ਹੁਣ ਟਰੈਕਟਰ ਮਾਰਚ ‘ਤੇ ਕਿਸਾਨਾਂ ਦਾ ਦਿੱਲੀ ਪੁਲਿਸ ਨਾਲ ਵਧਿਆ ਵਿਵਾਦ, ਸੀਨੀਅਰ ਅਫ਼ਸਰਾਂ ਨਾਲ ਅੱਜ ਹੋਵੇਗੀ ਹਾਈ ਵੋਲਟੇਜ ਮੀਟਿੰਗ

TeamGlobalPunjab
2 Min Read

ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ। ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਨੂੰ ਡਟੇ ਹੋਏ 56 ਦਿਨ ਹੋ ਗਏ ਹਨ। ਇਸ ਵਿਚਾਲੇ ਕਿਸਾਨ ਜਥੇਬੰਦੀਆਂ ਨੇ 26 ਜਨਵਰੀ ਗਣਤੰਤਰ ਦਿਵਸ ਵਾਲੇ ਦਿਨ ਦਿੱਲੀ ਦੀਆਂ ਸੜਕਾਂ ‘ਤੇ ਟਰੈਕਟਰ ਪਰੇਡ ਕੱਢਣ ਦਾ ਫੈਸਲਾ ਕੀਤਾ ਹੈ। ਕਿਸਾਨਾਂ ਦੇ ਇਸ ਫੈਸਲੇ ਦਾ ਦਿੱਲੀ ਪੁਲਿਸ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਸਮੱਸਿਆ ਨੂੰ ਸੁਲਝਾਉਣ ਲਈ ਦਿੱਲੀ ਪੁਲਿਸ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਅੱਜ ਮੀਟਿੰਗ ਹੋਵੇਗੀ।

ਇਸ ਤੋਂ ਪਹਿਲਾਂ ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਕਿਸਾਨਾਂ ਦੇ ਨਾਲ ਬੀਤੇ ਦਿਨ ਵੀ ਮੀਟਿੰਗ ਕੀਤੀ ਸੀ। ਦਿੱਲੀ ਪੁਲਿਸ ਮੁਤਾਬਕ ਜੇਕਰ ਟਰੈਕਟਰ ਮਾਰਚ ਕੱਢਿਆ ਜਾਂਦਾ ਹੈ ਤਾਂ ਦਿੱਲੀ ਵਿੱਚ ਕਾਨੂੰਨ ਵਿਵਸਥਾ ਵਿਗੜ ਸਕਦੀ ਹੈ। ਪਿਛਲੀ ਮੀਟਿੰਗ ਵਿਚ ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਕਿਸਾਨਾਂ ਨੂੰ ਕਿਹਾ ਸੀ ਕਿ ਮਾਰਚ ਸਿਰਫ ਦਿੱਲੀ ਦੀਆਂ ਸਰਹੱਦਾਂ ‘ਤੇ ਹੀ ਕੱਢਿਆ ਜਾਵੇ, ਇਸ ਨੂੰ ਸਿਟੀ ਵਿੱਚ ਨਾ ਲਿਆਂਦਾ ਜਾਵੇ। ਇਸ ਨਾਲ ਲੋਕਾਂ ਨੂੰ ਭਾਰੀ ਟ੍ਰੈਫਿਕ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਹਾਲਾਂਕਿ ਕਿਸਾਨ ਜਥੇਬੰਦੀਆਂ ਨੇ ਵੀ ਸਾਫ ਕਹਿ ਦਿੱਤਾ ਸੀ ਕਿ ਉਹ ਟਰੈਕਟਰ ਮਾਰਚ ਹਰ ਹਾਲਤ ਵਿਚ ਸ਼ਾਂਤਮਈ ਢੰਗ ਨਾਲ ਕੱਢਣਗੇ। ਕਿਸਾਨ ਜਥੇਬੰਦੀਆਂ ਨੇ ਦਿੱਲੀ ਪੁਲਿਸ ਨੂੰ ਰਿੰਗ ਰੋਡ ਤੋਂ ਟਰੈਕਟਰ ਪਰੇਡ ਸ਼ੁਰੂ ਕਰਨ ਦੀ ਜਾਣਕਾਰੀ ਦਿੱਤੀ। ਇਸ ਵਿਵਾਦ ‘ਤੇ ਅੱਜ ਸੁਪਰੀਮ ਕੋਰਟ ਵਿੱਚ ਵੀ ਸੁਣਵਾਈ ਹੋਣੀ ਹੈ। ਪਰ ਉਸ ਤੋਂ ਪਹਿਲਾਂ ਦਿੱਲੀ ਪੁਲਿਸ ਕਿਸਾਨ ਜਥੇਬੰਦੀਆਂ ਨਾਲ ਵੱਖ ਤੋਂ ਮੁਲਾਕਾਤ ਕਰੇਗੀ।

Share this Article
Leave a comment