱਚ ਅਫਸਰਾਂ ‘ਤੇ ਡਿਗਦਾ ਅਤੇ ਉਹ ਅੱਗੇ ਵਿਭਾਗੀ ਮਾਤਹਿਤਾਂ ਦੀ ਖਿਚਾਈ ਕਰ ਦਿੰਦੇ ਹਨ। ਸਰਕਾਰੀ ਫਰਮਾਨ ਹੋਣ ਕਾਰਨ ਕਈ ਵਾਰ ਗੁੱਸਾ ਕਿਤੇ ਦਾ ਕਿਤੇ ਹੋਰ ਹੀ ਨਿਕਲ ਜਾਂਦਾ ਹੈ। ਕਈ ਵਾਰ ਸ਼ਾਮਤ ਉਹਨਾਂ ਦੀ ਆ ਜਾਂਦੀ ਹੈ ਜਿਹਨਾਂ ਦਾ ਕਤਈ ਕਸੂਰ ਨਹੀਂ ਹੁੰਦਾ। ਅਜਿਹਾ ਹੀ ਕੁਝ ਵਾਪਰਿਆ  ਜਿਲ੍ਹਾ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਦਾਖਾ ਦੀ ਹਰਿਆਲੀ ਨਾਲ।

ਪਿਛਲੇ ਦਿਨੀਂ ਹਲਕਾ ਦਾਖਾ ਵਿੱਚ ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸਿੰਘ ਦਾ ਚੋਣ ਪ੍ਰਚਾਰ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਲਕੇ ਦੇ 26 ਪਿੰਡਾਂ ਵਿੱਚ 40 ਕਿਲੋਮੀਟਰ ਲੰਬਾ ਰੋਡ ਸ਼ੋਅ ਕੱਢਿਆ ਜਾ ਰਿਹਾ ਸੀ। ਮੁੱਖ ਮੰਤਰੀ ਦੇ ਦਰਸ਼ਨ ਕਰਨ ਲਈ ਲੋਕ ਘਰਾਂ ਦੀਆਂ ਛੱਤਾਂ ਉੱਪਰ ਚੜ੍ਹ ਗਏ। ਉਹਨਾਂ ਨੇ ਆਪਣੇ ਪ੍ਰਸ਼ੰਸਕਾਂ ਦਾ ਪਿਆਰ ਹੱਥ ਹਿਲਾ ਕੇ ਕਬੂਲਿਆ। ਮੁੱਖ ਮੰਤਰੀ ਨੇ ‘ਹੱਥ’ ਨੂੰ ਸਫਲ ਬਣਾਉਣ ਦੀ ਅਪੀਲ ਵੀ ਕੀਤੀ। ਕੈਪਟਨ ਅਮਰਿੰਦਰ ਸਿੰਘ ਦੇ ਪ੍ਰਚਾਰ ਲਈ ਵਿਸ਼ੇਸ਼ ਬੱਸ ਤਿਆਰ ਕੀਤੀ ਗਈ ਸੀ, ਜਿਉਂ ਹੀ ਉਹ ਪ੍ਰਚਾਰ ਵਾਲੀ ਬੱਸ ਵਿੱਚ ਸਵਾਰ ਹੋਏ ਤਾਂ ਥੋੜ੍ਹੀ ਦੂਰ ਚੱਕ ਕਲਾਂ ਨੇੜੇ ਜਾ ਕੇ ਅਚਾਨਕ ਉਹਨਾਂ ਦੀ ਦਸਤਾਰ ਸੜਕ ‘ਤੇ ਰੱਸੀ ਨਾਲ ਟੰਗੀਆਂ ਪਾਰਟੀ ਦੀਆਂ ਹੀ ਝੰਡੀਆਂ ਵਿੱਚ ਫਸ ਕੇ ਲੱਥ ਗਈ। ਮੌਕਾ ਸੰਭਾਲਦਿਆਂ ਉਹਨਾਂ ਦੇ ਨਾਲ ਬੈਠੇ ਰਾਜ ਸਭਾ ਮੈਂਬਰ ਰਵਨੀਤ ਬਿੱਟੂ ਨੇ ਉਹਨਾਂ ਦੇ ਅੱਗੇ ਆ ਕੇ ਉਹਨਾਂ ਨੂੰ ਦੁਬਾਰਾ ਦਸਤਾਰ ਸਜਾਉਣ ਵਿੱਚ ਮਦਦ ਕੀਤੀ ਤੇ ਰੋਡ ਸ਼ੋਅ ਮੁੜ ਚੱਲ ਪਿਆ। ਕੈਪਟਨ ਦਾ ਕਾਫਲਾ ਸ਼ਾਮ ਤਕ ਕਈ ਪਿੰਡਾਂ ਵਿੱਚ ਪ੍ਰਚਾਰ ਕਰਦਾ ਰਿਹਾ। ਪਤਾ ਲੱਗਾ ਕਿ ਇਸ ਤੋਂ ਬਾਅਦ ਕਈ ਅਫਸਰਾਂ ਦੀ ਖਿਚਾਈ ਵੀ ਹੋਈ।

ਇਸ ਘਟਨਾਕ੍ਰਮ ਮਗਰੋਂ ਲੋਹੇ ਲਾਖੇ ਹੋਏ ਡਿਪਟੀ ਕਮਿਸ਼ਨਰ ਨੇ ਜੰਗਲਾਤ ਵਿਭਾਗ ਦੇ ਅਫਸਰਾਂ ਨੂੰ ਬੁਲਾ ਲਿਆ ਤੇ ਉਹਨਾਂ ਦੀ ਚੰਗੀ ਲਾਹ-ਪਾਹ ਕੀਤੀ। ਇਸ ‘ਤੇ ਹਰਿਆਲੀ ਦੀ ਸੰਭਾਲ ਕਰਨ ਵਾਲੇ ਮਹਿਕਮੇ ਦੇ ਅਫਸਰਾਂ ਨੂੰ ਪਹਿਲਾਂ ਤਾਂ ਸਮਝ ਨਾ ਆਈ ਪਰ ਦਸਤਾਰ ਦਾ ਮਾਮਲਾ ਪਤਾ ਲੱਗਣ ‘ਤੇ ਉਹ ਚੌਕਸ ਹੋ ਗਏ। ਪ੍ਰਸ਼ਾਸ਼ਨ ਤੇ ਜੰਗਲਾਤ ਵਿਭਾਗ ਨੇ ਮੁੱਖ  ਮੰਤਰੀ ਦੀ ਦੂਜੀ ਫੇਰੀ ਤੋਂ ਪਹਿਲਾਂ ਰੁੱਖਾਂ ਨੂੰ ਛਾਂਗਣਾ ਸ਼ੁਰੂ ਕਰ ਦਿੱਤਾ। ਲਤਾਲਾ ਤੋਂ ਰੂਮੀ ਤਕ ਹੋਣ ਵਾਲੇ ਰੋਡ ਸ਼ੋਅ ਦੇ ਰਸਤੇ ਵਿੱਚ ਆਉਂਦੇ ਦਰੱਖਤਾਂ ਦੇ ਲੰਬੇ ਲੰਬੇ ਛਾਂਦਾਰ ਟਹਿਣੀਆਂ ਦਾ ਵਢਾਂਗਾ ਤਾਂ ਕਰ ਦਿੱਤਾ। ਹੁਣ ਇਥੇ ਦੇਖਣਾ ਇਹ ਹੈ ਕਿ ਲੁਧਿਆਣਾ ਵਰਗੇ ਸ਼ਹਿਰ ਦਾ ਪ੍ਰਦੂਸ਼ਣ ਘਟਾਉਣ ਲਈ ਪ੍ਰਸ਼ਾਸਨ ਨੇ ਹਰਿਆਲੀ ਪੈਦਾ ਕਾਰਨ ਵਿੱਚ ਕਿੰਨੀ ਕੁ ਚੌਕਸੀ ਵਿਖਾਈ ਹੋਵੇਗੀ। ਹਾਈਵੇਜ਼ ‘ਤੇ ਰੁੱਖਾਂ ਦੀ ਛੰਗਾਈ ਦਾ ਧਿਆਨ ਨਾ ਰੱਖਣ ‘ਤੇ ਵੱਡੇ ਵੱਡੇ ਹਾਦਸੇ ਵੀ ਵਾਪਰਦੇ ਰਹਿੰਦੇ ਹਨ। ਪਰ ਕਦੇ ਸੰਜੀਦਗੀ ਨਾਲ ਕੰਮ ਨਹੀਂ ਹੋਇਆ। ਜੇ ਅਧਿਕਾਰੀ ਇਸੇ ਰਫਤਾਰ ਨਾਲ ਪ੍ਰਦੂਸ਼ਣ ਅਤੇ ਹਾਦਸੇ ਘਟਾਉਣ ਲਈ ਵੀ ਫੁਰਤੀ ਵਰਤਣ ਤਾਂ  ਮਨੁੱਖੀ ਜਾਨਾਂ ਬਚ ਸਕਦੀਆਂ ਅਤੇ ਲੋਕਾਂ ਨੂੰ ਸਾਹ ਲੈਣਾ ਸੌਖਾ ਹੋ ਸਕਦਾ ਹੈ।

-ਅਵਤਾਰ ਸਿੰਘ

- Advertisement -

-ਸੀਨੀਅਰ ਪੱਤਰਕਾਰ

Share this Article
Leave a comment