ਬਰਗਾੜੀ ਕਾਂਡ ‘ਚੋਂ ਨਹੀਂ ਹਟਾਇਆ ਡੇਰਾ ਮੁੱਖੀ ਦਾ ਨਾਂ,ਜਾਂਚ ਅਜੇ ਜਾਰੀ ਹੈ : ‘ਸਿਟ’ ਮੁਖੀ

TeamGlobalPunjab
3 Min Read

ਫ਼ਰੀਦਕੋਟ :  ਬਰਗਾੜੀ ਬੇਅਦਬੀ ਮਾਮਲੇ ’ਚੋਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦਾ ਨਾਂ ਕੱਢਣ ਦੀਆਂ ਕਨਸੋਆਂ ਵਿਚਾਲੇ ‘ਸਿੱਟ’ ਦੇ ਮੁਖੀ ਐੱਸ.ਪੀ.ਐੱਸ. ਪਰਮਾਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਪਰਮਾਰ ਨੇ ਸਪਸ਼ਟ ਕੀਤਾ ਹੈ ਕਿ ਇਸ ਮਾਮਲੇ ਵਿੱਚੋਂ ਕਿਸੇ ਵੀ ਦੋਸ਼ੀ ਦਾ ਨਾਮ ਕੱਢੇ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਚਾਹੇ ਉਹ ਕੋਈ ਵੀ ਹੋਵੇ। ਸਿਟ ਮੁਖੀ ਪਰਮਾਰ ਨੇ ਕਿਹਾ ਕਿ ਇਹ ਜਾਂਚ ਅਜੇ ਜਾਰੀ ਹੈ ਅਤੇ ਇਸ ਕੇਸ ਵਿੱਚ ਸਿਟ ਵੱਲੋਂ ਹਾਲ ਦੀ ਘੜੀ ਪਹਿਲਾ ਚਲਾਨ ਸਿਰਫ਼ 6 ਦੋਸ਼ੀਆਂ ਜਿਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਖ਼ਿਲਾਫ਼ ਦਾਇਰ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਇਸ ਕੇਸ ਵਿੱਚ ਤਿੰਨ ਡੇਰਾ ਪ੍ਰੇਮੀ, ਮੁੱਖ ਦੋਸ਼ੀ ਅਜੇ ਭਗੌੜੇ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਹ ਪੁੱਛ ਪੜਤਾਲ ਕੀਤੀ ਜਾਵੇਗੀ ਕਿ ਉਨ੍ਹਾਂ ਇਹ ਜੁਰਮ ਕਿਸਦੇ ਇਸ਼ਾਰੇ ’ਤੇ ਅਤੇ ਕਿਸਦੀ ਮਿਲੀ ਭੁਗਤ ਨਾਲ ਕੀਤਾ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਵੱਡੀ ਪੱਧਰ ’ਤੇ ਕਾਰਵਾਈ ਜਾਰੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਪਹਿਲਾਂ ਚਲਾਨ ਐੱਫ. ਆਈ. ਆਰ. ਨੰਬਰ 128 ’ਚ ਪੇਸ਼ ਕੀਤਾ ਗਿਆ ਹੈ ਕਿਉਂਕਿ ਗ੍ਰਿਫ਼ਤਾਰ ਕੀਤੇ ਗਏ 6 ਦੋਸ਼ੀਆਂ ਸੁਖਜਿੰਦਰ ਸਿੰਘ, ਸ਼ਕਤੀ ਸਿੰਘ, ਰਣਜੀਤ ਸਿੰਘ ਭੋਲਾ, ਬਲਜੀਤ ਸਿੰਘ, ਨਿਸ਼ਾਨ ਸਿੰਘ ਅਤੇ ਪ੍ਰਦੀਪ ਸਿੰਘ ਦੀ ਗ੍ਰਿਫ਼ਤਾਰੀ ਦੇ 60 ਦਿਨਾਂ ਦੇ ਅੰਦਰ-ਅੰਦਰ ਇਹ ਕਾਰਵਾਈ ਅਮਲ ਵਿੱਚ ਲਿਆਉਣੀ ਜ਼ਰੂਰੀ ਸੀ।

