ਮਾਨਵਤਾ ਦੇ ਗੁਰੂ : ਸ੍ਰੀ ਗੁਰੂ ਗੋਬਿੰਦ ਸਿੰਘ ਜੀ – ਡਾ. ਰੂਪ ਸਿੰਘ

TeamGlobalPunjab
16 Min Read

9 ਜਨਵਰੀ, 2022 ਲਈ ਵਿਸ਼ੇਸ਼

ਮਾਨਵਤਾ ਦੇ ਗੁਰੂ : ਸ੍ਰੀ ਗੁਰੂ ਗੋਬਿੰਦ ਸਿੰਘ ਜੀ

*ਡਾ. ਰੂਪ ਸਿੰਘ

ਬਾਦਸ਼ਾਹ ਦਰਵੇਸ਼, ਮਾਨਵਤਾ ਦੇ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰੂਹਾਨੀ ਪ੍ਰਤਿਭਾ ਨੂੰ ਬਿਆਨ ਕਰਨਾ ਅਕੱਥ ਨੂੰ ਕਥਣ ਦੇ ਤੁੱਲ ਹੈ । ਇਹ ਇਵੇਂ ਹੀ ਹੈ ਜਿਵੇਂ ਮਘਦੇ ਸੂਰਜ ਦੀ ਕੈਮਰੇ ਨਾਲ ਤਸਵੀਰ ਲੈਣਾ । ਦਿਬ–ਦੈਵੀ ਸ਼ਖ਼ਸੀਅਤਾਂ ਦੇ ਦਰਸ਼ਨ ਸੰਸਾਰਿਕ ਅੱਖਾਂ ਨਾਲ ਨਹੀਂ ਕੀਤੇ ਜਾ ਸਕਦੇ, ਨਾ ਹੀ ਇਹਨਾਂ ਨੂੰ ਪ੍ਰਚਲਤ ਧਾਰਮਿਕ, ਸਮਾਜਿਕ ਤੇ ਸੰਸਾਰਿਕ ਸ਼ਬਦਾਵਲੀ ‘ਚ ਬਿਆਨ ਕੀਤਾ ਜਾ ਸਕਦਾ ਹੈ । ਮਹਾਂਕਵੀ ਸੰਤੋਖ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਬਾਰੇ ਲਿਖਦੇ ਹਨ :

‘ਦੁਰਨਰਿੱਖ ਦਰਸ਼ਨ ਸਤਿਗੁਰ ਕੇ’

- Advertisement -

ਗੁਰਮਤਿ ਵਿਚਾਰਧਾਰਾ ਅਨੁਸਾਰ ‘ਅਕਾਲ ਪੁਰਖ’, ‘ਪ੍ਰਭੂ_ਪਰਮਾਤਮਾ’ ਤੇ ‘ਗੁਰੂ–ਜੋਤਿ’ ‘ਜਨਮ–ਮਰਨ’ ਤੋਂ ਰਹਿਤ ਹੈ । ਜੋਤਿ ਸਦੀਵੀ ਹੋਣ ਕਰਕੇ ਸਮੇਂ–ਸਥਾਨ ਦੀਆਂ ਸੀਮਾਵਾਂ ਤੋਂ ਸੁਤੰਤਰ ਹੈ । ਇਹੀ ਕਾਰਣ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਗੁਰੂ ਖਾਲਸਾ–ਪੰਥ ਤੇ ਗੁਰੂ–ਗ੍ਰੰਥ ਜੋਤਿ ਰੂਪ ਵਿੱਚ ਪ੍ਰਗਟ ਹੋਣ ਦੇ ਪ੍ਰਮਾਣਕ, ਸਮਕਾਲੀ–ਸਾਰਥਕ ਅਨੇਕਾਂ ਹਵਾਲੇ ਮਿਲਦੇ ਹਨ । ਭਾਈ ਗੁਰਦਾਸ ਜੀ ਗੁਰੂ ਨਾਨਕ ਜੋਤਿ ਦੇ ਪ੍ਰਗਟ ਹੋਣ ਨੂੰ ‘ਸਤਿਗੁਰ ਨਾਨਕ ਪ੍ਰਗਟਿਆ’, ‘ਵਡਾ ਪੁਰਖੁ ਪਰਗਟਿਆ ਕਲਿਜੁਗਿ ਅੰਦਰਿ ਜੋਤਿ ਜਗਾਈ’, ਸ੍ਰੀ ਗੁਰੂ ਅਰਜਨ ਦੇਵ ਜੀ ‘ਪ੍ਰਗਟ ਭਈ ਸਗਲੇ ਜੁਗ ਅੰਤਰਿ ਗੁਰ ਨਾਨਕ ਕੀ ਵਡਿਆਈ’, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਭਾਈ ਗੁਰਦਾਸ ਦੂਜਾ ‘ਵਹ ਪ੍ਰਗਟਿਓ ਮਰਦ ਅਗੰਮੜਾ ਵਰੀਆਮ ਇਕੇਲਾ’ ਅਤੇ ਸਰਬ ਲੋਹ ਗ੍ਰੰਥ ਵਿਚ ਖਾਲਸਾ ਪੰਥ ਬਾਰੇ ‘ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ’ ਤੇ ਅਖੀਰ ਸ਼ਬਦ–ਗੁਰੂ, ਦਸਾਂ ਪਾਤਸ਼ਾਹੀਆਂ ਦੀ ਜੋਤਿ ਨੂੰ ‘ਪ੍ਰਗਟ ਗੁਰਾਂ ਕੀ ਦੇਹਿ’ ਦੇ ਰੂਪ ਵਿੱਚ ਬਿਆਨ ਕੀਤਾ ਗਿਆ, ਜਿਸ ਨੂੰ ‘ਸਭ ਸਿਖਨ ਕੋ ਹੁਕਮ ਹੈ’, ਦੇ ਰੂਪ ‘ਚ ਮੰਨਿਆ ਜਾਂਦਾ ਹੈ । ਅਸੀਂ ਗੁਰੂ–ਸਾਹਿਬਾਨ ਬਾਰੇ ਜੋ ਸੰਸਾਰਿਕ ਸ਼ਬਦਾਵਲੀ ‘ਚ ਬਿਆਨ ਕਰਨ ਦਾ ਯਤਨ ਕਰਦੇ ਹਾਂ ਉੁਹ ਸਥੂਲ–ਸਰੂਪ ਸਰੀਰ ਦਾ ਬਿਆਨ ਹੁੰਦਾ ਹੈ, ਅਦਿਖ ਗੁਰੂ–ਜੋਤਿ ਦਾ ਨਹੀਂ । ਉਪਰੋਕਤ ਸੰਖੇਪ ਵਿਵਰਣ ਤੋਂ ਸਪੱਸ਼ਟ ਹੈ ਕਿ ਗੁਰੂ–ਜੋਤਿ ਪ੍ਰਕਾਸ਼ਮਾਨ–ਪ੍ਰਗਟ ਹੁੰਦੀ ਹੈ ਜੋ ਜਨਮ–ਮਰਨ ਤੋਂ ਰਹਿਤ ਹੈ । ਗੁਰਬਾਣੀ ਸਪੱਸ਼ਟ ਕਰਦੀ ਹੈ :

