Home / ਓਪੀਨੀਅਨ / ਸਾਕਾ ਨਨਕਾਣਾ ਸਾਹਿਬ – ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ

ਸਾਕਾ ਨਨਕਾਣਾ ਸਾਹਿਬ – ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ

-ਡਾ. ਚਰਨਜੀਤ ਸਿੰਘ ਗੁਮਟਾਲਾ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਨਨਕਾਣਾ ਸਾਹਿਬ, ਸਿੱਖਾਂ ਦੇ ਧਾਰਮਿਕ ਸਥਾਨਾਂ ਵਿਚੋਂ ਸਭ ਤੋਂ ਵੱਧ ਮਹੱਤਤਾ ਰੱਖਦਾ ਹੈ। 20ਵੀਂ ਸਦੀ ਦੇ ਮੁੱਢਲੇ ਦਹਾਕਿਆਂ ਵਿਚ ਗੁਰਦੁਆਰਾ ਜਨਮ ਅਸਥਾਨ ਉੱਤੇ ਮਹੰਤ ਸਾਧੂ ਰਾਮ ਦਾ ਕਬਜ਼ਾ ਸੀ, ਜੋ ਇਕ ਬਦਮਾਸ਼, ਸ਼ਰਾਬੀ ਤੇ ਤੀਵੀਬਾਜ਼ ਸੀ। ਉਹ ਛੇਤੀ ਹੀ ਮਾਰੂ ਰੋਗ ਦਾ ਸ਼ਿਕਾਰ ਹੋ ਕੇ ਮਰ ਗਿਆ। ਉਸ ਦੀ ਮੌਤ ਪਿੱਛੋਂ ਮਹੰਤ ਨਰਾਇਣ ਦਾਸ ਗੱਦੀ `ਤੇ ਬੈਠਿਆ।ਗੱਦੀ `ਤੇ ਬੈਠਣ ਸਮੇਂ ਮਹੰਤ ਨਰਾਇਣ ਦਾਸ ਨੇ ਅੰਗਰੇਜ਼ ਮੈਜਿਸਟਰੇਟ ਦੇ ਸਾਮ੍ਹਣੇ ਸਿੱਖ-ਸੰਗਤ ਨਾਲ ਬਚਨ ਕੀਤਾ ਕਿ ਉਹ ਪਹਿਲੇ ਮਹੰਤ ਦੇ ਕੁਚਾਲੇ ਕੁਕਰਮ ਛੱਡ ਦੇਵੇਗਾ। ਪਰ ਉਸ ਨੇ ਇਹ ਬਚਨ ਛੇਤੀ ਹੀ ਭੰਗ ਕਰ ਦਿੱਤੇ ਅਤੇ ਮੁੜ ਪਹਿਲੇ ਮਹੰਤਾਂ ਦੇ ਕੁਕਰਮੀ ਪੂਰਨਿਆਂ ਉੱਤੇ ਹੀ ਤੁਰਨ ਲੱਗ ਪਿਆ। ਸਭ ਤੋਂ ਮਾੜੀ ਗੱਲ ਇਹ ਹੋਈ ਕਿ ਜਨਮ ਅਸਥਾਨ ਅੰਦਰ ਕੰਜਰੀਆਂ ਦੇ ਨਾਚ ਕਰਾਏ ਜਾਣ ਲੱਗੇ।

 

1918 ਈ. ਵਿਚ ਗੁਰਦੁਆਰੇ ਦੇ ਦਰਸ਼ਨਾਂ ਲਈ ਆਏ ਸੇਵਾ ਮੁਕਤ (ਈ.ਏ.ਸੀ.) ਦੀ 13 ਸਾਲ ਦੀ ਪੁੱਤਰੀ ਦੀ ਇਕ ਪੁਜਾਰੀ ਨੇ ਪੱਤ ਲੁੱਟੀ। ਏਸੇ ਸਾਲ ਜੜ੍ਹਾਂਵਾਲਾ (ਲਾਇਲਪੁਰ) ਦੀਆਂ 6 ਬੀਬੀਆਂ ਨੂੰ ਰਾਤ ਨੂੰ ਬੁਰਛੇ ਪੁਜਾਰੀਆਂ ਨੇ ਜ਼ਬਰਦਸਤੀ ਪੱਤ ਲੁੱਟੀ। ਇਸ ਤਰ੍ਹਾਂ ਨਨਕਾਣਾ ਸਾਹਿਬ ਦਰਬਾਰ ਵਿਭਚਾਰ ਦਾ ਅੱਡਾ ਬਣ ਗਿਆ ਸੀ।

 

