ਭਾਰਤੀ ਮੂਲ ਦੇ ਅਮਰੀਕੀ ਵਿਗਿਆਨੀ ਡਾਕਟਰ ਰਤਨ ਲਾਲ ‘ਵਿਸ਼ਵ ਖਾਧ ਪੁਰਸਕਾਰ’ ਨਾਲ ਸਨਮਾਨਿਤ

TeamGlobalPunjab
2 Min Read

ਵਾਸ਼ਿੰਗਟਨ : ਭਾਰਤੀ ਮੂਲ ਦੇ ਅਮਰੀਕੀ ਮਿੱਟੀ ਵਿਗਿਆਨੀ ਡਾਕਟਰ ਰਤਨ ਲਾਲ ਨੇ ਵਿਦੇਸ਼ੀ ਧਰਤੀ ‘ਤੇ ਰਹਿ ਕੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ। ਡਾਕਟਰ ਰਤਨ ਲਾਲ ਨੂੰ ਵਿਸ਼ਵ ਖਾਧ ਪੁਰਸਕਾਰ ਫਾਊਂਡੇਸ਼ਨ ਵੱਲੋਂ ਬੀਤੇ ਦਿਨ (ਵੀਰਵਾਰ) ਨੂੰ ਖੇਤੀਬਾੜੀ ਖੇਤਰ ਦੇ ਵੱਕਾਰੀ ਨੋਬਲ ਪੁਰਸਕਾਰ ‘ਵਿਸ਼ਵ ਖਾਧ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਪੁਰਸਕਾਰ ਉਨ੍ਹਾਂ ਨੂੰ  ਮਿੱਟੀ ਦੀ ਗੁਣਵੱਤਾ ‘ਚ ਸੁਧਾਰ ਕਰਨ ਲਈ ਛੋਟੇ ਕਿਸਾਨਾਂ ਦੀ ਮਦਦ ਕਰਕੇ ਗਲੋਬਲ ਖਾਧ ਸਪਲਾਈ ਨੂੰ ਹੋਰ ਵਧਾਉਣ ਲਈ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਸਾਲ 2019 ‘ਚ ਵਿਸ਼ਵ ਪੱਧਰੀ ਖੁਰਾਕ ਸੁਰੱਖਿਆ ਅਤੇ ਮੌਸਮੀ ਤਬਦੀਲੀ ਦੇ ਲਈ ਸਥਾਈ ਮਿੱਟੀ ਪ੍ਰਬੰਧਨ ਲਈ ‘ਜਾਪਾਨ ਪੁਰਸਕਾਰ’ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।

ਵਿਸ਼ਵ ਖਾਧ ਪੁਰਸਕਾਰ ਫਾਊਂਡੇਸ਼ਨ ਨੇ ਵੀਰਵਾਰ ਨੂੰ ਆਪਣੇ ਬਿਆਨ ‘ਚ ਕਿਹਾ ਕਿ ਡਾਕਟਰ ਰਤਨ ਲਾਲ ਨੇ ਆਪਣੇ 5 ਦਹਾਕਿਆਂ ਦੇ ਕਰੀਅਰ ਦੌਰਾਨ ਮਿੱਟੀ ਦੀ ਗੁਣਵੱਤਾ ਨੂੰ ਬਚਾਈ ਰੱਖਣ ਲਈ ਨਵੀਆਂ ਤਕਨੀਕਾਂ ਨੂੰ ਵਧਾਵਾ ਦਿੱਤਾ ਅਤੇ ਕਰੋੜਾਂ ਛੋਟੇ ਕਿਸਾਨਾਂ ਦੀ ਰੋਜ਼ੀ-ਰੋਟੀ ਨੂੰ ਲਾਭ ਪਹੁੰਚਾਇਆ ਹੈ। ਡਾਕਟਰ ਰਤਨ ਲਾਲ ਨੇ ਇੱਕ ਇੰਟਰਵਿਊ ‘ਚ ਕਿਹਾ ਕਿ  ਮਿੱਟੀ ਵਿਗਿਆਨ ਨੂੰ ਇਸ ਪੁਰਸਕਾਰ ਨਾਲ ਵੱਖਰੀ ਪਹਿਚਾਣ ਮਿਲੇਗੀ। ਡਾ. ਰਤਨ ਲਾਲ ਨੇ ਕਿਹਾ ਕਿ ਸਾਨੂੰ ਧਰਤੀ ਮਾਂ ਵੱਲ ਪੂਰਾ ਧਿਆਨ ਦੇਣ ਦੀ ਲੋੜ ਹੈ। ਇਸ ਲਈ ਇਹ ਪੁਰਸਕਾਰ ਉਨ੍ਹਾਂ ਲਈ ਬਹੁਤ ਮਹੱਤਵ ਰੱਖਦਾ ਹੈ।

ਦੱਸ ਦਈਏ ਕਿ ‘ਵਿਸ਼ਵ ਖਾਧ ਪੁਰਸਕਾਰ’ ਪਹਿਲੀ ਵਾਰ ਸਾਲ 1987 ‘ਚ ਭਾਰਤੀ ਖੇਤੀਬਾੜੀ ਵਿਗਿਆਨੀ ਡਾਕਟਰ ਐੱਮ.ਐੱਸ. ਸਵਾਮੀਨਾਥਨ ਨੂੰ ਦਿੱਤਾ ਗਿਆ ਸੀ ਜੋ ਭਾਰਤ ‘ਚ ਹਰੀ ਕ੍ਰਾਂਤੀ ਦੇ ਜਨਮਦਾਤਾ ਸਨ। ਡਾ. ਰਤਨ ਲਾਲ ਨੇ ਕਿਹਾ ਕਿ ਭਾਰਤ ਵਰਗੇ ਦੇਸ਼ਾਂ ‘ਚ ਸਖਤ ਮੌਸਮੀ ਹਾਲਾਤਾਂ ਕਾਰਨ ਦੇਸ਼ ‘ਚ ਮਿੱਟੀ ਦੀ ਗੁਣਵੱਤਾ ਘੱਟਣਾ ਦਾ ਖਦਸ਼ਾ ਲਗਾਤਾਰ ਬਣਿਆ ਰਹਿੰਦਾ ਹੈ।

Share this Article
Leave a comment