ਕੌਮੀ ਗਣਿਤ ਦਿਵਸ – ਵਿਲੱਖਣ ਪ੍ਰਤਿਭਾ ਦੇ ਮਾਲਕ ਸਨ ਰਾਮਾਨੁਜਨ

TeamGlobalPunjab
3 Min Read

-ਅਵਤਾਰ ਸਿੰਘ

26 ਫਰਵਰੀ 2012 ਨੂੰ ਪ੍ਰਧਾਨ ਮੰਤਰੀ ਡਾ ਮਨਮੋਹਮਣ ਸਿੰਘ ਨੇ ਹਰ ਸਾਲ ਸ਼੍ਰੀ ਨਿਵਾਸ ਰਾਮਾਨੁਜਨ ਦੇ ਜਨਮ ਦਿਨ ਨੂੰ ‘ਕੌਮੀ ਗਣਿਤ ਦਿਵਸ’ ਦੇ ਤੌਰ ‘ਤੇ ਮਨਾਉਣ ਦਾ ਐਲਾਨ ਕੀਤਾ।

ਗਣਿਤ ਔਖਾ ਤੇ ਖੁਸ਼ਕ ਵਿਸ਼ਾ ਹੋਣ ਕਰਕੇ ਬਹੁਤ ਘੱਟ ਲੋਕ ਇਸ ਵਿੱਚ ਦਿਲਚਸਪੀ ਲੈਂਦੇ ਹਨ ਪਰ ਰਾਮਾਨੁਜਨ ਦਾ ਮਨ ਭਾਉਂਦਾ ਵਿਸ਼ਾ ਸੀ। ਉਨ੍ਹਾਂ ਦਾ ਜਨਮ 22-12-1887 ਨੂੰ ਪਿੰਡ ਈਰੋਡ, ਮਦਰਾਸ ਵਿਖੇ ਨਾਨਕੇ ਘਰ ਹੋਇਆ।

ਉਨ੍ਹਾਂ ਦੀ ਮਾਂ ਦਾ ਨਾਂ ਕੋਮਲ ਲਤਾ ਅਮਾਲ ਤੇ ਪਿਤਾ ਦਾ ਨਾਂ ਸ਼੍ਰੀ ਨਿਵਾਸ ਆਇੰਗਰ ਸੀ। ਉਨ੍ਹਾਂ ਨੂੰ ਬਚਪਨ ਤੋਂ ਹੀ ਅੰਕਾਂ ਨਾਲ ਖੇਡਣ ਦਾ ਸ਼ੌਂਕ ਸੀ, ਉਨ੍ਹਾਂ ਆਪਣੀ ਜਨਮ ਤਾਰੀਖ ਦੇ ਅੰਕਾਂ ਬਾਰੇ ਹੇਠ ਲਿਖੀ ਦਿਲਚਸਪ ਖੇਡ ਦਸੀ।
22-12-18-87=139
12-18-87-22=139
18-87-22-12=139
87-22-12-18=139
139-139-139-139=ਚਾਰੇ ਪਾਸੇ ਤੋਂ ਜੋੜ ਇਕੋ ਜਿਹਾ ਹੈ।

- Advertisement -

ਅੱਠਵੀਂ ਵਿੱਚ ਪੜਦਿਆਂ ਬੀ ਏ ਦੀ ਟਿੰਗਨੋਮੈਟਰੀ ਸਾਰੀ ਪੜ ਲਈ। 12 ਸਾਲ ਦੀ ਉਮਰ ਵਿੱਚ ਉਨ੍ਹਾਂ ਨੂੰ ‘ਬਾਲ-ਵਿਦਵਾਨ’ ਘੋਸ਼ਿਤ ਕੀਤਾ ਗਿਆ। ਦਸਵੀਂ ਵਿੱਚ ਪੜਦਿਆਂ ਹੀ ਉਨਾਂ ਲਾਇਬਰੇਰੀ ਵਿੱਚੋਂ ਜਮੈਟਰੀ, ਅਲਜਬਰਾ, ਕੈਰਕੂਲਸ ਤੇ ਟਰਿਗਨੋਮੈਟਰੀ ਦੇ ਫਾਰਮੂਲਿਆਂ ਨੂੰ ਪੜ ਲਿਆ। ਸ਼ੌਂਕ ਵਿੱਚ ਹੀ ਉਨ੍ਹਾਂ ਸਾਰੇ ਫਾਰਮੂਲੇ ਹੱਲ ਕਰਨੇ ਸ਼ੁਰੂ ਕਰ ਦਿੱਤੇ।

ਗਣਿਤ ਨਾਲ ਏਨਾ ਇਸ਼ਕ ਸੀ ਕਿ ਉਹ ਕਾਲਜ ਵਿੱਚ ਪਹਿਲੇ ਸਾਲ ਹੀ ਗਣਿਤ ਨੂੰ ਛੱਡ ਕੇ ਸਾਰੇ ਵਿਸ਼ਿਆਂ ਵਿੱਚੋਂ ਫੇਲ ਹੋ ਗਏ। 1909 ਵਿੱਚ ਉਨ੍ਹਾਂ ਦੇ ਮਾਪਿਆਂ ਨੇ ਗਣਿਤ ਦੇ ਇਸ਼ਕ ਤੇ ਕਾਬੂ ਪਾਉਣ ਲਈ ਉਸ ਦਾ ਜਾਨਕੀ ਨਾਂ ਦੀ ਕੁੜੀ ਨਾਲ ਵਿਆਹ ਕਰ ਦਿੱਤਾ।

