ਨਵੀਂ ਦਿੱਲੀ: ਦਿੱਲੀ ਨਿਰਭਿਆ ਗੈਂਗਰੇਪ ਦੇ ਦੋਸ਼ੀ ਅਕਸ਼ੈ ਕੁਮਾਰ ਨੇ ਸੁਪਰੀਮ ਕੋਰਟ ਵਿੱਚ ਮੁੜਵਿਚਾਰ ਪਟੀਸ਼ਨ ਦਾਇਰ ਕਰ ਫ਼ਾਂਸੀ ਦੀ ਸਜ਼ਾ ਨੂੰ ਚੁਣੌਤੀ ਦਿੱਤੀ ਹੈ। ਪਟੀਸ਼ਨ ਵਿੱਚ ਅਕਸ਼ੈ ਨੇ ਸੁਪਰੀਮ ਕੋਰਟ ਵਲੋਂ ਉਸਨੂੰ ਫ਼ਾਂਸੀ ਦੀ ਸਜ਼ਾ ਦੇਣ ਦੇ 5 ਮਈ 2017 ਦੇ ਆਦੇਸ਼ ‘ਤੇ ਮੁੜਵਿਚਾਰ ਕਰ ਉਸਨੂੰ ਰੱਦ ਕਰਨ ਦੀ ਮੰਗ ਕੀਤੀ ਹੈ ।
ਅਕਸ਼ੈ ਨੇ ਵਕੀਲ ਏਪੀ ਸਿੰਘ ਜ਼ਰੀਏ ਦਾਖਲ ਮੁੜਵਿਚਾਰ ਦੀ ਪਟੀਸ਼ਨ ਵਿੱਚ ਫ਼ਾਂਸੀ ਦੀ ਸਜ਼ਾ ਦਾ ਵਿਰੋਧ ਕਰਦੇ ਹੋਏ ਕਿਹਾ ਹੈ ਕਿ ਦੋਸ਼ੀ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਫ਼ਾਂਸੀ ਦੇ ਕੇ ਸਿਰਫ ਦੋਸ਼ੀ ਨੂੰ ਮਾਰਿਆ ਜਾ ਸਕਦਾ ਹੈ ਦੋਸ਼ ਨੂੰ ਨਹੀਂ।
ਇੰਨਾ ਹੀ ਨਹੀਂ ਪਟੀਸ਼ਨ ‘ਚ ਅਕਸ਼ੈ ਨੇ ਦਿੱਲੀ ਵਿੱਚ ਪ੍ਰਦੂਸ਼ਣ ਦੀ ਖ਼ਰਾਬ ਹਾਲਤ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਖਤਰਨਾਕ ਪੱਧਰ ‘ਤੇ ਹੈ, ਇੱਥੇ ਦਾ ਪਾਣੀ ਜ਼ਹਿਰੀਲਾ ਹੋ ਚੁੱਕਿਆ ਹੈ। ਪ੍ਰਦੂਸ਼ਿਤ ਹਵਾ ਤੇ ਪਾਣੀ ਦੇ ਚਲਦਿਆਂ ਪਹਿਲਾਂ ਹੀ ਲੋਕਾਂ ਦੀ ਉਮਰ ਘੱਟ ਹੋ ਰਹੀ ਹੈ। ਪਟੀਸ਼ਨ ‘ਚ ਉਸ ਨੇ ਵੇਦ, ਪੁਰਾਣ ਆਦਿ ਦਾ ਜ਼ਿਕਰ ਕਰਦੇ ਹੋਏ ਕਿਹਾ ਹੈ ਕਿ ਧਾਰਮਿਕ ਗ੍ਰੰਥਾਂ ਦੇ ਮੁਤਾਬਕ ਸਤਯੁਗ ਵਿੱਚ ਲੋਕ ਹਜ਼ਾਰਾਂ ਸਾਲ ਤੱਕ ਜ਼ਿੰਦਾ ਰਹਿੰਦੇ ਸਨ ਪਰ ਕਲਯੁਗ ਵਿੱਚ ਇਨਸਾਨ ਦੀ ਉਮਰ 50 – 60 ਸਾਲ ਹੀ ਰਹਿ ਗਈ ਹੈ ਇਸ ਲਈ ਫ਼ਾਂਸੀ ਦੀ ਜ਼ਰੂਰਤ ਨਹੀਂ ਹੈ ।
