ਨਵਜੋਤ ਸਿੱਧੂ ਪੰਜਾਬ ਦੀ ਸਿਆਸਤ ਦੀ ‘ਡਰਾਮਾ ਕੁਈਨ’- ਰਾਘਵ ਚੱਢਾ

TeamGlobalPunjab
6 Min Read

ਚੰਡੀਗੜ੍ਹ:  ਪੰਜਾਬ ਵਿੱਚ ਕਈ ਵਾਰ ਸਰਕਾਰਾਂ ਬਦਲੀਆਂ, ਵੱਖ-ਵੱਖ ਪਾਰਟੀਆਂ ਸੱਤਾ ਵਿੱਚ ਆਈਆਂ ਅਤੇ ਗਈਆਂ, ਪਰ ਇਹ ਸ਼ਖਸ ਪਿਛਲੇ 15 ਸਾਲਾਂ ਤੋਂ ਲਗਾਤਾਰ ਸੱਤਾ ਵਿੱਚ ਹੈ। ਪਾਰਟੀਆਂ ਬਦਲ ਬਦਲ ਕੇ ਇਸ ਵਿਅਕਤੀ ਨੇ ਹਮੇਸ਼ਾ ਸੱਤਾ ਦਾ ਲਾਭ ਉਠਾਇਆ ਅਤੇ ਸੱਤਾ ਦਾ ਆਨੰਦ ਮਾਣਿਆ। ਇਹ ਸ਼ਖਸ 10 ਸਾਲ ਅਕਾਲੀ-ਭਾਜਪਾ ਸਰਕਾਰ ਵਿੱਚ ਅਤੇ ਪੰਜ ਸਾਲ ਕਾਂਗਰਸ ਸਰਕਾਰ ਵਿੱਚ ਸੱਤਾ ਦਾ ਹਿੱਸਾ ਰਿਹਾ। ਲੇਕਿਨ ਪਿਛਲੇ 15 ਸਾਲਾਂ ਤੋਂ ਸੱਤਾ ਵਿੱਚ ਰਹਿਣ ਦੇ ਬਾਵਜੂਦ ਇਸ ਸ਼ਖਸ ਨੇ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਭਲੇ ਲਈ ਕੋਈ ਕੰਮ ਨਹੀਂ ਕੀਤਾ। ਇਹ ਗੱਲ ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਕਾਂਗਰਸ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਬਾਰੇ ਬੋਲਦਿਆਂ ਕਹੀ।

ਸੋਮਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਹੈੱਡਕੁਆਰਟਰ ‘ਚ ਮੀਡੀਆ ਨੂੰ ਸੰਬੋਧਨ ਕਰਦਿਆਂ ਚੱਢਾ ਨੇ ਨਵਜੋਤ ਸਿੱਧੂ ‘ਤੇ ਨਿਸ਼ਾਨਾ ਲਗਾਉਂਦਿਆਂ ਕਿਹਾ ਕਿ ਪੰਜਾਬ ‘ਚ ਕਹਾਵਤ ਹੈ ਕਿ ਸਾਈਕਲ ਦਾ ਵੀ ਸਟੈਂਡ ਹੁੰਦਾ ਹੈ, ਪਰ ਨਵਜੋਤ ਸਿੰਘ ਸਿੱਧੂ ਦਾ ਕੋਈ ਸਟੈਂਡ ਨਹੀਂ ਹੈ। ਪਹਿਲਾਂ ਉਹ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ‘ਮੂਕਮੋਹਨ ਸਿੰਘ’ ਕਹਿੰਦੇ ਸਨ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ‘ਮੁੰਨੀ’ ਕਹਿੰਦੇ ਸਨ ਅਤੇ ਰਾਹੁਲ ਗਾਂਧੀ ਨੂੰ ‘ਪੱਪੂ’ ਕਹਿੰਦੇ ਸਨ। ਪਰ ਸੱਤਾ ਲਈ ਉਹ ਉਸੇ ਕਾਂਗਰਸ ਕੋਲ ਗਏ ਜਿਸ ਦੀ ਸਿਖ਼ਰਲੀ ਲੀਡਰਸ਼ਿਪ ਅਤੇ ਸੀਨੀਅਰ ਆਗੂਆਂ ਨੂੰ ਉਹ ਗਾਲ੍ਹਾਂ ਕੱਢਦੇ ਸਨ। ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਜਿਸ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਉਹ ‘ਮੁੰਨੀ’ ਅਤੇ ‘ਪੱਪੂ’ ਕਹਿੰਦੇ ਸਨ, ਉਨ੍ਹਾਂ ਨੂੰ ਭਗਵਾਨ ਵਾਂਗ ਪੂਜਣ ਲੱਗੇ। ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਦੀ ‘ਡਰਾਮਾ ਕੁਈਨ’ ਹੈ।

