Home / ਓਪੀਨੀਅਨ / ਗੰਢੇ ਕਾਰਨ ਚੁੱਲ੍ਹਾ ਹੋ ਗਿਆ ਠੰਢਾ

ਗੰਢੇ ਕਾਰਨ ਚੁੱਲ੍ਹਾ ਹੋ ਗਿਆ ਠੰਢਾ

-ਅਵਤਾਰ ਸਿੰਘ

ਸੀਨੀਅਰ ਪੱਤਰਕਾਰ

ਪਿਆਜ਼ ਜਿਸ ਨੂੰ ਪੇਂਡੂ ਭਾਸ਼ਾ ਵਿੱਚ ਗੰਢਾ ਵੀ ਕਿਹਾ ਜਾਂਦਾ, ਦਾ ਭਾਅ ਵਧਣ ਕਾਰਨ ਲੋਕਾਂ ਵਿੱਚ ਹਾਹਾਕਾਰ ਮਚੀ ਪਈ ਹੈ। ਕੋਈ ਸਮਾਂ ਸੀ ਗਰੀਬ ਬੰਦਾ ਜੋ ਦਾਲ, ਸਬਜ਼ੀ ਖਰੀਦ ਕੇ ਨਹੀਂ ਖਾ ਸਕਦਾ ਸੀ ਗੰਢੇ ਤੇ ਲੂਣ ਨਾਲ ਰੋਟੀ ਖਾ ਲੈਂਦਾ ਸੀ। ਸਮਾਂ ਬਦਲਣ ਨਾਲ ਇਹ ਸ਼ਹਿਰੀਆਂ ਦੀ ਸਬਜ਼ੀ ਦਾ ਅਹਿਮ ਹਿੱਸਾ ਬਣ ਗਿਆ ਅਤੇ ਗਰੀਬ ਦੇ ਹੱਥੋਂ ਦੂਰ ਹੋ ਗਿਆ। ਇਸ ਦੀਆਂ ਵਧਦੀਆਂ ਕੀਮਤਾਂ ਨੇ ਕਈ ਸਰਕਾਰਾਂ ਵੀ ਤੋੜੀਆਂ। ਦਰਅਸਲ ਦੇਸ਼ ਵਿੱਚ ਹੁੰਦੀ ਖਪਤ ਨੂੰ ਪੂਰੀ ਕਰਨ ਲਈ ਇਹ ਗੁਆਂਢੀ ਦੇਸ਼ਾਂ ਤੋਂ ਵੀ ਮੰਗਵਾਇਆ ਜਾਂਦਾ ਹੈ। ਜਦੋਂ ਕਿਸੇ ਕਾਰਨ ਵੱਸ ਬਾਹਰੋਂ ਆਉਣਾ ਬੰਦ ਹੋ ਜਾਂਦਾ ਤਾਂ ਦੇਸ਼ ਵਿਚ ਇਸ ਦਾ ਕਾਲ ਜਿਹਾ ਹੀ ਪੈ ਜਾਂਦਾ ਹੈ। ਫੇਰ ਇਸ ‘ਤੇ ਸਿਆਸਤ ਵੀ ਖੂਬ ਹੁੰਦੀ ਹੈ। ਸਰਕਾਰ ਵਿਰੁੱਧ ਖੂਬ ਧਰਨੇ ਮੁਜ਼ਾਹਰੇ ਵੀ ਹੁੰਦੇ। ਉਸ ਦੀ ਨਾਕਾਮੀ ਦਾ ਖੂਬ ਢੰਡੋਰਾ ਵੀ ਪਿਟਿਆ ਜਾਂਦਾ ਹੈ।

