ਮੇਲਾ ਨਹੀਂ ਅਤੇ ਨਾ ਹੀ ਇਹ ਚਾਹ, ਪਕੋੜੇ ਤੇ ਲੱਡੂਆਂ ਦੇ ਲੰਗਰ ਲਾਉਣ ਦਾ ਤਿਉਹਾਰ ਇਹ ਤਾਂ…

TeamGlobalPunjab
5 Min Read

ਨਗਰ ਕੀਰਤਨ ਸ੍ਰੀ ਫਤਿਹਗੜ ਸਾਹਿਬ ’ਤੇ ਵਿਸ਼ੇਸ਼ ਰਿਪੋਰਟ।


ਮੇਲਾ ਨਹੀਂ ਅਤੇ ਨਾ ਹੀ ਇਹ ਚਾਹ, ਪਕੋੜੇ ਤੇ ਲੱਡੂਆਂ ਦੇ ਲੰਗਰ ਲਾਉਣ ਦਾ ਤਿਉਹਾਰ ਇਹ ਤਾਂ…

ਡਾ. ਗੁਰਦੇਵ ਸਿੰਘ

ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰੀ ਦੀ ਅਦੁੱਤੀ ਸ਼ਹਾਦਤ ਨੂੰ ਜਦੋਂ ਜਦੋਂ ਵੀ ਸਿੱਖ ਯਾਦ ਕਰਦੇ ਹਨ ਉਦੋਂ ਉਦੋਂ ਸਿੱਖਾਂ ਦੇ ਮਨਾ ਵਿੱਚ ਅੰਤਾਂ ਦਾ ਵੈਰਾਗ ਪੈਦਾ ਹੋ ਜਾਂਦਾ ਹੈ। ਇਸ ਦੇ ਨਾਲ ਨਿਰਭਉ ਤੇ ਨਿਰਵੈਰ ਵਾਲੀ ਵਾਲੀ ਅਵਸਥਾ ਨੂੰ ਬਨਾਉਣ ਦੀ ਦ੍ਰਿੜਤਾ ਵੀ ਪੈਦਾ ਹੁੰਦੀ ਹੈ। ਸ੍ਰੀ ਫਤਿਹਗੜ੍ਹ ਸਾਹਿਬ ਵਿਖੇ 27 ਦਸੰਬਰ ਨੂੰ ਇਸ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਇਸ ਨਗਰ ਕੀਰਤਨ ਵਿੱਚ ਦੇਸ਼ ਵਿਦੇਸ਼ ਤੋਂ ਆਇਆਂ ਹਜ਼ਾਰਾਂ ਹੀ ਸਿੱਖ ਸੰਗਤਾਂ ਨੇ ਸ਼ਰਧਾ ਭਾਵਨਾ ਨਾਲ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸ਼ਰਧਾ ਦੇ ਫੁੱਲ ਅਰਪਣ ਕੀਤੇ।

