ਬਾਬੇ ਨਾਨਕ ਦੇ ਪ੍ਰਕਾਸ਼ ਦਿਹਾੜੇ ‘ਤੇ ਰਾਜਨੀਤੀ ਸ਼ਰਮਨਾਕ ਵਰਤਾਰਾ!

TeamGlobalPunjab
4 Min Read

ਜਗਤਾਰ ਸਿੰਘ ਸਿੱਧੂ (ਸੀਨੀਅਰ ਪੱਤਰਕਾਰ)

ਪਟਿਆਲਾ : ਬਾਬੇ ਨਾਨਕ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਦੁਨੀਆਂ ਭਰ ‘ਚ ਬੈਠੇ ਪੰਜਾਬੀ ਪੂਰੇ ਉਤਸ਼ਾਹ ਅਤੇ ਤੀਬਰਤਾ ਨਾਲ ਉਡੀਕ ਰਹੇ ਹਨ ਇਸ ਪਵਿੱਤਰ ਦਿਹਾੜੇ ਨੂੰ। ਦੂਜੇ ਪਾਸੇ ਉਹ ਹੀ ਕੁਝ ਵਾਪਰ ਗਿਆ ਜਿਸ ਦਾ ਡਰ ਸੀ। ਸੁਲਤਾਨਪੁਰ ਲੋਧੀ ਵਿਖੇ ਮੁੱਖ ਸਮਾਗਮਾਂ ਦੀ ਤਿਆਰੀ ਕਰ ਰਹੀਆਂ ਧਿਰਾਂ ਨੇ ਇੱਕ ਦੂਜੇ ਵਿਰੁੱਧ ਲਕੀਰ ਖਿੱਚ ਦਿੱਤੀ ਲਈ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਸਟੇਜ਼ ਲਾਈ ਜਾ ਰਹੀ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਦੂਜੀ ਸਟੇਜ਼ ਲਾਈ ਜਾਵੇਗੀ। ਦੋਹੇਂ ਧਿਰਾਂ ਵੱਲੋਂ ਪਿਛਲੇ ਸਮਿਆਂ ਵਿੱਚ ਸਾਂਝੇ ਤੌਰ ‘ਤੇ ਇੱਕ ਵੀ ਮੀਟਿੰਗ ਨਹੀਂ ਕੀਤੀ ਗਈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਦੋਹਾਂ ਧਿਰਾਂ ਨੂੰ ਸਾਂਝੇ ਤੌਰ ‘ਤੇ ਸਮਾਗਮ ਕਰਨ ਦੀ ਅਪੀਲ ਵੀ ਕੀਤੀ ਗਈ ਸੀ। ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ ਜਦੋਂ  ਮੀਡੀਆ ਅੰਦਰ ਅਤੇ ਸਟੇਜਾਂ ‘ਤੇ ਇੱਕ ਦੂਜੇ ਵਿਰੁੱਧ ਤੋਹਮਤਬਾਜ਼ੀ ਕੀਤੀ ਜਾਵੇਗੀ ਤਾਂ ਇੱਕ ਸਟੇਜ਼ ‘ਤੇ ਇਕੱਠੇ ਹੋਣ ਦਾ ਮਾਹੌਲ ਕਿਵੇਂ ਬਣ ਸਕਦਾ ਹੈ। ਮਿਸਾਲ ਵਜੋਂ ਕੇਂਦਰੀ ਕੈਬਨਿਟ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਇਹ ਦੋਸ਼ ਲਾਇਆ ਹੈ ਕਿ ਮੁੱਖ ਮੰਤਰੀ ਅਕਾਲ ਤਖਤ ਸਾਹਿਬ ਦੇ ਰੁਤਬੇ ਨੂੰ ਢਾਅ ਲਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਅਕਾਲ ਤਖਤ ਸਾਹਿਬ ਬਾਰੇ ਬੁਰਾ ਕਰਨ ਦੀ ਕੋਈ ਸੋਚ ਵੀ ਨਹੀਂ ਸਕਦਾ। ਉਹ ਅਕਾਲ ਤਖਤ ਸਾਹਿਬ ਦਾ ਸਤਿਕਾਰ ਕਰਦੇ ਹਨ। ਕੈਪਟਨ ਸਰਕਾਰ ਦੇ ਕਈ ਹੋਰ ਮੰਤਰੀਆਂ ਨੇ ਵੀ ਹਰਸਿਮਰਤ ਬਾਦਲ ਦੇ ਬਿਆਨ ਵਿਰੁੱਧ ਤਿੱਖੀਆਂ ਟਿੱਪਣੀਆਂ ਕੀਤੀਆਂ ਹਨ। ਇਸ ਤਰ੍ਹਾਂ ਇੱਕ ਨਫਰਤ ਵਾਲੇ ਮਾਹੌਲ ਵਿੱਚ ਕਿਵੇਂ ਗਲਵਕੜੀਆਂ ਪੈਣਗੀਆਂ? ਹਰਸਿਮਰਤ ਬਾਦਲ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਬੋਲਣ ਦਾ ਅਧਿਕਾਰ ਕਿਸ ਨੇ ਦਿੱਤਾ ਹੈ। ਉਹ ਕੇਂਦਰੀ ਮੰਤਰੀ ਅਤੇ ਰਾਜਨੇਤਾ  ਹਨ। ਧਾਰਮਿਕ ਮਾਮਲਿਆਂ ਵਿੱਚ ਜੇਕਰ ਕੋਈ ਧਿਰ ਕੁਤਾਹੀ ਕਰ ਰਹੀ ਹੈ ਤਾਂ ਜਥੇਦਾਰ ਨੂੰ ਆਪ ਨੋਟਿਸ ਲੈਂਣਾ ਚਾਹੀਦਾ ਹੈ। ਇਹ ਵੀ ਜਰੂਰੀ ਹੈ ਕਿ ਜਥੇਦਾਰ ਰਾਜਸੀ ਧਿਰਾਂ ਦੀ ਤੋਹਮਤਬਾਜ਼ੀ ਨੂੰ ਬੰਦ ਕਰਾਉਣ। ਬਾਬੇ ਨਾਨਕ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਬਹੁਤ  ਵੱਡਾ ਮੌਕਾ ਹੈ ਤੇ ਇਸ ਮੌਕੇ ਘੱਟੋ ਘੱਟ ਰਾਜਨੀਤੀ ਬੰਦ ਕਰ ਦੇਣੀ ਚਾਹੀਦੀ ਹੈ। ਕਮਾਲ ਤਾਂ ਇਹ ਹੈ ਕਿ ਦੋਵੇ ਧਿਰਾਂ ਦੇ ਨੇਤਾ ਇੱਕ ਦੂਜ਼ੇ ‘ਤੇ ਰਾਜਨੀਤੀ ਕਰਨ ਦੇ ਦੋਸ਼ ਲਗਾ ਰਹੇ ਹਨ ਪਰ ਦੋਵੇਂ ਧਿਰਾਂ ਹੀ ਰਾਜਨੀਤੀ ਕਰ ਰਹੀਆਂ ਹਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਪ੍ਰਕਾਸ਼ ਦਿਹਾੜੇ ਦੇ ਮੁੱਖ ਸਮਾਗਮਾਂ ਲਈ ਦੋ ਮੰਤਰੀਆਂ ਦੇ ਨਾਂ  ਦਿੱਤੇ ਜਾਣ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਸਾਰਾ ਕੰਟਰੋਲ ਅਕਾਲੀ ਦਲ ਬਾਦਲ ਦੇ ਹੱਥ ਹੈ। ਇਸ ਲਈ ਅਜਿਹਾ ਪ੍ਰਬੰਧ ਪ੍ਰਵਾਨ ਨਹੀਂ ਹੈ। ਕੇਵਲ ਐਨਾ ਹੀ ਨਹੀਂ ਸਗੋਂ ਕੁਝ ਸਿੱਖ ਜਥੇਬੰਦੀਆਂ ਅਤੇ ਅਕਾਲੀ ਧੜੇ ਬੇਅਦਬੀ ਦੇ ਮੁੱਦੇ ‘ਤੇ ਅਕਾਲੀ ਦਲ  ਨਾਲ ਇੱਕ ਥਾਂ ‘ਤੇ ਇਕੱਠੇ ਹੋਣ ਦਾ ਵਿਰੋਧ ਕਰ ਰਹੇ ਹਨ। ਇਹ ਵੀ ਸਵਾਲ ਉਠ ਰਿਹਾ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਇਤਿਹਾਸਕ ਦਿਹਾੜੇ ਅਤੇ ਕਾਰਜਕਾਰੀ ਰੁਤਬਾ ਕਿਉਂ ਰੱਖਿਆ ਗਿਆ ਹੈ। ਜਿੱਥੋਂ ਤੱਕ ਸਵਾਲ ਹੈ ਦੁਨੀਆਂ ਭਰ ਵਿੱਚ ਬੈਠੇ ਪੰਜਾਬੀ ਭਾਈਚਾਰੇ ਵੱਲੋਂ ਰਾਜਸੀ ਧਿਰਾਂ ਦੇ ਟਕਰਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਵੱਡੀ ਗਿਣਤੀ ਇਸ ਪਵਿੱਤਰ ਦਿਹਾੜੇ ਲਈ ਪੁੱਜਣ ਦੀਆਂ ਰਿਪੋਰਟਾਂ ਹਨ। ਉਨ੍ਹਾਂ ਦੀ ਰਿਹਾਇਸ਼ ਅਤੇ ਸੁੱਖ ਸਹੂਲਤਾਂ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ। ਇਨ੍ਹਾਂ ਪ੍ਰਬੁੰਧਾਂ ਲਈ ਸਰਕਾਰ ਵੱਲੋਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਪੰਜਾਬ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ ਸੈਸ਼ਨ ਸੱਦਣ ਦਾ ਫੈਸਲਾ ਲਿਆ ਗਿਆ ਹੈ।  ਉੱਘੀਆਂ ਸਿੱਖ ਹਸਤੀਆਂ ਅਤੇ ਵਿਦਵਾਨਾਂ ਦਾ ਸਨਮਾਨ ਕੀਤਾ ਜਾਵੇਗਾ। ਦੇਸ਼ ਭਰ ਦੀਆਂ ਵੱਡੀਆਂ ਹਸਤੀਆਂ ਨੂੰ ਸਰਕਾਰ ਵੱਲੋਂ ਵੀ ਸੱਦਾ ਪੱਤਰ ਦਿੱਤਾ ਗਿਆ ਹੈ।

Share this Article
Leave a comment