ਗੋਬਿੰਦ ਲੋਕ ਨਹੀ ਜਨਮਿ ਮਰਹਿ ॥    (ਪੰਨਾ 211)

ਬਾਲ ਗੋਬਿੰਦ ਰਾਏ ਨੇ ਆਦਿ ਗੁਰੂ, ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤ ਸੁਹਾਵੀ ਪਟਨਾ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਮਾਤਾ ਗੁਜਰੀ ਜੀ ਦੇ ਘਰ ਪੋਹ ਸੁਦੀ ਸਤਵੀਂ{23 ਪੋਹ}1723 ਬਿਕਰਮੀ ਨੂੰ ਪ੍ਰਗਟ ਹੋ ਬਾਲ ਵਰੇਸ ਦੇ ਅਗੰਮੀ ਕੌਤਕ ਕੀਤੇ । ਮਾਤਾ ਗੁਜਰੀ ਜੀ ਦੀ ਨਿਗਰਾਨੀ ‘ਚ ਆਉਣ ਵਾਲੇ ਸਮੇਂ ਦੇ ਹਾਣੀ ਬਣਨ ਲਈ ਸਿਿਖਆ ਪ੍ਰਾਪਤ ਕੀਤੀ । ਮਸਨੂਈ ਜੰਗੀ ਅਭਿਆਸ ਕੀਤੇ, ਸਮੇਂ ਦੀ ਬਾਦਸ਼ਾਹੀ ਦਾ ਬਾਲ ਅਵਸਥਾ ਸਮੇਂ ਬਾਗੀ ਸੁਰ ‘ਚ ਮੂੰਹ ਚੜਾ ਖਿੱਲੀ ਉਡਾਈ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮੂਲ ਨਾਂ ‘ਗੋਬਿੰਦ ਰਾਇ’ ਹੈ । ਗੋਬਿੰਦ ਦਾ ਅਰਥ–ਭਾਵ ਸਰਵਕਾਲੀ, ਸਮੇਂ ਸਥਾਨ ਤੋਂ ਸੁਤੰਤਰ ਹਰੀ ਪਰਮਾਤਮਾ ਹੈ । ਕੋਸ਼ਾਂ ਵਿਚ ਵੀ ਗੋਬਿੰਦ ਦਾ ਸ਼ਾਬਦਿਕ ਅਰਥ ਵਾਹਿਗੁਰੂ, ਪ੍ਰਿਥਵੀ–ਪਾਲਕ, ਕਰਤਾਰ, ਪਾਰਬ੍ਰਹਮ, ਗੁਣਾਂ ਦਾ ਸਮੁੰਦ਼੍ਰ ਆਦਿ ਕੀਤੇ ਮਿਲਦੇ ਹਨ । ਗੁਰਬਾਣੀ ਇਨ੍ਹਾਂ ਅਰਥਾਂ ਨੂੰ ਸਪਸ਼ਟ ਕਰਦੀ ਹੈ :

ਪਾਰਬ੍ਰਹਮ ਪਰਮੇਸੁਰ ਗੋਬਿੰਦ ॥

ਕ੍ਰਿਪਾ ਨਿਧਾਨ ਦਇਆਲ ਬਖਸੰਦ ॥  (ਪੰਨਾ 283)

- Advertisement -

ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ॥ (ਪੰਨਾ 485)

ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥  (ਪੰਨਾ 378)

ਦੁਸਟ ਹਰਨਾ ਸ੍ਰਿਸਟ ਕਰਨਾ ਦਯਾਲ ਲਾਲ ਗੋਬਿੰਦ ॥ (ਸ੍ਰੀ ਦਸਮ ਗ੍ਰੰਥ)

‘ਰਾਇ’ ਸ਼ਬਦ ਦੇ ਸ਼ਾਬਦਿਕ ਅਰਥ–ਸੰਗਯਾ ਦੇ ਰੂਪ ‘ਚ ਰਾਜਾ, ਅਮੀਰ, ਮਾਲਕ, ਪ੍ਰਭੂ, ਵਾਹਿਗੁਰੂ, ਕਰਤਾਰ, ਪਾਰਬ੍ਰਹਮ ਕੀਤੇ ਮਿਲਦੇ ਹਨ । ਗੁਰਬਾਣੀ ਦੇ ਪਾਵਨ ਉਪਦੇਸ਼ ਹਨ:

ਨਾਨਕ ਮਨਹੁ ਨ ਬੀਸਰੈ ਗੁਣ ਨਿਿਧ ਗੋਬਿਦ ਰਾਇ ॥  (ਪੰਨਾ 255)

ਤਤਾ ਤਾ ਸਿਉ ਪ੍ਰੀਤਿ ਕਰਿ ਗੁਣ ਨਿਿਧ ਗੋਬਿਦ ਰਾਇ ॥  (ਪੰਨਾ 256)

ਆਪੁ ਤਜਹੁ ਗੋਬਿੰਦ ਭਜਹੁ ਸਰਨਿ ਪਰਹੁ ਹਰਿ ਰਾਇ ॥   (ਪੰਨਾ 298)

ਗੁਰੁ ਨਾਨਕੁ ਤੁਠਾ ਮਿਿਲਆ ਹਰਿ ਰਾਇ ॥(ਪੰਨਾ 375)

ਅੰਤਰਿ ਰਾਮ ਰਾਇ ਪ੍ਰਗਟੇ ਆਇ ॥ (ਪੰਨਾ 1141)

‘ਗੋਬਿੰਦ ਰਾਇ’ ਦੇ ਅਗੇਤਰ–ਪਿਛੇਤਰ ਵਿਸ਼ੇਸ਼ਣ ਜਿਤਨੇ ਮਰਜ਼ੀ ਸ਼ਰਧਾ–ਭਾਵਨਾ, ਸਤਿਕਾਰ ਨਾਲ ਲਗਾ ਦੇਈਏ, ਆਪਣੇ ਮਨ ਦੀ ਤਸੱਲੀ ਹੋ ਜਾਵੇਗੀ ਪਰ ‘ਗੋਬਿੰਦ’ ਦੇ ਗੁਣਾਂ ਦਾ ਗਾਇਨ, ਅਕਥ ਕਥਾ ਕਥੀ ਨ ਜਾਇ ਦੀ ਅਵਸਥਾ ਹੈ । ਗੋਬਿੰਦ ਸ਼ਬਦ ਦਾ ਕੋਈ ਬਦਲ ਨਹੀਂ । ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਫੁਰਮਾਣ ਹੈ:

ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ ॥

ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ ॥  (ਪੰਨਾ ੪੮੭)

ਗੋਬਿੰਦ ਨਾਮ ‘ਚ ਐਸੀ ਸ਼ਕਤੀ ਹੈ ਕਿ ਭਗਤ ਨਾਮਦੇਵ ਜਿਸਨੂੰ ਅੱਧੀ ਦਮੜੀ ਦਾ ਨਹੀਂ ਸਨ ਮੰਨਦੇ ਉਹੀ ਗੋਬਿੰਦ ਗੋਬਿੰਦ ਕਰਦਿਆਂ ‘ਗੋਬਿੰਦ’ ਰੂਪ ਹੋ ਲਖੀਣਾ ਭਾਵ ਲੱਖਾਂ ਦਾ ਹੋ ਗਿਆ, ਅਮੋਲਕ–ਅਮਰ ਹੋ ਗਿਆ । ਲੋਕ ਉਸ ਦੇ ਨਾਮ ਨਾਲ ਜੁੜ ਗਏ । ਦੂਸਰੇ ਪਾਸੇ ਅਸੀਂ ਤਕਦੇ ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਨਾਮ ਦਾ ‘ਗੋਬਿੰਦ’ ਸ਼ਬਦ ਉਸ ਹੀ ਨਿਰੰਕਾਰੀ ਜੋਤਿ ਦੇ ਅਰਥਾਂ, ਭਾਵਾਂ ਤੇ ਭਾਵਨਾ ‘ਚੋਂ ਵਰਤਿਆ ਗਿਆ ਹੈ । ਗੋਬਿੰਦ ਦੇ ਬਿਸਰਨ ਨਾਲ ਤਾਂ ਆਤਮਿਕ ਮੌਤ ਹੈ_‘‘ਮਰਣੰ ਬਿਸਰਣੰ ਗੋਬਿੰਦਹ ॥”

ਦਸਮੇਸ਼ ਪਿਤਾ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਟਨੇ ਦੀ ਧਰਤੀ ‘ਤੇ ਪ੍ਰਗਟ ਹੋਏ ਇਹ ਇਕ ਪ੍ਰਤੱਖ ਪ੍ਰਮਾਣ ਹੈ :

ਤਹੀ ਪ੍ਰਕਾਸ ਹਮਾਰਾ ਭਯੋ ॥

ਪਟਨਾ ਸਹਰ ਬਿਖੈ ਭਵ ਲਯੋ ॥           (ਬਚਿਤ੍ਰ ਨਾਟਕ, ਅਧਿ: ੭)

ਵਹ ਪ੍ਰਗਟਿਓ ਪੁਰਖ ਭਗਵੰਤ ਰੂਪ ਗੁਰ ਗੋਬਿੰਦ ਸੂਰਾ ।•••

ਉਹੁ ਗੁਰੁੂ ਗੋਬਿੰਦ ਹੋਇ ਪ੍ਰਗਟਿਓ ਦਸਵਾਂ ਅਵਤਾਰਾ ।    (ਭਾਈ ਗੁਰਦਾਸ ਦੂਜਾ)

