ਮਜ਼੍ਹਬ ਨਹੀਂ ਸਿਖਾਤਾ ਆਪਸ ਮੇਂ ਬੈਰ ਰਖ਼ਨਾ

TeamGlobalPunjab
5 Min Read

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ

22 ਅਗਸਤ ਧਰਮ ਆਧਾਰਿਤ ਹਿੰਸਾ ਦੇ ਸ਼ਿਕਾਰ ਲੋਕਾਂ ਨੂੰ ਸਮਰਪਿਤ ਕੌਮਾਂਤਰੀ ਦਿਵਸ ਹੈ। ਕਿਹਾ ਜਾਂਦਾ ਹੈ ਕਿ ਧਰਮ ਜੋੜਦਾ ਹੈ, ਤੋੜਦਾ ਨਹੀਂ। ਧਰਮ ਸਭ ਨਾਲ ਮੁਹੱਬਤ ਕਰਨੀ ਤੇ ਸਭ ਦਾ ਸਤਿਕਾਰ ਕਰਨਾ ਸਿਖਾਉਂਦਾ ਹੈ। ਧਰਮ ਰੱਬ ਨਾਲ ਜੁੜਨ ਦਾ ਮਾਰਗ ਵਿਖ਼ਾਉਂਦਾ ਹੈ ਤੇ ਸੰਤਾਂ-ਮਹਾਂਪੁਰਖਾਂ ਅਨੁਸਾਰ ਧਰਮ ਕਦੇ ਕਿਸੇ ਦਾ ਅਹਿੱਤ ਨਹੀਂ ਕਰਦਾ ਹੈ ਪਰ ਫਿਰ ਵੀ ਇਹ ਵੇਖਣ ਵਿੱਚ ਆਇਆ ਹੈ ਕਿ ਦੁਨੀਆਂ ਭਰ ਵਿੱਚ ਧਰਮ ਦੇ ਨਾਂ ‘ਤੇ ਲੁੱਟ-ਖਸੁੱਟ ਅਤੇ ਕਤਲੇਆਮ ਸ਼ਰ੍ਹੇਆਮ ਚੱਲਦਾ ਹੈ। ਭਾਰਤੀ ਇਤਿਹਾਸ ਵਿੱਚ ਇਸ ਵਿਸ਼ੇ ਸਬੰਧੀ ਅਸੰਖਾਂ ਉਦਾਹਰਨ ਮੌਜੂਦ ਹਨ ਤੇ ਵਰਤਮਾਨ ਸਮੇਂ ਵਿੱਚ ਵੀ ਜੇਹਾਦ ਦੇ ਨਾਂ ‘ਤੇ ਅੱਤਵਾਦ ਫੈਲਾਇਆ ਜਾ ਰਿਹਾ ਹੈ ਤੇ ਮਾਸੂਮਾਂ ਅਤੇ ਮਜ਼ਲੂਮਾਂ ਦੇ ਕਤਲ ਹੋ ਰਹੇ ਹਨ। ਅੱਜ 22 ਅਗਸਤ ਦਾ ਦਿਨ ਦੁਨੀਆਂ ਭਰ ਵਿੱਚ ਰਹਿ ਰਹੇ ਜਾਂ ਇਸ ਜਹਾਨ ਤੋਂ ਜਾ ਚੁੱਕੇ ਅਜਿਹੇ ਸਾਰੇ ਲੋਕਾਂ ਨੂੰ ਯਾਦ ਕਰਨ ਦਾ ਦਿਨ ਹੈ ਜੋ ਧਰਮ ਦੇ ਆਧਾਰ ‘ਤੇ ਹੋਈ ਹਿੰਸਾ ਦੇ ਸ਼ਿਕਾਰ ਬਣੇ ਹਨ। ਇਸ ਦਿਨ ਨੂੰ ਮਨਾਉਣ ਦਾ ਫ਼ੈਸਲਾ ਸੰਯੁਕਤ ਰਾਸ਼ਟਰ ਸੰਘ ਦੀ ਜਨਰਲ ਅਸੈਂਬਲੀ ਦੀ 28 ਮਈ, 2019 ਨੂੰ ਹੋਈ ਇਕੱਤਰਤਾ ਵਿੱਚ ਲਿਆ ਗਿਆ ਸੀ ਤੇ 3 ਜੂਨ, 2019 ਨੂੰ ਇਸ ਸਬੰਧ ਵਿੱਚ ਲੋੜਂਦਾ ਮਤਾ ਵੀ ਪਾਸ ਕਰ ਦਿੱਤਾ ਗਿਆ ਸੀ। ਬੀਤੇ ਵਰ੍ਹੇ ਦੀ 22 ਅਗਸਤ ਨੂੰ ਇਹ ਦਿਵਸ ਪਹਿਲੀ ਵਾਰ ਕੌਮਾਂਤਰੀ ਪੱਧਰ ‘ਤੇ ਮਨਾਇਆ ਗਿਆ ਸੀ।

