ਪੁੱਤਰ ਦੀਆਂ ਆਖਰੀ ਰਸਮਾਂ ‘ਤੇ ਮਾਂ ਨੇ ਸਮਾਜ ਨੂੰ ਕੀ ਦਿੱਤਾ ਸੁਨੇਹਾ

TeamGlobalPunjab
5 Min Read

-ਅਵਤਾਰ ਸਿੰਘ

ਸੀਨੀਅਰ ਪੱਤਰਕਾਰ

ਨਾਰਕੋਟਿਕ ਕੰਟਰੋਲ ਬਿਊਰੋ (ਐੱਨ ਸੀ ਬੀ), ਚੰਡੀਗੜ੍ਹ ਦਾ ਦਾਅਵਾ ਹੈ ਕਿ ਮੌਜੂਦਾ ਸਾਲ ਵਿੱਚ ਉਸ ਨੇ 90 ਫ਼ੀਸਦ ਕੇਸ ਦਰਜ ਕਰਕੇ ਨਸ਼ੇ ਦੀਆਂ ਦਵਾਈਆਂ ਫੜੀਆਂ ਹਨ। ਸਭ ਤੋਂ ਵੱਡੀ ਕਾਮਯਾਬੀ ਅੰਤਰਰਾਸ਼ਟਰੀ ਤਸਕਰਾਂ ਦਾ ਪਰਦਾਫਾਸ਼ ਕੀਤਾ ਗਿਆ ਜੋ ਦੱਖਣੀ ਅਮਰੀਕਾ ਅਤੇ ਕੈਨੇਡਾ ਰਾਹੀਂ ਪੰਜਾਬ ਵਿੱਚ ਨਸ਼ੇ ਸਪਲਾਈ ਕਰਦੇ ਸਨ। ਇਸੇ ਤਰ੍ਹਾਂ ਇਸੇ ਸਾਲ ਲੋਕ ਸਭਾ ਚੋਣਾਂ ਦੌਰਾਨ ਲੁਧਿਆਣਾ ਵਿੱਚੋਂ 1,60,800 ਨਸ਼ੇ ਦੀਆਂ ਗੋਲੀਆਂ ਸਮੇਤ 8 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਨਾਂ ਵਿੱਚ ਦੋ ਡਾਕਟਰ ਅਤੇ ਦੋ ਕੈਮਿਸਟ ਵੀ ਸ਼ਾਮਿਲ ਸਨ।

- Advertisement -

ਰਿਪੋਰਟਾਂ ਮੁਤਾਬਿਕ ਐੱਨ ਸੀ ਬੀ ਨੇ ਪਿਛਲੇ ਸਾਲ ਨਾਲੋਂ ਐਤਕੀਂ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚੋਂ ਅਫੀਮ, ਭੁੱਕੀ ਚਾਰ ਗੁਣਾ ਬਰਾਮਦ ਕੀਤੀ ਹੈ। ਇਹਨਾਂ ਨਸ਼ਿਆਂ ਦੇ 37 ਫ਼ੀਸਦ ਵੱਧ ਕੇਸ ਦਰਜ ਕੀਤੇ ਗਏ। ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਐੱਨ ਸੀ ਬੀ ਵਲੋਂ ਆਪਣਾ ਸਬ ਆਫ਼ਿਸ ਅੰਮ੍ਰਿਤਸਰ ਵਿੱਚ ਖੋਲ੍ਹਿਆ ਗਿਆ। ਪਹਿਲੀ ਦਸੰਬਰ ਤਕ ਦਾ ਸਾਰਾ ਡਾਟਾ ਮੌਜੂਦ ਹੈ। ਐੱਨ ਸੀ ਬੀ ਦੇ ਤਜ਼ਾ ਅੰਕੜਿਆਂ ਮੁਤਾਬਿਕ ਬੀਤੇ ਸਾਲ 51 ਨਾਲੋਂ 70 ਕੇਸ ਦਰਜ ਕੀਤੇ ਗਏ।