ਰਿਪੋਰਟਾਂ ਮੁਤਾਬਿਕ ਅੱਜ ਕੱਲ੍ਹ ਪਿਆਜ਼ ਦੀਆਂ ਦਿਨੋਂ-ਦਿਨ ਵਧ ਰਹੀਆਂ ਕੀਮਤਾਂ ਨੇ ਘਰੇਲੂ ਬਜਟ ਵਿਗਾੜ ਕੇ ਰੱਖ ਦਿੱਤਾ ਹੈ। ਪਿਆਜ਼ ਦੀ ਕੀਮਤ ਇਸ ਵੇਲੇ ਸਭ ਤੋਂ ਉੱਚੇ ਪੱਧਰ ’ਤੇ 100 ਰੁਪਏ ਪ੍ਰਤੀ ਕਿੱਲੋ ਤੋਂ ਵੀ ਵੱਧ ਪੁੱਜ ਗਈ ਹੈ। ਪਿਛਲੇ ਇੱਕ ਹਫਤੇ ਤੋਂ ਲਗਾਤਾਰ ਪਿਆਜ਼ ਦੀਆਂ ਕੀਮਤਾਂ ਵਧ ਰਹੀਆਂ ਹਨ। ਪਿਛਲੇ ਹਫ਼ਤੇ ਮਾਰਕੀਟ ਵਿੱਚ 70-80 ਰੁਪਏ ਪ੍ਰਤੀ ਕਿੱਲੋ ਤੱਕ ਪੁੱਜ ਗਿਆ ਸੀ ਜਦਕਿ ਸ਼ਨਿੱਚਰਵਾਰ ਤੋਂ ਪਿਆਜ਼ ਦੀ ਕੀਮਤ 100 ਰੁਪਏ ਪ੍ਰਤੀ ਕਿੱਲੋ ਹੋ ਗਈ ਸੀ। ਥੋਕ ਮਾਰਕੀਟ ਵਿੱਚ ਪਿਆਜ਼ ਦੀ ਕੀਮਤ 70-80 ਰੁਪਏ ਤੋਂ ਵਧ ਕੇ 95 ਰੁਪਏ ਪ੍ਰਤੀ ਕਿੱਲੋ ਤੱਕ ਵਿਕਦੀ ਰਹੀ ਹੈ ਪਰ ਐਤਵਾਰ ਤੋਂ ਬਾਅਦ ਪਿਆਜ਼ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆ ਗਿਆ ਹੈ। ਥੋਕ ਮਾਰਕੀਟ ਵਿੱਚ ਪਿਆਜ਼ 100 ਰੁਪਏ ਪ੍ਰਤੀ ਕਿੱਲੋ ਅਤੇ ਪਰਚੂਨ ਵਿੱਚ 105 ਰੁਪਏ ਪ੍ਰਤੀ ਕਿਲੋ ਤੋਂ ਵੀ ਵੱਧ ਪਿਆਜ਼ ਵਿਕ ਰਿਹਾ ਹੈ। ਪਿਆਜ਼ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਨੂੰ ਵੇਖਦਿਆਂ ਸੁਆਣੀਆਂ ਨੇ ਵੀ ਪਿਆਜ਼ ਦੀ ਸੰਕੋਚਵੀਂ ਵਰਤੋਂ ਸ਼ੁਰੂ ਕਰ ਦਿੱਤੀ ਹੈ। ਸੋਸ਼ਲ ਮੀਡੀਆ ’ਤੇ ਵੀ ਇਹ ਮੁੱਦਾ ਪੂਰੀ ਤਰ੍ਹਾਂ ਛਾਇਆ ਹੋਇਆ ਹੈ। ਲੋਕਾਂ ਵੱਲੋਂ ਪਿਆਜ਼ ਬੈਂਕ ਲਾਕਰ ਵਿੱਚ ਰੱਖਣ, ਸੁਰੱਖਿਆ ਬਲਾਂ ਦੀ ਹਾਜ਼ਰੀ ਵਿੱਚ ਪਿਆਜ਼ ਖਰੀਦਣ ਅਤੇ ਪਿਆਜ਼ ਦੀ ਗਹਿਣਿਆਂ ਦੇ ਰੂਪ ਵਿੱਚ ਵਰਤੋਂ ਕਰਨ ਦੀਆਂ ਵੀਡੀਓ ਫੇਸਬੁੱਕ ਤੇ ਵਟਸਐਪ ’ਤੇ ਲੋਕਾਂ ਦਾ ਮਨ ਪ੍ਰਚਾਵਾ ਕਰ ਰਹੀਆਂ ਹਨ। ਇਹ ਵੀ ਪਤਾ ਲਗਾ ਕਿ ਮਾਫ਼ੀਏ ਵੱਲੋਂ ਕਿੱਲਤ ਪੈਦਾ ਕਰਕੇ ਕੀਮਤਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ।

