ਲਾਕਡਾਊਨ ‘ਤੇ ਪੁਲੀਸ ਸਖਤ, ਲਾੜੇ ਨੂੰ ਛੱਡ ਬਾਕੀ ਸਾਰੀ ਬਾਰਾਤ ਨੂੰ ਭੇਜਿਆ ਵਾਪਸ

TeamGlobalPunjab
2 Min Read

ਮੇਰਠ : ਜਾਨਲੇਵਾ ਕੋਰੋਨਾਵਾਇਰਸ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਵਿੱਚ 14 ਅਪ੍ਰੈਲ ਤੱਕ ਮੁਕੰਮਲ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ। ਇਸ ਮੌਕੇ ਲਾਪਰਵਾਹੀ ਵਰਤਣ ਵਾਲੇ ਲੋਕਾਂ ਵਿਰੁੱਧ ਪੁਲੀਸ ਵੱਲੋਂ ਪੂਰੀ ਸਖਤੀ ਵਰਤੀ ਜਾ ਰਹੀ ਹੈ। ਇੱਥੋਂ ਤੱਕ ਕਿ ਲਾਕਡਾਊਨ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਈ ਥਾਵਾਂ ‘ਤੇ ਕੇਸ ਵੀ ਦਰਜ ਕੀਤੇ ਗਏ ਹਨ। ਪਰ ਇਸ ਸਭ ਦੇ ਵਿੱਚ ਆਮ ਜਨਤਾ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਸਮੇਂ ਵਿੱਚ ਵਿਆਹ ਕਰਵਾਉਣ ਵਾਲੇ ਵੀ ਕਾਫੀ ਪ੍ਰੇਸ਼ਾਨ ਹਨ। ਇਨ੍ਹਾਂ ‘ਚੋਂ ਕੁਝ ਨੇ ਤਾਂ ਲਾਕਡਾਊਨ ਦੇ ਚੱਲਦਿਆਂ ਆਪਣੀ ਵਿਆਹ ਦੀਆਂ ਤਰੀਕਾਂ ਨੂੰ ਅੱਗੇ ਵਧਾ ਲਿਆ ਹੈ ਪਰ ਕਈ ਵਿਆਹ ਵਾਲਿਆਂ ਵੱਲੋਂ ਲਾਕਡਾਊਨ ਦੀ ਉਲੰਘਣਾ ਕੀਤੀ ਜਾ ਰਹੀ ਹੈ।

ਅਜਿਹਾ ਹੀ ਇਕ ਮਾਮਲਾ ਮੇਰਠ ਵਿਚ ਸਾਹਮਣੇ ਆਇਆ ਹੈ। ਦਰਅਸਲ ਗੜਮੁਕਤੇਸ਼ਵਰ ਤੋਂ ਸ਼ਾਮਲੀ ਜਾ ਰਹੀ ਬਰਾਤ ਨੂੰ ਪੁਲਿਸ ਨੇ ਗੜ੍ਹ ਰੋਡ ‘ਤੇ ਸਥਿਤ ਗਾਂਧੀ ਆਸ਼ਰਮ ਨੇੜੇ ਰੋਕ ਲਿਆ। ਪੁਲੀਸ ਨੇ ਲਾਕਡਾਊਨ ਦੇ ਚੱਲਦਿਆਂ ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਪੂਰੀ ਬਰਾਤ ਨੂੰ ਅੱਗੇ ਨਹੀਂ ਜਾਣ ਦਿੱਤਾ। ਲੰਬੇ ਸਮੇਂ ਦੀ ਬਹਿਸ ਤੋਂ ਬਾਅਦ ਪੁਲੀਸ ਨੇ ਲਾੜੇ ਸਮੇਤ ਉਸ ਦੇ ਪਿਤਾ ਅਤੇ ਭੈਣ ਨੂੰ ਹੀ ਅੱਗੇ ਜਾਣ ਦਿੱਤਾ ਤੇ ਬਾਕੀ ਬਰਾਤ ਵਿੱਚ ਸ਼ਾਮਲ 25 ਬਰਾਤੀਆਂ ਨੂੰ ਵਾਪਸ ਭੇਜ ਦਿੱਤਾ।

ਐੱਸਪੀ ਸਿਟੀ ਅਖਿਲੇਸ਼ ਨਰਾਇਣ ਸਿੰਘ ਨੇ ਦੱਸਿਆ ਕਿ ਬਰਾਤੀਆਂ ਨੂੰ ਸਮਝਾ ਕੇ ਵਾਪਸ ਭੇਜ ਦਿੱਤਾ ਗਿਆ ਹੈ ਤੇ ਸਿਰਫ ਲਾੜੇ ਅਤੇ ਉਸਦੇ ਪਿਤਾ ਤੇ ਭੈਣ ਨੂੰ ਹੀ ਅੱਗੇ ਜਾਣ ਦੀ ਆਗਿਆ ਦਿੱਤੀ ਗਈ।

- Advertisement -

ਦੱਸ ਦਈਏ ਕਿ ਕੋਰੋਨਾਵਾਇਰਸ ਨਾਲ ਦੇਸ਼ ਵਿੱਚ ਹੁਣ ਤੱਕ 17 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਇਸ ਵਾਇਰਸ ਨਾਲ ਸੰਕਰਮਿਤ ਮਾਮਲਿਆਂ ਦੀ ਗਿਣਤੀ 730 ਤੱਕ ਪਹੁੰਚ ਗਈ ਹੈ।


Share this Article
Leave a comment