ਜਨਮ–ਮਰਨ ਸੰਸਾਰੀ ਲੋਕਾਈ ਵਾਸਤੇ ਹੈ ਜੋ ਵਿਕਾਰਾਂ ਤੋਂ ਨਿਰਲੇਪ ਨਹੀਂ ਹੋ ਸਕਦੇ ਪਰ ਰੂਹਾਨੀ ਪਾਤਸ਼ਾਹ, ਰੱਬੀ ਨੂਰ–ਨਿਰੰਕਾਰੀ ਤੇ ਪਰਉਪਕਾਰੀ ਹੈ । ਗੁਰੂ ਸਰਵਕਾਲੀ, ਸਰਵਪੱਖੀ–ਸਰਬਗੁਣ ਸੰਪੰਨ, ਸਮੇਂ–ਸਥਾਨ ਦੀਆਂ ਸੀਮਾਵਾਂ ਤੋਂ ਸੁਤੰਤਰ ਹੁੰਦਾ ਹੈ । ਗੁਰੂ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਵਾਸਤੇ ਗਿਆਨ ਪ੍ਰਕਾਸ਼ਕ, ਗਿਆਨ ਦਾ ਬ੍ਰਹਿਮੰਡੀ ਸੂਰਜ ਹੈ, ਜੋ ਪਵਨ–ਗੁਰੂ ਪਾਣੀ–ਪਿਤਾ ਦੇ ਸਿਧਾਂਤ ਅਨੁਸਾਰ ਸਮਸਤ ਸੰਸਾਰ ਲਈ ਅਗਿਆਨ ਵਿਨਾਸ਼ਕ–ਪ੍ਰਕਾਸ਼ ਦਾ ਅਮੁਕ ਸਰੋਤ ਹੈ । ਇਨ੍ਹਾਂ ਅਰਥਾਂ ਵਿਚ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਿਸੇ ਧਰਮ, ਜਾਤੀ, ਕੌਮ, ਖੇਤਰ ਤੀਕ ਸੀਮਤ ਨਹੀਂ ਉਹ ਸਮੁੱਚੀ ਕਾਇਨਾਤ ਲਈ ਕੁਦਰਤੀ ਧਰਮ ਗੁਰੂ ਹਨ ਜਿਨ੍ਹਾਂ ਨੂੰ ਅਸੀਂ ਮਾਨਵਤਾ ਦੇ ਗੁਰੂ ਵਜੋਂ  ਦੇਖਣ ਦਾ ਯਤਨ ਕਰ ਰਹੇ ਹਾਂ । ਬਾਦਸ਼ਾਹ–ਦਰਵੇਸ਼ ਸ਼ੁਭ ਕਰਮਨ ਤੇ ਕਬਹੂੰ ਨਾ ਟਰੋਂ ਦੀ ਅਰਦਾਸ ਅਕਾਲ ਪੁਰਖ ਦੇ ਦਰ ‘ਤੇ ਕਰਦਿਆਂ, ਨਿਸਚੈ ਕਰਿ ਅਪਨੀ ਜੀਤ ਕਰਨ ਦੇ ਦ਼੍ਰਿੜ੍ਹ ਵਿਸਵਾਸ਼ੀ ਹਨ ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਕੋਈ ਸਾਨੀ ਨਹੀਂ, ਕੋਈ ਬਦਲ ਨਹੀਂ, ਕਵੀ ਅੱਲਾ ਯਾਰ ਖਾਂ ਜੋਗੀ ਦੇ ਸ਼ਬਦਾਂ ‘ਚ :

ਕਰਤਾਰ ਕੀ ਸੁਗੰਦ ਹੈ, ਨਾਨਕ ਕੀ ਕਸਮ ਹੈ ।

ਜਿਤਨੀ ਭੀ ਹੋ ਗੋਬਿੰਦ ਕੀ ਤਾਰੀਫ਼ ਵੁਹ ਕਮ ਹੈ । (ਸ਼ਹੀਦਾਨਿ ਵਫ਼ਾ)

ਸਾਈਂ ਭੀਖਣ ਸ਼ਾਹ ਨੇ ਲੋਕਾਈ ਨੂੰ ਪ੍ਰਤੱਖ ਕਰਨ ਲਈ ਪੂਰਬ ਵੱਲ ਸਿਜਦਾ ਕੀਤਾ, ਪਟਨੇ ਸ਼ਹਿਰ ਜਾ ਕੇ ਗੁਰੂ–ਜੋਤਿ ਦੇ ਦਰਸ਼ਨ ਕਰ ਸਪੱਸ਼ਟ ਕੀਤਾ ਕਿ ਗੁਰਦੇਵ–ਪਿਤਾ ਧਰਮ, ਜਾਤੀ ਜਾਂ ਖੇਤਰ ਨਾਲ ਸੰਬੰਧਿਤ ਨਹੀਂ ਸਗੋਂ ਮਨੁੱਖਤਾ ਨੂੰ ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ ਦਾ ਸੰਦੇਸ਼ ਦੇਣ ਆਏ ਹਨ । ਫ਼ਤਹਿ ਚੰਦ ਮੈਣੀ, ਸ਼ਿਵ ਦੱਤ ਦੇ ਸ਼ੰਕਿਆਂ ਨੂੰ ਨਿਿਵਰਤ ਕਰ ਸ਼ਸਤ਼੍ਰ ਤੇ ਸ਼ਾਸਤ਼੍ਰ ਵਿਿਦਆ ਦੀ ਪ੍ਰਾਰੰਭਕ ਵਿਿਦਆ ਹਾਸਲ ਕਰ ਮਾਨਵਤਾ ਦੇ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਨੂੰ ਰਵਾਨਾ ਹੋਏ ।