ਪਿਆਜ਼ ਦੀਆਂ ਵੱਧ ਰਹੀਆਂ ਕੀਮਤਾਂ ਖ਼ਿਲਾਫ਼ ਕਾਂਗਰਸ ਨੇ ਸੰਸਦ ਭਵਨ ਦੇ ਬਾਹਰ ਪ੍ਰਦਰਸ਼ਨ ਕੀਤਾ ਜਦਕਿ ਲੋਕ ਸਭਾ ’ਚ ਵੀ ਇਹ ਮਾਮਲਾ ਗੂੰਜਿਆ। ਉਧਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਿਆਜ਼ ਦੇ ਅਸਮਾਨੀਂ ਚੜ੍ਹ ਰਹੇ ਭਾਅ ’ਤੇ ਨੱਥ ਪਾਉਣ ਲਈ ਬੈਠਕ ਬੁਲਾ ਕੇ ਇਸ ਨਾਲ ਸਿੱਝਣ ਲਈ ਗੱਲਬਾਤ ਵੀ ਕੀਤੀ। ਕਾਂਗਰਸ ਆਗੂ ਪੀ ਚਿਦੰਬਰਮ, ਲੋਕ ਸਭਾ ’ਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ, ਗੌਰਵ ਗੋਗੋਈ ਅਤੇ ਹੋਰ ਆਗੂਆਂ ਨੇ ਵੀਰਵਾਰ ਨੂੰ ਸੰਸਦ ਭਵਨ ਦੇ ਬਾਹਰ ਪਿਆਜ਼ਾਂ ਦੇ ਵਧ ਰਹੇ ਭਾਅ ਖ਼ਿਲਾਫ਼ ਮੁਜ਼ਾਹਰਾ ਕੀਤਾ। ਕਾਂਗਰਸ ਦੇ ਸੰਸਦ ਮੈਂਬਰਾਂ ਨੇ ਪਿਆਜ਼ਾਂ ਦੀ ਟੋਕਰੀ ਭਰ ਕੇ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ ਅਤੇ ਮੰਗ ਕੀਤੀ ਕਿ ਸਰਕਾਰ ਪਿਆਜ਼ਾਂ ਦਾ ਭਾਅ ਘਟਾ ਕੇ ਗਰੀਬਾਂ ਨੂੰ ਪ੍ਰੇਸ਼ਾਨ ਕਰਨਾ ਬੰਦ ਕਰੇ। ਉਨ੍ਹਾਂ ਨੇ ਹੱਥਾਂ ’ਚ ਬੈਨਰ ਵੀ ਫੜੇ ਹੋਏ ਸਨ ਜਿਨ੍ਹਾਂ ’ਤੇ ‘ਕੈਸਾ ਹੈ ਮੋਦੀ ਰਾਜ, ਮਹਿੰਗਾ ਰਾਸ਼ਨ, ਮਹਿੰਗਾ ਪਿਆਜ਼’, ‘ਮਹਿੰਗਾਈ ਕੀ ਪਿਆਜ਼ ਪਰ ਮਾਰ, ਚੁੱਪ ਕਿਉਂ ਹੈ ਮੋਦੀ ਸਰਕਾਰ’ ਵਰਗੇ ਨਾਅਰੇ ਲਿਖੇ ਹੋਏ ਸਨ। ਮਹਾਤਮਾ ਗਾਂਧੀ ਦੇ ਬੁੱਤ ਕੋਲ ਪ੍ਰਦਰਸ਼ਨ ਕਰਦਿਆਂ ਕਾਂਗਰਸ ਆਗੂਆਂ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਨਿਖੇਧੀ ਕੀਤੀ। ਇਸ ਦੌਰਾਨ ਸਿਆਸੀ ਟਿੱਪਣੀਕਾਰ ਤਹਿਸੀਨ ਪੁਨਾਵਾਲਾ ਨੇ ਪਿਆਜ਼ ਦਾ ਭਾਅ ਵਧਣ ’ਤੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਖ਼ਿਲਾਫ਼ ਇਕੱਲਿਆਂ ਹੀ ਵਿਜੈ ਚੌਕ ’ਤੇ ਸੰਸਦ ਕੰਪਲੈਕਸ ਦੇ ਬਾਹਰ ਪ੍ਰਦਰਸ਼ਨ ਕੀਤਾ। ਪੁਲੀਸ ਉਸ ਨੂੰ ਘੇਰ ਕੇ ਜੰਤਰ-ਮੰਤਰ ਲੈ ਗਈ ਅਤੇ ਉਥੇ ਛੱਡ ਦਿੱਤਾ। ਇਸੇ ਤਰ੍ਹਾਂ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਸੁਦੀਪ ਬੰਦੋਪਾਧਿਆਏ ਨੇ ਵੀ ਲੋਕ ਸਭਾ ’ਚ ਸਿਫ਼ਰ ਕਾਲ ਦੌਰਾਨ ਪਿਆਜ਼ਾਂ ਦਾ ਭਾਅ ਅਸਮਾਨੀਂ ਚੜ੍ਹਨ ’ਤੇ ਚਿੰਤਾ ਜ਼ਾਹਰ ਕਰਦਿਆਂ ਕੇਂਦਰ ਨੂੰ ਕਿਹਾ ਕਿ ਉਹ ਸੂਬਿਆਂ ਨੂੰ ਆਖੇ ਕਿ ਪਿਆਜ਼ਾਂ ਦੀ ਜਮ੍ਹਾਂਖੋਰੀ ਖ਼ਿਲਾਫ਼ ਕਦਮ ਚੁੱਕਣ। ਐਨਫੋਰਸਮੈਂਟ ਵਿਭਾਗ ਪਿਆਜ਼ਾਂ ਦੀ ਜਮ੍ਹਾਂਖੋਰੀ ’ਤੇ ਨਜ਼ਰ ਰੱਖੇ। ਉਨ੍ਹਾਂ ਕਿਹਾ ਕਿ ਕੀਮਤ ਨਿਗਰਾਨ ਡਿਵੀਜ਼ਨ ਨੂੰ ਵੀ ਸਰਗਰਮ ਹੋਣਾ ਚਾਹੀਦਾ ਹੈ। ਰੋਸ ਨੂੰ ਦੇਖਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਕੇਂਦਰੀ ਮੰਤਰੀਆਂ ਅਤੇ ਸੀਨੀਅਰ ਅਧਿਕਾਰੀਆਂ ਦੀ ਬੈਠਕ ਸੱਦੀ।