- Advertisement -

ਇਤਿਹਾਸਕ ਪੱਖ ਦੀ ਗੱਲ ਕਰੀਏ ਤਾਂ ਸਿੱਖ ਇਤਿਹਾਸਕ ਹਵਾਲਿਆਂ ਤੇ ਪ੍ਰਚਲਿਤ ਲੋਕ ਕਥਾਵਾਂ ਅਨੁਸਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਪਹਿਲਾਂ ਮੋਰਿੰਡੇ ਕਾਲ ਕੋਠੜੀ ਵਿੱਚ ਰੱਖਿਆ ਗਿਆ। ਫਿਰ ਹੱਥ ਕੜੀਆਂ ਲਾ ਕੇ ਮੋਰਿੰਡੇ ਤੋਂ ਪੈਦਲ ਸਰਹਿੰਦ ਲਿਆਂਦਾ ਗਿਆ। ਸਰਹਿੰਦ ਵਿਖੇ ਸਾਹਿਬਜ਼ਾਦਿਆਂ ਨੂੰ ਤਿੰਨ ਦਿਨ ਠੰਢੇ ਬੁਰਜ ਵਿੱਚ ਕੈਦ ਕੀਤਾ ਗਿਆ। ਠੰਡਾ ਬੁਰਜ ਜਿਸ ਦੇ ਉਸ ਸਮੇਂ ਥੱਲਿਓ ਪਾਣੀ ਵਗਦਾ ਸੀ ਜਿਸ ਨਾਲ ਹਵਾ ਟਕਰਾਅ ਕੇ ਉੱਪਰ ਵੱਲ ਆਉਂਦੀ ਸੀ ਜੋ ਅੱਤ ਦੀ ਗਰਮੀ ਵਿਚ ਵੀ ਕੰਬਣੀ ਛੇੜ ਦਿੰਦੀ ਸੀ। ਦਸੰਬਰ ਦੀ ਸਰਦੀ ਵਿੱਚ ਕੀ ਹਾਲ ਹੋਇਆ ਹੋਵੇਗਾ ਇਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਡਾਕਟਰ ਗੰਡਾ ਸਿੰਘ ਜੀ ਅਨੁਸਾਰ ਜਦੋਂ ਦੋ ਦਿਨ ਬਾਅਦ ਸਾਹਿਬਜ਼ਾਦਿਆਂ ਨੂੰ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਤਾਂ ਠੰਢ ਨਾਲ ਸਾਹਿਬਜ਼ਾਦਿਆਂ ਦੇ ਨੱਕ ਲਾਲ, ਬੁੱਲ ਨੀਲੇ ਤੇ ਹੱਥ ਠੰਡ ਨਾਲ ਬੇਹਾਲ ਹੋਏ ਪਏ ਸਨ। ਕਚਹਿਰੀ ਵਿੱਚ ਸਾਹਿਬਜ਼ਾਦਿਆਂ ਨੂੰ ਮੁਸਲਮਾਨ ਬਣਨ ਲਈ ਕਿਹਾ ਗਿਆ, ਸਾਹਿਬਜ਼ਾਦੇ ਜਦੋਂ ਨਾ ਮੰਨੇ ਤਾਂ ਉਨ੍ਹਾਂ ਨੂੰ ਤਸੀਹੇ ਦਿੱਤੇ ਗਏ।  ਤੂਤ ਦੀ ਪਤਲੀ ਛਟੀ ਲੈ ਕੇ ਸਾਹਿਬਜ਼ਾਦਿਆਂ ਨੂੰ ਕੁੱਟਿਆ ਗਿਆ ਤਾਂ ਜੋ ਸੱਟ ਲੱਗਣ ਤੇ ਡਰ ਤੋਂ ਇਸਲਾਮ ਕਬੂਲ ਲੈਣ। ਇਸ ਨਾਲ ਓਹਨਾਂ ਦਾ ਮਾਸ ਉੱਭਰ ਗਿਆ ਤੇ ਕੋਮਲ ਸ਼ਰੀਰ ਉੱਪਰ ਨਿਸ਼ਾਨ ਪੈ ਗਏ। ਫਿਰ ਉਨ੍ਹਾਂ ਨੂੰ ਪਿੱਪਲ ਨਾਲ ਬੰਨ ਕੇ ਗੁਲੇਲੇ ਮਾਰੇ ਗਏ। ਉਂਗਲਾ ਵਿਚ ਪੁਲੀਤੇ ਰੱਖ ਕੇ ਅੱਗ ਲਗਾ ਕੇ ਚਮੜੀ ਸਾੜ ਦਿੱਤੀ ਗਈ ਤਾਂ ਜੋ ਦੋਵੇਂ ਸਾਹਿਬਜ਼ਾਦੇ ਡੋਲ ਜਾਣ। ਕੋਈ ਪੇਸ਼ ਨਾ ਚਲਦੀ ਦੇਖ ਕੇ ਆਖਰੀ ਕਚਿਹਰੀ ਵਿੱਚ ਜਾਲਮਾਂ ਨੇ ਸਾਹਿਬਜ਼ਾਦਿਆਂ ਨੂੰ ਨੀਂਹਾ ਵਿੱਚ ਚਿਣਨ ਦਾ ਫਤਵਾ ਦੇ ਦਿੱਤਾ। ਇਤਿਹਾਸ ਦਸਦਾ ਹੈ ਸ਼ਹਾਦਤ ਤੇ ਜਾਣ ਤੋਂ ਪਹਿਲਾਂ ਮਾਤਾ ਜੀ ਨੇ ਗੱਠੜੀ ਵਿਚੋਂ ਨੀਲੇ ਚੋਲੇ ਸਾਹਿਬਜ਼ਾਦਿਆਂ ਦੇ ਪਾਏ, ਦਸਤਾਰਾਂ ਸਜਾਈਆਂ ਅਤੇ ਦੋਵਾਂ ਦਾ ਮੱਥਾ ਚੁੰਮ ਕੇ ਵਿਦਾ ਕੀਤਾ। ਸੋਹਣ ਸਿੰਘ ਸੀਤਲ ਲਿਖਦੇ ਹਨ ਕਿ ਛੋਟੇ ਸਾਹਿਬਜ਼ਾਦੇ ਬਾਬਾ ਫ਼ਤਿਹ ਸਿੰਘ ਥੋੜਾ ਅੱਗੇ ਜਾ ਕੇ ਪਿੱਛੇ ਮਾਤਾ ਜੀ ਵੱਲ ਵੇਖਦੇ ਹਨ ਤਾਂ ਦਾਦੀ ਜੀ, ਮਾਤਾ ਜੀ ਨੂੰ ਕਹਿੰਦੇ ਹਨ ਕਿ ਤੁਸੀਂ ਸਾਨੂੰ ਕਦੇ ਇਕੱਲਿਆਂ ਨਹੀਂ ਛੱਡਿਆ ਹੁਣ ਵੀ ਸਾਡੇ ਪਿੱਛੇ ਪਿੱਛੇ ਆ ਜਾਣਾ। ਦੋਹਾਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ, ਬੇਹੋਸ਼ ਹੋਣ ਤੇ ਕੰਧ ਗਿਰ ਗਈ । ਹੋਸ਼ ਵਿੱਚ ਆਉਣ ਤੇ ਜ਼ਲਾਦਾਂ ਨੇ ਸਾਹਿਬਜ਼ਾਦਿਆਂ ਨੂੰ ਆਪਣੇ ਗੋਡਿਆਂ ਦੇ ਥੱਲੇ ਲਿਆ ਤੇ ਸਾਹ ਦੀ ਨਲੀ ਕੱਟ, ਸਹੀਦ ਕਰ ਦਿੱਤਾ। ਗ੍ਰੰਥ ਬੰਸਾਵਲੀ ਨਾਮੇ ਵਿਚ ਲਿਖਿਆ ਹੈ ਕੇ ਬਾਬਾ ਜ਼ੋਰਾਵਰ ਸਿੰਘ ਦੋ ਤੋਂ ਢਾਈ ਮਿੰਟ ਵਿੱਚ ਸ਼ਹੀਦ ਹੋ ਗਏ ਤੇ ਬਾਬਾ ਫਤਹਿ ਸਿੰਘ ਲਗਭਗ ਅੱਧੀ ਘੜੀ ਚਰਨ ਮਾਰਦੇ ਰਹੇ ਤੇ ਖੂਨ ਨਿਕਲਦਾ ਰਿਹਾ ਤੇ ਹੌਲੀ ਹੌਲੀ ਚਰਨ ਹਿਲਣੇ ਬੰਦ ਹੋ ਗਏ…ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖਬਰ ਸੁਣ ਕੇ ਮਾਤਾ ਗੁਜਰੀ ਨੇ ਵੀ ਸੁਆਸ ਤਿਆਗ ਦਿੱਤੇ।

