ਇਟਲੀ : ਪੂਰੀ ਦੁਨੀਆ ‘ਚ ਕੋਰੋਨਾ ਵਾਇਰਸ ਦਾ ਖੌਫ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਜਿਸ ਦੇ ਚੱਲਦਿਆਂ ਇਟਲੀ ਦੇ ਪ੍ਰਧਾਨ-ਮੰਤਰੀ ਜੁਸੈਪੇ ਕੋਂਤੇ ਨੇ ਕੋਰੋਨਾ ਵਾਇਰਸ ਤੋਂ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਲੋਂਬਾਰਡੀ, ਅਲਾਵਾ ਵੇਨਿਸ, ਪਾਰਮਾ, ਮੋਡੇਨਾ ਸਮੇਤ 14 ਹੋਰ ਪ੍ਰਾਂਤਾਂ ‘ਚ ਰਹਿਣ ਵਾਲੇ ਲਗਭਗ 16 ਮਿਲੀਅਨ (1.6 ਕਰੋੜ) ਲੋਕਾਂ ਦੇ ਬਾਹਰ ਨਿਕਲਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਹਾਲਾਂਕਿ ਐਂਮਰਜੈਂਸੀ ਸਥਿਤੀ ‘ਚ ਲੋਕਾਂ ਨੂੰ ਛੋਟ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਨ੍ਹਾਂ ਇਲਾਕਿਆਂ ‘ਚ ਪੈਂਦੇ ਜਿਮ, ਪੂਲ, ਅਜਾਇਬ ਘਰ ਅਤੇ ਸਕਾਈ ਰਿਜੋਰਟ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।
ਇੱਕ ਰਿਪੋਰਟ ਮੁਤਾਬਕ ਇਟਲੀ ਦੇ ਲੋਂਬਾਰਡੀ ਤੇ 14 ਹੋਰ ਪ੍ਰਾਂਤਾਂ ‘ਚ ਅੰਤਿਮ ਸਸਕਾਰ ਤੇ ਵਿਆਹ-ਸ਼ਾਦੀਆਂ ਦੇ ਸਾਰੇ ਪ੍ਰੋਗਰਾਮਾਂ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਹੈ। ਚੀਨ ਤੋਂ ਬਾਅਦ ਇਟਲੀ ‘ਚ ਕੋਰੋਨਾ ਵਾਇਰਸ ਕਾਰਨ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ। ਇਟਲੀ ‘ਚ ਕੋਰੋਨਾ ਵਾਇਰਸ ਕਾਰਨ 233 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 5883 ਲੋਕ ਇਸ ਵਾਇਰਸ ਤੋਂ ਸੰਕਰਮਿਤ ਹੋਏ ਹਨ।
ਤਾਜਾ ਜਾਣਕਾਰੀ ਅਨੁਸਾਰ ਕੋਰੋਨਾ ਵਾਇਰਸ ਨਾਲ ਵਿਸ਼ਵ ਪੱਧਰ ‘ਤੇ 3500 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਇੱਕ ਲੱਖ ਤੋਂ ਵੱਧ ਲੋਕ ਇਸ ਵਾਇਰਸ ਤੋਂ ਸੰਕਰਮਿਤ ਹੋਏ ਹਨ। ਉੱਥੇ ਹੀ ਅਮਰੀਕਾ ‘ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 19 ਹੋ ਗਈ ਹੈ। ਚੀਨ ‘ਚ ਕੋਰੋਨਾ ਵਾਇਰਸ ਨਾਲ 3134 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਭਾਰਤ ‘ਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 39 ਤੱਕ ਪਹੁੰਚ ਗਈ ਹੈ।