ਦਰਅਸਲ ਉਕਤ ਦਿਵਸ ਨੂੰ ਮਨਾਉਣ ਦਾ ਫ਼ੈਸਲਾ ਕਰਨ ਸਮੇਂ ਪਾਸ ਕੀਤੇ ਗਏ ਮਤੇ ਵਿੱਚ ਕਿਹਾ ਗਿਆ ਸੀ – ” ਹਰੇਕ ਮੁਲਕ ਦੀ ਇਹ ਮੁੱਢਲੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਨਾਗਰਿਕਾਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰੇ ਜਿਨ੍ਹਾ ਵਿੱਚ ਉਨ੍ਹਾ ਵਿਅਕਤੀਆਂ ਦੇ ਹੱਕ ਵੀ ਸ਼ਾਮਿਲ ਹਨ ਜੋ ਧਰਮ ਪੱਖੋਂ ਘੱਟ ਗਿਣਤੀ ਵਿੱਚ ਹਨ ਤੇ ਉਨ੍ਹਾ ਨੂੰ ਆਪਣੀ ਮਰਜ਼ੀ ਦਾ ਧਰਮ ਅਪਨਾਉਣ ਦਾ ਹੱਕ ਹਾਸਿਲ ਹੈ। ”ਸੰਯੁਕਤ ਰਾਸ਼ਟਰ ਨਾਲ ਜੁੜੇ ਵਿਦਵਾਨਾਂ ਦੀ ਰਾਇ ਹੈ ਕਿ ਹਰੇਕ ਮੁਲਕ ਦੀ ਸਰਕਾਰ ਨੂੰ ਧਰਮ ਆਧਾਰਿਤ ਨਫ਼ਰਤੀ ਹਿੰਸਾ ਰੋਕਣ ਲਈ ਸਿਰਤੋੜ ਯਤਨ ਕਰਨ ਦੇ ਨਾਲ ਨਾਲ ਵੱਖ ਵੱਖ ਧਰਮਾਂ ਦੇ ਲੋਕਾਂ ਦਰਮਿਆਨ ਆਪਸੀ ਸਦਭਾਵਨਾ ਵਧਾਉਣ ਲਈ ਵੀ ਸੁਹਿਰਦ ਯਤਨ ਕਰਨੇ ਚਾਹੀਦੇ ਹਨ। ਇੱਥੇ ਜ਼ਿਕਰਯੋਗ ਹੈ ਕਿ ਸੰਨ 1981 ਵਿੱਚ ਵੀ ਸੰਯੁਕਤ ਰਾਸ਼ਟਰ ਦੀ ਆਮ ਸਭਾ ਵਿੱਚ ਧਰਮ ਆਧਾਰਿਤ ਹਰ ਪ੍ਰਕਾਰ ਦੀ ਅਸਹਿਣਸ਼ੀਲਤਾ ਅਤੇ ਵਿਤਕਰੇ ਨੂੰ ਤਿਆਗਣ ਸਬੰਧੀ ਐਲਾਨਨਾਮਾ ਜਾਰੀ ਕੀਤਾ ਗਿਆ ਸੀ।

