ਗੁਰਬਖਸ਼ ਸਿੰਘ ਪ੍ਰੀਤ ਲੜੀ – ਬੌਧਿਕਤਾ ਦੀ ਸਿਰਮੌਰ ਹਸਤੀ

TeamGlobalPunjab
3 Min Read

ਅਵਤਾਰ ਸਿੰਘ

ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ, ਨਾਟਕਕਾਰ, ਵਾਰਤਕ, ਲੇਖਕ ਤੇ ਸੰਪਾਦਕ ਗੁਰਬਖਸ਼ ਸਿੰਘ ਪ੍ਰੀਤ ਲੜੀ ਦਾ ਜਨਮ 26 ਅਪ੍ਰੈਲ 1895 ਨੂੰ ਸਿਆਲਕੋਟ ਵਿਖੇ ਮਾਤਾ ਮਿਲਣ ਕੌਰ ਪਿਤਾ ਪਿਸ਼ੌਰਾ ਸਿੰਘ ਦੇ ਘਰ ਹੋਇਆ।

ਸੱਤ ਸਾਲ ਦੀ ਉਮਰ ਵਿੱਚ ਪਿਤਾ ਦੀ ਮੌਤ ਹੋ ਗਈ। ਘਰ ਵਿੱਚ ਉਨ੍ਹਾਂ ਦੀ ਮਾਂ, ਦਾਦੀ ਤੇ ਛੋਟੇ ਭੈਣ ਭਰਾਵਾਂ ਤੋਂ ਬਿਨਾਂ ਕੋਈ ਰਿਸ਼ਤੇਦਾਰ ਚਾਚਾ, ਮਾਮਾ, ਭੂਆ ਨਹੀਂ ਸੀ। ਗਰੀਬੀ ਦੌਰਾਨ ਮਾਂ ਨੇ ਪੜਾਇਆ। ਸਿਆਲਕੋਟ ਤੋਂ ਦਸਵੀਂ ਕਰਕੇ ਲਾਹੌਰ ਕਾਲਜ ਵਿਖੇ ਦਾਖਲ ਹੋਏ ਪਰ ਪੜ੍ਹਾਈ ਛੱਡ ਕੇ 15 ਰੁਪਏ ਮਹੀਨਾ ਨੌਕਰੀ ਕਰ ਲਈ।

ਰੁੜਕੀ ਤੋਂ ਸਿਵਲ ਇੰਜੀਨੀਅਰ ਦਾ ਡਿਪਲੋਮਾ ਕਰਨ ਤੋਂ ਬਾਅਦ ਅਮਰੀਕਾ ਦੀ ਮਿਸ਼ੀਗਨ ਯੂਨੀਵਰਸਿਟੀ ਪਹੁੰਚ ਗਏ। ਉਥੋਂ ਪੜ੍ਹ ਕੇ ਤੇ ਪਰਾਏ ਸੱਭਿਆਚਾਰ ਤੋਂ ਪ੍ਰਭਾਵਤ ਹੋ ਕੇ ਵਾਪਸੀ ‘ਤੇ ਨਿੱਤ ਨਵੀਆਂ ਸਕੀਮਾਂ ਘੜਦੇ ਤੇ ਇਨ੍ਹਾਂ ਨੂੰ ਨੇਪਰੇ ਚਾੜਨ ਦੀਆਂ ਸਕੀਮਾਂ ਬਣਾਉਂਦੇ। ਸਤੰਬਰ 1933 ਵਿੱਚ ਮਾਸਿਕ ਮੈਗਜ਼ੀਨ ‘ਪ੍ਰੀਤ ਲੜੀ’ ਸ਼ੁਰੂ ਕੀਤਾ, ਜੋ ਅੱਜ ਤਕ ਚਲ ਰਿਹਾ ਹੈ।

- Advertisement -

ਗੁਰਬਖਸ਼ ਸਿੰਘ ਪ੍ਰੀਤ ਲੜੀ ਨੇ 1938 ਵਿੱਚ 15 ਏਕੜ ਜ਼ਮੀਨ ਲੈ ਕੇ ਪ੍ਰੀਤ ਨਗਰ ਵਸਾਇਆ। ਇਥੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਇਸ ਨਗਰ ਨੂੰ ਵੇਖਣ ਆਏ। ਬਲਵੰਤ ਗਾਰਗੀ, ਸੰਤੋਖ ਸਿੰਘ ਧੀਰ, ਅੰਮ੍ਰਿਤਾ ਪ੍ਰੀਤਮ ਵਰਗੇ ਕਈ ਲੇਖਕ ਆਉਦੇ ਰਹੇ।