ਸਿੰਘ ਸਭਾਵਾਂ ਤੇ ਸੰਗਤਾਂ ਨੇ ਸਰਕਾਰ ਨੂੰ ਇਨ੍ਹਾਂ ਹਰਕਤਾਂ ਨੂੰ ਰੋਕਣ ਲਈ ਮਤੇ ਪਾਸ ਕਰਕੇ ਭੇਜੇ। ਅਕਤੂਬਰ 1920 ਦੇ ਸ਼ੁਰੂ ਵਿਚ ਧਾਰੋਵਾਲ ਨਗਰ ਇਕ ਭਰਵੇਂ ਇੱਕਠ ਵਿਚ ਮਤਾ ਪਾਸ ਕਰਕੇ ਮਹੰਤ ਨਰਾਇਣ ਦਾਸ ਨੂੰ ਸੁਧਾਰ ਕਰਨ ਲਈ ਆਖਿਆ ਗਿਆ ਪਰ ਮਹੰਤ ਨੇ ਕਿਸੇ ਦੀ ਨਾ ਮੰਨੀ ।ਕਾਮਰੇਡ ਸੋਹਨ ਸਿੰਘ ਜੋਸ਼ ਨੇ ਆਪਣੀ ਪੁਸਤਕ ‘ਅਕਾਲੀ ਮੋਰਚਿਆਂ ਦਾ ਇਤਿਹਾਸ’ ਵਿਚ ਇਸ ਸਾਕੇ ਬਾਰੇ ਬੜੇ ਵਿਸਥਾਰ ਵਿਚ ਵਰਨਣ ਕੀਤਾ ਹੈ।ਉਹ ਇਸ ਸਬੰਧੀ ਅਗੇ ਲਿਖਦੇ ਹਨ ਕਿ ਉਹ ਸਿੱਖਾਂ ਤੋਂ ਆਕੀ ਹੋ ਗਿਆ ਤੇ ਗੁਰਦੁਆਰਾ ਸੁਧਾਰ ਲਹਿਰ ਦਾ ਮੁਕਾਬਲਾ ਕਰਨ ਦੀਆਂ ਤਿਆਰੀਆਂ ਕਰਨ ਲੱਗਾ।ਉਸ ਨੇ 400 ਦੇ ਕਰੀਬ ਦਸ ਨੰਬਰੀਏ ਬਦਮਾਸ਼ ਅਤੇ 28 ਹੋਰ ਪਠਾਣ ਭਰਤੀ ਕਰ ਲਏ ਤੇ ਗੁਰਦੁਆਰੇ ਅੰਦਰ ਛਵ੍ਹੀਆਂ, ਕੁਹਾੜੇ, ਟਕੂਏ ਆਦਿ ਹਥਿਆਰ ਬਨਾਉਣ ਲਈ ਭੱਠੀਆਂ ਚਾਲੂ ਕਰ ਦਿੱਤੀਆਂ। ਉਸ ਨੇ ਗੁਰਦੁਆਰੇ ਦੀ ਪੂਰੀ ਤਰ੍ਹਾਂ ਕਿਲ਼੍ਹਾ ਬੰਦੀ ਕਰ ਲਈ। ਇਸ ਤਰ੍ਹਾਂ ਗੁਰਦੁਆਰੇ ਦੇ ਅੰਦਰ ਤੇ ਬਾਹਰ ਕਤਲਾਮ ਦਾ ਪੂਰਾ ਪੂਰਾ ਬਾਨਣੂੰ ਬੰਨ ਲਿਆ ਗਿਆ। ਲਾਹੌਰ ਡਵੀਜ਼ਨ ਦੇ ਕਮਿਸ਼ਨਰ ਮਿਸਟਰ ਸੀ. ਐਮ. ਕਿੰਗ ਉਸ ਨੂੰ ਯਕੀਨ ਦੁਆਇਆ ਕਿ ਜੇ ਅਕਾਲੀਆਂ ਨੇ ਉਸ ਦੇ ਗੁਰਦੁਆਰੇ ਉੱਤੇ ਧਾਵਾ ਬੋਲਿਆ ਤਾਂ ਉਸ ਦੀ ਸਹਾਇਤਾ ਕੀਤੀ ਜਾਵੇਗੀ। ਉਸ ਦੇ ਸਾਥੀ ਮਹੰਤਾਂ ਨੇ ਵੀ ਉਸ ਨੂੰ ਸਲਾਹ ਦਿੱਤੀ ਕਿ ਜੇ ਅਕਾਲੀ ਗੁਰਦੁਆਰੇ ਦਾ ਕਬਜ਼ਾ ਲੈਣ ਆਉਣ ਤਾਂ ਉਹ ਬਿਨ੍ਹਾਂ ਝਿਜਕ ਉਨ੍ਹਾਂ ਨੂੰ ਮਾਰ ਕੇ ਸਾੜ ਫੂਕ ਦੇਵੇ।

 

