ਐਨ.ਡੀ.ਪੀ. ਆਗੂ ਜਗਮੀਤ ਸਿੰਘ ਨੇ ਫੈਡਰਲ ਸਰਕਾਰ ’ਤੇ ਦੋਹਰੇ ਮਾਪਦੰਡ ਅਪਨਾਉਣ ਦਾ ਲਾਇਆ ਦੋਸ਼

TeamGlobalPunjab
2 Min Read

ਓਟਾਵਾ : ਐਨਡੀਪੀ ਆਗੂ ਜਗਮੀਤ ਸਿੰਘ ਨੇ ਟਰੂਡੋ ਸਰਕਾਰ ‘ਤੇ ਦੂਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਫੈਡਰਲ ਸਰਕਾਰ ਤੋਂ ਇਹ ਮੰਗ ਕੀਤੀ ਹੈ ਕਿ ਉਹ ਮੂਲਵਾਸੀ ਲੋਕਾਂ ਨਾਲ ਸੁਲ੍ਹਾ ਵਾਸਤੇ ਹਕੀਕਤ ਵਿੱਚ ਠੋਸ ਕਦਮ ਚੁੱਕਣ।

ਐਨਡੀਪੀ ਆਗੂ ਜਗਮੀਤ ਸਿੰਘ ਵੱਲੋਂ ਹਾਊਸ ਆਫ ਕਾਮਨਜ਼ ਵਿੱਚ ਇੱਕ ਮਤਾ ਲਿਆਂਦਾ ਗਿਆ ਹੈ ਜਿਸ ਵਿੱਚ ਉਨ੍ਹਾਂ ਫੈਡਰਲ ਸਰਕਾਰ ਤੋਂ ਇਹ ਮੰਗ ਕੀਤੀ ਹੈ ਕਿ ਉਹ ਫੈਡਰਲ ਕੋਰਟ ‘ਚ ਕੀਤੀਆਂ ਅਪੀਲਾਂ ਵਾਪਿਸ ਲੈਣ ਕਿਉਂਕਿ ਇਨ੍ਹਾਂ ਨਾਲ ਮੂਲਵਾਸੀ ਬੱਚਿਆਂ ਨੂੰ ਮਿਲਣ ਵਾਲੇ ਇਨਸਾਫ ਪ੍ਰਤੀ ਪਹੁੰਚ ਗਲਤ ਲੱਗਦੀ ਹੈ। ਇਹ ਮੰਗ ਉਸ ਸਮੇਂ ਆਈ ਹੈ ਜਦੋਂ ਕੈਮਲੂਪਸ, ਬੀਸੀ ਦੇ ਇੱਕ ਪੁਰਾਣੇ ਰੈਜ਼ੀਡੈਂਸ਼ੀਅਲ ਸਕੂਲ ਵਿੱਚ ਇੱਕ ਸਾਂਝੀ ਕਬਰ ਤੋਂ 215 ਮੂਲਵਾਸੀ ਬੱਚਿਆਂ ਦੇ ਪਿੰਜਰ ਮਿਲੇ ਹਨ।

 

- Advertisement -

ਜਗਮੀਤ ਸਿੰਘ ਨੇ ਆਖਿਆ ਕਿ ਇਸ ਸਮੇਂ ਫੋਕੀ ਹਮਦਰਦੀ ਕਾਫੀ ਨਹੀਂ ਹੈ ਸਗੋਂ ਠੋਸ ਕਾਰਵਾਈ ਦੀ ਲੋੜ ਹੈ। ਉਨ੍ਹਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉੱਤੇ ਢੋਂਗ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇੱਕ ਪਾਸੇ ਤਾਂ ਟਰੂਡੋ ਮੂਲਵਾਸੀ ਕਮਿਊਨਿਟੀਜ਼ ਨਾਲ ਹਮਦਰਦੀ ਜਤਾਉਂਂਦੇ ਹਨ ਤੇ ਦੂਜੇ ਪਾਸੇ ਅਦਾਲਤ ਵਿੱਚ ਉਨ੍ਹਾਂ ਨਾਲ ਲੜ ਰਹੇ ਹਨ।

ਜ਼ਿਕਰਯੋਗ ਹੈ ਕਿ ਕੈਨੇਡੀਅਨ ਹਿਊਮਨ ਰਾਈਟਸ ਟ੍ਰਿਬਿਊਨਲ ਵੱਲੋਂ ਫੈਡਰਲ ਸਰਕਾਰ ਨੂੰ ਇਹ ਹੁਕਮ ਦਿੱਤੇ ਗਏ ਸਨ ਕਿ ਉਹ ਆਪਣੇ ਪਰਿਵਾਰਾਂ ਤੋਂ ਜੁਦਾ ਹੋ ਚੁੱਕੇ 50,000 ਫਰਸਟ ਨੇਸ਼ਨਜ਼ ਬੱਚਿਆਂ ਲਈ 40,000 ਡਾਲਰ ਪ੍ਰਤੀ ਬੱਚੇ ਦੇ ਹਿਸਾਬ ਨਾਲ ਮੁਆਵਜ਼ਾ ਦੇਵੇ। ਪਰ ਇਸ ਫੈਸਲੇ ਦੇ ਖਿਲਾਫ ਲਿਬਰਲ ਸਰਕਾਰ ਨੇ ਅਪੀਲ ਕੀਤੀ ਹੋਈ ਹੈ।

ਇਸ ਤੋਂ ਇਲਾਵਾ ਟ੍ਰਿਬਿਊਨਲ ਦੇ ਇੱਕ ਹੋਰ ਫੈਸਲੇ ਖਿਲਾਫ ਵੀ ਫੈਡਰਲ ਸਰਕਾਰ ਨੇ ਅਪੀਲ ਕੀਤੀ ਹੋਈ ਹੈ ਜਿਸ ਵਿੱਚ ਜੌਰਡਨਜ਼ ਪ੍ਰਿੰਸੀਪਲ ਨੂੰ ਲਾਗੂ ਕਰਨ ਦੇ ਦਾਇਰੇ ਨੂੰ ਵਧਾ ਦਿੱਤਾ ਗਿਆ ਸੀ ।

Share this Article
Leave a comment