ਪੰਜਾਬ ਵਿੱਚ ਕੀਤੇ ਗਏ ਅਪ੍ਰੇਸ਼ਨ ਦੌਰਾਨ 61 ਕੇਸ ਦਰਜ ਕੀਤੇ। 77 ਵਿਅਕਤੀ ਤਸਕਰੀ ਦੇ ਦੋਸ਼ ਹੇਠ ਗ੍ਰਿਫਤਾਰ ਕੀਤੇ ਗਏ ਜਿਹਨਾਂ ਵਿੱਚੋਂ 48 ਪੰਜਾਬ ‘ਚੋਂ ਫੜੇ ਗਏ। ਐਤਕੀਂ ਚਰਸ 98.4 ਕਿਲੋ ਫੜੀ ਗਏ ਜਿਹੜੀ ਕਿ ਪਿਛਲੇ ਸਾਲ 50.5 ਕਿਲੋ ਫੜੀ ਗਈ ਸੀ। ਇਸੇ ਤਰ੍ਹਾਂ ਅਫੀਮ ਦੂਜੇ ਨੰਬਰ ‘ਤੇ ਇਸ ਵਾਰ 39 ਕਿਲੋ ਤੇ ਪਿਛਲੇ ਸਾਲ 18.6 ਕਿਲੋ ਬਰਾਮਦ ਕੀਤੀ ਗਈ। ਐਤਕੀਂ ਸਭ ਤੋਂ ਵੱਧ ਭੁੱਕੀ 1,929,.5 ਕਿਲੋ ਮਤਲਬ ਚਾਰ ਗੁਣਾ ਬਰਾਮਦ ਕੀਤੀ ਗਈ। ਐੱਨ ਸੀ ਬੀ ਨੇ ਇਹ ਲਗਪਗ ਸਾਰੀ ਭੁੱਕੀ ਪੰਜਾਬ ਵਿੱਚੋਂ ਫੜੀ ਹੈ। ਹੈਰੋਇਨ ਦੀ ਬਰਾਮਦਗੀ ਪਿਛਲੇ ਸਾਲ 101.2 ਕਿਲੋ ਹੋਈ ਸੀ ਜਿਹੜੀ ਕਿ ਐਤਕੀਂ ਐੱਨ ਸੀ ਬੀ ਦੇ ਹੱਥ 86.9 ਕਿਲੋ ਲੱਗੀ ਹੈ। ਐੱਨ ਸੀ ਬੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਨਸ਼ਿਆਂ ਦੀ ਤਸਕਰੀ ਹੋਣ ਕਾਰਨ ਸਰਗਰਮੀ ਜਾਰੀ ਹੈ।

ਐੱਨ ਸੀ ਬੀ ਵਲੋਂ ਸੂਬੇ ਵਿੱਚ ਬੀ ਐੱਸ ਐੱਫ, ਪੰਜਾਬ ਪੁਲਿਸ ਅਤੇ ਸਪੇਸ਼ਲ ਟਾਸਕ ਫੋਰਸ ਅਤੇ ਏਜੇਂਸੀਆਂ ਦੀ ਮਦਦ ਨਾਲ ਅਪਰੇਸ਼ਨ ਚਲਾਇਆ ਗਿਆ। ਇਸ ਤਰ੍ਹਾਂ ਪੰਜਾਬ ਵਿੱਚ ਨਸ਼ਿਆਂ ‘ਚ ਪਹਿਲਾਂ ਨਾਲੋਂ ਠੱਲ੍ਹ ਪੈਣ ਲੱਗ ਪਈ ਹੈ।


