ਮਾਸਟਰ ਮੋਤਾ ਸਿੰਘ: ਦੁਆਬੇ ਦੀ ਬੱਬਰ ਲਹਿਰ ਦੇ ਮੁੱਖ ਆਗੂ ਤੇ ਮਹਾਨ ਦੇਸ਼ ਭਗਤ

TeamGlobalPunjab
5 Min Read

-ਅਵਤਾਰ ਸਿੰਘ

ਬੱਬਰ ਅਕਾਲੀ ਲਹਿਰ ਦਾ ਦੇਸ਼ ਦੀ ਆਜ਼ਾਦੀ ਵਿੱਚ ਦਲੇਰੀ ਭਰਿਆ, ਖਾੜਕੂ ਤੇ ਆਪਾ ਵਾਰੂ ਰੋਲ ਸੀ। ਇਸਦੇ ਮੈਬਰਾਂ ਵਿੱਚ ਤਿੰਨ ਗੱਲਾਂ ਵਿਸ਼ੇਸ ਸਨ, ਪਹਿਲਾਂ ਇਸ ਵਿਚ ਸ਼ਾਮਲ ਹੋਣ ਵਾਲੇ ਸੂਰਮੇ ਮੌਤ ਨੂੰ ਯਕੀਨੀ ਮੰਨ ਕੇ ਘਰੋਂ ਤੁਰੇ ਸਨ। ਦੂਜਾ ਅੰਗਰੇਜ਼ ਸਰਕਾਰ ਦੇ ਟੋਡੀਆਂ, ਝੋਲੀਚੁਕਾਂ, ਟੁਕੜਬੋਚਾਂ ਤੇ ਮੁਖਬਰਾਂ ਨੂੰ ਸੋਧਣਾ। ਤੀਜਾ ਇਸਦੇ ਮੈਂਬਰ ਇਮਾਨਦਾਰ ਤੇ ਕਿਸੇ ਸਵੈਪੂਰਤੀ ਦੀ ਝਾਕ ਨਾ ਰੱਖਦੇ ਹੋਣ।

ਦੁਆਬੇ ਵਿੱਚ ਚੱਲੀ ਇਸ ਲਹਿਰ ਦੇ ਮੁੱਖ ਆਗੂਆਂ ਵਿਚ ਮਹਾਨ ਦੇਸ਼ ਭਗਤ, ਮਾਸਟਰ ਮੋਤਾ ਸਿੰਘ ਇਨਕਲਾਬੀ ਆਗੂ, ਪ੍ਰਭਾਵਸ਼ਾਲੀ ਬੁਲਾਰੇ ਤੇ ਉਘੇ ਆਜ਼ਾਦੀ ਘੁਲਾਟੀਏ ਸਨ। ਬੱਬਰ ਅਕਾਲੀ ਉਨਾਂ ਨੂੰ ਫਖਰ-ਏ-ਕੌਮ ਕਹਿੰਦੇ ਸਨ। ਉਨਾਂ ਦਾ ਜਨਮ 28-2-1888 (ਤੇ ਕੁਝ ਥਾਂਵਾ ‘ਤੇ 5 ਜਨਵਰੀ ਜਾਂ 5 ਫਰਵਰੀ 1881) ਨੂੰ ਪਿੰਡ ਪਤਾਰਾ ਨੇੜੇ ਜਲੰਧਰ ਵਿਖੇ ਗੋਪਾਲ ਸਿੰਘ ਦੇ ਘਰ ਮਾਤਾ ਰਲੀ ਜੀ ਦੀ ਕੁੱਖੋਂ ਹੋਇਆ। ਉਹਨਾਂ ਦੇ ਦਾਦਾ ਜੀ ਅੰਗਰੇਜ਼ਾਂ ਖਿਲਾਫ ਸਿੱਖ ਫੌਜ ਵਲੋਂ ਲੜੇ। ਮਾਸਟਰ ਜੀ ਨੇ ਦਸਵੀਂ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਤੋਂ ਗਿਆਨੀ, ਫਾਰਸੀ, ਬੀ ਏ ਤੇ ਅੰਗਰੇਜ਼ੀ ਦੀ ਐਮ ਏ ਕੀਤੀ। ਖਾਲਸਾ ਹਾਈ ਸਕੂਲ ਕੈਂਰੋ ਤੇ ਮਾਹਿਲਪੁਰ ਦੇ ਹੈਡ ਮਾਸਟਰ ਵੀ ਰਹੇ। 1914-15 ਵਿਚ ਸੰਤਾ ਸਿੰਘ ਸੁੱਖਾ ਸਿੰਘ ਸਕੂਲ ਅੰਮ੍ਰਿਤਸਰ ਦੇ ਹੈਡਮਾਸਟਰ ਵੀ ਰਹੇ। ਮਸਤੂਆਣੇ ਦੇ ਗੁਰਮਤਿ ਕਾਲਜ ਵਿੱਚ ਪੜਾਉਂਦੇ ਸਮੇਂ ਦੇਸ਼ ਵਾਸੀਆਂ ਨੂੰ ਜਾਗ੍ਰਿਤ ਕਰਦੇ ਰਹੇ।

