ਓਵਲ ਟੈਸਟ ਮੈਚ ਵਿੱਚ ਭਾਰਤ ਦੀ ਇਤਿਹਾਸਕ ਜਿੱਤ, ਇੰਗਲੈਂਡ ਨੂੰ 157 ਦੌੜਾਂ ਨਾਲ ਹਰਾਇਆ, ਸੀਰੀਜ਼ ‘ਚ 2-1 ਦੀ ਬੜ੍ਹਤ

TeamGlobalPunjab
3 Min Read

ਲੰਦਨ/ਮੁੰਬਈ : ਭਾਰਤੀ ਕ੍ਰਿਕਟ ਟੀਮ ਨੇ ਟੈਸਟ ਮੈਚਾਂ ਦੇ ਇਤਿਹਾਸ ਦੀ ਇਕ ਨਵੀਂ ਇਬਾਰਤ ਲਿਖ ਦਿੱਤੀ ਹੈ। ਭਾਰਤ ਨੇ ਚੌਥੇ ਟੈਸਟ ਦੇ ਆਖਰੀ ਦਿਨ ਇੰਗਲੈਂਡ ਨੂੰ 157 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਵਿੱਚ 2-1 ਦੀ ਬੜ੍ਹਤ ਬਣਾ ਲਈ ਹੈ।

ਭਾਰਤ ਨੇ ਓਵਲ ਵਿੱਚ 50 ਸਾਲਾਂ ਬਾਅਦ ਜਿੱਤ ਪ੍ਰਾਪਤ ਕੀਤੀ ਹੈ। ਇਸ ਤੋਂ ਪਹਿਲਾਂ, ਪਹਿਲੀ ਅਤੇ ਆਖਰੀ ਵਾਰ ਭਾਰਤ ਨੇ 1971 ਵਿੱਚ ਇਸ ਮੈਦਾਨ ‘ਤੇ ਇੱਕ ਟੈਸਟ ਮੈਚ ਜਿੱਤਿਆ ਸੀ। ਇਸ ਮੈਚ ‘ਚ ਭਾਰਤ ਨੇ ਇੰਗਲੈਂਡ ਦੇ ਸਾਹਮਣੇ ਜਿੱਤ ਲਈ 368 ਦੌੜਾਂ ਦਾ ਟੀਚਾ ਰੱਖਿਆ ਸੀ। ਜਵਾਬ ਵਿਚ ਮੇਜ਼ਬਾਨ ਟੀਮ 210 ਦੌੜਾਂ ‘ਤੇ ਸਿਮਟ ਗਈ ਅਤੇ ਮੈਚ ਹਾਰ ਗਈ।

 

1986 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਨੇ ਇੰਗਲੈਂਡ ਵਿੱਚ ਇੱਕ ਟੈਸਟ ਲੜੀ ਦੇ ਦੋ ਮੈਚ ਜਿੱਤੇ ਹਨ। ਪੰਜਵੇਂ ਦਿਨ ਬੱਲੇਬਾਜ਼ੀ ਲਈ ਪਿੱਚ ਆਸਾਨ ਸੀ, ਪਰ ਭਾਰਤੀ ਗੇਂਦਬਾਜ਼ਾਂ ਨੇ ਇੰਗਲਿਸ਼ ਬੱਲੇਬਾਜ਼ਾਂ ਨੂੰ ਪੂਰੀ ਤਾਕਤ ਨਾਲ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ।

 

ਟੀਮ ਦੀ ਇਸ ਇਤਿਹਾਸਕ ਜਿੱਤ ਵਿੱਚ ਉਮੇਸ਼ ਯਾਦਵ ਨੇ ਤਿੰਨ, ਜਸਪ੍ਰੀਤ ਬੁਮਰਾਹ, ਸ਼ਾਰਦੁਲ ਠਾਕੁਰ ਅਤੇ ਰਵਿੰਦਰ ਜਡੇਜਾ ਨੇ ਦੋ-ਦੋ ਖਿਡਾਰੀਆਂ ਨੂੰ ਆਊਟ ਕੀਤਾ। ਤੁਹਾਨੂੰ ਦੱਸ ਦਈਏ ਕਿ ਭਾਰਤ ਦੀ ਦੂਜੀ ਪਾਰੀ 466 ਦੌੜਾਂ ‘ਤੇ ਆਲ ਆਟ ਹੋ ਗਈ ਸੀ। ਟੀਮ ਇੰਡੀਆ ਲਈ ਰੋਹਿਤ ਸ਼ਰਮਾ (127) ਨੇ ਸੈਂਕੜਾ ਲਗਾਇਆ। ਰੋਹਿਤ ਸ਼ਰਮਾ ਨੂੰ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਮੈਨ ਆਫ਼ ਦ ਮੈਚ ਚੁਣਿਆ ਗਿਆ।

ਇਸ ਤੋਂ ਇਲਾਵਾ ਚੇਤੇਸ਼ਵਰ ਪੁਜਾਰਾ (61), ਸ਼ਾਰਦੁਲ ਠਾਕੁਰ (60) ਅਤੇ ਰਿਸ਼ਭ ਪੰਤ ਨੇ ਸ਼ਾਨਦਾਰ ਅਰਧ ਸੈਂਕੜੇ ਖੇਡੇ। ਇਸ ਦੇ ਨਾਲ ਹੀ ਕ੍ਰਿਸ ਵੋਕਸ ਨੇ ਇੰਗਲੈਂਡ ਲਈ ਦੂਜੀ ਪਾਰੀ ਵਿੱਚ ਤਿੰਨ ਵਿਕਟਾਂ ਲਈਆਂ ਜਦੋਂ ਕਿ ਮੋਈਨ ਅਲੀ ਅਤੇ ਓਲੀ ਰੌਬਿਨਸਨ ਨੇ ਦੋ ਦੋ ਵਿਕਟਾਂ ਲਈਆਂ।

 

ਇਸ ਤੋਂ ਪਹਿਲਾਂ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਦੀ ਪਹਿਲੀ ਪਾਰੀ 191 ਦੌੜਾਂ ‘ਤੇ ਢੇਰ ਹੋ ਗਈ। ਜਵਾਬ ਵਿੱਚ ਇੰਗਲੈਂਡ ਨੇ ਆਪਣੀ ਪਹਿਲੀ ਪਾਰੀ ਵਿੱਚ 290 ਦੌੜਾਂ ਬਣਾਈਆਂ। ਇਸ ਤਰ੍ਹਾਂ ਪਹਿਲੀ ਪਾਰੀ ਦੇ ਆਧਾਰ ‘ਤੇ ਮੇਜ਼ਬਾਨ ਟੀਮ ਨੂੰ 99 ਦੌੜਾਂ ਦੀ ਲੀਡ ਮਿਲੀ।

ਟੀਮ ਇੰਡੀਆ ਨੇ ਇੰਗਲੈਂਡ ਨੂੰ ਚੌਥੇ ਟੈਸਟ ਮੈਚ ਵਿੱਚ 157 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ਵਿੱਚ 2-1 ਦੀ ਬੜ੍ਹਤ ਬਣਾ ਲਈ ਹੈ। ਪੰਜਵੇਂ ਦਿਨ ਮੈਚ ਇੱਕ ਵਾਰ ਡਰਾਅ ਵੱਲ ਵਧਦਾ ਨਜ਼ਰ ਆ ਰਿਹਾ ਸੀ, ਪਰ ਭਾਰਤੀ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਟੀਮ ਨੇ ਇਤਿਹਾਸਕ ਜਿੱਤ ਹਾਸਲ ਕੀਤੀ।

 

Share this Article
Leave a comment