ਮਹੰਤ ਦੀਆਂ ਕਾਤਲਾਨਾਂ ਯੋਜਨਾਵਾਂ ਦਾ ਅਕਾਲੀਆਂ ਨੂੰ ਪਤਾ ਲੱਗ ਗਿਆ।ਉਨ੍ਹਾਂ ਇਸ ਮਕਸਦ ਲਈ ਸ. ਹਰਚੰਦ ਸਿੰਘ,ਸ. ਤੇਜਾ ਸਿੰਘ ਸਮੰੁਦਰੀ ਤੇ ਮਾਸਟਰ ਤਾਰਾ ਸਿੰਘ ਨੂੰ ਨਨਕਾਣੇ ਭੇਜਿਆ ਤਾਂ ਜੋ ਉਹ ਜਥਿਆਂ ਨੂੰ ਜਨਮ ਅਸਥਾਨ ਵੱਲ ਜਾਣ ਤੋਂ ਰੋਕਣ। ਇਹ ਆਗੂ 19 ਫ਼ਰਵਰੀ 1921 ਨੂੰ ਨਨਕਾਣੇ ਪਹੰੁਚੇ ਅਤੇ ਸ.ਸਰਦੂਲ ਸਿੰਘ ਕਵੀਸ਼ਰ, ਮਾਸਟਰ ਸੁੰਦਰ ਸਿੰਘ,ਸ. ਜਸਵੰਤ ਸਿੰਘ ਝਬਾਲ ਅਤੇ ਸ. ਦਲੀਪ ਸਿੰਘ ਉਨ੍ਹਾਂ ਨਾਲ ਆ ਸ਼ਾਮਲ ਹੋਏ।ਇੱਥੋਂ ਇਨ੍ਹਾਂ ਨੇ ਸਲਾਹ ਕਰਕੇ ਸ.ਦਲੀਪ ਸਿੰਘ ਤੇ ਸ. ਜਸਵੰਤ ਸਿੰਘ ਨੂੰ ਖਰਾ ਸੌਦਾ ਭੇਜਿਆ ਕਿ ਉਹ ਜਥੇਦਾਰ ਕਰਤਾਰ ਸਿੰਘ ਝੱਬਰ ਨੂੰ ਮਿਲਣ ਅਤੇ ਨਨਕਾਣੇ ਸਾਹਿਬ ਉੱਤੇ ਕਬਜ਼ਾ ਕਰਨ ਦੀ ਉਸ ਦੀ ਯੋਜਨਾ ਨੂੰ ਤਿਆਗ ਦੇਣ ਵਾਸਤੇ ਉਸ ਨੂੰ ਪ੍ਰੇਰਨ। ਝੱਬਰ ਨੂੰ ਸੂਚਨਾ ਦੇਣ ਪਿੱਛੋਂ ਸ. ਦਲੀਪ ਸਿੰਘ, ਭਾਈ ਲਛਮਣ ਸਿੰਘ ਨੂੰ ਸੂਚਨਾ ਦੇਣ ਲਈ ਸੁੰਦਰ ਕੋਟ ਰਵਾਨਾ ਹੋਇ ਕਿ ਉਹ ਯੋਜਨਾ ਅਨੁਸਾਰ ਨਨਕਾਣੇ ਲਈ ਰਵਾਨਾ ਨਾ ਹੋਵੇ। ਪਤਾ ਲੱਗਾ ਕਿ ਭਾਈ ਲਛਮਣ ਸਿੰਘ ਤੇ ਉਸ ਦਾ ਜਥਾ ਪਹਿਲਾਂ ਹੀ ੳੁੱਥੋਂ ਜਾ ਚੁੱਕੇ ਹਨ।

 

ਭਾਈ ਲਛਮਣ ਸਿੰਘ ਆਪਣੇ ਪਿੰਡੋਂ ਕੁਝ ਅਕਾਲੀ ਹੋਰ ਨਾਲ ਲੈ ਕੇ 19 ਫ਼ਰਵਰੀ 1921 ਦੀ ਡੂੰਘੀ ਸ਼ਾਮ ਹੋਣ ਵੇਲੇ ਤੁਰੇ । ਰਸਤੇ ਵਿਚ ਕੁਛ ਹੋਰ ਅਕਾਲੀ ਰਲ ਗਏ ਜਿਸ ਨਾਲ ਜੱਥੇ ਦੀ ਗਿਣਤੀ 150 ਹੋ ਗਈ। 21 ਫਰਵਰੀ ਨੂੰ ਸਵੇਰ ਦੇ ਕੋਈ 5 ਵਜੇ ਜਨਮ ਅਸਥਾਨ ਦੇ ਉੱਤਰ ਵਲ ਭੱਠਿਆਂ ਉੱਤੇ ਇਹਨਾਂ ਕੋਲ ਭਾਈ ਦਲੀਪ ਸਿੰਘ ਦਾ ਆਦਮੀ ਸੰਦੇਸ਼ਾ ਲੈ ਕੇ ਪਹੁੰਚਾ, ਜਿਸ ਵਿੱਚ ਲਿਖਿਆ ਹੋਇਆ ਸੀ ਕਿ ਭਾਈ ਹੋਰੀਂ ਜੱਥੇ ਸਮੇਤ ਨਨਕਾਣੇ ਸਾਹਿਬ ਤੋਂ ਵਾਪਸ ਚਲੇ ਜਾਣ ਅਤੇ ਨਨਕਾਣੇ ਸਾਹਿਬ ਵਿੱਚ ਪੈਰ ਨਾ ਰੱਖਣ। ਭਾਈ ਲਛਮਣ ਸਿੰਘ , ਭਾਈ ਦਲੀਪ ਸਿੰਘ ਦਾ ਬੜਾ ਆਦਰ ਸਨਮਾਨ ਕਰਦੇ ਸਨ, ਉਹ ਇਹ ਹੁਕਮ ਮੰਨ ਕੇ ਵਾਪਸ ਜਾਣ ਲਈ ਤਿਆਰ ਹੋ ਗਏ, ਭਾਈ ਟਹਿਲ ਸਿੰਘ ਜੀ ਕਹਿਣ ਲੱਗੇ,” ਅੱਜ ਗੁਰੂ ਹਰਿ ਰਾਇ ਜੀ ਦਾ ਜਨਮ ਦਿਨ ਹੈ। ਏਥੇ ਹੁਣ ਪਹੁੰਚੇ ਹੋਏ ਹਾਂ। ਚਲੋ ਗੁਰਦੁਆਰੇ ਦੇ ਦਰਸ਼ਨ ਕਰਦੇ ਚੱਲੀਏ। ਮਹੰਤ ਸਾਨੂੰ ਕਤਲ ਹੀ ਕਰ ਦੇਵੇਗਾ ਨਾ? ਕੋਈ ਗੱਲ ਨਹੀਂ। ਜਦੋਂ ਅਸਾਂ ਕੋਈ ਹਥਿਆਰ ਨਹੀਂ ਚੁੱਕਣਾ, ਸ਼ਾਤਮਈ ਰਹਿਣਾ ਏ, ਮੁਕਾਬਲਾ ਨਹੀਂ ਕਰਨਾ ਅਤੇ ਭੜਕਾਹਟ ਪੈਦਾ ਕਰਨ ਲਈ ਕੋਈ ਗੱਲ ਨਹੀਂ ਕਰਨੀ, ਮੱਥਾ ਟੇਕ ਕੇ ਵਾਪਸ ਆ ਜਾਣਾ ਏ ਤਾਂ ਫੇਰ ਝਗੜਾ ਕਿਉਂ ਹੋਊ?”ਪਰ ਉਹਨਾਂ ਨੂੰ ਮਹੰਤ ਦੇ ਸ਼ੈਤਾਨੀ ਮਨਸੂਬਿਆਂ ਦਾ ਪਤਾ ਨਹੀਂ ਸੀ।ਭਾਈ ਲਛਮਣ ਸਿੰਘ ਜੀ ਰਜ਼ਾਮੰਦ ਹੋ ਗਏ ਅਤੇ ਜੱਥਾ ਗੁਰਦੁਆਰਾ ਜਨਮ ਅਸਥਾਨ ਦੇ ਦਰਸ਼ਨ ਨੂੰ ਤੁਰ ਪਿਆ।ਪਰ ਕੁਝ ਲੇਖਕਾਂ ਅਨੁਸਾਰ ਮੀਤ ਜਥੇਦਾਰ ਭਾਈ ਟਹਿਲ ਸਿੰਘ ਨੇ ਸ਼ਰਧਾਮਈ ਜੋਸ਼ ਵਿਚ ਕਿਹਾ ਕਿ ਅਰਦਾਸ ਹੋ ਚੁੱਕੀ ਹੈ ਅਤੇ ਹੁਕਮਨਾਮਾ ਸਰਵਣ ਕੀਤਾ ਹੈ ,ਇਸ ਲਈ ਜਨਮ ਅਸਥਾਨ ਵਿਖੇ ਨਤਮਸਤਕ ਹੋਇ ਬਿਨਾਂ ਵਾਪਿਸ ਜਾਣਾ,ਗੁਰੂ ਨਾਨਕ ਪਾਤਸ਼ਾਹ ਤੋਂ ਬੇਮੁੱਖ ਹੋਣਾ ਹੈ।ਉਨ੍ਹਾਂ ਵੱਲੋਂ ਆਪਣੀ ਖੂੰਡੀ ਨਾਲ ਇਕ ਲਕੀਰ ਖਿੱਚੀ ਗਈ ਕਿ ਜਿਨ੍ਹਾਂ ਨੇ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਜਾਣਾ ਹੈ ਉਹ ਲਕੀਰ ਪਾਰ ਕਰ ਜਾਣ, ਜਿਨ੍ਹਾਂ ਸੋਚ ਵਿਚਾਰ ਕਰਨੀ ਹੈ ਉਹ ਇੱਥੇ ਬੈਠ ਕੇ ਕਰ ਲੈਣ । ਇਸ ਉਪਰੰਤ ਸੰਗਤ ਅੱਗੇ ਵਧੀ।

