ਨਵੀ ਦਿੱਲੀ : ਮੁੰਬਈ ਆਉਣ-ਜਾਣ ਵਾਲੇ ਯਾਤਰੀਆਂ ਲਈ ਜ਼ਰੂਰੀ ਖ਼ਬਰ ਹੈ। ਅੱਜ ਯਾਨੀ 7 ਮਈ ਨੂੰ ਮੁੰਬਈ ਦਾ ਛਤਰਪਤੀ ਸ਼ਿਵਾਜੀ ਮਹਾਰਾਜ ਇੰਟਰਨੈਸ਼ਨਲ ਏਅਰਪੋਰਟ 6 ਘੰਟਿਆਂ ਲਈ ਪੂਰੀ ਤਰ੍ਹਾਂ ਬੰਦ ਰਹੇਗਾ। ਏਅਰਪੋਰਟ ਪ੍ਰਸ਼ਾਸਨ ਨੇ ਜਾਣਕਾਰੀ ਦਿੱਤੀ ਹੈ ਕਿ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਕੋਈ ਵੀ ਜਹਾਜ਼ ਟੇਕਆਫ ਜਾਂ ਲੈਂਡਿੰਗ ਨਹੀਂ ਕਰੇਗਾ।
ਮੁੰਬਈ ਏਅਰਪੋਰਟ ਦੇਸ਼ ਦੇ ਸਭ ਤੋਂ ਵਿਅਸਤ ਹਵਾਈ ਅੱਡਿਆਂ ਵਿੱਚ ਗਿਣਿਆ ਜਾਂਦਾ ਹੈ, ਇਸ ਲਈ ਇਸ ਖ਼ਬਰ ਦਾ ਅਸਰ ਹਜ਼ਾਰਾਂ ਯਾਤਰੀਆਂ ‘ਤੇ ਪੈ ਸਕਦਾ ਹੈ। ਹਾਲਾਂਕਿ, ਏਅਰਪੋਰਟ ਪ੍ਰਸ਼ਾਸਨ ਅਤੇ ਏਅਰਲਾਈਨਜ਼ ਨੇ ਪਹਿਲਾਂ ਹੀ ਤਿਆਰੀ ਕਰ ਲਈ ਹੈ ਤਾਂ ਜੋ ਯਾਤਰੀਆਂ ਨੂੰ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਦਰਅਸਲ, ਏਅਰਪੋਰਟ ‘ਤੇ ਇਹ ਫੈਸਲਾ ਪ੍ਰੀ-ਮੌਨਸੂਨ ਮੇਨਟੇਨੈਂਸ (ਮਾਨਸੂਨ ਤੋਂ ਪਹਿਲਾਂ ਦੀ ਸਾਂਭ-ਸੰਭਾਲ) ਦੇ ਚੱਲਦਿਆਂ ਲਿਆ ਗਿਆ ਹੈ। ਹਰ ਸਾਲ ਬਾਰਸ਼ ਸ਼ੁਰੂ ਹੋਣ ਤੋਂ ਪਹਿਲਾਂ ਰਨਵੇਅ ਅਤੇ ਏਅਰਸਾਈਡ ਖੇਤਰ ਦੀ ਜਾਂਚ ਕੀਤੀ ਜਾਂਦੀ ਹੈ ਤਾਂ ਜੋ ਮਾਨਸੂਨ ਦੌਰਾਨ ਉਡਾਣਾਂ ਦੀ ਸੁਰੱਖਿਆ ਬਣੀ ਰਹੇ ਅਤੇ ਯਾਤਰੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ।
ਏਅਰਪੋਰਟ ਅਧਿਕਾਰੀਆਂ ਮੁਤਾਬਕ, ਰਨਵੇਅ 09/27 ਅਤੇ ਰਨਵੇਅ 14/32 ‘ਤੇ ਤਕਨੀਕੀ ਕੰਮ ਕੀਤਾ ਜਾਵੇਗਾ। ਇਸ ਦੌਰਾਨ ਰਨਵੇਅ ਦੀ ਸਤ੍ਹਾ ਦੀ ਬਾਰੀਕੀ ਨਾਲ ਜਾਂਚ ਹੋਵੇਗੀ ਅਤੇ ਜਿੱਥੇ ਲੋੜ ਹੋਵੇਗੀ ਉੱਥੇ ਤੁਰੰਤ ਮੁਰੰਮਤ ਕੀਤੀ ਜਾਵੇਗੀ।
ਮੁੰਬਈ ਵਿੱਚ ਮਾਨਸੂਨ ਦੌਰਾਨ ਭਾਰੀ ਬਾਰਸ਼ ਹੁੰਦੀ ਹੈ, ਇਸ ਲਈ ਏਅਰਪੋਰਟ ਪ੍ਰਸ਼ਾਸਨ ਪਹਿਲਾਂ ਹੀ ਤਿਆਰੀ ਕਰ ਰਿਹਾ ਹੈ। ਇਸੇ ਕਰਕੇ ਇਹ ਮੇਨਟੇਨੈਂਸ ਕਾਫੀ ਜ਼ਰੂਰੀ ਮੰਨੀ ਜਾ ਰਹੀ ਹੈ। ਏਅਰਪੋਰਟ ਦੇ ਪੂਰੇ ਏਅਰਸਾਈਡ ਏਰੀਏ, ਜੋ ਕਿ ਲਗਭਗ 1033 ਏਕੜ ਵਿੱਚ ਫੈਲਿਆ ਹੋਇਆ ਹੈ, ਉਸ ਦੀ ਵੀ ਜਾਂਚ ਅਤੇ ਦੇਖਭਾਲ ਕੀਤੀ ਜਾਵੇਗੀ। ਏਅਰਪੋਰਟ ‘ਤੇ ਦੋਵਾਂ ਰਨਵੇਅ ਦੀ ਮੇਨਟੇਨੈਂਸ ਆਧੁਨਿਕ ਮਸ਼ੀਨਾਂ ਅਤੇ ਵਿਸ਼ੇਸ਼ ਟੀਮ ਦੀ ਮਦਦ ਨਾਲ ਕੀਤੀ ਜਾਵੇਗੀ। ਯੋਜਨਾ ਦੇ ਤਹਿਤ ਇਹ ਸਾਰਾ ਕੰਮ 6 ਘੰਟਿਆਂ ਦੇ ਅੰਦਰ ਹੀ ਮੁਕੰਮਲ ਕਰ ਲਿਆ ਜਾਵੇਗਾ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

