ਵਰਲਡ ਡੈਸਕ :- ਭਾਰਤ ਨੇ ਅਮਰੀਕਾ ਦੀ ਨਿਊਯਾਰਕ ਅਸੈਂਬਲੀ ‘ਚ ਕਸ਼ਮੀਰ ਨੂੰ ਲੈ ਕੇ ਪਾਸ ਕੀਤੇ ਮਤੇ ਦੀ ਸਖ਼ਤ ਨਿੰਦਾ ਕੀਤੀ ਹੈ। ਭਾਰਤ ਨੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਲੋਕਾਂ ਨੂੰ ਵੰਡਣ ਲਈ ਜੰਮੂ-ਕਸ਼ਮੀਰ ਦੇ ਖ਼ੁਸ਼ਹਾਲ ਸੰਸਕ੍ਰਿਤਕ ਤੇ ਸਮਾਜਿਕ ਤਾਨੇ-ਬਾਨੇ ਦੀ ਗ਼ਲਤ ਵਿਆਖਿਆ ਕਰਨ ਦੀ ਸਵਾਰਥੀ ਲੋਕਾਂ ਦੀ ਕੋਸ਼ਿਸ਼ ਹੈ। ਤਿੰਨ ਫਰਵਰੀ ਨੂੰ ਨਿਊਯਾਰਕ ਅਸੈਂਬਲੀ ਦੇ ਗਵਰਨਰ ਐਂਡਰਿਊ ਕੁਓਮੋ ਨੂੰ ਪੰਜ ਫਰਵਰੀ ਨੂੰ ਕਸ਼ਮੀਰ ਅਮਰੀਕੀ ਦਿਵਸ ਐਲਾਨ ਕਰਨ ਦੀ ਅਪੀਲ ਕਰਨ ਸਬੰਧੀ ਇਕ ਮਤਾ ਪਾਸ ਕੀਤਾ ਸੀ।
ਵਾਸ਼ਿੰਗਟਨ ਸਥਿਤ ਭਾਰਤੀ ਦੂਤਘਰ ਦੇ ਇਕ ਬੁਲਾਰੇ ਨੇ ਇਸ ਪ੍ਰਸਤਾਵ ‘ਤੇ ਸਖ਼ਤ ਇਤਰਾਜ਼ ਪ੍ਰਗਟ ਕਰਦੇ ਹੋਏ ਕਿਹਾ ਕਿ ਅਸੀਂ ਕਸ਼ਮੀਰ ਅਮਰੀਕੀ ਦਿਵਸ ਸਬੰਧੀ ਨਿਊਯਾਰਕ ਅਸੈਂਬਲੀ ਦਾ ਮਤਾ ਦੇਖਿਆ ਹੈ। ਅਮਰੀਕਾ ਦੀ ਤਰ੍ਹਾਂ ਭਾਰਤ ਵੀ ਇਕ ਲੋਕਤੰਤਿਰਕ ਦੇਸ਼ ਹੈ। ਭਾਰਤ ਜੰਮੂ-ਕਸ਼ਮੀਰ ਸਣੇ ਆਪਣੇ ਖ਼ੁਸ਼ਹਾਲ ਸੰਸਕ੍ਰਿਤਕ ਤਾਨੇ-ਬਾਨੇ ਤੇ ਆਪਣੀ ਵਿਭਿੰਨਤਾ ਦਾ ਉਤਸਵ ਮਨਾਉਂਦਾ ਹੈ। ਜੰਮੂ-ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ। ਇਸ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ। ਬੁਲਾਰੇ ਨੇ ਬੀਤੇ ਸ਼ਨਿਚਰਵਾਰ ਨੂੰ ਕਿਹਾ ਕਿ ਅਸੀਂ ਭਾਰਤ-ਅਮਰੀਕਾ ਭਾਈਵਾਲੀ ਤੇ ਵਿਭਿੰਨਤਾ ਭਰੇ ਭਾਰਤੀ ਭਾਈਚਾਰੇ ਨਾਲ ਜੁੜੇ ਸਾਰੇ ਮਾਮਲਿਆਂ ‘ਤੇ ਨਿਊਯਾਰਕ ਸੂਬੇ ‘ਚ ਚੁਣੇ ਪ੍ਰਤੀਨਿਧੀਆਂ ਨਾਲ ਗੱਲ ਕਰਾਂਗੇ।
ਨਿਊਯਾਰਕ ‘ਚ ਪਾਕਿਸਤਾਨ ਦੇ ਮਹਾ ਵਣਜ ਦੂਤਘਰ ਨੇ ਟਵੀਟ ਕਰ ਕੇ ਇਸ ਮਤੇ ਨੂੰ ਪਾਸ ਕਰਾਉਣ ਲਈ ਦ ਅਮਰੀਕਨ ਪਾਕਿਸਤਾਨੀ ਐਡਵੋਕੇਸੀ ਗਰੁੱਪ ਦੀ ਸ਼ਲਾਘਾ ਕੀਤੀ। ਭਾਰਤ ਪਾਕਿਸਤਾਨ ਸਮੇਤ ਅੰਤਰਰਾਸ਼ਟਰੀ ਭਾਈਚਾਰੇ ਨੂੰ ਸਪੱਸ਼ਟ ਰੂਪ ਨਾਲ ਕਹਿ ਚੁੱਕਾ ਹੈ ਕਿ ਰਾਜ ਤੋਂ ਧਾਰਾ 370 ਹਟਾਉਣਾ ਉਸ ਦਾ ਅੰਦਰੂਨੀ ਮਾਮਲਾ ਹੈ। ਪਾਕਿਸਤਾਨ ਨੂੰ ਉਸ ਨੇ ਇਸ ਦੀ ਵਾਸਤਵਿਕਤਾ ਸਵੀਕਾਰ ਕਰ ਕੇ ਭਾਰਤ ਵਿਰੋਧੀ ਕੂੜ ਪ੍ਰਚਾਰ ਬੰਦ ਕਰਨ ਦੀ ਸਲਾਹ ਦਿੱਤੀ ਹੈ।
ਮਤੇ ‘ਚ ਕਿਹਾ ਗਿਆ ਹੈ ਕਿ ਕਸ਼ਮੀਰੀ ਭਾਈਚਾਰੇ ਨੇ ਹਰ ਕਠਿਨਾਈ ਨੂੰ ਪਾਰ ਕੀਤਾ ਹੈ, ਦ੍ਰਿੜ੍ਹਤਾ ਦਾ ਸਬੂਤ ਦਿੱਤਾ ਹੈ ਤੇ ਆਪਣੇ ਆਪ ਨੂੰ ਨਿਊਯਾਰਕ ਪਰਵਾਸੀ ਭਾਈਚਾਰਿਆਂ ਦੇ ਇਕ ਸਤੰਭ ਦੇ ਤੌਰ ‘ਤੇ ਸਥਾਪਿਤ ਕੀਤਾ ਹੈ। ਨਿਊਯਾਰਕ ਰਾਜ ਵੱਖ-ਵੱਖ ਸੰਸਕ੍ਰਿਤਕ, ਜਾਤੀ ਤੇ ਧਾਰਮਿਕ ਪਛਾਣਾਂ ਨੂੰ ਮਾਨਤਾ ਦੇ ਕੇ ਸਾਰੇ ਕਸ਼ਮੀਰੀ ਲੋਕਾਂ ਨੂੰ ਧਾਰਮਿਕ, ਆਵਾਜਾਈ ਤੇ ਵਿਚਾਰਾਂ ਦੀ ਆਜ਼ਾਦੀ ਸਮੇਤ ਮਨੁੱਖੀ ਅਧਿਕਾਰਾਂ ਦਾ ਸਮਰਥਨ ਕਰਨ ਲਈ ਯਤਨਸ਼ੀਲ ਹੈ।
- Advertisement -