 

ਬੀਬੀਆਂ ਗੁਰਦੁਆਰਾ ਤੰਬੂ ਸਾਹਿਬ ਦੇ ਦਰਸ਼ਨਾਂ ਲਈ ਚਲੀਆਂ ਗਈਆਂ ਜਿੱਥੋਂ ਉਹ ਵਾਪਸ ਘਰਾਂ ਨੂੰ ਮੁੜ ਗਈਆਂ ਅਤੇ ਅਕਾਲੀ ਜਨਮ ਅਸਥਾਨ ਦੇ ਬਾਹਰ ਤਾਲਾਬ ਵਿੱਚ ਅਸ਼ਨਾਨ ਕਰਨ ਲੱਗ ਪਏ। ਕੋਈ ਸਵੇਰੇ ਛੇ ਵਜੇ ਦੇ ਕਰੀਬ ਉਹ ਗੁਰਦੁਆਰੇ ਵਿੱਚ ਮੱਥਾ ਟੇਕਣ ਲਈ ਦਾਖ਼ਲ ਹੋਏ।ਸਿੰਘਾਂ ਦਰਸ਼ਨੀ ਡਿਓੜ੍ਹੀ ਵੜਨ ਤੋਂ ਪਹਿਲੋਂ, ਸਤਕਾਰ ਵਜੋਂ, ਆਪਣੇ ਸੀਸ ਝੁਕਾਏ, ਫੇਰ `ਸਤਿ ਸਿਰੀ ਅਕਾਲ` ਦੇ ਜੈਕਾਰੇ ਬੁਲਾਏੇ ਅਤੇ ਜਾ ਕੇ ਦਰਬਾਰ ਦੇ ਸਾਹਮਣੇ ਮੱਥਾ ਟੇਕ ਕੇ ਬੈਠ ਗਏ। ਭਾਈ ਲਛਮਣ ਸਿੰਘ ਗੁਰੂ ਗ੍ਰੰਥ ਦੀ ਤਾਬਿਆ ਬੈਠ ਗਏ ਅਤੇ ਸਾਰੇ ਸਿੰਘ ਸ਼ਬਦ ਪੜ੍ਹਨ ਵਿੱਚ ਮਗਨ ਹੋ ਗਏ।ਉਨ੍ਹਾਂ ਦੇ ਵਹਿਮ ਗੁਮਾਨ ਵਿੱਚ ਵੀ ਨਹੀਂ ਸੀ ਕਿ ਨੀਚ ਹੁੰਦਿਆਂ ਹੋਇਆਂ ਵੀ ਮਹੰਤ ਦੀ ਨੀਚਤਾ ਸਭ ਹੱਦ ਬੰਨੇ ਟੱਪ ਕੇ ਦਰਬਾਰ ਸਾਹਿਬ ਨੂੰ ਜਿੱਥੇ,ਸ੍ਰੀ ਗੁਰੂ ਨਾਨਕ ਦੇਵ ਨੇ ਜਨਮ ਲੈ ਕੇ, ਏਕਤਾ, ਭਰੱਪਣ, ਬਰਾਬਰੀ ਤੇ ਸ਼ਾਂਤੀ ਦਾ ਸੰਦੇਸ਼ ਦਿੱਤਾ ਸੀ ਕਤਲਾਮ ਦਾ ਖੇਤਰ ਬਣਾ ਦੇਵੇਗੀ। ਉਹ ਅਨਭੋਲ, ਸਭ ਕੁਛ ਭੁਲਾਈ, ਸ਼ਬਦ ਪੜ੍ਹਨ ਵਿੱਚ ਮਗਨ, ਬੈਠੇ ਸ਼ਬਦ ਪੜ੍ਹੀ ਜਾ ਰਹੇ ਸਨ ਕਿ ਏਕਾ ਏਕੀ ਗੋਲੀਆਂ ਵਰ੍ਹਨ ਲੱਗ ਪਈਆਂ।ਸਿੰਘ ਫੱਟੜ ਹੋ ਹੋ ਜ਼ਮੀਨ ਤੇ ਤੜਫਨ ਲੱਗ ਪਏ।ਦਰਵਾਜ਼ੇ ਸਭ ਬੰਦ ਸਨ। ਚਾਰ ਚੁਫੇਰੇ ਮੋਰਚੇਬੰਦੀ ਹੋਈ ਹੋਈ ਸੀ। ਜਿਹੜੇ ਸ਼ਾਂਤੀ ਨਾਲ ਬੈਠੇ ਰਹੇ, ਉਹ ਓਥੇ ਹੀ ਗੋਲੀਆਂ ਦਾ ਨਿਸ਼ਾਨਾ ਬਣਕੇ ਸ਼ਹੀਦ ਹੋ ਗਏ।