ਚੱਢਾ ਨੇ ਕਿਹਾ ਕਿ ਨਵਜੋਤ ਸਿੱਧੂ ਕੋਲ ਨਾ ਤਾਂ ਪੰਜਾਬ ਲਈ ਕੋਈ ਵਿਜ਼ਨ ਹੈ ਅਤੇ ਨਾ ਹੀ ਕੋਈ ਸੋਚ ਹੈ। ਉਨ੍ਹਾਂ ਦਾ ਸਿਰਫ਼ ਇੱਕ ਹੀ ਮਕਸਦ ਹੈ, ਕਿਸੇ ਵੀ ਤਰੀਕੇ ਨਾਲ ਪੰਜਾਬ ਦਾ ਮੁੱਖ ਮੰਤਰੀ ਬਣਨਾ ਅਤੇ ਸੱਤਾ ਹਾਸਲ ਕਰਨਾ। ਸਿੱਧੂ ਨੂੰ ਸੀਐਮ ਅਹੁਦੇ ਦਾ ਇੰਨਾ ਲਾਲਚ ਹੈ ਕਿ ਜੇਕਰ ਡੀਐਮਕੇ ਕਹੇ ਕਿ ਅਸੀਂ ਤੁਹਾਨੂੰ ਮੁੱਖ ਮੰਤਰੀ ਬਣਾਵਾਂਗੇ ਤਾਂ ਉਹ ਮੁੱਖ ਮੰਤਰੀ ਬਣਨ ਲਈ ਤਾਮਿਲਨਾਡੂ ਚਲੇ ਜਾਣਗੇ ਅਤੇ ਡੀਐਮਕੇ ਵਿੱਚ ਜੁਆਇਨ ਕਰ ਲੈਣਗੇ। ਚੱਢਾ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਸਮੇਂ 2007 ਤੋਂ 2017 ਤੱਕ ਸਿੱਧੂ ਸਾਂਸਦ ਰਹੇ। 2017 ਤੋਂ 2022 ਤੱਕ ਕਾਂਗਰਸ ਦੇ ਵਿਧਾਇਕ ਰਹੇ ਅਤੇ ਕਾਂਗਰਸ ਸਰਕਾਰ ਵਿੱਚ ਮੰਤਰੀ ਵੀ ਰਹੇ। ਪਰ ਅੱਜ ਤੱਕ ਉਸ ਨੇ ਪੰਜਾਬ ਦੇ ਲੋਕਾਂ ਲਈ ਕੁਝ ਨਹੀਂ ਕੀਤਾ। ਇਸੇ ਕਰਕੇ ਕਾਂਗਰਸ ਪਾਰਟੀ ਵੀ ਹੁਣ ਸਿੱਧੂ ਨੂੰ ਸੀਰੀਅਸ ਨਹੀਂ ਲੈਂਦੀ ਹੈ।

