ਬੈਂਸ ‘ਤੇ ਵਰ੍ਹਿਆ ਸੰਤੋਖ ਚੌਧਰੀ ਦਾ ਪੁੱਤਰ, ਕਾਂਗਰਸ ਨੂੰ ਦਿੱਤੀ ਨਸੀਹਤ, ਕਿਹਾ ਬਲਾਤਕਾਰ ਦੇ ਦੋਸ਼ੀ ਨੂੰ ਪਾਰਟੀ ‘ਚ ਸ਼ਾਮਲ ਕਰਨਾ ਬਹੁਤ ਘਟੀਆ

Prabhjot Kaur
3 Min Read

ਲੋਕ ਇਨਸਾਫ਼ ਪਾਰਟੀ ਦੇ ਸੰਸਥਾਪਕ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਫਿਲੌਰ ਦੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਪਾਰਟੀ ਦੇ ਇਸ ਫੈਸਲੇ ਨੂੰ ਇੱਕ ਗੰਭੀਰ ਨੈਤਿਕ ਸਮਝੌਤਾ ਅਤੇ ਪਾਰਟੀ ਦੀਆਂ ਕਦਰਾਂ-ਕੀਮਤਾਂ ਦੇ ਪਤਨ ਦਾ ਸੰਕੇਤ ਕਰਾਰ ਦਿੱਤਾ ਹੈ।

ਵਿਧਾਇਕ ਚੌਧਰੀ ਨੇ ਆਖਿਆ ਕਿ ਕਾਂਗਰਸ ਪਾਰਟੀ ਆਪਣੀ ਹੋਂਦ ਬਚਾਉਣ ਲਈ ਸੰਘਰਸ਼ ਕਰ ਰਹੀ ਹੈ ਅਤੇ ਇਸ ਦੇ ਨੇਤਾਵਾਂ ਨੂੰ ਇੱਕ ਜਬਰ-ਜ਼ਨਾਹ ਦੇ ਦੋਸ਼ੀ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਕਾਂਗਰਸ, ਜੋ ਕਦੇ ਨੈਤਿਕਤਾ ਵਾਲੇ ਨੇਤਾਵਾਂ ਦਾ ਘਰ ਸੀ, ਹੁਣ ਨੈਤਿਕ ਪਤਨ ਵਿਚ ਡੁੱਬ ਗਈ ਹੈ।

ਬੈਂਸ ਦੇ ਸ਼ਾਮਲ ਹੋਣ ਦੇ ਸਮੇਂ ‘ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸ਼ਰਮਨਾਕ ਹੈ ਕਿ ਮਾਂ ਦਿਵਸ ਦੇ ਦਿਨ ਕਾਂਗਰਸ ਪਾਰਟੀ ਨੇ ਔਰਤਾਂ ਦੀ ਸੁਰੱਖਿਆ ਅਤੇ ਨਿਆਂ ਤਾਕ ‘ਤੇ ਰੱਖ ਕੇ ਭਾਰਤੀ ਦੰਡਾਵਲੀ ਦੀ ਧਾਰਾ 376 ਦੇ ਤਹਿਤ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਵਿਅਕਤੀ ਨੂੰ ਸ਼ਾਮਲ ਕਰਵਾਇਆ।

ਸਿਮਰਜੀਤ ਸਿੰਘ ਬੈਂਸ ਐਤਵਾਰ ਨੂੰ ਆਪਣੇ ਭਰਾ ਬਲਵਿੰਦਰ ਬੈਂਸ ਨਾਲ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ ਅਤੇ ਆਪਣੀ ਲੋਕ ਇਨਸਾਫ ਪਾਰਟੀ ਦਾ ਕਾਂਗਰਸ ਪਾਰਟੀ ਵਿੱਚ ਰਲੇਵਾਂ ਕਰ ਦਿੱਤਾ ਸੀ। ਉਨ੍ਹਾਂ ਨੂੰ ਪਾਰਟੀ ਦੇ ਪੰਜਾਬ ਇੰਚਾਰਜ ਦੇਵੇਂਦਰ ਯਾਦਵ ਨੇ ਨਵੀਂ ਦਿੱਲੀ ਵਿੱਚ ਰਾਹੁਲ ਗਾਂਧੀ ਦੀ ਮੌਜੂਦਗੀ ਵਿੱਚ ਕਾਂਗਰਸ ਵਿੱਚ ਸ਼ਾਮਲ ਕੀਤਾ।