ਵਿਹੜੇ ਵਿੱਚ ਕੋਈ ਪੰਝੀ ਛੱਬੀ ਸਿੰਘ ਸ਼ਹੀਦ ਹੋ ਗਏ। ਕੋਈ ਸੱਠ ਕੁ ਸਿੰਘ ਦਰਬਾਰ ਦੇ ਅੰਦਰ ਚੌਖੰਡੀ ਵਿੱਚ ਚਲੇ ਗਏ ਅਤੇ ਉਹਨਾਂ ਨੇ ਅੰਦਰੋਂ ਕੁੰਡੇ ਲਾ ਲਏ । ਅੰਦਰ ਤੇ ਬਾਹਰ ਇਹ ਵੱਡ ਟੁੱਕ ਅਜੇ ਵਾਹੋਦਾਹੀ ਹੋ ਰਹੀ ਸੀ-ਜਦੋਂ ਇਕ ਗੁੰਡੇ ਨੇ ਉੱਚੀ ਆਵਾਜ਼ ਵਿੱਚ ਆਖਿਆ ,” ਚੌਖੰਡੀ ਦੇ ਅੰਦਰ ਕੁਛ ਅਕਾਲੀ ਲੁੱਕੇ ਹੋਏ ਨੇ। ਦਰਵਾਜ਼ੇ ਅੰਦਰੋਂ ਬੰਦ ਨੇ। ਏਧਰ ਆਓ!”ਇਹ ਸੁਣਦਿਆਂ ਹੀ ਹੁਣ ਸਭ ਕਾਤਲ ਇਸ ਪਾਸੇ ਟੁੱਟ ਕੇ ਜਾ ਪਏ। ਦੋਂਹ ਦੇ ਹੱਥਾਂ ਵਿੱਚ ਬੰਦੂਕਾਂ ਸਨ ਅਤੇ ਬਾਕੀਆਂ ਦੇ ਹੱਥਾਂ ਵਿੱਚ ਛਵ੍ਹੀਆਂ ਤੇ ਟਕੂਏ ਆਦਿ । ਇਕ ਸਿੱਖ ਸਮਾਧ ਵਿੱਚ ਲੁਕਿਆ ਹੋਇਆ ਸੀ ,ਉਸ ਨੂੰ ਉੱਥੇ ਹੀ ਗੋਲੀ ਮਾਰ ਕੇ ਮੁਕਾ ਦਿੱਤਾ ਗਿਆ। ਇਕ ਨੇ ਚੌਖੰਡੀ ਅੰਦਰ ਚਾਂਦੀ ਜੜੇ ਬੂਹੇ ਰਾਹੀਂ ਅੰਦਰ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ, ਦੂਜਿਆਂ ਨੇ ਉੱਤਰ ਪਾਸੇ ਦੇ ਦਰਵਾਜ਼ੇ ਨੂੰ ਛਵ੍ਹੀਆਂ ਕੁਹਾੜੀਆਂ ਨਾਲ ਤੋੜ ਦਿੱਤਾ। ਰਾਂਝੇ ਤੇ ਇਕ ਹੋਰ ਨੇ ਇਸ ਪਾਸਿਓਂ ਗੋਲੀਆਂ ਚਲਾ ਚਲਾ ਕੇ ਸਿੰਘ ਭੁੰਨਣੇ ਸ਼ੁਰੂ ਕਰ ਦਿੱਤੇ। ਇਕ ਪਠਾਣ ਨੇ ਪੱਛਮੀ ਦਰਵਾਜ਼ੇ ਵਿੱਚ ਕੁਹਾੜੀ ਮਾਰ ਮਾਰ ਮਘੋਰਾ ਕਰ ਦਿੱਤਾ, ਜਿਸ ਵਿੱਚੋਂ ਦੀ ਦੋ ਆਦਮੀ ਗੋਲੀਆਂ ਚਲਾ ਸਕਦੇ ਸਨ। ਅੰਦਰੋਂ ਇਕ ਸਿੰਘ ਨੇ ਆਵਾਜ਼ ਦਿੱਤੀ ,” ਮੈਨੂੰ ਬਾਹਰ ਆਉਣ ਦਿਓ।” ਮਹੰਤ ਦੇ ਇਕ ਆਦਮੀ ਨੇ ਬੜੀ ਵਿਅੰਗ-ਮਈ ਆਵਾਜ਼ ਵਿੱਚ ਅੱਗੋਂ ਆਖਿਆ ,” ਤੈਨੂੰ ਵੀ ਬਾਹਰ ਕੱਢਦੇ ਹਾਂ, ਫ਼ਿਕਰ ਨਾ ਕਰ।” ਉਹ ਬਾਹਰ ਆਇਆ ਤਾਂ ਆਉਂਦੇ ਹੀ ਗੋਲੀ ਮਾਰ ਕੇ ਢੇਰ ਕਰ ਦਿੱਤਾ। ਜਦੋਂ ਅੰਦਰ ਸਾਰੇ ਹੀ ਮਾਰ ਜਾਂ ਫੱਟੜ ਕਰ ਦਿੱਤੇ ਗਏ ਤਾਂ ਪਠਾਣ ਤੇ ਹੋਰ ਆਦਮੀ ਅੰਦਰ ਗਏ ਅਤੇ ਧੂਹ ਧੂਹ ਕੇ ਸਾਰਿਆਂ ਨੂੰ ਬਾਹਰ ਲੈ ਆਏ। ਲੱਗ ਭਗ 60 ਸਿੰਘ ਏਥੇ ਸ਼ਹੀਦ ਕਰ ਦਿੱਤੇ ਗਏ।