ਚੱਢਾ ਨੇ ਕਿਹਾ ਕਿ ਸਿੱਧੂ ਦਾ ਅਸਲ ਦਰਦ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਵਾਲੇ ਸਰਵੇਖਣ ਵਿੱਚ ਭਗਵੰਤ ਮਾਨ ਨੂੰ 93 ਫੀਸਦੀ ਤੋਂ ਵੱਧ ਵੋਟਾਂ ਮਿਲੀਆਂ ਅਤੇ ਉਨ੍ਹਾਂ ਨੂੰ ਸਿਰਫ 3.5 ਫੀਸਦੀ ਲੋਕਾਂ ਨੇ ਪਸੰਦ ਕੀਤਾ ਕੀਤਾ। ਭਗਵੰਤ ਮਾਨ ਨੂੰ ਪੰਜਾਬ ਦੀ ਜਨਤਾ ਬਹੁਤ ਪਿਆਰ ਕਰਦੀ ਹੈ। ਸੰਸਦ ਮੈਂਬਰ ਹੁੰਦਿਆਂ ਉਨ੍ਹਾਂ ਨੇ ਹਮੇਸ਼ਾ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਸੰਸਦ ਤੋਂ ਲੈ ਕੇ ਸੜਕ ਤੱਕ ਪ੍ਰਮੁੱਖਤਾ ਨਾਲ ਬੁਲੰਦ ਕੀਤਾ ਹੈ। ਉਨ੍ਹਾਂ ਦੇ ਕੰਮਾਂ ਅਤੇ ਮਿਹਨਤ ਸਦਕਾ ਅੱਜ ਪੰਜਾਬ ਦੇ ਲੋਕ ਉਨ੍ਹਾਂ ਨੂੰ ਇੰਨਾ ਪਸੰਦ ਕਰਦੇ ਹਨ ਅਤੇ ਉਨ੍ਹਾਂ ਨੂੰ ਪੰਜਾਬ ਦਾ ਅਗਲਾ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਹਨ। ਚੱਢਾ ਨੇ ਕਿਹਾ ਕਿ ਸਿੱਧੂ ਦੀ ਅੱਜ ਦੀ ਪੀਸੀ ਦਾ ਮਕਸਦ ਸਿਰਫ਼ ਪੰਜਾਬ ਦੇ ਲੋਕਾਂ ਨੂੰ ਮੁੱਦੇ ਤੋਂ ਭਟਕਾਉਣਾ ਹੈ। ਮੁੱਖ ਮੰਤਰੀ ਚੰਨੀ ਦੇ ਭਤੀਜੇ ਦੇ ਘਰ ਈਡੀ ਦੀ ਰੇਡ ਵਿੱਚ ਮਿਲੇ ਕਰੋੜਾਂ ਰੁਪਏ ਅਤੇ ਉਨ੍ਹਾਂ ਦੇ ਵਿਧਾਨ ਸਭਾ ਹਲਕੇ ਚਮਕੌਰ ਸਾਹਿਬ ਦੇ ਰੇਤ ਮਾਫ਼ੀਆ ਦੇ ਮੁੱਦੇ ਤੋਂ ਭਟਕਾਉਣ ਲਈ ਸਿੱਧੂ ਨੇ ਆਪਣੀ ਪੀਸੀ ਦੌਰਾਨ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਬਾਰੇ ਇਸ ਤਰ੍ਹਾਂ ਦੇ ਘਟੀਆ ਬਿਆਨ ਦਿੱਤੇ। ਅਸੀਂ ਉਨ੍ਹਾਂ ਦੇ ਬਿਆਨ ਦੀ ਸਖ਼ਤ ਨਿਖੇਧੀ ਕਰਦੇ ਹਾਂ। ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸੱਤਾਧਾਰੀ ਪਾਰਟੀ ਦੇ ਪ੍ਰਧਾਨ ਹਨ। ਇਸ ਲਈ ਉਨ੍ਹਾਂ ਨੂੰ ਆਪਣੀਆਂ ਗੱਲਾਂ ਦੀ ਮਰਿਆਦਾ ਦਾ ਖ਼ਿਆਲ ਰੱਖਣਾ ਚਾਹੀਦਾ ਹੈ। ਅੱਜ ਉਸ ਦਾ ਇਹ ਬਿਆਨ ਉਨ੍ਹਾਂ ਦੇ ਅੰਦਰ ਦੇ ਦਰਦ ਅਤੇ ਬੌਖਲਾਹਟ ਨੂੰ ਦਰਸਾਉਂਦਾ ਹੈ। ਕਿਉਂਕਿ ਕਾਂਗਰਸ ਹੁਣ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਉਣ ਲਈ ਤਿਆਰ ਨਹੀਂ ਹੈ।

