ਕੋਰੋਨਾ ਦੀ ਚੁਣੌਤੀ: ਕਣਕ ਦਾ ਮੰਡੀਕਰਨ ਅਤੇ ਸਮਾਜਿਕ ਦੂਰੀ

TeamGlobalPunjab
4 Min Read

ਅੱਜ ਸਾਰੀ ਦੁਨੀਆ ਕੋਰੋਨਾ ਦੀ ਲਪੇਟ ਵਿਚ ਹੈ ਅਤੇ ਸਾਡਾ ਦੇਸ਼ ਅਤੇ ਇਸ ਦੇ ਸਾਰੇ ਸੂਬੇ ਇਸ ਭਿਆਨਕ ਖ਼ਤਰੇ ਨੂੰ ਨਜਿੱਠਣ ਲਈ ਕਈ ਤਰਾਂ ਦੇ ਉਪਰਾਲੇ ਕਰ ਰਹੇ ਹਨ। ਇਹ ਕੋਰੋਨਾ ਵਾਇਰਸ ਮਨੁੱਖੀ ਜੀਵਨ ਲਈ ਅਹਿਮ ਖ਼ਤਰਾ ਹੈ ਜਿਸ ਨੇ ਰੋਜ ਦੀ ਜ਼ਿੰਦਗੀ ਨੂੰ ਲੱਗਭੱਗ ਠੱਲ ਪਾ ਦਿੱਤੀ ਹੈ। ਇਸ ਨਾਲ ਖੇਤੀਬਾੜੀ ਸੰਕਟ ਵੀ ਪੈਦਾ ਹੋਇਆ ਹੈ ਕਿਉਂਕਿ ਕਣਕ ਦੀ ਖਰੀਦ ਲਈ ਬਸ ਕੁਝ ਹੀ ਦਿਨ ਬਚੇ ਹਨ ਜਦ 1350 ਲੱਖ ਕੁਇੰਟਲ ਤੋਂ ਵੀ ਵੱਧ ਪੈਦਾਵਾਰ ਮੰਡੀਆਂ ਵਿਚ ਆਵੇਗੀ।

ਮੰਡੀਆਂ ਵਿੱਚ ਅਨਾਜ ਦੀ ਏਨੀ ਆਮਦ ਕੋਰੋਨਾ ਦੇ ਖ਼ਤਰੇ ਨਾਲ ਜੂਝ ਰਹੇ ਸਮਾਜ, ਪੰਜਾਬ ਦੀ ਕਿਸਾਨੀ ਅਤੇ ਹੋਰ ਹਿੱਸੇਦਾਰਾਂ ਲਈ ਇੱਕ ਵੱਡੀ ਚੁਣੌਤੀ ਪੈਦਾ ਕਰੇਗੀ। ਕਿਸਾਨੀ ਨਾਲ ਜੁੜਿਆ ਹਰ ਵਰਗ ਇਸ ਸਮੱਸਿਆ ਦਾ ਹੱਲ ਲੱਭਣ ਲਈ ਜੂਝ ਰਿਹਾ ਹੈ।

ਮੌਜੂਦਾ ਸਥਿਤੀ ਦੌਰਾਨ ਸਰਕਾਰ ਨੇ ਮੰਡੀਆਂ ਵਿੱਚ ਕਣਕ ਦੀ ਸਿਲਸਿਲੇਵਾਰ ਖਰੀਦ ਦਾ ਫੈਸਲਾ ਲਿਆ ਹੈ ਤਾਂ ਕਿ ਕੋਰੋਨਾ ਦੇ ਸੰਕਟ ਦੌਰਾਨ ਮੰਡੀਆਂ ਵਿਚ ਜ਼ਿਆਦਾ ਇਕੱਠ ਨੂੰ ਰੋਕਿਆ ਜਾ ਸਕੇ।

ਅੱਜ ਦੇਸ ਮੇਂ ਦੀ ਵੱਡੀ ਚੁਣੌਤੀ ਇਹੀ ਹੈ ਕਿ ਕਿਸਾਨੀ ਦੇ ਸੰਭਾਵਿਤ ਨੁਕਸਾਨ ਨੂੰ ਕਿਸ ਤਰ੍ਹਾਂ ਘੱਟ ਤੋਂ ਘੱਟ ਕੀਤਾ ਜਾ ਸਕੇ। ਅੱਜ ਕੋਈ ਵੀ ਖੇਤਰ ਜਾਂ ਤਬਕਾ ਐਸਾ ਨਹੀਂ ਹੈ ਜਿਸਨੂੰ ਕੋਰੋਨਾ ਦੇ ਕਹਿਰ ਕਾਰਨ ਮਾਲੀ ਨੁਕਸਾਨ ਨਾ ਉਠਾਉਣਾ ਪਿਆ ਹੋਵੇ।