 

ਭਾਈ ਲਛਮਣ ਸਿੰਘ ਜੀ ਗੋਲੀਆਂ ਨਾਲ ਜ਼ਖ਼ਮੀ ਹੋ ਗਏ । ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਵੀ ਗੋਲੀਆਂ ਲੱਗੀਆਂ।ਵਿਹੜੇ ਵਿੱਚ ਕੋਈ ਪੰਝੀ ਛੱਬੀ ਸਿੰਘ ਸ਼ਹੀਦ ਹੋ ਗਏ। ਕੋਈ ਸੱਠ ਕੁ ਸਿੰਘ ਦਰਬਾਰ ਦੇ ਅੰਦਰ ਸ਼ਹੀਦ ਹੋ ਗਏ। ਜਿਹੜਾ ਵੀ ਫੱਟੜ ਜੀਉਂਦਾ ਨਜ਼ਰ ਆਇਆ, ਉਸ ਨੂੰ ਛਵ੍ਹੀਆਂ ਨਾਲ ਕੁਤਰ ਦਿੱਤਾ ਤੇ ਡਾਂਗਾਂ ਮਾਰ ਮਾਰ ਫਿਹ ਦਿੱਤਾ।ਜ਼ਖ਼ਮੀ ਭਾਈ ਲਛਮਣ ਸਿੰਘ ਨੂੰ ਜੰਡ ਦੇ ਦਰੱਖ਼ਤ ਨਾਲ ਪੁੱਠਾ ਬੰਨ੍ਹਕੇ ਥੱਲੇ ਅੱਗ ਲਾ ਕੇ ਸਾੜ ਦਿੱਤਾ।ਉਸ ਸਮੇਂ ਦੇ ਲਿਖਾਰੀਆਂ ਅਨੁਸਾਰ ਸ਼ਹੀਦਾਂ ਦੀ ਸੰਖਿਆ 150 ਦੇ ਕ੍ਰੀਬ ਸੀ ਪਰ ਉਸ ਸਮੇਂ ਮੌਕੇ ‘ਤੇ ਗਏ ਇੰਸਪੈਕਟਰ ਨੇ ਇਹ ਬਿਣਤੀ 156 ਦਸੀ ਹੈ।

 

ਭਾਈ ਦਲੀਪ ਸਿੰਘ ਨੂੰ ਇਸ ਕਤਲਾਮ ਦਾ ਪਤਾ ਲਗਾ ਤਾਂ ਉਹ ਇਸ ਨੂੰ ਰੋਕਣ ਲਈ ਗੁਰਦੁਆਰੇ ਨੂੰ ਤੁਰ ਪਿਆ ਕਿਉਂਕਿ ਉਹ ਮਹੰਤ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਪਰ ਮਹੰਤ ਨੇ ਉਸ ਨੂੰ ਵੀ ਗੋਲੀ ਨਾਲ ਮਾਰ ਦਿੱਤਾ। ਉਸ ਦੇ ਨਾਲ ਗਏ ਵਰਿਆਮ ਸਿੰਘ ਦੇ ਟੁਕੜੇ ਕਰ ਦਿੱਤੇ।ਇਸ ਵੱਢ ਟੁੱਕ ਦੇ ਖ਼ਤਮ ਹੋਣ ਪਿਛੋਂ ਮਾਰੇ ਗਏ ਸਿੱਖਾਂ ਨੂੰ ਇੱਕਠੇ ਕੀਤਾ ਗਿਆ ਅਤੇ ਲੋਥਾਂ ਦੇ ਢੇਰ ਨੂੰ ਮਿੱਟੀ ਦੇ ਤੇਲ ਨਾਲ ਭਿਗੋਇਆ ਗਿਆ ਅਤੇ ਫੇਰ ਉਨ੍ਹਾਂ ਨੂੰ ਲਾਂਬੂ ਲਾ ਦਿੱਤੇ ਗਏ।