ਅਨੰਦਪੁਰ ਸਾਹਿਬ ਦੀ ਪਾਵਨ–ਪਵਿੱਤਰ ਧਰਤ ਸੁਹਾਵੀ ‘ਤੇ ਹੀ ਚਾਰੇ ਸਾਹਿਬਜ਼ਾਦੇ ਅੰਗਮੀ ਕੌਤਕ ਕਰਦੇ ਹਨ । ਮਾਤਾ ਜੀਤੋ ਜੀ ਦਾ ਅਕਾਲ ਚਲਾਣਾ ਵੀ ਇੱØਥੇ ਹੀ ਹੁੰਦਾ ਹੈ । ਦਰਦਮੰਦ, ਦੁਖੀ ਤੇ ਆਜ਼ਜ ਬ੍ਰਾਹਮਣ, ਕ੍ਰਿਪਾ ਰਾਮ ਦੀ ਅਗਵਾਈ ‘ਚ ਆਪਣੇ ਧਰਮ–ਕਰਮ ਇਜ਼ਤ–ਆਬਰੂ ਲਈ ਅਧੀਨਗੀ ਨਾਲ ਬੇਨਤੀ ਕਰਦੇ ਹਨ ਤਾਂ ਦਸਮ ਪਾਤਸ਼ਾਹ ਹੀ ਪ੍ਰਵਾਨ ਚੜ੍ਹਾਉਂਦੇ ਹਨ । ਨੌਂ ਸਾਲ ਦੀ ਉਮਰ ‘ਚ ਗੁਰੂ ਪਿਤਾ, ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਹਿੰਦੂ ਧਰਮ ਦੀ ਹੋਂਦ ਨੂੰ ਬਚਾਉਣ ਲਈ ਸ਼ਹਾਦਤ ਵਾਸਤੇ ਤੋਰਨਾ, ਸਵੈ–ਵਿਸ਼ਵਾਸ, ਸਿਦਕ ਭਰੋਸੇ ਦਾ ਸ਼ਿਖਰ ਸੀ । ਭਾਈ ਜੈਤਾ ਜੀ ਤੋਂ ਸ਼ਹੀਦ ਗੁਰੂ–ਪਿਤਾ, ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪਾਵਨ ਸੀਸ ਪ੍ਰਾਪਤ ਕਰ, ਪਿਆਰੇ–ਗੁਰਸਿੱਖ ਨੂੰ ਪਿਆਰ ਗਲਵਕੜੀ ‘ਚ ਲੈ ਕੇ ਬਖਸ਼ਿਸ਼ ਕਰਦੇ ਹਨ ਰੰਘਰੇਟੇ ਗੁਰੂ ਕੇ ਬੇਟੇ । ਮਾਖੋਵਾਲ ਚੱਕ ਨਾਨਕੀ ਦੀ ਛੋਟੀ ਜਿਹੀ ਨਗਰੀ ਨੂੰ ਬ੍ਰਹਿਮੰਡੀ ਖਾਲਸੇ ਦੇ ਪ੍ਰਗਟ ਅਸਥਾਨ ਦੇ ਰੂਪ ‘ਚ ਤਖ਼ਤ, ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਜੋਂ ਵਿਸ਼ਵ ਪ੍ਰਸਿੱਧੀ ਪ੍ਰਾਪਤ ਹੋਈ । ਮਸਨੂਈ ਜੰਗਾਂ ਤੇ ਧਰਮ ਯੁੱਧ ਦੀ ਤਿਆਰੀ ਲਈ ਕਿਲ੍ਹੇ ਉਸਾਰੇ ਗਏ ।

ਸਾਹ–ਸਤਹੀਨ ਹੋਏ ਭਾਰਤੀਆਂ, ਮੁਰਦਾ–ਨਿਤਾਣੇ ਲੋਕਾਂ ‘ਚ ਸਾਹਸ–ਸ਼ਕਤੀ ਨੂੰ ਪੈਦਾ ਕਰਨ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੇਸਗੜ੍ਹ ਦੀਆਂ ਪਹਾੜੀਆਂ ‘ਤੇ ਕੇਸਰੀ ਪਰਚਮ ਝੁਲਾਏ, ਰਣਜੀਤ ਨਗਾਰੇ ‘ਤੇ ਚੋਟਾਂ ਲਗਵਾਈਆਂ । ਘੋੜ–ਸਵਾਰੀ ਤੇ ਸ਼ਸਤਰ–ਵਿਿਦਆ ਲਈ ਮਸਨੂਈ ਜੰਗਾਂ–ਯੱੁਧਾਂ, ਫ਼ਤਹਿ ਦੇ ਜੈਕਾਰਿਆਂ ਨਾਲ ਧਰਮ ਯੁੱਧ ਲਈ ਚਾਊ–ਹੁਲਾਸ ਪੈਦਾ ਕੀਤਾ । ਇਹ ਸਭ ਕੁਝ ਸਦੀਆਂ ਤੋਂ ਗੁਲਾਮ ਭਾਰਤੀਆਂ ਲਈ ਸਮੇਂ ਦੇ ਬਾਦਸ਼ਾਹ ਔਰੰਗਜ਼ੇਬ ਵਲੋਂ ਸਖ਼ਤ ਮਨ੍ਹਾ ਕੀਤਾ ਸੀ । ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੁਜ਼ਦਿਲਾਂ ‘ਚ ਬਹਾਦਰੀ ਪੈਦਾ ਕਰਨ ਲਈ ਬੀਰ–ਰਸੀ ਸਾਹਿਤ ਸਿਰਜਣਾ ਕੀਤੀ ਤੇ ਕਰਵਾਈ । ਖਾਲਸਈ ਫ਼ਤਹਿ ਦੇ ਬੋਲਾਂ ਤੇ ਜੰਗੀ ਜੈਕਾਰਿਆਂ ਨਾਲ ਪਹਾੜੀਆਂ ਗੂੰਜ ਉਠੀਆਂ । ਬਿਨ ਕਰਤਾਰ ਨ ਕਿਰਤਮ ਮਾਨੋ ਦੇ ਧਾਰਨੀ ਗੁਰੂੁ ਪਿਤਾ ਜੀ ਦੇ ਨਿਰਦੇਸ਼ਾਂ ਅਨੁਸਾਰ ਸ਼ਸਤਰਾਂ ਦੇ ਪੁਜਾਰੀ, ਸੁਤੰਤਰਤਾ, ਸਵੈਮਾਣ ਦੀ ਸ਼ਕਤੀ ਨਾਲ ਮਾਲਾ–ਮਾਲ ਸਿੰਘਾਂ ਨੇ ਸਰੂਪ ਤੇ ਸ਼ਖ਼ਸੀ ਪੂਜਾ ਨੂੰ ਮੁਕੰਮਲ ਰੂਪ ‘ਚ ਨਕਾਰ ਦਿੱਤਾ । ਸ਼ੂਦਰ ਨੂੰ ਸਮਾਜਿਕ ਬਰਾਬਰੀ ਦਾ ਅਧਿਕਾਰ ਨਹੀਂ ਸੀ ਉਸ ਨੂੰ ਸਤਿਗੁਰਾਂ ਨੇ ਸਿੱਖ ਸ਼ਹਿਨਸ਼ਾਹ ਬਣਾ ਦਿੱਤਾ ।