ਵਿਦੇਸ਼ਾਂ ਵਿੱਚ ਨਸਲੀ ਹਿੰਸਾ ਦੀਆਂ ਅਣਗਿਣਤ ਘਟਨਾਵਾਂ ਦੇ ਨਾਲ ਨਾਲ ਭਾਰਤ ਵਿੱਚ ਧਰਮ ਆਧਾਰਿਤ ਹਿੰਸਾ ਦੀਆਂ ਇੱਕ ਨਹੀਂ ਅਨੇਕਾਂ ਵੱਡੀਆਂ-ਛੋਟੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਜਿਨ੍ਹਾ ਨੇ ਕੁਝ ਧਰਮ ਵਿਸ਼ੇਸ਼ ਦੇ ਲੋਕਾਂ ਦੇ ਸ਼ਰੀਰਾਂ, ਮਨਾਂ ਅਤੇ ਆਤਮਾਵਾਂ ‘ਤੇ ਅਜਿਹੇ ਗਹਿਰੇ ਜ਼ਖ਼ਮ ਛੱਡੇ ਹਨ ਜੋ ਮਹੀਨਿਆਂ ਜਾਂ ਸਾਲਾਂ ਤੱਕ ਨਹੀਂ ਸਗੋਂ ਸਦੀਆਂ ਤੱਕ ਅੱਲ੍ਹੇ ਹੀ ਰਹਿਣਗੇ। ਸੰਨ 1947 ਵਿੱਚ ਮੁਲਕ ਵੰਡ ਦੇ ਦੌਰਾਨ ਧਰਮ ਦੇ ਆਧਾਰ ‘ਤੇ ਹੋਈ ਹਿੰਸਾ ਦੇ ਜ਼ਖ਼ਮ ਅਜੇ ਭਰੇ ਵੀ ਨਹੀਂ ਸਨ ਕਿ ਸੰਨ ਚੁਰਾਸੀ ‘ਚ ਦਿੱਲੀ ਵਿਖੇ ਦੰਗੇ ਵਾਪਰ ਗਏ। ਮੇਰਠ, ਭਾਗਲਪੁਰ ਜਾਂ ਗੁਜਰਾਤ ਵਿਖੇ ਹੋਏ ਫ਼ਸਾਦਾਂ ਵਿੱਚ ਨਿਰਦੋਸ਼ਾਂ ਦੇ ਹੋਏ ਕਤਲੇਆਮ ਨੇ ਮਨੁੱਖਤਾ ਦੇ ਮੱਥੇ ‘ਤੇ ਕਲੰਕ ਲਾ ਦਿੱਤਾ ਸੀ। ਅੱਜ ਵੀ ਪਾਕਿਸਤਾਨ ਵੱਲੋਂ ਇੱਕ ਧਰਮ ਵਿਸ਼ੇਸ਼ ਦੇ ਲੋਕਾਂ ਨੂੰ ਜੇਹਾਦ ਦੇ ਨਾਂ ‘ਤੇ ਜਾਨਾਂ ਕੁਰਬਾਨ ਕਰਨ ਦਾ ਵਾਸਤਾ ਦੇ ਕੇ ਕਸ਼ਮੀਰ ਵਿੱਚ ਅੱਤਵਾਦ ਫੈਲਾਇਆ ਜਾ ਰਿਹਾ ਹੈ। ਭਾਰਤ ਵਿੱਚ ਅੱਤਵਾਦ ਨੂੰ ਤਿੰਨ ਕਿਸਮਾਂ ਵਿੱਚ ਵੰਡਿਆ ਜਾਂਦਾ ਹੈ ਜਿਨ੍ਹਾ ਨੂੰ ਇਸਲਾਮਿਕ ਅੱਤਵਾਦ,ਵੱਖਵਾਦੀ ਅੱਤਵਾਦ ਅਤੇ ਖੱਬੇ ਪੱਖੀ ਅੱਤਵਾਦ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਜਦੋਂ ਕਿ ਸੰਨ 2019 ਦੀ 3 ਜੂਨ ਨੂੰ ਪਾਸ ਕੀਤੇ ਗਏ ਮਤੇ ਵਿੱਚ ਸੁੰਯੁਕਤ ਰਾਸ਼ਟਰ ਸੰਘ ਨੇ ਕਿਹਾ ਸੀ – ”ਅੱਤਵਾਦ ਅਤੇ ਹਿੰਸਕ ਖਾੜਕੂਵਾਦ ਚਾਹੇ ਕਿਸੇ ਵੀ ਰੂਪ ਵਿੱਚ ਹੋਵੇ,ਇਸਨੂੰ ਕਿਸੇ ਵੀ ਧਰਮ,ਰਾਸ਼ਟਰ,ਸੱਭਿਅਤਾ ਜਾਂ ਜਾਤੀਗਤ ਸਮੂਹ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ ਹੈ।”