ਸੋ ਸਾਹਿਬਜ਼ਾਦਿਆਂ ਦੀ ਇਸ ਲਾਸਾਨੀ ਸ਼ਹਾਦਨ ਨੂੰ ਸਮਰਪਿਤ ਇਹ ਨਗਰ ਕੀਰਤਨ ਸ੍ਰੀ ਫਤਿਹਗੜ੍ਹ ਦੇ ਵੱਖ ਵੱਖ ਸਥਾਨਾਂ ਤੋਂ ਹੁੰਦਾ ਹੋਇਆ ਤਕਰੀਬਨ 3 ਵਜੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਪਹੁੰਚਿਆ। ਅਰਦਾਸ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਹੁਕਮਨਾਮਾ ਲੈਣ ਤੋਂ ਉਪਰੰਤ ਇਸ ਨਗਰ ਕੀਰਤਨ ਦੀ ਸਮਾਪਤੀ ਹੋਈ। ਸਮਾਪਤੀ ਉਪਰੰਤ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਸੰਗਤਾਂ ਵਿਸ਼ੇਸ਼ ਸੰਦੇਸ਼ ਦਿੱਤਾ।

ਸਾਕਾ ਸਰਹਿੰਦ ਦੇ ਜੋੜ ਮੇਲ ਨੂੰ ਮੇਲਾ ਸਮਝ ਕੇ ਚਾਹ, ਪਕੋੜੇ, ਲੱਡੂਆਂ ਆਦਿ ਦੇ ਲੰਗਰ ਛੱਕਣ ਵਾਲਾ ਤਿਉਹਾਰ ਨਹੀਂ ਸਮਝਣਾ ਚਾਹੀਦਾ ਸਗੋਂ ਇਹ ਤਾਂ ਸਿੱਖਾਂ ਲਈ ਕਦੀ ਨਾ ਭੁਲਣ ਵਾਲਾ ਸੋਗਮਈ ਤੇ ਜੋਸ਼ ਭਰਨ ਵਾਲਾ ਸਾਕਾ ਹੈ। ਇਸ ਲਈ ਇਸ ਦੀ ਇਤਿਹਾਸਕਤਾ ਨੂੰ ਪਹਿਚਾਨਣਾ ਚਾਹੀਦਾ ਹੈ।  ਛੋਟੇ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਤੋਂ ਸਾਨੂੰ ਸਿੱਖੀ ਸਿਦਕ ‘ਤੇ ਚੱਲਣ ਅਤੇ ਹੱਕ ਸੱਚ ਲਈ ਡਟ ਕੇ ਪਹਿਰਾ ਦੇਣ ਦੀ ਪ੍ਰੇਰਣਾ ਲੈਣੀ ਚਾਹੀਦੀ ਹੈ ਤਾਂ ਹੀ ਇਨ੍ਹਾਂ ਇਤਿਹਾਸਕ ਦਿਹਾੜਿਆਂ ਨੂੰ ਮਨਾਉਣ ਦੇ ਉਦੇਸ਼ ਸਫਲ ਹੋ ਸਕਣਗੇ।

*gurdevsinghdr@gmail.com

Share this Article
Leave a comment