ਨਾਮ ਗਰੀਬ ਨਿਵਾਜ ਹਮਾਰਾ । ਹੈ ਜਗ ਮੇਂ ਪ਼੍ਰਸਿਧ ਅਪਾਰਾ ।

ਸੋ ਸਫਲਾ ਜਗ ਮੈ ਤਬ ਥੈ ਹੈਂ । ਲਘੁ ਜਾਤਨ ਕੋ ਬਡਪਨ ਦੈ ਹੈਂ ।

ਜਿਨ ਕੀ ਜਾਤਿ ਔਰ ਕੁਲ ਮਾਂਹੀ, ਸਰਦਾਰੀ ਨਹਿ ਭਈ ਕਦਾਹੀਂ ।•••

ਇਨ ਹੀ ਕੋ ਸਰਦਾਰ ਬਨਾਵੋਂ, ਤਬੈ ਗੋਬਿੰਦ ਸਿੰਘ ਨਾਮ ਸਦਾਵੋਂ । (ਪੰਥ ਪ਼੍ਰਕਾਸ਼, ਗਿ• ਗਿਆਨ ਸਿੰਘ)

ਜੁੱਧ ਜਿਤੇ ਇਨਹੀ ਕੇ ਪ੍ਰਸਾਦਿ ਇਨਹੀ ਕੇ ਪ੍ਰਸਾਦਿ ਸੁ ਦਾਨ ਕਰੇ ॥•••

ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈ ਨਹੀ ਮੋ ਸੇ ਗਰੀਬ ਕਰੋਰ ਪਰੇ ॥ (ਸ੍ਰੀ ਦਸਮ ਗ੍ਰੰਥ, ਪੰਨਾ ੭੧੬)

ਖੇਰੂੰ–ਖੇਰੂੰ ਹੋਈ ਸਮਾਜਿਕ ਸ਼ਕਤੀ ਨੂੰ ਇਕੱਤਰ ਕਰ ਸੂਰਬੀਰ ਬਚਨ ਕੇ ਬਲੀ ਸੂਰਮੇ ਸਰਦਾਰ ਬਣਾਏ । ਇਸ ਕਾਰਜ ਵਾਸਤੇ ਵਿਦਵਾਨ–ਸਾਹਿਤਕਾਰ ਤੇ ਕਵੀ ਬੁਲਾਏ ਗਏ । ਇਸ ਮਨੋਰਥ ਨੂੰ ਗੁਰੂ ਜੀ ਇੰਝ ਸਪੱਸ਼ਟ ਕਰਦੇ ਹਨ :

ਧੰਨਿ ਜੀਓ ਤਿਹ ਕੋ ਜਗ ਮੈ ਮੁਖ ਤੇ ਹਰਿ ਚਿੱਤ ਮੈ ਜੁਧੁ ਬਿਚਾਰੈ ॥ (ਕ੍ਰਿਸ਼ਨਵਤਾਰ)

ਅਨੰਦਪੁਰ ਸਾਹਿਬ ਤੋਂ ਗੁਰਦੇਵ ਪਿਤਾ ਸ਼ਹਿਰ ਪਾਂਵਟੇ ਦੀ ਸੁਧ ਲੈਂਦੇ ਹਨ । ਰੁਝੇਵਿਆਂ, ਯੁੱਧਾਂ, ਕਸ਼ਟਾਂ ਦੇ ਸਮੇਂ ਵੀ ਕਾਵਿ–ਰਚਨਾ ਕਰਦੇ ਰਹੇ । 52 ਕਵੀਆਂ ਦੀ ਸ਼ਾਹਦੀ ਤਾਂ ਬਹੁਤ ਸਾਰੇ ਇਤਿਹਾਸਕ ਹਵਾਲੇ ਭਰਦੇ ਹਨ, ਜਿਨ੍ਹਾਂ ਨੂੰ ਗੁਰਦੇਵ ਤਨਖ਼ਾਹ ਤੋਂ ਇਲਾਵਾ–ਬੇਨਜ਼ੀਰ ਇਨਾਮਾਂ ਨਾਲ ਨਿਵਾਜਦੇ ਸਨ । ਗੁਰੂ ਦਰਬਾਰ ਵਿਚ ਵੱਡੀ ਗਿਣਤੀ ਵਿਚ ਵਿਦਵਾਨ, ਕਵੀ, ਲਿਖਾਰੀ, ਮੁਨਸ਼ੀ, ਮੁਸੱਦੀ ਤੇ ਹੋਰ ਸਿੱਖ ਸੇਵਾਦਾਰ ਸਨ । ਦੇਹਰਾ ਮਸੀਤ ਨੂੰ ਵੱਖ–ਵੱਖ ਧਰਮ ਮੰਦਰ ਮੰਨਣ ਵਾਲੇ, ਪੁਰਾਣ–ਕੁਰਾਣ ਦੇ ਸੰਦੇਸ਼ ‘ਤੇ ਅਮਲ ਕਰਨ ਵਾਲੇ ਉਨ੍ਹਾਂ ਦੇ ਸ਼ਰਧਾਲੂ, ਸੇਵਕ, ਮੁਰੀਦ ਤੇ ਸ਼ਹੀਦ ਸਨ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤੇਗ਼ਾਂ ਨਾਲ ਕਲਮਾਂ ਘੜੀਆਂ, ਜਿਨ੍ਹਾਂ ਐਸਾ ਬੀਰ ਰਸ ਸਾਹਿਤ ਪੈਦਾ ਕੀਤਾ, ਜਿਸ ਨੇ ਬੁਜ਼ਦਿਲਾਂ–ਕਾਇਰਾਂ ‘ਚ ਬੀਰਤਾ–ਬਹਾਦਰੀ ਦੇ ਬੀਜ ਬੋਏ ਕਿ ਸਵਾ–ਸਵਾ ਲੱਖ ਨਾਲ ਇਕੱਲੇ ਲੜ ਗਏ । ਇਹ ਵੇਰਵੇ ਦਰਬਾਰੀ ਕਵੀਆਂ ਦੀਆਂ ਰਚਨਾਵਾਂ ਤੋਂ ਵੀ ਮਿਲਦੇ ਹਨ ।

