ਓਂਟਾਰੀਓ ਦੀ ਅਦਾਲਤ ਨੇ ਯਾਤਰੀ ਜਹਾਜ਼ ਦੀ ਦੁਰਘਟਨਾ ਲਈ ਇਰਾਨ ਨੂੰ ਮੰਨਿਆ ਦੋਸ਼ੀ

TeamGlobalPunjab
2 Min Read

ਦੁਰਘਟਨਾ ਨਹੀਂ ਇਹ ਸੋਚ ਸਮਝ ਕੇ ਕੀਤੀ ਗਈ ਅੱਤਵਾਦੀ ਸਾਜ਼ਿਸ਼ : ਅਦਾਲਤ

 

 

ਟੋਰਾਂਟੋ : ਓਂਟਾਰੀਓ ਦੀ ਸੁਪੀਰੀਅਰ ਅਦਾਲਤ ਨੇ ਇੱਕ ਅਹਿਮ ਫੈਸਲਾ ਸੁਣਾਉਂਦੇ ਇਰਾਨ ਦੇ ਖਿਲਾਫ਼ ਫੈਸਲਾ ਦਿੱਤਾ ਹੈ। ਅਦਾਲਤ ਨੇ ਬੀਤੇ ਸਾਲ ਜਨਵਰੀ ਮਹੀਨੇ ‘ਚ ਇੱਕ ਯਾਤਰੀ ਜਹਾਜ਼ ਨੂੰ ਇਰਾਨੀ ਸੈਨਾ ਵੱਲੋਂ ਮਿਜ਼ਾਇਲ ਨਾਲ ਤਬਾਹ ਕਰਨ ਦੀ ਘਟਨਾ ਨੂੰ ਗਲਤੀ ਨਾਲ ਹੋਈ ਦੁਰਘਟਨਾ ਨਹੀਂ, ਸਗੋਂ ਇਸ ਨੂੰ ਸੋਚ ਸਮਝ ਕੇ ਕੀਤੀ ਗਈ ਅੱਤਵਾਦੀ ਸਾਜ਼ਿਸ਼ ਕਰਾਰ ਦਿੱਤਾ ਹੈ। ਇਸ ਫੈਸਲੇ ਤੋਂ ਬਾਅਦ ਇਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਰਿਸ਼ਤੇਦਾਰਾਂ ਨੂੰ ਇਰਾਨ ਤੋਂ ਮੁਆਵਜ਼ਾ ਹਾਸਲ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ।

- Advertisement -

ਆਪਣੇ ਫੈਸਲੇ ਵਿੱਚ ਓਂਟਾਰੀਓ ਦੀ ਸੁਪੀਰੀਅਰ ਕੋਰਟ ਦੇ ਜੱਜ ਐਡਵਰਡ ਬੈਲੋਬਾਬਾ ਨੇ ਪਾਇਆ ਕਿ ਬਹੁਤ ਹੱਦ ਤੱਕ ਇਹ ਸੰਭਾਵਨਾ ਹੈ ਕਿ ਯੂਕਰੇਨ ਦੀ ਇੰਟਰਨੈਸ਼ਨਲ ਏਅਰਲਾਈਨਜ਼ ਦੀ ‘ਫਲਾਈਟ 752’ ਉੱਤੇ 8 ਜਨਵਰੀ, 2020 ਨੂੰ ਜਾਣਬੁੱਝ ਕੇ ਉਸ ਸਮੇਂ ਮਿਸਾਈਲ ਦਾਗੀ ਗਈ ਜਦੋਂ ਉਸ ਇਲਾਕੇ ਵਿੱਚ ਕਿਸੇ ਵੀ ਤਰ੍ਹਾਂ ਦੀ ਹਥਿਆਰਬੰਦ ਲੜਾਈ ਨਹੀਂ ਚੱਲ ਰਹੀ ਸੀ। ਨਤੀਜੇ ਵਜੋਂ ਉਨ੍ਹਾਂ ਇਸ ਨੂੰ ਅੱਤਵਾਦੀ ਕਾਰਵਾਈ ਕਰਾਰ ਦਿੰਦਿਆਂ ਆਖਿਆ ਕਿ ਇਰਾਨ ਸਿਵਿਲ ਲਿਟੀਗੇਸ਼ਨ ਤੋਂ ਹੁਣ ਬਚ ਨਹੀਂ ਸਕਦਾ।

ਜੱਜ ਨੇ ਅੱਗੇ ਕਿਹਾ ਕਿ ਮੁਦਈਆਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਬਚਾਅ ਪੱਖ ਦੁਆਰਾ ਉਡਾਣ 752 ਦੀ ਗੋਲੀਬਾਰੀ ਅੱਤਵਾਦ ਦੀ ਇਕ ਕਾਰਵਾਈ ਸੀ ਅਤੇ ਇਹ ‘ਅੱਤਵਾਦੀ ਗਤੀਵਿਧੀ’ ਸੀ।

ਫੈਸਲੇ ਵਿੱਚ ਆਖਿਆ ਗਿਆ ਕਿ ਭਾਵੇਂ ਸਟੇਟ ਇਮਿਊਨਿਟੀ ਐਕਟ ਹੋਰਨਾਂ ਦੇਸ਼ਾਂ ਨੂੰ ਲੀਗਲ ਕਲੇਮਜ਼ ਤੋਂ ਬਚਾਉਂਦਾ ਹੈ ਪਰ ਜਸਟਿਸ ਫਾਰ ਵਿਕਟਿਮਜ਼ ਆਫ ਟੈਰੋਰਿਜ਼ਮ ਐਕਟ ਅਜਿਹੇ ਮਾਮਲਿਆਂ ਵਿੱਚ ਇਸ ਐਕਟ ਤੋਂ ਛੋਟ ਵੀ ਦਿੰਦਾ ਹੈ ਜਿੱਥੇ ਮਾਮਲਾ ਅੱਤਵਾਦੀ ਗਤੀਵਿਧੀ ਨਾਲ ਜੁੜਿਆ ਹੋਵੇ।

ਜ਼ਿਕਰਯੋਗ ਹੈ ਕਿ ਇਸ ਹਾਦਸੇ ਵਿੱਚ 176 ਲੋਕ ਮਾਰੇ ਗਏ ਸਨ, ਕਰੂ ਮੈਂਬਰਾਂ ਤੋਂ ਇਲਾਵਾ ਇਸ ਵਿੱਚ ਸਵਾਰ 100 ਤੋਂ ਵੱਧ ਦਾ ਸਬੰਧ ਕੈਨੇਡਾ ਨਾਲ ਸੀ, ਇਨ੍ਹਾਂ ਵਿੱਚ ਵੀ 55 ਕੈਨੇਡੀਅਨ ਨਾਗਰਿਕ ਸਨ ਅਤੇ 30 ਪਰਮਾਨੈਂਟ ਰੈਜ਼ੀਡੈਂਟਸ ਸਨ।

 

- Advertisement -

 

ਈਰਾਨ ਨੇ ਸ਼ੁਰੂਆਤ ਵਿਚ ਜਹਾਜ਼ ਨੂੰ ਤਬਾਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਪਰ ਵੀਡੀਓ ਸਬੂਤ ਸਾਹਮਣੇ ਆਉਣ ਤੋਂ ਬਾਅਦ ਸ਼ਾਸਨ ਨੇ ਇਸ ਨੂੰ ਮੰਨ ਲਿਆ ਅਤੇ ਕਿਹਾ ਕਿ ਇਹ ਇਕ ਹਾਦਸਾ ਸੀ।

 

Share this Article
Leave a comment