- Advertisement -

ਚੱਢਾ ਨੇ ਕਿਹਾ ਕਿ ਜਦੋਂ ਤੋਂ ਅਸੀਂ ਮੁੱਖ ਮੰਤਰੀ ਦੇ ਇਲਾਕੇ ਚਮਕੌਰ ਸਾਹਿਬ ‘ਚ ਹੋ ਰਹੇ ਰੇਤ ਮਾਫ਼ੀਆ ਨੂੰ ਮੀਡੀਆ ਦੇ ਸਾਹਮਣੇ ਬੇਨਕਾਬ ਕੀਤਾ ਹੈ, ਉਸ ਸਮੇਂ ਤੋਂ ਸਿੱਧੂ ਰੇਤ ਮਾਫੀਆ ‘ਤੇ ਕੁਝ ਨਹੀਂ ਬੋਲ ਰਹੇ ਹਨ। ਰੇਤ ਮਾਫ਼ੀਆ ‘ਚ ਮੁੱਖ ਮੰਤਰੀ ਚੰਨੀ ਦਾ ਨਾਂ ਆਉਣ ਤੋਂ ਬਾਅਦ ਉਹ ਪੂਰੀ ਤਰ੍ਹਾਂ ਚੁੱਪ ਹਨ। ਜਦਕਿ ਇਸ ਤੋਂ ਪਹਿਲਾਂ ਉਹ ਹਮੇਸ਼ਾ ਡਰੱਗ ਮਾਫੀਆ, ਰੇਤ ਮਾਫ਼ੀਆ ਅਤੇ ਹੋਰ ਮਾਫ਼ੀਆ ਦਾ ਮੁੱਦਾ ਉਠਾਉਂਦੇ ਰਹਿੰਦੇ ਸਨ। ਚੱਢਾ ਨੇ ਨਵਜੋਤ ਸਿੱਧੂ ਨੂੰ ਸਵਾਲ ਕਰਦਿਆਂ ਕਿਹਾ ਕਿ ਕੀ ਹੁਣ ਉਹ ਵੀ ਰੇਤ ਮਾਫ਼ੀਆ ਨਾਲ ਰਲ ਗਏ ਹਨ, ਇਸੇ ਲਈ ਇਸ ਮੁੱਦੇ ‘ਤੇ ਚੁੱਪ ਹਨ?

ਚੱਢਾ ਨੇ ਕਿਹਾ ਕਿ ਨਵਜੋਤ ਸਿੱਧੂ ਬਹੁਤ ਹਿਸਾਬ-ਕਿਤਾਬ ਦੱਸਦੇ ਹਨ, ਹੁਣ ਉਹ ਦੱਸਣ ਕਿ ਜਦੋਂ ਮੁੱਖ ਮੰਤਰੀ ਚੰਨੀ ਦੇ ਇੱਕ ਭਤੀਜੇ ਦੇ ਘਰੋਂ 11 ਕਰੋੜ ਰੁਪਏ ਮਿਲੇ ਹਨ ਤਾਂ ਖੁਦ ਮੁੱਖ ਮੰਤਰੀ ਨੇ 111 ਦਿਨਾਂ ‘ਚ ਕਿੰਨੀ ਕਮਾਈ ਕੀਤੀ ਹੋਵੇਗੀ? ਜਦੋਂ 111 ਦਿਨਾਂ ਵਿੱਚ ਉਨ੍ਹਾਂ ਦੇ ਮੁੱਖ ਮੰਤਰੀ ਇੰਨੇ ਪੈਸੇ ਬਣਾਏ, ਜੇਕਰ ਉਹ 5 ਸਾਲ ਸੀਐਮ ਰਹਿੰਦੇ ਤਾਂ ਕਿੰਨਾ ਕਮਾਉਂਦੇ?

Share this Article
Leave a comment