- Advertisement -

ਮੌਜੂਦਾ ਹਾਲਾਤ ਵਿਚ ਕਣਕ ਦੀ ਇਸ ਖਰੀਦ ਦੇ ਤਰੀਕੇ ਦੇ ਹੱਕ ਵਿਚ ਅਤੇ ਇਸਦੇ ਖਿਲਾਫ ਦੋਵੇਂ ਤਰ੍ਹਾਂ ਦੇ ਵਿਚਾਰ ਸਾਹਮਣੇ ਆ ਰਹੇ ਹਨ। ਕੁਝ ਲੋਕ ਇਸ ਖਰੀਦ ਵਿਵਸਥਾ ਉੱਤੇ ਸੁਆਲ ਕਰ ਰਹੇ ਹਨ ਅਤੇ ਕਿਸਾਨਾਂ ਅਤੇ ਹੋਰ ਹਿੱਸੇਦਾਰਾਂ ਨੂੰ ਦਰਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਦਾ ਹਵਾਲਾ ਦੇ ਰਹੇ ਹਨ। ਕੁਝ ਲੋਕ ਇਸ ਵਿਵਸਥਾ ਦੇ ਹੱਕ ਵਿਚ ਆਪਣੇ ਵਿਚਾਰ ਦੇ ਚੁੱਕੇ ਹਨ। ਭਾਵੇਂ ਇਸ ਸਕੀਮ ਦੇ ਖਿਲਾਫ ਉਠੇ ਤਰਕਾਂ ਨੂੰ ਸਿਰੇ ਤੋਂ ਨਕਾਰਿਆ ਨਹੀਂ ਜਾਂ ਸਕਦਾ, ਫਿਰ ਵੀ ਮੌਜੂਦਾ ਸਥਿਤੀ ਨੂੰ ਨਜਿੱਠਣ ਲਈ ਸਿਲਸਿਲੇਵਾਰ ਖਰੀਦ ਤੋਂ ਇਲਾਵਾ ਕੋਈ ਹੋਰ ਚਾਰਾ ਨਜ਼ਰ ਨਹੀਂ ਆਓਂਦਾ। ਉਹ ਵੀ ਉਸ ਵੇਲੇ ਜਦ ਕੋਰੋਨਾ ਦੀ ਬਿਮਾਰੀ ਨੂੰ ਠੱਲ ਪਾਉਣ ਵਾਸਤੇ ਸਮਾਜਿਕ ਦੂਰੀ ਬਣਾਉਣੀ ਬਹੁਤ ਜਰੂਰੀ ਹੈ।

ਸਿਲਸਿਲੇਵਾਰ ਖਰੀਦ ਨੂੰ ਲਾਗੂ ਨਾ ਕਰਨ ਦੀ ਸੂਰਤ ਵਿੱਚ ਚੰਦ ਹੀ ਦਿਨਾਂ ਦੇ ਅੰਦਰ ਮੰਡੀਆਂ ਵਿਚ ਭਾਰੀ ਮਾਤਰਾ ਵਿਚ ਕਣਕ ਦੀ ਆਮਦ ਮਨੁੱਖੀ ਜੀਵਨ ਲਈ ਖ਼ਤਰਾ ਪੈਦਾ ਕਰੇਗੀ। ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਸੰਖਿਆ ਅੱਠ ਹਜਾਰ ਤੋਂ ਵੀ ਟੱਪ ਗਈ ਹੈ ਅਤੇ ਪਿਛਲੇ ਦੱਸ ਦਿਨਾਂ ਵਿਚ ਇਹ ਚਾਰ ਗੁਣਾ ਹੋਈ ਹੈ। ਇਸ ਤੋਂ ਹੋਣ ਵਾਲੀਆਂ ਮੌਤਾਂ ਵੀ ਪਿਛਲੇ ਦਸ ਦਿਨਾਂ ਵਿਚ ਪੰਜ ਗੁਣਾ ਹੋ ਗਈਆਂ ਹਨ।

ਇਹਨਾਂ ਅੰਕੜਿਆਂ ਨੂੰ ਨਜ਼ਰਅੰਦਾਜ ਨਹੀਂ ਕੀਤਾ ਜਾਂ ਸਕਦਾ ਕਿਉਂਕਿ ਕੋਈ ਵੀ ਢਿੱਲ ਇਸ ਗਿਣਤੀ ਨੂੰ ਹਜਾਰਾਂ ਤੋਂ ਲੱਖਾਂ ਤੱਕ ਪਹੁੰਚਾ ਸਕਦੀ ਹੈ।

