ਸਵਿਟਜ਼ਰਲੈਂਡ ਦੇ ਬੈਂਕਾਂ ‘ਚ ਭਾਰਤੀਆਂ ਦੇ ਲਗਭਗ ਇੱਕ ਦਰਜਨ ਖਾਤੇ ਅਜਿਹੇ ਹਨ ਜਿਨ੍ਹਾਂ ਨੂੰ ਬੀਤੇ ਸਾਲਾਂ ਤੋਂ ਛੇੜਿਆ ਨਹੀਂ ਗਿਆ ਤੇ ਨਾ ਹੀ ਇਨ੍ਹਾਂ ਦਾ ਕੋਈ ਦਾਅਵੇਦਾਰ ਸਾਹਮਣੇ ਆਇਆ ਹੈ। ਅਜਿਹੇ ਵਿੱਚ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਨ੍ਹਾਂ ਖਾਤਿਆਂ ਵਿੱਚ ਪਏ ਪੈਸਿਆ ਨੂੰ ਸਵਿਟਜ਼ਰਲੈਂਡ ਸਰਕਾਰ ਨੂੰ ਦਿੱਤਾ ਜਾ ਸਕਦਾ ਹੈ।
ਸਵਿਟਜ਼ਰਲੈਂਡ ਸਰਕਾਰ ਨੇ 2015 ‘ਚ ਗੈਰ-ਸਰਗਰਮ ਖਾਤਿਆਂ ਦੀ ਜਾਣਕਾਰੀ ਨੂੰ ਜਨਤਕ ਕਰਨਾ ਸ਼ੁਰੂ ਕੀਤਾ ਸੀ। ਇਸ ਦੇ ਤਹਿਤ ਇਨ੍ਹਾਂ ਖਾਤਿਆਂ ਦੇ ਦਾਅਵੇਦਾਰਾਂ ਨੂੰ ਖਾਤੇ ਦੇ ਪੈਸੇ ਹਾਸਲ ਕਰਨ ਲਈ ਜ਼ਰੂਰੀ ਪ੍ਰਮਾਣ ਉਪਲੱਬਧ ਕਰਵਾਉਣੇ ਸਨ ਜਿਨ੍ਹਾਂ ‘ਚੋਂ 10 ਖਾਤੇ ਭਾਰਤੀਆਂ ਦੇ ਵੀ ਹਨ।
ਇਨ੍ਹਾਂ ‘ਚੋਂ ਕੁੱਝ ਭਾਰਤੀ ਵਾਸੀ ਬ੍ਰਿਟਿਸ਼ ਰਾਜ ਦੌਰ ਦੇ ਨਾਗਰਿਕਾਂ ਨਾਲ ਜੁੜੇ ਹਨ। ਸਵਿਸ ਅਧਿਕਾਰੀਆਂ ਕੋਲ ਉਪਲਬਧ ਅੰਕੜਿਆਂ ਮੁਤਾਬਕ ਪਿਛਲੇ ਛੇ ਸਾਲ ਦੌਰਾਨ ਇਨ੍ਹਾਂ ‘ਚੋਂ ਇੱਕ ਵੀ ਖਾਤੇ ‘ਤੇ ਕਿਸੇ ਭਾਰਤੀ ਨੇ ਦਾਅਵਾ ਨਹੀਂ ਕੀਤਾ ਹੈ। ਇਨ੍ਹਾਂ ‘ਚੋਂ ਕੁੱਝ ਖਾਤਿਆਂ ਲਈ ਦਾਅਵਾ ਕਰਨ ਦੀ ਮਿਆਦ ਅਗਲੇ ਮਹੀਨੇ ਖ਼ਤਮ ਹੋ ਜਾਵੇਗੀ ਉਥੇ ਹੀ ਕੁੱਝ ਹੋਰ ਖਾਤਿਆਂ ‘ਤੇ 2020 ਦੇ ਅੰਤ ਤੱਕ ਦਾਅਵਾ ਕੀਤਾ ਜਾ ਸਕਦਾ ਹੈ।
ਦਿਲਚਸਪ ਇਹ ਹੈ ਕਿ ਇਨ੍ਹਾਂ ਗੈਰ-ਸਰਗਰਮ ਖਾਤਿਆਂ ‘ਚੋਂ ਪਾਕਿਸਤਾਨੀ ਵਾਸੀਆਂ ਨਾਲ ਸਬੰਧਤ ਕੁੱਝ ਖਾਤਿਆਂ ‘ਤੇ ਦਾਅਵਾ ਕੀਤਾ ਗਿਆ ਹੈ।
2600 ਖਾਤਿਆਂ ‘ਚ ਪਏ ਨੇ 300 ਕਰੋੜ ਰੁਪਏ
ਦਸੰਬਰ, 2015 ‘ਚ ਪਹਿਲੀ ਵਾਰ ਅਜਿਹੇ ਖਾਤਿਆਂ ਨੂੰ ਜਨਤਕ ਕੀਤਾ ਗਿਆ ਹੈ। ਸੂਚੀ ‘ਚ ਲਗਭਗ 2,600 ਖਾਤੇ ਹਨ ਜਿਨ੍ਹਾਂ ‘ਚ ਲਗਭਗ 300 ਕਰੋੜ ਰੁਪਏ ਦੀ ਰਾਸ਼ੀ ਪਈ ਹੈ। 1955 ਤੋਂ ਇਸ ਰਾਸ਼ੀ ‘ਤੇ ਕੋਈ ਦਾਅਵਾ ਨਹੀਂ ਕੀਤਾ ਗਿਆ ਹੈ।