ਪਾਉਂਟੇ ਦੀ ਧਰਤੀ ‘ਤੇ ਨਿਵਾਸ ਕਰਦਿਆਂ ਭੰਗਾਣੀ ਯੁੱਧ ਵਿਚ ਜਿੱਤ ਪ੍ਰਾਪਤ ਕਰਕੇ ਭਈ ਜੀਤ ਮੇਰੀ ਕ੍ਰਿਪਾ ਕਾਲ ਕੇਰੀ ਦਾ ਨਾਅਰਾ ਬੁਲੰਦ ਕੀਤਾ । ਨੀਵੀਂ ਜਾਤ ਦੇ ਕਹੇ ਜਾਂਦੇ ਸ਼ੂਦਰਾਂ ਨੂੰ ਪਿਆਰ ਗਲਵਕੜੀ ਵਿਚ ਲੈ ਕੇ ਸੂਰਮੇ ਸ਼ੇਰ ਹੋਣ ਦਾ ਮਾਣ ਦਿੱਤਾ । ਇਸਲਾਮਿਕ ਅਸੂਲਾਂ ਦੇ ਧਾਰਣੀ ਪੀਰ ਬੁੱਧੂ ਸ਼ਾਹ ਵੱØਲੋਂ ਆਪਣੇ ਸਪੁੱਤਰ, ਮੁਰੀਦ ਗੁਰੂ ਜੀ ਤੋਂ ਕੁਰਬਾਨ ਕਰਨੇ ਕਿਸੇ ਕਰਾਮਾਤ ਤੋਂ ਘੱਟ ਨਹੀਂ ਸੀ । ਪੀਰ ਬੁੱਧੂ ਸ਼ਾਹ ਸ਼ਕਲਾਂ–ਸਰੀਰਾਂ ਦੇ ਪੁਜਾਰੀ ਨਹੀਂ ਕੇਵਲ ਇਕ ਅੱਲ੍ਹਾ ਨੂੰ ਮੰਨਣ ਵਾਲੇ ਸਨ । ਉਹ ਬ੍ਰਹਿਮੰਡੀ ਧਰਮ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਮਨ–ਬਚਨ–ਕਰਮ ਕਰਕੇ ਸਮਰਪਿਤ ਹੋਏ ਪ੍ਰੇਮ ਖੇਲਣ ਕਾ ਚਾਉ ਦੀ ਖੇਡ ਖੇਡਦੇ ਹਨ । ਕਲਗੀਧਰ ਦੇ ਸ਼ਸਤਰ ਦੀਨ–ਦੁਖੀ ਦੀ ਰੱØਖਿਆ ਢਾਲ ਤੇ ਜਾਬਰਾਂ–ਜ਼ਾਲਮਾਂ ਵਾਸਤੇ ਕਾਲ ਸਨ । ਅਕਾਲ ਪੁਰਖ ਵੱØਲੋਂ ਬਖਸ਼ਿਸ਼ਾਂ ਕਾਰਣ ਅੱØਗੋਂ ਜੋ ਅੜਦਾ ਸੀ ਸੋ ਝੜਦਾ ਸੀ । ਜੋ ਸ਼ਰਨ ਆਉਂਦਾ ਉਸਨੂੰ ਗਲੇ ਨਾਲ ਲਗਾਉਂਦੇ ਸਨ । ਸ੍ਰੀ ਗੁਰੂ ਗੋਬਿੰਦ ਸਿੰਘ ਦੇ ਨਾਲ ਤਨ, ਮਨ ਤੋਂ ਜੁੜਦੇ ਨਿਮਾਣੇ, ਨਿਤਾਣੇ, ਗਰੀਬੜੇ ਕਮਜ਼ੋਰ ਕਿਰਸਾਨ ਸੇਵਕ ਤੋਂ ਸਿਕਦਾਰ–ਸਿਰਦਾਰ ਬਣਾਉਣ ਦੀ ਸਮਰੱਥਾ ਸੀ ।

ਤਖ਼ਤ, ਸ੍ਰੀ ਕੇਸਗੜ੍ਹ ਸਾਹਿਬ (ਅਨੰਦਪੁਰ ਸਾਹਿਬ) ਦੇ ਪਾਵਨ ਅਸਥਾਨ ‘ਤੇ ਖੰਡੇ ਬਾਟੇ ਦੀ ਪਾਹੁਲ ਛਕਾ ਕੇ ਖੰਡੇ ਦੀ ਧਾਰ ‘ਤੇ ਚਲਣ ਵਾਲੀ ਖੜਗਧਾਰੀ ਕੌਮ ਸਿਰਜੀ । ਫਿਰ ਆਪ ਉਨ੍ਹਾਂ ਪਾਸੋਂ ਅੰØਮ੍ਰਿਤ ਦਾਤ ਪ੍ਰਾਪਤ ਕਰ ਪੰਥ ਨੂੰ ਗੁਰੂ–ਪੰਥ ਦੀ ਸਰਵਉਚ ਪਦਵੀ–ਖਿਤਾਬ ਪ੍ਰਦਾਨ ਕੀਤਾ । ਭਰਮ ਭੇਖ ਤੋਂ ਨਿਆਰੇ ਖਾਲਸੇ ਨੂੰ ਗੁਰਦੇਵ ਆਪਣਾ ਗੁਰੂ ਤਸਵਰ ਕਰਦੇ ਹਨ :

ਖ਼ਾਲਸਾ ਖਾਸ ਕਹਾਏ ਸੋਈ, ਜਾ ਕੇ ਹਿਰਦੇ ਭਰਮ ਨ ਹੋਈ ।

ਭਰਮ ਭੇਖ ਤੇ ਰਹੇ ਨਿਆਰਾ, ਸੋ ਖਾਲਸਾ, ਸਤਿਗੁਰੂ ਹਮਾਰਾ ।      (ਗੁਰ ਸੋਭਾ)

