ਪੌਸ਼ਟਿਕ ਤੱਤ ਨਾਲ ਭਰਪੂਰ ਹੈ ਮਿਲਕੀ ਖੁੰਬ

TeamGlobalPunjab
4 Min Read

ਨਿਊਜ਼ ਡੈਸਕ (ਸ਼ਿਵਾਨੀ ਸ਼ਰਮਾ ਅਤੇ ਸ਼ੰਮੀ ਕਪੂਰ ): ਖੁੰਬਾਂ ਆਪਣੇ ਪੌਸ਼ਟਿਕ ਤੱਤ ਅਤੇ ਵਿਲੱਖਣ ਸੁਆਦ ਕਾਰਣ ਇੱਕ ਖਾਸ ਵਿਅੰਜਣ ਦੇ ਰੂਪ ਵਿੱਚ ਜਾਣੀਆਂ ਜਾਂਦੀਆਂ ਹਨ। ਸ਼ਾਕਾਹਾਰੀ ਲੋਕਾਂ ਲਈ ਖੁੰਬਾਂ ਇੱਕ ਪੂਰਕ ਆਹਾਰ ਮੰਨਿਆ ਗਿਆ ਹੈ। ਖੁੰਬਾਂ ਦੀਆਂ ਕਿਸਮਾਂ ਸੰਸਾਰ ਵਿੱਚ 2000 ਦੇ ਕਰੀਬ ਹਨ। ਜਿਨ੍ਹਾਂ ਵਿੱਚੋਂ 25 ਕਿਸਮਾਂ ਨੂੰ ਭੋਜਨ ਦੇ ਰੂਪ ਵਿੱਚ ਖਾਣ ਲਈ ਵਰਤਿਆ ਜਾਂਦਾ ਹੈ। ਕੁੱਝ ਕਿਸਮਾਂ ਨੂੰ ਵਪਾਰ ਕਰਨ ਲਈ ਉਗਾਇਆ ਜਾਂਦਾ ਹੈ। ਖੂੰਬਾਂ ਪ੍ਰੋਟੀਨ ਭਰਪੂਰ ਹਨ ਅਤੇ ਇਸ ਵਿੱਚ ਖੁਰਾਕੀ ਤੱਤ ਜਿਵੇਂ ਫਾਈਬਰ, ਖਣਿਜ ਪਦਾਰਥ, ਵਿਟਾਮਿਨਜ਼, ਫੌਲਿਕ ਐਸਿਡ ਕਾਫੀ ਮਾਤਰਾ ਵਿੱਚ ਪਾਏ ਜਾਂਦੇ ਹਨ। ਇਸ ਲਈ ਖੁੰਬਾਂ ਖਾਣੀਆਂ ਸਿਹਤ ਲਈ ਲਾਭਦਾਇਕ ਹਨ। ਪੰਜਾਬ ਵਿੱਚ ਖੁੰਬਾਂ ਦੀ ਕਾਸ਼ਤ ਲਈ ਵਾਤਾਵਰਣ ਢੁੱਕਵਾਂ ਹੈ। ਗਰਮ ਰੁੱਤ ਦੇ ਮੌਸਮ ਵਿੱਚ ਮਿਲਕੀ ਖੁੰਬ ਦੀ ਕਾਸ਼ਤ ਕੀਤੀ ਜਾਂਦੀ ਹੈ। ਮਿਲਕੀ ਖੁੰਬ ਦੇ ਦੁੱਧ ਵਰਗੇ ਰੰਗ ਅਤੇ ਛੱਤਰੀ ਵਰਗੀ ਸ਼ਕਲ ਕਾਰਨ ਇਸ ਨੂੰ ‘ਦੁੱਧ ਛਾਤਾ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਖੁੰਬ ਨੂੰ ਉਗਾਉਣ ਲਈ ਪੰਜਾਬ ਦੇ ਮੌਸਮੀ ਹਾਲਾਤ ਬਹੁਤ ਢੁੱਕਵੇਂ ਹਨ ਕਿਉਂਕਿ ਇਸ ਖੁੰਬ ਦੀ ਕਾਸ਼ਤ ਲਈ 28-35 ਸੈਂਟੀਗ੍ਰੇਡ ਤਾਪਮਾਨ ਦੀ ਲੋੜ ਹੈ ਜੋ ਕਿ ਅਪ੍ਰੈਲ-ਅਕਤੂਬਰ (ਛੇ-ਮਹੀਨੇ) ਤੱਕ ਰਹਿੰਦਾ ਹੈ। ਇਹ ਖੁੰਬ ਉਹਨਾਂ ਲੋਕਾਂ ਲਈ ਵਧੀਆ ਭੋਜਨ ਹੈ ਜਿਹਨਾਂ ਨੂੰ ਤੇਜ਼ਾਬ, ਕਬਜ, ਦਿਲ ਦੇ ਰੋਗ, ਸ਼ੂਗਰ ਵਰਗੇ ਰੋਗ ਹਨ ਕਿਉਂਕਿ ਇਸ ਵਿਚ ਜ਼ਿਆਦਾ ਮਾਤਰਾ ਵਿਚ ਫਾਈਬਰ, ਪ੍ਰੋਟੀਨ ਭਰਪੂਰ ਅਤੇ ਘੱਟ ਚਰਬੀ ਦੀ ਮਾਤਰਾ ਪਾਈ ਜਾਂਦੀ ਹੈ।