ਅੰਗਰੇਜ਼ ਸਰਕਾਰ ਨੇ ਸਕੂਲ ਤੋਂ ਕਢਵਾ ਦਿੱਤਾ ਤੇ ਉਹ ਆਜ਼ਾਦੀ ਦੀ ਲਹਿਰ ਵਿੱਚ ਕੁਦ ਪਏ। 1918 ‘ਚ ਰੋਲਟ ਐਕਟ ਪਾਸ ਕਰਨ ‘ਤੇ ਅੰਗਰੇਜ਼ ਸਰਕਾਰ ਵਿਰੁੱਧ 11-4-1919 ਨੂੰ ਸ਼ਾਹੀ ਮਸਜਿਦ ਲਾਹੌਰ ਵਿੱਚ ਪਹਿਲੀ ਵਾਰ ਹੋਏ ਭਾਰੀ ਇਕੱਠ ਵਿੱਚ ਸਰਕਾਰ ਖਿਲਾਫ ਤਿੱਖਾ ਭਾਸ਼ਨ ਕਰਨ ‘ਤੇ ਗ੍ਰਿਫਤਾਰ ਕੀਤਾ ਗਿਆ। ਰੋਲਟ ਐਕਟ ਵਾਪਸ ਹੋਣ ‘ਤੇ ਸਬੰਧਤ ਸਾਰੇ ਕੈਦੀਆਂ ਨੂੰ ਦਸੰਬਰ 1919 ਵਿੱਚ ਰਿਹਾਅ ਕਰ ਦਿੱਤਾ।

- Advertisement -

ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜ਼ੇ ‘ਚੋਂ ਆਜ਼ਾਦ ਕਰਾਉਣ ਲਈ ਚਲੀ ਸੁਧਾਰ ਲਹਿਰ ਦੌਰਾਨ 21/1/1921 ਨੂੰ ਤਰਨ ਤਾਰਨ ਵਿਖੇ ਲੜਾਈ ਹੋਈ ਜਿਸ ਵਿਚ ਦੋ ਸਿੰਘਾਂ ਦੀ ਮੌਤ ਤੇ 17 ਜ਼ਖ਼ਮੀ ਹੋਏ। ਇਸ ਤੋਂ ਬਾਅਦ 20/2/1921 ਨੂੰ ਨਨਕਾਣਾ ਸਾਹਿਬ ਦਾ ਸਾਕਾ ਵਾਪਰਨ ‘ਤੇ ਬੱਬਰ ਕਿਸ਼ਨ ਸਿੰਘ ਬੜਿੰਗ ਤੇ ਮੋਤਾ ਸਿੰਘ ਨੇ ਮੀਟਿੰਗ ਕਰਕੇ ਸਾਕੇ ਨਨਕਾਣੇ ਦੇ ਲਈ ਜੁੰਮੇਵਾਰ ਅਫਸਰਾਂ ਨੂੰ ਖਤਮ ਕਰਨ ਦਾ ਫੈਸਲਾ ਕੀਤਾ। ਜਥੇ ਦੇ 23 ਮਈ ਨੂੰ ਦੋ ਮੈਂਬਰ ਫੜੇ ਗਏ ਤੇ ਮਾਸਟਰ ਮੋਤਾ ਸਿੰਘ ਤੇ ਸਾਥੀਆਂ ਨੂੰ ਗੁਪਤਵਾਸ ਹੋਣਾ ਪਿਆ। ਇਸੇ ਦੌਰਾਨ ਉਹ ਰੂਸ ਦੀ ਕਮਿਊਨਿਸਟ ਪਾਰਟੀ ਮੈਂਬਰਾਂ ਨੂੰ ਮਿਲੇ। ਉਹ ਨਨਕਾਣਾ ਸਾਹਿਬ, ਬਿਲਗਾ ਅਤੇ ਹੋਰ ਕਈ ਥਾਵਾਂ ਤੇ ਦੀਵਾਨਾਂ ‘ਚ ਜੋਸ਼ੀਲੇ ਭਾਸ਼ਨ ਕਰਕੇ ਭੇਸ ਵਟਾ ਕੇ ਅਲੋਪ ਹੋ ਜਾਂਦੇ।