 

ਜਦ ਇਹ ਸਾਕਾ ਵਾਪਰਿਆ ਤਾਂ ਉਸ ਸਮੇਂ ਜਥੇਦਾਰ ਕਰਤਾਰ ਸਿੰਘ ਝੱਬਰ ਆਪਣੇ ਜੱਥੇ ਨਾਲ ਗੁਰਦੁਆਰਾ ਖ਼ਰਾ ਸੌਦਾ ਟਿਕਿਆ ਹੋਇਆ ਸੀ। ਉਸ ਦੀ ਪਹਿਲ ਕਦਮੀ ਨਾਲ ਤਕਰੀਬਨ 2200 ਅਕਾਲੀਆਂ ਦਾ ਇਕ ਹੋਰ ਜੱਥਾ ਗੁਰਦੁਆਰੇ `ਤੇ ਕਬਜ਼ਾ ਕਰਨ ਲਈ ਨਨਕਾਣੇ ਵੱਲ ਕੂਚ ਕਰਨ ਲਈ ਤਿਆਰ ਹੋ ਗਿਆ। ਇਸ ਜੱਥੇ ਨੂੰ 21 ਫਰਵਰੀ 1921 ਨੂੰ ਗੁਰਦੁਆਰੇ ਦੇ ਨੇੜੇ ਰੋਕ ਲਿਆ ਗਿਆ ਤੇ ਡਿਪਟੀ ਕਮਿਸ਼ਨਰ ਦਾ ਹੁਕਮ ਪੇਸ਼ ਕੀਤਾ ਗਿਆ, ਜਿਸ ਵਿਚ ਅਕਾਲੀਆਂ ਨੂੰ ਜਨਮ ਅਸਥਾਨ ਵੱਲ ਵੱਧਣ ਦੀ ਮਨਾਹੀ ਕੀਤੀ ਗਈ ਸੀ। ਝੱਬਰ ਨੇ ਇਹ ਹੁਕਮ ਹਰਕਾਰੇ ਦੇ ਸਾਮ੍ਹਣੇ ਹੀ ਪਾੜ ਦਿੱਤੇ ਤੇ ਕਿਹਾ ਕਿ ਉਹ ਡਿਪਟੀ ਕਮਿਸ਼ਨਰ ਨੂੰ ਕਹਿ ਦੇਵੇ ਕਿ ਉਹ ਆਪਣੇ ਜੱਥੇ ਨਾਲ ਜਾ ਰਿਹਾ ਹੈ, ਤੁਸੀਂ ਜੋ ਮਰਜ਼ੀ ਹੋਵੇ ਕਰ ਸਕਦੇ ਹੋ। ਡਿਪਟੀ ਕਮਿਸ਼ਨਰ ਨੇ ਖ਼ੁਦ ਆ ਕੇ ਜਥੇ ਨੂੰ ਰੋਕਿਆ ਤੇ ਖ਼ਬਰਦਾਰ ਕੀਤਾ ਕਿ ਜੇ ਉਹ ਅੱਗੇ ਵਧੇ ਤਾਂ ਗੋਲੀਆਂ ਨਾਲ ਭੁੰਨ ਦਿੱਤੇ ਜਾਣਗੇ। ਇਸ ਚੇਤਾਵਨੀ ਦੀ ਪ੍ਰਵਾਹ ਨਾ ਕਰਦੇ ਹੋਏ ਜਥੇਦਾਰ ਨੇ ਜੱਥੇ ਦੇ ਮੈਂਬਰਾਂ ਨੂੰ ਅੱਗੇ ਵਧਦੇ ਜਾਣ ਲਈ ਕਿਹਾ।ਡਿਪਟੀ ਕਮਿਸ਼ਨਰ ਝੁਕ ਗਿਆ ਝੱਬਰ ਨੂੰ ਜਨਮ ਅਸਥਾਨ ਦੀਆਂ ਚਾਬੀਆਂ ਦੇ ਦਿੱਤੀਆਂ।

 

ਸਭ ਪਾਸਿਉਂ ਇਸ ਦੀ ਨਿਖੇਧੀ ਹੋਈ । ਥਾਂ ਥਾਂ ਮਤੇ ਪਾਸ ਕੀਤੇ ਗਏ ਅਤੇ ਮਹੰਤ ਤੇ ਉਹਦੇ ਸਾਥੀਆਂ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਗਈ। 3 ਮਾਰਚ, 1921 ਨੂੰ ਨਨਕਾਣੇ ਵਿਚ ਇਕ ਬਹੁਤ ਵੱਡਾ ਸ਼ਹੀਦੀ ਦੀਵਾਨ ਹੋਇਆ, ਜਿਸ ਨੂੰ ਜਥੇਦਾਰ ਕਰਤਾਰ ਸਿੰਘ ਝੱਬਰ, ਮੌਲਾਨਾ ਸ਼ੌਕਤ ਅਲੀ ਅਤੇ ਮਹਾਤਮਾ ਗਾਂਧੀ ਨੇ ਸੰਬੋਧਨ ਕੀਤਾ।