ਪੰਜਾਬ ਵਿੱਚ ਸਰਕਾਰੀ ਮਸ਼ੀਨਰੀ ਤੋਂ ਇਲਾਵਾ ਲੋਕ ਆਪ ਵੀ ਕਾਫੀ ਜਾਗ੍ਰਿਤ ਹੋ ਰਹੇ ਹਨ। ਜਿਸ ਘਰ ਵਿੱਚ ਨਸ਼ੇ ਨੇ ਕਿਸੇ ਜਵਾਨ ਪੁੱਤਰ ਦੀ ਜਾਨ ਲੈ ਉਹ ਕੋਸ਼ਿਸ਼ ਕਰਦਾ ਕਿ ਕਿਸੇ ਹੋਰ ਦੇ ਘਰ ਅਜਿਹਾ ਨਾ ਵਾਪਰੇ। ਇਸ ਦੀ ਤਾਜ਼ਾ ਮਿਸਾਲ ਇਕ ਮਾਂ ਦੀ ਹੈ ਜਿਸ ਨੇ ਆਪਣੇ ਪੁੱਤਰ ਦੇ ਭੋਗ ਮੌਕੇ ਨਸ਼ਿਆਂ ਖਿਲਾਫ ਇਕ ਵਿਲੱਖਣ ਹੋਕਾ ਦਿੱਤਾ ਹੈ। ਰਿਪੋਰਟਾਂ ਮੁਤਾਬਿਕ ਫਤਿਹਗੜ੍ਹ ਚੂੜੀਆਂ ਦੇ ਨਜ਼ਦੀਕ ਪਿੰਡ ਭਾਲੋਵਾਲੀ ਵਿਚ ਨਸ਼ਿਆਂ ਕਾਰਨ ਇਕਲੌਤੇ ਨੌਜਵਾਨ ਪੁੱਤ ਦੀ ਹੋਈ ਮੌਤ ਤੋਂ ਬਾਅਦ ਭੋਗ ਵਾਲੇ ਦਿਨ ਸਮਾਜ ਨੂੰ ਨਸ਼ਿਆਂ ਤੋਂ ਬਚਣ ਦਾ ਦੁਖੀ ਮਾਂ ਵਲੋਂ ਨਿਵੇਕਲੇ ਢੰਗ ਨਾਲ ਸੁਨੇਹਾ ਦਿੱਤਾ ਗਿਆ। ਪਰਵਾਰਿਕ ਮੈਂਬਰ ਦਵਿੰਦਰ ਗਿੱਲ ਕੈਨੇਡਾ ਅਤੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ 23 ਸਾਲਾ ਲਵਪ੍ਰੀਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਹ ਸਮੈਕ (ਚਿੱਟੇ) ਦਾ ਨਸ਼ਾ ਕਰਦਾ ਸੀ। ਉਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਪਰਿਵਾਰ ਨੇ ਭੋਗ ਲਈ ਛਪਵਾਏ ਇਸ਼ਤਿਹਾਰ ਅਤੇ ਬੈਨਰਾਂ ‘ਤੇ ਇੰਜ ਲਿਖਿਆ ‘‘ਚਿੱਟਾ ਤੇਰਾ ਰੰਗ ਸੀ, ਤੂੰ ਚਿੱਟਾ ਪੀਤਾ ਦੁੱਧ ਸੀ ਮੇਰਾ। ਹੁਣ ਟੀਕੇ ਦੇ ਵਿੱਚ ਭਰ ਕੇ ਚਿੱਟਾ, ਸੌਂ ਗਿਆਂ ਲੈ ਕੇ ਚਿੱਟਾ ਲੀੜਾ।” ਇਹਨਾਂ ਦਰਦਨਾਕ ਸ਼ਬਦਾਂ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਥੇ ਹੀ ਬਸ ਨਹੀਂ ਸ੍ਰੀ ਅਖੰਡ ਪਾਠ ਦੇ ਭੋਗ ਤੋਂ ਬਾਅਦ ਟਰੈਕਟਰ ਟਰਾਲੀਆਂ, ਕਾਰਾਂ ਅਤੇ ਮੋਟਰ ਸਾਈਕਲਾਂ ’ਤੇ ਵੱਖ ਵੱਖ ਪਿੰਡਾਂ ਵਿੱਚ ਲਵਪ੍ਰੀਤ ਦੀ ਮਾਤਾ ਚਰਨਜੀਤ ਕੌਰ ਦੀ ਅਗਵਾਈ ਵਿੱਚ ਇਕ ਨਸ਼ਿਆਂ ਖਿਲਾਫ ਚੇਤਨਾ ਰੈਲੀ ਕੱਢੀ ਗਈ।