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਬੁੱਧਵਾਰ ਨੂੰ ਸੰਸਦ ’ਚ ਕਿਹਾ ਸੀ ਕਿ ਸਰਕਾਰ ਨੇ ਪਿਆਜ਼ਾਂ ਦੇ ਭਾਅ ਵਧਣ ਤੋਂ ਰੋਕਣ ਲਈ ਕਈ ਕਦਮ ਉਠਾਏ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਪਿਆਜ਼ ਅਤੇ ਲਸਣ ਦੀ ਵੱਧ ਵਰਤੋਂ ਨਾ ਕੀਤੇ ਜਾਣ ਦੇ ਬਿਆਨ ਮਗਰੋਂ ਟਵਿੱਟਰ ’ਤੇ ਕਈ ਮਜ਼ਾਹੀਆ ਟਿੱਪਣੀਆਂ ਵੀ ਦੇਖਣ ਨੂੰ ਮਿਲੀਆਂ। ਪੀ ਚਿਦੰਬਰਮ ਨੇ ਸਵਾਲ ਕੀਤਾ ਕਿ ਕੀ ਉਹ ਪਿਆਜ਼ ਦੀ ਥਾਂ ’ਤੇ ਐਵਾਕੈਡੋਜ਼ ਖਾਂਦੇ ਹਨ। ਇਕ ਵੀਡੀਓ ਕਲਿੱਪ ’ਚ ਵਿਅਕਤੀ ਭੋਜਨ ਕਰਦੇ ਸਮੇਂ ਪਿਆਜ਼, ਲਸਣ ਅਤੇ ਟਮਾਟਰ ਨੂੰ ਚਟਦਾ ਹੋਇਆ ਨਜ਼ਰ ਆਇਆ। ਇਕ ਤਸਵੀਰ ’ਚ ਸੀਤਾਰਾਮਨ ਅਤੇ ਉਨ੍ਹਾਂ ਦੀ ਕੈਬਨਿਟ ਸਾਥੀ ਸਮ੍ਰਿਤੀ ਇਰਾਨੀ ਦੀ ਪੁਰਾਣੀ ਤਸਵੀਰ ਪਾਈ ਗਈ ਹੈ ਜਿਸ ’ਚ ਉਹ ਵਿਰੋਧੀ ਧਿਰ ’ਚ ਰਹਿੰਦਿਆਂ ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ। ਇਕ ਹੋਰ ਤਸਵੀਰ ’ਚ ਪਿਆਜ਼ਾਂ ਦੀ ਟੋਕਰੀ ਦੇ ਨਾਲ ਟਿੱਪਣੀ ਕੀਤੀ ਗਈ,‘‘ਅੱਜ ਭਾਰਤੀ ਪਿਆਜ਼ ਅਮਰੀਕੀ ਡਾਲਰ ਨਾਲੋਂ ਮਜ਼ਬੂਤ ਹਨ।’’ ਇਕ ਹੋਰ ਪੋਸਟ ’ਚ ਫਿਲਮ ਦਾ ਦ੍ਰਿਸ਼ ਪਾਉਂਦਿਆਂ ਕੈਪਸ਼ਨ ਲਿਖੀ ਹੈ ਕਿ ਪਿਆਜ਼ ਹੁਣ ਸਰਾਫ਼ਾਂ ਵੱਲੋਂ ਵੇਚੇ ਜਾਣਗੇ।ਪਹਿਲਾਂ ਕਹਿੰਦੇ ਸੀ ਕਿ ਗੰਢਾ ਛਿੱਲਣ ਲੱਗਿਆਂ ਸੁਆਣੀ ਦੀਆਂ ਅੱਖਾਂ ਵਿਚੋਂ ਹੰਝੂ ਡਿਗਦੇ ਹਨ ਪਰ ਅੱਜ ਕੱਲ੍ਹ ਲੱਗਦਾ ਸਾਰਾ ਦੇਸ਼ ਰੋ ਰਿਹਾ ਹੈ।

Check Also

ਕੈਪਟਨ ਸਰਕਾਰ ਨੂੰ ਦੂਹਰੀ ਚੁਣੌਤੀ ! ਬਾਗੀ ਅਤੇ ਵਿਰੋਧੀ ਧਿਰਾਂ ‘ਚ ਮੁੱਖ ਮੰਤਰੀ ਨਿਸ਼ਾਨੇ ‘ਤੇ !

-ਜਗਤਾਰ ਸਿੰਘ ਸਿੱਧੂ   ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਕਾਂਗਰਸ ਪਾਰਟੀ ਦੇ …

Leave a Reply

Your email address will not be published. Required fields are marked *