 

13 ਮਾਰਚ 1921 ਨੂੰ ਦਿੱਲੀ ਤੇ ਭਾਰਤ ਸਰਕਾਰ ਨੇ ਗਵਰਨਰ ਮੈਕਲੈਗਨ ਨੂੰ ਲਿਖਿਆ ਕਿ ਪੰਜਾਬ ਵਿਚ ਸਿੱਖਾਂ ਦੀ ਲਾ-ਕਾਨੂੰਨੀ ਦੀਆਂ ਬੜੀਆਂ ਚਿੰਤਾਜਨਕ ਖ਼ਬਰਾਂ ਆ ਰਹੀਆਂ ਹਨ। ਜੇ ਇਸ ਨੂੰ ਰੋਕਿਆ ਨਾ ਗਿਆ ਤਾਂ ਸਾਰੇ ਸੂਬੇ ਦੇ ਅਮਨ ਚੈਨ ਲਈ ਗੰਭੀਰ ਖ਼ਤਰਾ ਬਣ ਸਕਦਾ ਹੈ। ਇਸ ਲਈ ਤਾਬੜ ਤੋੜ ਕਾਰਵਾਈ ਕੀਤੀ ਜਾਵੇ। ਇਸ ਨਾਲ ਤਸ਼ਦਦ ਦਾ ਨਵਾਂ ਦੌਰ ਸ਼ੁਰੂ ਹੋ ਗਿਆ ਤੇ 15 ਮਾਰਚ 1921 ਤੋਂ ਅਕਾਲੀਆਂ ਦੀਆਂ ਗ੍ਰਿਫ਼ਤਾਰੀਆਂ ਸ਼ੁਰੂ ਕਰ ਦਿੱਤੀਆਂ।ਕਰਤਾਰ ਸਿੰਘ ਝੱਬਰ ਸ਼੍ਰੋਮਣੀ ਕਮੇਟੀ ਦੀ ਨੀਤੀ ਅਨੁਸਾਰ ਚੁੱਪ ਚੁਪੀਤੇ ਗ੍ਰਿਫ਼ਤਾਰੀ ਦੇ ਦਿੱਤੀ।

 

ਗੁਰਦੁਆਰਿਆਂ ਵਿਚੋਂ ਫੜੇ ਅਕਾਲੀਆਂ ਨੂੰ ਸਖ਼ਤ ਸਜਾਵਾਂ ਦਿੱਤੀਆਂ ਗਈਆਂ। ਤੇਜਾ ਸਿੰਘ ਭੁਚਰ ਨੂੰ 9 ਸਾਲ, ਲਾਹੌਰਾ ਸਿੰਘ ਨੂੰ 11 ਸਾਲ, ਕਰਤਾਰ ਸਿੰਘ ਝੱਬਰ ਨੂੰ 18 ਸਾਲ ਦੀ ਸਖ਼ਤ ਸਜ਼ਾ ਹੋਈ। ਬਾਕੀ ਅਕਾਲੀਆਂ ਨੂੰ ਵੀ ਸਖ਼ਤ ਸਜਾਵਾਂ ਦਿੱਤੀਆਂ ਗਈਆਂਜਿਥੋਂ ਤੀਕ ਮਹੰਤ ਦੇ ਮੁਕੱਦਮੇ ਦਾ ਸੰਬੰਧ ਹੈ,ਸਰਕਾਰ ਉਸ ਦੀ ਪਿੱਠ `ਤੇ ਖੜ੍ਹੀ ਸੀ।ਹਾਈਕੋਰਟ ਦੇ ਜੱਜਾਂ ਨੇ ਮਹੰਤ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲ ਦਿੱਤਾ।ਉਨ੍ਹਾਂ ਹਰੀ ਨਾਥ (ਜਿਸ ਨੇ ਜੁਰਮ ਦਾ ਪੂਰਾ ਇਕਬਾਲ ਕਰ ਲਿਆ ਸੀ), ਰਾਂਝਾ ਅਤੇ ਰਿਹਾਨਾ ਦੀ ਫਾਂਸੀ ਦੀ ਸਜ਼ਾ ਬਹਾਲ ਰੱਖੀ ਅਤੇ ਜਿਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਮਿਲੀ ਸੀ, ਉਨ੍ਹਾਂ ਵਿਚੋਂ ਸਿਰਫ਼ 2 ਦੀ ਸਜ਼ਾ ਬਹਾਲ ਰੱਖੀ ਤੇ ਬਾਕੀ ਸਭ ਪਠਾਣਾਂ ਨੂੰ ਰਿਹਾਅ ਕਰ ਦਿੱਤਾ ਗਿਆ।

ਸੰਪਰਕ: 91 9417533060, ਈ-ਮੇਲ: gumtalacs@gmail.com

Check Also

ਗਦਰ ਪਾਰਟੀ ਦੀ ਕਦੋਂ ਤੇ ਕਿੱਥੇ ਹੋਈ ਪਹਿਲੀ ਮੀਟਿੰਗ

  -ਅਵਤਾਰ ਸਿੰਘ ਭਾਰਤ ਉੱਤੇ ਅੰਗਰੇਜ਼ਾਂ ਦਾ ਕਬਜਾ ਹੋਣ ਪਿੱਛੋਂ ਇਥੋਂ ਕੱਚੇ ਮਾਲ ਦੀ ਬਰਾਮਦ …

Leave a Reply

Your email address will not be published. Required fields are marked *