ਮਾਸਟਰ ਮੋਤਾ ਸਿੰਘ ਦੀ ਗ੍ਰਿਫਤਾਰੀ ਲਈ ਸਰਕਾਰ ਨੇ ਦੋ ਮੁਰੱਬੇ ਜ਼ਮੀਨ ਦੇਣ ਦਾ ਐਲਾਨ ਕੀਤਾ ਸੀ। ਉਹਨਾਂ ਨੂੰ 17-6-1922 ਨੂੰ ਨਾਟਕੀ ਢੰਗ ਨਾਲ ਗ੍ਰਿਫਤਾਰ ਕਰ ਲਿਆ ਗਿਆ। ਜੇਲ੍ਹ ਵਿਚ ਪੱਗ ਬੰਨ੍ਹਣ ਦੀ ਇਜਾਜ਼ਤ ਨਾ ਹੋਣ ‘ਤੇ ਉਹਨਾਂ ਭੁੱਖ ਹੜਤਾਲ ਕਰ ਦਿੱਤੀ। ਸਰਕਾਰ ਨੇ ਉਹਨਾਂ ਦੀ ਮੰਗ ਮੰਨ ਕੇ ਪੱਗ ਬੰਨ੍ਹਣ ਦੀ ਆਗਿਆ ਦੇ ਦਿੱਤੀ।ਗੁਰੂ ਕੇ ਬਾਗ ਤੇ ਪੰਜਾ ਸਾਹਿਬ ਮੋਰਚੇ ਸਮੇਂ ਉਹ ਪਹਿਲਾਂ ਰਾਵਲਪਿੰਡੀ ਤੇ ਫਿਰ ਪੂਨੇ ਜੇਲ੍ਹ ਵਿੱਚ ਰਹੇ। 1927 ਵਿੱਚ ਰਿਹਾਅ ਕਰਨ ਉਪਰੰਤ ਫੇਰ ਗ੍ਰਿਫਤਾਰ ਕਰ ਲਿਆ ਗਿਆ। ਉਨਾਂ ਨੂੰ ਕਿਰਪਾਨ ਕੋਲ ਰੱਖਣ ਲਈ 105 ਦਿਨ ਭੁੱਖ ਹੜਤਾਲ ਕਰਨੀ ਪਈ। 1929 ਨੂੰ ਨੌਜਵਾਨ ਭਾਰਤ ਸਭਾ ਦੀ ਕਨਫਰੰਸ ਵਿੱਚ ਭਾਸ਼ਣ ਕਰਨ ‘ਤੇ ਮੁੜ ਫੜ ਲਿਆ। 1942 ਤੇ 1945 ਵਿੱਚ ਵੀ ਜੇਲ ਯਾਤਰਾ ਕੀਤੀ।

ਇਕ ਵਾਰ ਮਹਾਰਾਜਾ ਪਟਿਆਲਾ ਨੇ ਦਯਾ ਕਿਰਸ਼ਨ ਕੌਲ ਰਾਂਹੀ ਮਾਸਟਰ ਜੀ ਨੂੰ ਬੱਬਰਾਂ ਵਿਰੁਧ ਬਿਆਨ ਦੇਣ ਲਈ ਭੇਜਿਆ ਪਰ ਮਾਸਟਰ ਜੀ ਨੇ ਕਿਹਾ, “ਮਾਸਟਰ ਮੋਤਾ ਸਿੰਘ ਮਰ ਸਕਦਾ ਹੈ, ਪਰ ਬੱਬਰਾਂ ਤੇ ਦੇਸ਼ ਲਈ ਗਦਾਰੀ ਨਹੀਂ ਕਰ ਸਕਦਾ।” 1952 ਨੂੰ ਮਾਸਟਰ ਜੀ ਕਾਂਗਰਸੀ ਟਿਕਟ ‘ਤੇ ਐਮ ਐਲ ਏ ਬਣੇ ਪਰ ਮਤਭੇਦ ਹੋਣ ਤੇ ਕਾਂਗਰਸ ਛੱਡ ਕੇ ਕਿਸਾਨ ਸਭਾ ਵਿੱਚ ਕੰਮ ਕਰਨ ਲਗ ਪਏ। 1959 ਵਿੱਚ ਕੈਰੋਂ ਸਰਕਾਰ ਸਮੇਂ ਖੁਸ਼ਹੈਸੀਅਤੀ ਟੈਕਸ ਵਿਰੁੱਧ ਕਿਸਾਨ ਮੋਰਚੇ ਵਿੱਚ ਸਰਗਰਮ ਭਾਗ ਲਿਆ।
ਬੱਬਰ ਲਹਿਰ ਦਾ ਇਹ ਮਹਾਨ ਯੋਧਾ 9 ਜਨਵਰੀ 1960 ਨੂੰ ਸਿਹਤ ਖਰਾਬ ਹੋਣ ਕਾਰਨ ਸਿਵਲ ਹਸਪਤਾਲ ਜਲੰਧਰ ਵਿਚ ਹਮੇਸ਼ਾਂ ਲਈ ਚਲਾ ਗਿਆ। ਆਜ਼ਾਦੀ ਲਹਿਰ ਦੇ ਇਤਿਹਾਸ ਵਿੱਚ ਇਸ ਇਨਕਲਾਬੀ ਯੋਧੇ ਦਾ ਨਾਂ ਹਮੇਸ਼ਾ ਚਮਕਦਾ ਰਹੇਗਾ।

Share this Article
Leave a comment