ਇਸ ਦੇ ਨਾਲ ਹੀ, ਬਿਹਾਰ ਦੀ ਬਕਸਰ ਜੇਲ੍ਹ ਨੂੰ ਇਸ ਹਫ਼ਤੇ ਦੇ ਅੰਤ ਤੱਕ ਦੱਸ ਫੰਦੇ ਤਿਆਰ ਰੱਖਣ ਦੇ ਆਦੇਸ਼ ਦੇ ਦਿੱਤੇ ਗਏ ਹਨ।
ਚਾਰੇ ਮੁਲਜ਼ਮਾਂ ਨੂੰ 16 ਦਸੰਬਰ ਤੋਂ ਬਾਅਦ ਫਾਂਸੀ ਦਿੱਤੇ ਜਾਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਤੇ ਇਨ੍ਹਾਂ ਨੂੰ ਫਾਹੇ ’ਤੇ ਟੰਗਣ ਲਈ ਮੇਰਠ ਦੇ ਜੱਲਾਦ ਪਵਨ ਕੋਲ ਫ਼ੋਨ ਵੀ ਆ ਗਿਆ ਹੈ। ਉੱਧਰ ਜੇਲ੍ਹ ਦੇ ਡਾਇਰੈਕਟਰ ਜਨਰਲ ਆਨੰਦ ਕੁਮਾਰ ਨੇ ਵੀ ਤਿਹਾੜ ਜੇਲ੍ਹ ਦੀ ਚਿੱਠੀ ਮਿਲਣ ਦੀ ਪੁਸ਼ਟੀ ਕੀਤੀ ਹੈ।
ਜ਼ਿਕਰਯੋਗ ਹੈ ਕਿ ਦਿੱਲੀ ਵਿੱਚ 16 ਦਸੰਬਰ 2012 ਨੂੰ ਚਲਦੀ ਬਸ ਵਿੱਚ ਪੈਰਾਮੈਡੀਕਲ ਦੀ ਵਿਦਿਆਰਥਣ ਦੇ ਨਾਲ ਸਾਮੂਹਿਕ ਬਲਾਤਕਾਰ ਹੋਇਆ ਸੀ । ਇਸ ਦੌਰਾਨ ਵਿਦਿਆਰਥਣ ਦੀ ਹਾਲਤ ਗੰਭੀਰ ਸੀ ਤੇ ਇਲਾਜ ਦੇ ਦੌਰਾਨ ਉਸਦੀ ਮੌਤ ਹੋ ਗਈ ਸੀ।
ਇਸ ਮਾਮਲੇ ਵਿੱਚ ਹੇਠਲੀ ਅਦਾਲਤ, ਹਾਈਕੋਰਟ ਅਤੇ ਸੁਪਰੀਮ ਕੋਰਟ ਤੱਕ ਵਲੋਂ ਚਾਰੇ ਦੋਸ਼ੀਆਂ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਸੁਪਰੀਮ ਕੋਰਟ ਨੇ ਪਿਛਲੇ ਸਾਲ 9 ਜੁਲਾਈ ਨੂੰ ਤਿੰਨ ਦੋਸ਼ੀਆਂ ਮੁਕੇਸ਼, ਵਿਨੈ ਸ਼ਰਮਾ ਅਤੇ ਪਵਨ ਗੁਪਤਾ ਦੀ ਮੁੜਵਿਚਾਰ ਪਟੀਸ਼ਨ ਖਾਰਜ ਕਰ ਚੁੱਕ ਹੈ ਪਰ ਅਕਸ਼ੈ ਵੱਲੋਂ ਹਾਲੇ ਤੱਕ ਪਟੀਸ਼ਨ ਦਾਖਲ ਨਹੀਂ ਕੀਤੀ ਗਈ ਸੀ।