- Advertisement -

ਮੁੱਕਦੀ ਗੱਲ ਇਹ ਹੈ ਕਿ ਧਰਮ ਕੋਈ ਵੀ ਹੋਵੇ, ਮਾਸੂਮ,ਨਿਰਦੋਸ਼ ਅਤੇ ਨਿਹੱਥੇ ਲੋਕਾਂ ਦੇ ਕਤਲੇਆਮ ਨੂੰ ਜਾਇਜ਼ ਨਹੀਂ ਠਹਿਰਾਉਂਦਾ ਹੈ ਤੇ ਇਸਦੀ ਬਿਲਕੁਲ ਵੀ ਇਜਾਜ਼ਤ ਨਹੀਂ ਦਿੰਦਾ ਹੈ। ਧਰਮ ਦੇ ਨਾਂ ‘ਤੇ ਹਿੰਸਾ ਫੈਲਾਅ ਕੇ ਆਪਣਾ ਉਲੂ ਸਿੱਧਾ ਕਰਨ ਵਾਲੇ ਲੋਕ ਮਨੁੱਖਤਾਵਾਦੀ ਨਹੀਂ ਹੋ ਸਕਦੇ ਹਨ। ਅਜਿਹੇ ਲੋਕ ਅੱਤਵਾਦੀ ਕਹਾਉਣ ਦੇ ਲਾਇਕ ਹਨ ਤੇ ਇਨ੍ਹਾ ਨੂੰ ਸਮਾਜ ਵਿੱਚ ਸਨਮਾਨ ਅਤੇ ਸਤਿਕਾਰ ਦੀ ਥਾਂ ਅਪਮਾਨ ਅਤੇ ਪ੍ਰਤਿਕਾਰ ਮਿਲਣਾ ਚਾਹੀਦਾ ਹੈ। ਆਪਣੇ ਆਪ ਨੂੰ ਧਾਰਮਿਕ ਅਖਵਾਉਣ ਵਾਲੇ ਜਾਂ ਆਪਣੇ ਮਜ਼ਹਬ ਪ੍ਰਤੀ ਸੱਚਾ ਤੇ ਸਮਰਪਿਤ ਸਮਝਣ ਵਾਲੇ ਹਰੇਕ ਸ਼ਖ਼ਸ ਨੂੰ ਇਹ ਸਮਝ ਲੈਣਾ ਚਾਹੀਦਾ ਹੈ- ”ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਬੈਰ ਰਖਨਾ”। ਜੇਕਰ ਸਮੁੱਚੀ ਦੁਨੀਆਂ ਨੂੰ ”ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ” ਅਤੇ ” ਨਾ ਕੋ ਬੈਰੀ ਨਾਹਿ ਬੇਗਾਨਾ ਸਗਲ ਸੰਗ ਹਮ ਕੋ ਬਨਿ ਆਈ ” ਦਾ ਸੰਕਲਪ ਸਮਝ ਆ ਜਾਵੇ ਤਾਂ ਸ਼ਾਇਦ ਇਸ ਜਹਾਨ ਤੋਂ ਧਰਮ, ਨਸਲ ਜਾਂ ਜ਼ਾਤ ਆਧਾਰਿਤ ਹਿੰਸਾ ਦਾ ਅੰਤ ਹੋ ਜਾਵੇ ਤੇ ਅੱਜ ਦੇ ਦਿਨ ਨੂੰ ਮਨਾਉਣਾ ਸਾਰਥਕ ਹੋ ਜਾਵੇ।

ਮੋਬਾਇਲ: 97816-46008

Share this Article
Leave a comment