- Advertisement -

ਸਾਲ 2020 ਵਿੱਚ ਇੱਕ ਔਰਤ ਨੇ ਸਿਮਰਜੀਤ ਬੈਂਸ ਵਿਰੁੱਧ ਬਲਾਤਕਾਰ ਦੀ ਸ਼ਿਕਾਇਤ ਦਰਜ ਕਰਵਾਈ ਸੀ। ਉਹਨਾਂ ਨੂੰ ਜੁਲਾਈ 2022 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹ ਹੁਣ ਜ਼ਮਾਨਤ ‘ਤੇ ਬਾਹਰ ਹਨ।

ਵਿਧਾਇਕ ਚੌਧਰੀ ਨੇ ਬੈਂਸ ਵਿਰੁੱਧ ਦੋਸ਼ਾਂ ਦੀ ਗੰਭੀਰਤਾ ਨੂੰ ਦੁਹਰਾਉਂਦਿਆਂ ਨੈਤਿਕਤਾ ਅਤੇ ਜਵਾਬਦੇਹੀ ਦੇ ਉੱਚੇ ਮਾਪਦੰਡਾਂ ਨੂੰ ਬਰਕਰਾਰ ਰੱਖਣ ਲਈ ਸਿਆਸੀ ਪਾਰਟੀਆਂ ਦੀ ਜ਼ਿੰਮੇਵਾਰੀ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਾਂਗਰਸ ਪਾਰਟੀ ਦੀ ਔਰਤਾਂ ਦੀ ਸੁਰੱਖਿਆ ਅਤੇ ਸਨਮਾਨ ਨੂੰ ਯਕੀਨੀ ਬਣਾਉਣ ਦੀ ਵਚਨਬੱਧਤਾ ‘ਤੇ ਸਵਾਲ ਉਠਾਏ।

ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਵਿੱਚ ਖਰਾਬ ਕਿਰਦਾਰ ਵਾਲੇ ਵਿਅਕਤੀਆਂ ਨੂੰ ਨਿਵਾਜਣ ਦਾ ਰੁਝਾਨ ਬਣ ਗਿਆ ਹੈ। ਪਾਰਟੀ ਨੇ ਪਹਿਲਾਂ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਨੂੰ ਲੋਕ ਸਭਾ ਟਿਕਟ ਦਿੱਤੀ ਅਤੇ ਹੁਣ ਸਿਮਰਜੀਤ ਬੈਂਸ ਨੂੰ ਸ਼ਾਮਲ ਕੀਤਾ ਹੈ।

ਵਿਧਾਇਕ ਚੌਧਰੀ ਨੇ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੂੰ ਆਪਣੀਆਂ ਕਦਰਾਂ-ਕੀਮਤਾਂ ਅਤੇ ਤਰਜੀਹਾਂ ‘ਤੇ ਵਿਚਾਰ ਕਰਨ ਲਈ ਕਿਹਾ ਅਤੇ ਉਨ੍ਹਾਂ ਨੂੰ ਨੈਤਿਕਤਾ ਅਤੇ ਔਰਤਾਂ ਦੇ ਸਸ਼ਕਤੀਕਰਨ ਅਤੇ ਸੁਰੱਖਿਆ ਪ੍ਰਤੀ ਆਪਣੀ ਵਚਨਬੱਧਤਾ ਨੂੰ ਲਾਗੂ ਕਰਨ ਦੀ ਅਪੀਲ ਕੀਤੀ।

Share this Article
Leave a comment