ਕਾਸ਼ਤ ਦਾ ਢੰਗ: ਕਣਕ ਦੀ ਤੂੜੀ ਨੂੰ ਪੱਕੇ ਫਰਸ਼ ਤੇ ਵਿਛਾ ਕੇ ਸਾਫ਼ ਪਾਣੀ ਨਾਲ 16-20 ਘੰਟਿਆਂ ਲਈ ਗਿੱਲਾ ਕਰੋ ਤਾਂ ਜੋ ਇਹ 75% ਨਮੀ ਲੈ ਲਵੇ। ਗਿੱਲੀ ਤੂੜੀ ਨੂੰ ਬੋਰੀ ਵਿਚ ਭਰ ਲਵੋ ਤੇ ਉਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਡੁਬੋ ਦਿਉ। ਬੋਰੀ ਨੂੰ ਬਾਹਰ ਕੱਢ ਲਵੋ ਅਤੇ ਤੂੜੀ ਨੂੰ ਠੰਡਾ ਹੋਣ ਦਿਉ ਤਾਂ ਜੋ ਵਾਧੂ ਪਾਣੀ ਬਾਹਰ ਨਿਕਲ ਜਾਵੇ। ਠੰਡੀ ਕੀਤੀ ਤੂੜੀ ਵਿਚ 10% ਸੁੱਕੀ ਤੂੜੀ ਦੇ ਹਿਸਾਬ ਨਾਲ ਖੁੰਬਾਂ ਦਾ ਬੀਜ ਰਲਾ ਦਿਉ। ਇਸ ਤੋਂ ਮਗਰੋਂ ਤੂੜੀ ਨੂੰ ਮੋਮੀ ਲਿਫਾਫਿਆਂ (122.188) ਵਿਚ ਦੋ ਕਿਲੋ ਗਿੱਲੀ ਤੂੜੀ ਪ੍ਰਤੀ ਲਿਫਾਫੇ ਦੇ ਹਿਸਾਬ ਨਾਲ ਭਰ ਲਵੋ। ਇਸ ਤੋਂ ਬਾਅਦ ਲਿਫ਼ਾਫੇ ਦਾ ਉਪਰਲਾ ਸਿਰਾ ਸੇਬੇ ਨਾਲ ਬੰਨ ਦਿਉ ਅਤੇ ਲਿਫ਼ਾਫੇ ਦੇ ਹੇਠਲੇ ਦੋਨੋ ਕੋਨੇ ਬਲੇਡ ਨਾਲ ਕੱਟ ਦਿਉ ਤਾਂ ਜੋ ਵਾਧੂ ਪਾਣੀ ਨਿਕਲ ਸਕੇ। ਇਨਾਂ ਲਿਫਾਫਿਆਂ ਨੂੰ ਖੁੰਬ ਘਰ ਵਿਚ ਰੇਸ਼ੇ ਫੈਲਣ ਲਈ ਰੱਖ ਦਿਉ। ਸਪਾਨ ਫੈਲਣ ਤੋਂ ਬਾਅਦ ਲਿਫ਼ਾਫਿਆਂ ਦਾ ਮੂੰਹ ਖੋਲ ਦਿੱਤਾ ਜਾਂਦਾ ਹੈ ਅਤੇ ਕੀਟਾਣੂ ਰਹਿਤ ਕੇਸਿੰਗ ਮਿੱਟੀ (ਰੂੜੀ ਖਾਦ ਅਤੇ ਰੇਤਲੀ ਮਿੱਟੀ 4:1) ਪਾ ਦਿੱਤੀ ਜਾਂਦੀ ਹੈ। ਇਹਨਾਂ ਲਿਫ਼ਾਫਿਆਂ ਉਪਰ ਕੇਸਿੰਗ ਮਿੱਟੀ ਦੀ ਤਹਿ ਇੱਕ ਇੰਚ ਤੱਕ ਹੋਣੀ ਚਾਹੀਦੀ ਹੈ। ਪਾਣੀ ਦਾ ਛਿੜਕਾਅ ਦਿਨ ਵਿਚ ਦੋ ਬਾਰ ਕਰਨਾ ਚਾਹੀਦਾ ਹੈ। ਖੁੰਬ ਘਰ ਦਾ ਤਾਪਮਾਨ ਅਤੇ ਨਮੀ 28-35 ਸੈਂਟੀਗਰੇਡ ਅਤੇ 75-80% ਹੋਣੀ ਚਾਹੀਦੀ ਹੈ। ਕੇਸਿੰਗ ਤੋਂ 10-15 ਦਿਨਾਂ ਬਾਅਦ ਛੋਟੇ-ਛੋਟੇ ਕਿਣਕੇੇ ਨਜ਼ਰ ਆਉਣ ਲੱਗ ਪੈਂਦੇ ਹਨ ਜਿਹੜੇ ਕਿ ਬਾਅਦ ਵਿੱਚ ਇਕ ਤੋੜਨ ਯੋਗ ਖੁੰਬ ਦਾ ਰੂਪ ਧਾਰਨ ਕਰ ਲੈਂਦੇ ਹਨ। ਖੁੰਬ ਤੋੜਨ ਲਈ ਖੁੰਬ ਦੇ ਉਪਰਲੇ ਸਿਰੇ ਨੂੰ ਥੋੜਾ ਜਿਹਾ ਘੁੰਮਾਂ ਕੇ ਤੋੜ ਲਿਆ ਜਾਂਦਾ ਹੈ। ਇਸ ਤਰਾਂ 35-40 ਦਿਨਾਂ ਤੱਕ ਖੁੰਬਾਂ ਮਿਲਦੀਆਂ ਰਹਿੰਦੀਆਂ ਹਨ। ਇੱਕ ਕੁਇੰਟਲ ਸੁੱਕੀ ਤੂੜੀ ਵਿੱਚੋ ਲਗਭਗ 50-60 ਕਿਲੋ ਤਾਜਾ ਖੁੰਬਾਂ ਤੋੜੀਆਂ ਜਾਂਦੀਆਂ ਹਨ।

Share this Article
Leave a comment