- Advertisement -

ਇਹ ਰੈਲੀ ਪਿੰਡ ਭਾਲੋਵਾਲੀ ਤੋਂ ਸ਼ੁਰੂ ਹੋ ਕੇ ਪਿੰਡ ਬੁੱਢਾ ਥੇਹ, ਨਵਾਂ ਪਿੰਡ, ਉਮਰਪੁਰਾ, ਖਹਿਰਾ, ਮਾਨ, ਸੇਖਵਾਂ, ਠੱਠਾ, ਚਿਤੌੜਗੜ੍ਹ ਅਤੇ ਪਿੰਡੀ ਤੋਂ ਹੁੰਦੀ ਹੋਈ ਵਾਪਸ ਲਵਪ੍ਰੀਤ ਦੇ ਪਿੰਡ ਭਾਲੋਵਾਲੀ ਖਤਮ ਹੋਈ।

ਰੈਲੀ ਵਿੱਚ ਸ਼ਾਮਿਲ ਗੱਡੀਆਂ ’ਤੇ ਨਸ਼ਿਆਂ ਵਿਰੁੱਧ ਲਵਪ੍ਰੀਤ ਦੀ ਫੋਟੋ ਵਾਲੇ ਬੈਨਰ ਲਾਏ ਹੋਏ ਸਨ। ਇਹਨਾਂ ਉਪਰ ਲਿਖਿਆ ਹੋਇਆ ਸੀ ਕਿ ਨਸ਼ਾ ਜ਼ਹਿਰ ਹੈ, ਆਓ ਸਾਰੇ ਮਿਲ ਕੇ ਪੰਜਾਬ ਵਿੱਚ ਵਗ ਰਹੇ ਨਸ਼ੇ ਦੇ ਛੇਵੇਂ ਦਰਿਆ ਨੂੰ ਪੰਜਾਬ ਵਿਚੋਂ ਖਤਮ ਕਰੀਏ। ਸਪੀਕਰ ਰਾਹੀਂ ਇਕਲੌਤੇ ਨੌਜਵਾਨ ਪੁੱਤਰ ਦੀ ਨਸ਼ਿਆਂ ਕਾਰਨ ਹੋਈ ਦਰਦਨਾਕ ਮੌਤ ਬਾਰੇ ਦੱਸ ਕੇ ਨਸ਼ਿਆਂ ਤੋਂ ਬਚਣ ਲਈ ਹੋਕਾ ਦਿੱਤਾ ਗਿਆ। ਰੈਲੀ ‘ਚ ਸ਼ਾਮਿਲ ਨੌਜਵਾਨ ਪਿੰਡਾਂ ਵਿੱਚ ਨਸ਼ਿਆਂ ਵਿਰੁੱਧ ਇਸ਼ਤਿਹਾਰ ਵੰਡ ਕੇ ਅਤੇ ਕੰਧਾਂ ਤੇ ਲਾ ਕੇ ਲੋਕਾਂ ਨੂੰ ਨਸ਼ਾ ਨਾ ਕਰਨ ਲਈ ਪ੍ਰੇਰਿਤ ਕਰ ਰਹੇ ਸਨ। ਲਵਪ੍ਰੀਤ ਦੀ ਮਾਤਾ ਚਰਨਜੀਤ ਕੌਰ ਦਾ ਕਹਿਣਾ ਸੀ ਕਿ ਮੇਰੇ ਵਾਂਗ ਹੋਰ ਕਿਸੇ ਮਾਂ ਦੇ ਪੁੱਤ ਨੂੰ ਨਸ਼ਾ ਨਾ ਨਿਗਲੇ। ਇਸ ਗੱਲ ਦੀ ਇਲਾਕੇ ਕਾਫੀ ਚਰਚਾ ਹੈ।

Share this Article
Leave a comment