ਦੋ ਢਾਈ ਸਾਲ ਬਾਅਦ ਉਸਦਾ ਪ੍ਰੋਫੈਸਰ ਵੀ ਰਾਮਾ ਸਵਾਮੀ ਨਾਲ ਮੇਲ ਹੋਇਆ, ਉਨ੍ਹਾਂ 2/1911 ਤੋਂ 10/1911 ਤਕ ਗਣਿਤ ਦੇ ਆਪੇ ਬਣਾਏ ਸੁਆਲ ਤੇ ਉਨਾਂ ਦੇ ਹਲ ਪ੍ਰੋਫੈਸਰ ਨੂੰ ਭੇਜੇ।

ਇਸੇ ਸਾਲ ਉਨ੍ਹਾਂ ਦਾ ਪਹਿਲਾ ਖੋਜ ਪੱਤਰ ਬਰਨੌਲੀ ਸੰਖਿਆਵਾਂ ਬਾਰੇ ਛਪਿਆ। ਖੋਜ ਪੱਤਰ ਦੇ ਅਧਾਰ ਤੇ ਮਦਰਾਸ ਪੋਰਟ ਵਿੱਚ ਨੌਕਰੀ ਮਿਲ ਗਈ। 16/1/1913 ਨੂੰ ਰਾਮਾਨੁਜਨ ਨੇ ਇਕ ਚਿੱਠੀ ਇੰਗਲੈਂਡ ਦੇ ਪ੍ਰਸਿੱਧ ਵਿਗਿਆਨੀ ਜਿੳਫਰ ਹੈਰਲਡ ਹਾਰਡੀ ਨੂੰ ਭੇਜ ਕੇ ਛਾਪਣ ਲਈ ਲਿਖਿਆ ਫਰਵਰੀ 1913 ਵਿੱਚ ਹਾਰਡੀ ਨੇ ਰਾਮਾਨੁਜਨ ਨੂੰ ਲਿਖਿਆ ਕਿ ਤੁਹਾਡੀਆਂ ਥਿਊਰਮਾਂ ਨੇ ਮੈਨੂੰ ਬਹੁਤ ਪ੍ਰਭਾਵਤ ਕੀਤਾ ਹੈ ਹੋਰ ਪ੍ਰਮਾਣ ਸਹਿਤ ਭੇਜੋ ਇਹ ਕਾਰਜ ਮੁਲਵਾਨ ਤੇ ਛਪਣਯੋਗ ਹੈ।

ਹਾਰਡੀ ਨੇ ਉਨਾਂ ਨੂੰ ਬੁਲਾ ਕੇ ਕੈਂਬਰਿਜ ਕਾਲਜ ਵਿੱਚੋਂ 1914 ਨੂੰ ਖੋਜ ਅਧਾਰ ਤੇ ਬੀ ਏ ਦੀ ਡਿਗਰੀ ਦਿਵਾਈ। 1918 ਨੂੰ ਰਾਇਲ ਸੁਸਾਇਟੀ ਦਾ ਫੈਲੋ ਬਣਨ ਦਾ ਮਾਣ ਹਾਸਲ ਹੋਇਆ। ਪੰਜ ਸਾਲ ਇੰਗਲੈਂਡ ਰਹਿ ਕੇ ਮਾੜੀ ਸਿਹਤ ਦੇ ਬਾਵਜੂਦ ਖੋਜ ਪੱਤਰ ਲਿਖੇ। ਅਗਲੇ ਸਾਲ ਹੀ ਉਹ ਭਾਰਤ ਵਾਪਸ ਆ ਗਏ।ਉਸ ਸਮੇਂ ਪ੍ਰੋਫੈਸਰ ਹਾਰਡੀ ਨੇ ਕਿਹਾ, ਰਾਮਾਨੁਜਨ ਭਾਰਤ ਦੇ ਸਭ ਤੋਂ ਵੱਡੇ ਹਿਸਾਬਦਾਨ ਦੇ ਤੌਰ ਤੇ ਦੇਸ਼ ਵਾਪਸ ਆ ਰਹੇ ਹਨ। ਮੈਨੂੰ ਆਸ ਹੈ ਕਿ ਉਨ੍ਹਾਂ ਦਾ ਦੇਸ਼ ਉਨਾਂ ਨੂੰ ਪੂਰਾ ਤੇ ਯੋਗ ਸਤਿਕਾਰ ਦੇਵੇਗਾ।

- Advertisement -

ਟੀ ਬੀ ਦੀ ਬਿਮਾਰੀ ਨਾਲ ਲੜਦੇ ਹੋਏ ਮਹਾਨ ਗਣਿਤ ਮਾਹਿਰ 26/4/ 1920 ਨੂੰ ਮੌਤ ਦੀ ਗੋਦ ਵਿੱਚ ਜਾ ਬੈਠੇ। ਮੌਤ ਤੋਂ ਚਾਰ ਦਿਨ ਪਹਿਲਾਂ ਵੀ ਲਿਖਦੇ ਰਹੇ। ਹਾਰਡੀ ਨੇ ਉਨ੍ਹਾਂ ਦੇ ਖੋਜ ਪੱਤਰਾਂ ਨੂੰ ਸੰਪਾਦਤ ਕਰਕੇ 1927 ਵਿੱਚ ਕੈਂਬਰਿਜ ਯੂਨੀਵਰਸਿਟੀ ਤੋਂ ਛਪਾਇਆ।

Share this Article
Leave a comment