ਜਲਾਲਾਬਾਦ ਮੋਟਰਸਾਈਕਲ ਧਮਾਕੇ ਦਾ ਇੱਕ ਮੁਲਜ਼ਮ ਗ੍ਰਿਫ਼ਤਾਰ

TeamGlobalPunjab
2 Min Read

ਸ਼੍ਰੀ ਗੰਗਾਨਗਰ/ ਜਲਾਲਾਬਾਦ : ਪੰਜਾਬ ਦੇ ਜਲਾਲਾਬਾਦ ਵਿੱਚ ਚਾਰ ਦਿਨ ਪਹਿਲਾਂ 15 ਸਤੰਬਰ ਨੂੰ ਹੋਏ ਮੋਟਰ ਸਾਈਕਲ ਧਮਾਕੇ ਦੇ ਇੱਕ ਮੁਲਜ਼ਮ ਨੂੰ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਜ਼ਿਲ੍ਹੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ।

ਰਾਜਸਥਾਨ ਅਤੇ ਪੰਜਾਬ ਪੁਲਿਸ ਦੇ ਸਾਂਝੇ ਤਲਾਸ਼ੀ ਅਭਿਆਨ ਤੋਂ ਬਾਅਦ ਮੁਲਜ਼ਮ ਸੁਖਵਿੰਦਰ ਸਿੰਘ ਉਰਫ ਸੁੱਖਾ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ, ਹਲਾਂਕਿ ਦੂਜਾ ਮੁਲਜ਼ਮ ਹਾਲੇ ਵੀ ਫਰਾਰ ਹੈ। ਧਮਾਕੇ ਤੋਂ ਬਾਅਦ ਦੋਵੇਂ ਮੁੱਖ ਮੁਲਜ਼ਮ ਪੰਜਾਬ ਤੋਂ ਭੱਜ ਕੇ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਵਿੱਚ ਲੁਕ ਗਏ ਸਨ। ਪੁਲਿਸ ਦੀ ਜਾਂਚ ਦੌਰਾਨ ਦੋਹਾਂ ਦੀ ਲੋਕੇਸ਼ਨ ਸ੍ਰੀ ਗੰਗਾਨਗਰ ਦਾ ਰਾਇਸਿੰਘਨਗਰ ਇਲਾਕੇ ਦੀ ਆ ਰਹੀ ਸੀ। ਇਸ ਤੋਂ ਬਾਅਦ ਪੁਲਿਸ ਨੇ ਸ਼ਨੀਵਾਰ ਅੱਧੀ ਰਾਤ ਤੱਕ ਤਲਾਸ਼ੀ ਮੁਹਿੰਮ ਚਲਾਈ।

 

- Advertisement -

     ਧਮਾਕੇ ਦੀ ਮੁੱਢਲੀ ਜਾਂਚ ਤੋਂ ਬਾਅਦ ਪੁਲਿਸ ਨੇ ਦੋ ਸ਼ੱਕੀ ਬਦਮਾਸ਼ਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਸਨ। ਇਨ੍ਹਾਂ ਫੋਟੋਆਂ ਦੇ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਦੇ ਲੋਕ ਸਰਗਰਮ ਹੋ ਗਏ। ਲੋਕਾਂ ਤੋਂ ਹੀ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਮੁਲਜ਼ਮ ਰਾਏਸਿੰਘਨਗਰ ਦੇ ਸਲੇਮਪੁਰਾ ਰੋਡ ਵਾਲੇ ਪਾਸੇ ਹਨ। ਜਿਸਦੇ ਬਾਅਦ ਪੁਲਿਸ ਨੇ ਸੁਖਵਿੰਦਰ ਉਰਫ ਸੁੱਖਾ ਨੂੰ ਐਤਵਾਰ ਸਵੇਰੇ ਗ੍ਰਿਫਤਾਰ ਕਰ ਲਿਆ। ਇਸ ਨੌਜਵਾਨ ਉੱਤੇ ਜਲਾਲਾਬਾਦ, ਪੰਜਾਬ ਵਿੱਚ ਮੋਟਰਸਾਈਕਲ ਧਮਾਕੇ ਦਾ ਦੋਸ਼ ਹੈ। ਪੁੱਛਗਿੱਛ ਤੋਂ ਬਾਅਦ ਸ਼੍ਰੀ ਗੰਗਾਨਗਰ ਅਤੇ ਪੰਜਾਬ ਪੁਲਿਸ ਨੇ ਇਸਦੀ ਪੁਸ਼ਟੀ ਕੀਤੀ ਹੈ।

ਸ੍ਰੀ ਗੰਗਾਨਗਰ ਦੇ ਏਐਸਪੀ ਬੀਐਲ ਮੀਨਾ ਨੇ ਐਤਵਾਰ ਨੂੰ ਦੱਸਿਆ ਕਿ 15 ਸਤੰਬਰ ਨੂੰ ਜਲਾਲਾਬਾਦ ਵਿੱਚ ਹੋਏ ਧਮਾਕੇ ਦੇ ਦੋਸ਼ੀ ਸੁਖਵਿੰਦਰ ਸਿੰਘ ਉਰਫ਼ ਸੁੱਖਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਹ ਅਤੇ ਉਸਦਾ ਸਾਥੀ ਜਲਾਲਾਬਾਦ ਮੋਟਰ ਸਾਈਕਲ ਧਮਾਕੇ ਵਿੱਚ ਸ਼ਾਮਲ ਸਨ। ਇਸ ਧਮਾਕੇ ਦੇ ਮਾਮਲੇ ਦੇ ਦੋ ਮੁਲਜ਼ਮਾਂ ਦੇ ਰਾਏਸਿੰਘਨਗਰ ਆਉਣ ਬਾਰੇ ਜਾਣਕਾਰੀ ਪ੍ਰਾਪਤ ਹੋਈ ਸੀ। ਪੁਲਿਸ ਨੇ ਬਾਜੂਵਾਲਾ-ਸਲੇਮਪੁਰਾ ਰੋਡ ਤੋਂ ਇੱਕ ਸ਼ੱਕੀ ਸੁਖਵਿੰਦਰ ਸਿੰਘ ਉਰਫ ਸੁੱਖਾ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ।

Share this Article
Leave a comment