1940 ਵਿੱਚ ਬਾਲ ਸੰਦੇਸ਼ ਵੀ ਸ਼ੁਰੂ ਕੀਤਾ। ਭਾਰਤ-ਪਾਕਿ ਵੰਡ ਤੋਂ ਬਾਅਦ ਦਿੱਲੀ ਦੇ ਇਲਾਕੇ ਮਹਿਰੌਲੀ ਵਿੱਚ ਜਾ ਕੇ ਪ੍ਰੀਤ ਲੜੀ ਨੂੰ ਜਾਰੀ ਰੱਖਿਆ। ਉਨ੍ਹਾਂ ਦਾ ਕਹਿਣਾ ਸੀ, ਜੇ ਰੱਬ ‘ਚ ਵਿਸ਼ਵਾਸ ਕਰਨ ਨਾਲ ਮਨੁੱਖ ਨੂੰ ਨਿੱਜੀ ਤੇ ਪਰਿਵਾਰਕ ਫਾਇਦਾ ਹੈ ਤਾਂ ਵਿਸ਼ਵਾਸ ਕਰ ਲੈਣਾ ਚਾਹੀਦਾ, ਜੇ ਰੱਬ ਤੋਂ ਬਗੈਰ ਜ਼ਿੰਦਗੀ ਚੰਗੀ ਗੁਜ਼ਰਦੀ ਹੈ ਤਾਂ ਰੱਬ ਵਾਲੇ ਪਾਸੇ ਜਾਣਾ ਫਜ਼ੂਲ ਹੈ।

ਮੈਗਜ਼ੀਨ ‘ਪ੍ਰੀਤ ਲੜੀ’ ਰਾਂਹੀ ਲੋਕਾਂ ਨੂੰ ਵਹਿਮਾਂ-ਭਰਮਾਂ ਤੇ ਅੰਧਵਿਸ਼ਵਾਸਾਂ ਤੋਂ ਮੁਕਤ ਹੋਣ ਲਈ ਕਹਿੰਦੇ ਤਾਂ ਜੋ ਜਿੰਦਗੀ ਸੌਖੀ ਹੋ ਸਕੇ। ਉਨ੍ਹਾਂ ਦੇ ਪੁੱਤਰ ਨਵਤੇਜ ਸਿੰਘ ਤੇ ਦਮਾਦ ਜਗਜੀਤ ਸਿੰਘ ਅਨੰਦ ਦਾ ਪ੍ਰਭਾਵ ਹੋਣ ਨਾਲ ਉਨ੍ਹਾਂ ਦਾ ਝੁਕਾ ਕਮਿਊਨਿਸਟ ਵਿਚਾਰਾਂ ਵਲ ਹੋ ਗਿਆ। ਉਨ੍ਹਾਂ ਨੇ ਕਈ ਕਹਾਣੀਆਂ, ਨਾਵਲ, ਕਿਤਾਬਾਂ ਲਿਖੀਆਂ ਜਿਨ੍ਹਾਂ ਵਿਚ ਸਾਂਵੀ ਪੱਧਰੀ ਜਿੰਦਗੀ, ਅਣ-ਵਿਆਹੀ ਮਾਂ (ਨਾਵਲ) ਤੇ ਮੈਕਸਿਮ ਗੋਰਕੀ ਦੇ ਪ੍ਰਸਿਧ ਨਾਵਲ ‘ਮਾਂ’ ਦਾ ਪੰਜਾਬੀ ਅਨੁਵਾਦ ਕੀਤਾ।

20 ਅਗਸਤ 1977 ਨੂੰ ਪੀ ਜੀ ਆਈ ਚੰਡੀਗੜ੍ਹ ਵਿਚ ਗੁਰਬਖਸ਼ ਸਿੰਘ ਪ੍ਰੀਤ ਲੜੀ ਦਾ ਦੇਹਾਂਤ ਹੋ ਗਿਆ। ਪਹਿਲਾਂ ਉਨ੍ਹਾਂ ਦੇ ਲੜਕੇ ਨਵਤੇਜ ਸਿੰਘ ਨੇ ਪ੍ਰੀਤ ਲੜੀ ਨੂੰ 1981 (ਮੌਤ) ਤਕ ਜਾਰੀ ਰੱਖਿਆ ਬਾਅਦ ਵਿਚ ਉਸਦੇ ਲੜਕੇ ਸੁਮੀਤ ਸਿੰਘ ਨੇ ਜੁੰਮੇਵਾਰੀ ਸੰਭਾਲੀ ਜਿਸਨੂੰ 1984 ਵਿਚ ਦਹਿਸ਼ਤਗਰਦਾਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਹੁਣ ਉਸਦੀ ਪਤਨੀ ਪੂਨਮ ਤੇ ਭਰਾ ਰੱਤੀ ਕੰਤ ਰਸਾਲੇ ਪ੍ਰੀਤ ਲੜੀ ਨੂੰ ਚਲਾ ਰਹੇ ਹਨ।

Share this Article
Leave a comment