LAC ‘ਤੇ ਚੀਨੀ ਫੌਜੀਆਂ ਨੂੰ ਮੂੰਹ ਤੋੜ ਜਵਾਬ ਦੇਣ ਲਈ ਭਾਰਤੀ ਸੈਨਾ ਨੂੰ ਮਿਲੀ ਖੁੱਲ੍ਹੀ ਛੋਟ

TeamGlobalPunjab
2 Min Read

ਨਵੀਂ ਦਿੱਲੀ : ਭਾਰਤ-ਚੀਨ ਵਿਚਾਲੇ ਪੂਰਬੀ ਲੱਦਾਖ ਦੀ ਗਲਵਾਨ ਘਾਟੀ ‘ਚ ਚੱਲ ਰਹੇ ਸਰਹੱਦੀ ਵਿਵਾਦ ਦੇ ਵਿਚਕਾਰ ਅੱਜ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੀਫ ਆਫ ਡਿਫੈਂਸ ਸਟਾਫ ਸੀਡੀਐੱਸ ਜਨਰਲ ਬਿਪਿਨ ਰਾਵਤ ਅਤੇ ਤਿੰਨਾਂ ਸੈਨਾਵਾਂ ਦੇ ਮੁੱਖੀਆਂ ਦੇ ਨਾਲ ਲੱਦਾਖ ਦੀ ਸਥਿਤੀ ‘ਤੇ ਇੱਕ ਉੱਚ ਪੱਧਰੀ ਬੈਠਕ ਕੀਤੀ। ਚੀਨ ਨਾਲ ਲੱਗਦੀ 3500 ਕਿਲੋਮੀਟਰ ਲੰਬੀ ਅਸਲ ਕੰਟਰੋਲ ਰੇਖਾ (ਐੱਲਏਸੀ) ‘ਤੇ ਤਾਇਨਾਤ ਹਥਿਆਰਬੰਦ ਫੌਜੀਆਂ ਨੂੰ ਚੀਨ ਦੀ ਕਿਸੇ ਵੀ ਗੁਸਤਾਖੀ ਦਾ ਮੂੰਹ ਤੋੜ ਜਵਾਬ ਦੇਣ ਦੀ ਖੁਲ੍ਹੀ ਛੋਟ ਦੇ ਦਿੱਤੀ ਗਈ ਹੈ ਅਤੇ ਤਿੰਨਾਂ ਫੌਜਾਂ ਨੂੰ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ। ਬੈਠਕ ਤੋਂ ਬਾਅਦ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ।

ਸੂਤਰਾਂ ਨੇ ਦੱਸਿਆ ਕਿ ਭਾਰਤੀ ਸੈਨਿਕਾਂ ਨੂੰ ਪੂਰਬੀ ਲੱਦਾਖ ਅਤੇ ਹੋਰ ਸੈਕਟਰਾਂ ‘ਚ ਚੀਨ ਦੇ ਕਿਸੇ ਵੀ ਤਰਾਂ ਦੇ ਹਮਲੇ ਦਾ ਮੂੰਹ ਤੋੜ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਰਹਿਣ ਲਈ ਕਿਹਾ ਗਿਆ ਹੈ। ਬੈਠਕ ‘ਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਚੀਨ ਨਾਲ ਲੱਗਦੀ ਸਰਹੱਦ ਦੀ ਰੱਖਿਆ ਲਈ ਭਾਰਤ ਹੁਣ ਤੋਂ ਵੱਖ ਵੱਖ ਰਣਨੀਤਕ ਢੰਗ ਅਪਣਾਏਗਾ। ਰੱਖਿਆ ਮੰਤਰੀ ਨੇ ਚੋਟੀ ਦੇ ਸੈਨਿਕ ਅਧਿਕਾਰੀਆਂ ਨੂੰ ਜ਼ਮੀਨੀ ਸਰਹੱਦ, ਹਵਾਈ ਖੇਤਰ ਅਤੇ ਰਣਨੀਤਕ ਸਮੁੰਦਰੀ ਮਾਰਗ ‘ਚ ਚੀਨ ਦੀਆਂ ਗਤੀਵਿਧੀਆਂ ‘ਤੇ ਤਿੱਖੀ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।

ਰੱਖਿਆ ਮੰਤਰੀ ਨਾਲ ਹੋਈ ਇਸ ਮੀਟਿੰਗ ‘ਚ ਸੀਡੀਐੇੱਸ ਜਨਰਲ ਬਿਪਿਨ ਰਾਵਤ, ਫੌਜ ਮੁੱਖੀ ਜਨਰਲ ਐੱਮ.ਐੱਮ. ਨਰਵਾਣੇ, ਜਲ ਸੈਨਾ ਮੁੱਖੀ ਐਡਮਿਰਲ ਕਰਮਬੀਰ ਸਿੰਘ ਅਤੇ ਹਵਾਈ ਫੌਜ ਮੁੱਖੀ ਕੇ.ਐੱਸ. ਭਦੌਰੀਆ ਨੇ ਹਿੱਸਾ ਲਿਆ। ਜ਼ਿਕਰਯੋਗ ਹੈ ਹਾਲ ਹੀ ‘ਚ ਚੀਨੀ ਅਤੇ ਭਾਰਤੀ ਫੌਜ ‘ਚ ਹੋਈ ਹਿੰਸਕ ਝੜਪ ਤੋਂ ਬਾਅਦ ਥਲ ਸੈਨਾ, ਜਲ ਸੈਨਾ ਅਤੇ ਹਵਾਈ ਸੈਨਾ ਨੂੰ ਅਲਰਟ ‘ਤੇ ਰੱਖਿਆ ਗਿਆ ਹੈ।

Share this Article
Leave a comment