ਉਨ੍ਹਾਂ ਸਪਸ਼ਟ ਕੀਤਾ ਕਿ ਜਾਂਚ ਦੌਰਾਨ ਜਿਸ-ਜਿਸ ਦਾ ਨਾਂ ਆਵੇਗਾ, ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਯਕੀਨਨ ਹੋਵੇਗੀ ਅਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਹੋਰ ਕਿਹਾ ਕਿ ਢੁਕਵੇਂ ਸਮੇਂ ’ਤੇ ਇਸ ਕੇਸ ਵਿੱਚ ਸਪਲੀਮੈਂਟਰੀ ਚਲਾਨ ਪੇਸ਼ ਕੀਤੇ ਜਾਣਗੇ। ਉਨ੍ਹਾਂ ਹੋਰ ਕਿਹਾ ਕਿ ਬਰਗਾੜੀ ਅਤੇ ਜਵਾਹਰ ਸਿੰਘ ਬੇਅਦਬੀ ਮਾਮਲਿਆਂ ਨਾਲ ਸਬੰਧਤ ਤਿੰਨ ਕੇਸਾਂ ਦੀ ਜਾਂਚ ਅਜੇ ਜਾਰੀ ਹੈ ਅਤੇ ਮੁਕੱਦਮਾ ਨੰਬਰ 128 ’ਚ ਪੇਸ਼ ਕੀਤਾ ਗਿਆ ਚਲਾਨ ਇੱਕ ਜਨਤਕ ਡਾਕੂਮੈਂਟ ਹੈ। ਇਸ ਲਈ ਉਨ੍ਹਾਂ ਦੀ ਅਪੀਲ ਹੈ ਕਿ ਇਸਨੂੰ ਪੜ੍ਹੇ ਅਤੇ ਘੋਖੇ ਬਿਨਾਂ ਇਸਦੇ ਸਟੇਟਸ ਬਾਰੇ ਕੋਈ ਟਿੱਪਣੀ ਜਾਂ ਰਿਪੋਰਟ ਨਹੀਂ ਕਰਨੀ ਚਾਹੀਦੀ ।

- Advertisement -

ਜ਼ਿਕਰਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬਰਗਾੜੀ ਬੇਅਦਬੀ ਮਾਮਲੇ ’ਚੋਂ ਡੇਰਾ ਸਿਰਸਾ ਮੁਖੀ ਦਾ ਨਾਮ ਕੱਢੇ ਜਾਣ ਦੀਆਂ ਖਬਰਾਂ ਤੋਂ ਬਾਅਦ ਸਖ਼ਤ ਇਤਰਾਜ਼ ਜਤਾਇਆ ਗਿਆ ਸੀ ਅਤੇ ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ਦੀ ਸਖ਼ਤ ਨਿੰਦਾ ਕੀਤੀ ਸੀ।

ਇਸ ਭਾਵਨਾਤਮਕ ਮਾਮਲੇ ਸੰਬੰਧੀ ਗਲ਼ਤ ਅਤੇ ਗੈਰ-ਜ਼ਿੰਮੇਵਾਰਾਨਾ ਜਾਣਕਾਰੀ ਫੈਲਾਉਣ ਖਿਲਾਫ਼ ਸਾਵਧਾਨ ਕਰਦਿਆਂ ਐਸਆਈਟੀ ਚੀਫ਼ ਨੇ ਮੀਡੀਆ ਅਤੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਕੋਈ ਵੀ ਬਿਨ੍ਹਾਂ ਪੁਸ਼ਟੀ ਵਾਲੀ ਰਿਪੋਰਟ ਨੂੰ ਪ੍ਰਕਾਸ਼ਤ ਕਰਨ ਤੋਂ ਪਹਿਲਾਂ ਜਾਂ ਕਿਸੇ ਵਿਰੁੱਧ ਕੋਈ ਗੈਰ-ਅਧਿਕਾਰਤ ਦੋਸ਼ ਲਗਾਉਣ ਤੋਂ ਪਹਿਲਾਂ ਸੰਜਮ ਦੀ ਵਰਤੋਂ ਕਰਨ।

ਪਰਮਾਰ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਥਾਣਾ ਬਾਜਾਖਾਨਾ ਦੀ ਐਫਆਈਆਰ ਨੰਬਰ 63/2015 ਵਿਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਸੀ। ਉਹਨਾਂ ਅੱਗੇ ਕਿਹਾ ਕਿ ਇਸ ਮਾਮਲੇ ਵਿਚ ਵੀ ਉਕਤ ਐਸਆਈਟੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਕਿਸੇ ਨੂੰ ਵੀ ਕਲੀਨ ਚਿੱਟ ਨਹੀਂ ਦਿੱਤੀ ਗਈ।

Share this Article
Leave a comment