ਅਤੀਤ ਹੀ ਨਹੀਂ ਵਰਤਮਾਨ ਤੇ ਭਵਿੱਖ ਦੀਆਂ ਚੁਣੌਤੀਆਂ ਦਾ ਵੀ ਕੱਢਾਂਗੇ ਹੱਲ : ਅਮਰੀਕਾ

TeamGlobalPunjab
2 Min Read

ਵਾਸ਼ਿੰਗਟਨ :– ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਬੀਤੇ ਵੀਰਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਅਮਰੀਕਾ ਦੀ ਕੂਟਨੀਤੀ ਪਟੜੀ ‘ਤੇ ਪਰਤ ਆਈ ਹੈ ਅਤੇ ਉਨ੍ਹਾਂ ਦਾ ਪ੍ਰਸ਼ਾਸਨ ਆਪਣੇ ਭਾਈਵਾਲਾਂ ਨਾਲ ਸਬੰਧਾਂ ‘ਚ ਸੁਧਾਰ ਕਰ ਕੇ ਦੇਸ਼ ਨੂੰ ਇਕ ਵਾਰ ਮੁੜ ਦੁਨੀਆ ਨਾਲ ਜੋੜੇਗਾ। ਪਹਿਲੀ ਵਾਰ ਵਿਦੇਸ਼ ਨੀਤੀ ਦੇ ਸਬੰਧ ‘ਚ ਗੱਲ ਕਰਦੇ ਹੋਏ ਬਾਇਡਨ ਨੇ ਕਿਹਾ ਕਿ ਵਿਸ਼ਵ ਪੱਧਰ ‘ਤੇ ਅਮਰੀਕਾ ਦੀ ਨੁਮਾਇੰਦਗੀ ਨਾ ਹੋਣ ਦਾ ਜੋਖ਼ਮ ਅਸੀਂ ਨਹੀਂ ਉਠਾ ਸਕਦੇ ਹਾਂ।

ਦੱਸ ਦਈਏ ਬਾਇਡਨ ਨੇ ਵਿਦੇਸ਼ ਮੰਤਰਾਲੇ ਦੇ ਕਰਮਚਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਸੀਂ ਆਪਣੇ ਸਹਿਯੋਗੀਆਂ ਨਾਲ ਸਬੰਧਾਂ ਨੂੰ ਸੁਧਾਰ ਕੇ ਇਕ ਵਾਰ ਫਿਰ ਦੁਨੀਆ ਨਾਲ ਜੁੜਾਂਗੇ। ਕੇਵਲ ਅਤੀਤ ਨੂੰ ਨਹੀਂ ਸਗੋਂ ਵਰਤਮਾਨ ਤੇ ਭਵਿੱਖ ਦੀਆਂ ਚੁਣੌਤੀਆਂ ਦਾ ਹੱਲ ਕੱਢਾਂਗੇ। ਅਮਰੀਕੀ ਲੀਡਰਸ਼ਿਪ ਨੂੰ ਵੱਧਦੀ ਤਾਨਾਸ਼ਾਹੀ ਦੇ ਇਸ ਨਵੇਂ ਦੌਰ ਦਾ ਸਾਹਮਣਾ ਕਰਨਾ ਹੋਵੇਗਾ ਜਿਸ ‘ਚ ਅਮਰੀਕਾ ਖ਼ਿਲਾਫ਼ ਚੀਨ ਦੀਆਂ ਵੱਧਦੀਆਂ ਖ਼ਾਹਿਸ਼ੀ ਨੀਤੀਆਂ ਤੇ ਸਾਡੇ ਲੋਕਤੰਤਰ ਨੂੰ ਨੁਕਸਾਨ ਪਹੁੰਚਾਉਣ ਦੇ ਰੂਸ ਦੇ ਇਰਾਦੇ ਸ਼ਾਮਲ ਹਨ।

ਬਾਇਡਨ ਨੇ ਕਿਹਾ ਕਿ ਅਮਰੀਕਾ ਨੂੰ ਵੱਧਦੀਆਂ ਵਿਸ਼ਵ ਚੁਣੌਤੀਆਂ ਦੇ ਇਸ ਨਵੇਂ ਦੌਰ ਦਾ ਸਾਹਮਣਾ ਕਰਨਾ ਹੈ ਜਿਸ ‘ਚ ਮਹਾਮਾਰੀ ਤੋਂ ਲੈ ਕੇ ਵਾਤਾਵਰਨ ਸੰਕਟ ਤੇ ਪਰਮਾਣੂ ਪਸਾਰ ਦੀ ਚੁਣੌਤੀ ਸ਼ਾਮਲ ਹੈ। ਸਾਰੇ ਦੇਸ਼ਾਂ ਨਾਲ ਮਿਲ ਕੇ ਕੰਮ ਕਰਨ ਨਾਲ ਹੀ ਇਨ੍ਹਾਂ ਚੁਣੌਤੀਆਂ ਨੂੰ ਪਾਰ ਪਾਇਆ ਜਾ ਸਕਦਾ ਹੈ। ਬਾਇਡਨ ਨੇ ਕਿਹਾ ਕਿ ਅਸੀਂ ਇਕੱਲੇ ਆਪਣੇ ਦਮ ‘ਤੇ ਅਜਿਹਾ ਨਹੀਂ ਕਰ ਸਕਦੇ ਹਾਂ।

ਇਸਤੋਂ ਇਲਾਵਾ ਬਾਇਡਨ ਨੇ ਕਿਹਾ, ‘ਸਾਨੂੰ ਅਮਰੀਕਾ ਦੀ ਕੂਟਨੀਤੀ ‘ਚ ਸਥਾਪਿਤ ਲੋਕਤੰਤਰਿਕ ਮੁੱਲਾਂ ਤੋਂ ਸ਼ੁਰੂ ਕਰਨਾ ਚਾਹੀਦਾ ਹੈ। ਸੁਤੰਤਰਤਾ ਦਾ ਬਚਾਅ ਕਰਨਾ, ‘ਅਵਸਰਾਂ ਦੀ ਰੱਖਿਆ ਕਰਨਾ, ਅਧਿਕਾਰਾਂ ਨੂੰ ਬਣਾਏ ਰੱਖਣਾ, ਕਾਨੂੰਨ ਦੇ ਸ਼ਾਸਨ ਦਾ ਸਨਮਾਨ ਕਰਨਾ ਤੇ ਹਰ ਵਿਅਕਤੀ ਦੇ ਨਾਲ ਸਨਮਾਨਪੂਰਵਕ ਵਿਵਹਾਰ ਕਰਨਾ ਸ਼ਾਮਲ ਹੈ।’ ਇਹੀ ਸਾਡੀ ਕੌਮਾਂਤਰੀ ਸ਼ਕਤੀ ਦਾ ਆਧਾਰ ਹੈ। ਇਹ ਸਾਡੀ ਸ਼ਕਤੀ ਦਾ ਅਟੁੱਟ ਸੋਮਾ ਹੈ। ਇਹੀ ਅਮਰੀਕਾ ਨੂੰ ਜੋੜਨ ਵਾਲੀ ਤਾਕਤ ਹੈ।

- Advertisement -

Share this Article
Leave a comment