ਪੰਜਾਬ ਵਿੱਚ ਅਜੇ ਕੋਰੋਨਾ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ ਨੇ ਅਜੇ ਵੀ ਖ਼ਤਰਨਾਕ ਰੂਪ ਅਖਤਿਆਰ ਨਹੀਂ ਕੀਤਾ।

ਪਰ ਕਣਕ ਦੇ ਮੰਡੀਕਰਨ ਦੇ ਦੌਰਾਨ ਸਮਾਜਿਕ ਦੂਰੀ ਦੇ ਨਿਯਮ ਦੀ ਅਣਗਹਿਲੀ ਮਹਿੰਗੀ ਸਾਬਿਤ ਹੋ ਸਕਦੀ ਹੈ। ਪੰਜਾਬ ਵਿੱਚ ਕੋਰੋਨਾ ਦੇ ਫੈਲਾਅ ਦੇ ਤੇਜ ਹੋ ਜਾਣ ਨਾਲ ਜਾਨੀ ਤੇ ਮਾਲੀ ਨੁਕਸਾਨ ਵਧੇਗਾ।

- Advertisement -

ਇਸ ਵਿੱਚ ਕੋਈ ਦੋ ਰਾਏ ਨਹੀਂ ਕਿ ਮੌਜੂਦਾ ਸਕਮਿ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਦੌਰਾਨ ਆਉਣ ਵਾਲੀਆਂ ਔਕੜਾਂ ਦੇ ਵੀ ਹੱਲ ਲੱਭਣ ਦੀ ਲੋੜ ਹੈ।

ਪਰ ਇਹ ਵੀ ਧਿਆਨ ਰੱਖਣਾ ਜਰੂਰੀ ਹੈ ਕਿ ਕੋਰੋਨਾ ਤੋਂ ਪੈਦਾ ਹੋਈ ਸਮਾਜਿਕ ਅਤੇ ਆਰਥਿਕ ਚੁਣੌਤੀ ਉਮੀਦ ਕੀਤੇ ਜਾਂ ਰਹੀਆਂ ਵਿਅਕਤੀਗਤ ਚੁਣੌਤੀਆਂ ਨਾਲੋਂ ਵੀ ਵਧੇਰੇ ਗੰਭੀਰ ਹੈ ਅਤੇ ਸਮਾਜ ਦੇ ਹਰ ਵਰਗ ਦੀ ਢੁਕਵੀਂ ਭੂਮਿਕਾ ਦੀ ਉਮੀਦ ਕਰਦੀ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਕੀਤੇ ਗਏ ਇਕ ਤਾਜ਼ਾ ਸਰਵੇਖਣ ਵਿੱਚ ਕਿਸਾਨਾਂ ਨੇ ਇਸ ਤਰ੍ਹਾਂ ਦੀ ਸਿਲਸਿਲੇਵਾਰ ਸਕੀਮ ਦਾ ਸਮਰਥਨ ਕੀਤਾ ਹੈ ਤੇ ਇਸ ਦੌਰਾਨ ਆਓਂਦੇ ਖਰਚੇ ਦੀ ਭਰਪਾਈ ਦੀ ਮੰਗ ਕੀਤੀ ਹੈ।

ਇਹ ਸਮਾਂ ਸਾਨੂੰ ਇਕ ਨਵੇਂ ਖਰੀਦ ਢੰਗ ਨੂੰ ਪਰਖਣ ਦਾ ਵੀ ਮੌਕਾ ਪ੍ਰਦਾਨ ਕਰਦਾ ਹੈ ਅਤੇ ਹੋ ਸਕਦਾ ਹੈ ਕਿ ਭਵਿੱਖ ਵਿੱਚ ਇਹ ਇੱਕ ਕਾਮਯਾਬ ਮਿਸਾਲ ਕਾਇਮ ਹੋਵੇ।

-ਕਮਲ ਵੱਤਾ, ਪ੍ਰੋਫੈਸਰ ਅਤੇ ਮੁਖੀ ਆਰਥਿਕ ਅਤੇ ਸਮਾਜਿਕ ਵਿਭਾਗ

-ਬਲਦੇਵ ਸਿੰਘ ਢਿੱਲੋਂ, ਵਾਈਸ ਚਾਂਸਲਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ

Share this Article
Leave a comment