ਖਾਲਸਾ ਮੇਰੋ ਸਤਿਗੁਰ ਪੂਰਾ । ਖਾਲਸਾ ਮੇਰੋ ਸ੍ਵਜਨ ਸੂਰਾ ।•••

ਯਾ ਮਹਿ ਰੰਚ ਨ ਮਿਿਥਆ ਭਾਖੀ । ਪਾਰਬ੍ਰਹਮ ਗੁਰ ਨਾਨਕ ਸਾਖੀ । (ਸਰਬ ਲੋਹ)

 ਗੁਰਬਾਣੀ ਦੇ ਪਾਵਨ ਉਪਦੇਸ਼–ਮਿਰਤਕ ਕਉ ਪਾਇਓ ਤਨਿ ਸਾਸਾ ਦੇ ਗੁਰੂ ਬਚਨ ਨੂੰ ਅਮਲ ‘ਚ ਪ੍ਰਗਟ ਕਰਦਿਆਂ ਗੁਲਾਮ ਮਾਨਸਿਕਤਾ ਦੀ ਥਾਂ ਸ੍ਵੈ–ਵਿਸ਼ਵਾਸ, ਭਰੋਸੇ, ਸੁਤੰਤਰਤਾ ਸਿੱਖ ਸੋਚ ਹੋਂਦ–ਹਸਤੀ ਤੇ ਵਿਲੱਖਣ ਪਹਿਚਾਣ, ਜਗਦੀ–ਜ਼ਮੀਰ ਵਾਲੇ ਬਾਣੀ–ਬਾਣੇ ਦੇ ਧਾਰਨੀ ਸੂਰਬੀਰ ਬਚਨ ਕੇ ਬਲੀ ਸਿੰਘਾਂ (ਸ਼ੇਰਾਂ) ਦਾ ਪੰਥ ਪ੍ਰਗਟ ਕੀਤਾ, ਜਿਹੜਾ ਕਦੇ ਵੀ ਸਮੇਂ–ਸਥਾਨ ਤੇ ਸੱਤਾ ਨਾਲ ਸਮਝੌਤਾ ਕਰਕੇ ਕਿਸੇ ਕਿਸਮ ਦੀ ਗੁਲਾਮੀ, ਪ੍ਰਾਧੀਨਤਾ ਪ੍ਰਵਾਨ ਨਾ ਕਰੇ । ਸ੍ਰ• ਰਤਨ ਸਿੰਘ ਭੰਗੂ ਦੇ ਸ਼ਬਦਾਂ ‘ਚ :

ਕਿਸ ਹੂੰ ਕੀ ਇਹ ਕਾਣ ਨ ਧਰਹੈਂ ।

ਰਾਜ ਕਰੈਂ ਇਕੈ ਲਰ ਮਰਹੈਂ ।

ਵਿਅਕਤੀ ਵਿਸ਼ੇਸ਼, ਰਾਜਾਸ਼ਾਹੀ, ਸੰਸਾਰਿਕ ਬਾਦਸ਼ਾਹੀ ਦੀ ਜੈ–ਜੈ ਕਾਰ ਦੇ ਵਿਰੁੱਧ ਬਗਾਵਤੀ ਸੁਰ ਨੂੰ ਬੁਲੰਦ ਕਰਨ ਤੇ ਖਾਲਸਾ ਹੋਆ ਖ਼ੁਦ–ਖ਼ੁਦਾ ਦੀ ਭਾਵਨਾ ਨੂੰ ਪ੍ਰਚੰਡ ਕਰਨ ਲਈ ਖਾਲਸਾ ਜੀ ਬੋਲਿਆਂ ਦੇ ਰੂਪ ਵਿਚ ਸੰਬੋਧਨੀ ਬੋਲਾ :

ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫ਼ਤਹਿ ॥

ਬੁਲਾਣ ਦਾ ਆਦੇਸ਼ ਕੀਤਾ । ਇਸ ਦੇ ਨਾਲ ਗੁਰਸਿੱਖਾਂ ਵਿਚ ਜਿੱਥੇ ਸ੍ਵੈ–ਵਿਸ਼ਵਾਸ ਪੈਦਾ ਹੋਇਆ ਉਥੇ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਵ–ਸ਼ਕਤੀ ਸੰਪੰਨ ਹੋਣ ਨੂੰ ਸਮਰਪਿਤ ਭਾਵਨਾ ਤੇ ਵਿਸ਼ਵਾਸ ਪਰਪੱਕ ਹੋਇਆ । ਇਹ ਸੰਬੋਧਨੀ ਬੋਲਾ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਬ੍ਰਹਿਮੰਡੀ ਚੇਤਨਾ ਨੂੰ ਪ੍ਰਗਟ ਕਰਦਾ ਹੈ ਜੋ ਕਿਸੇ ਕੌਮ, ਧਰਮ, ਖਿੱਤੇ, ਬਾਦਸ਼ਾਹ ਪਾਸੋਂ ਆਸ ਨਹੀਂ ਕੀਤੀ ਜਾ ਸਕਦੀ ਜੋ ਮਾਨਵਤਾ ਦੇ ਗੁਰੂ ਦੇ ਗੁਣ ਨੂੰ ਰੂਪਮਾਨ ਕਰਦੀ ਹੈ ।

ਲੈਨਿਨ ਨੇ ਜੋ ਸਮਾਜਵਾਦ ਰੂਸ ਵਿੱਚ 1917 ਈ ‘ਚ ਸਥਾਪਤ ਕੀਤਾ, ਉਸ ਦੇ ਬੀਜ 218 ਸਾਲ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ੍ਰੀ ਅਨੰਦਪੁਰ ਦੀ ਧਰਤੀ ‘ਤੇ ਬੀਜੇ ਸਨ । ਇਸ ਦੀ ਗਵਾਹੀ ਸੰਸਾਰ ਪ੍ਰਸਿੱਧ ਇਤਿਹਾਸਕਾਰ ਆਰਨੋਲਡ ਟਾਇਨਬੀ ਨੇ ਆਪਣੇ ਮਹਾਂ–ਗ੍ਰੰਥ ‘ਹਿਸਟਰੀ ਆਫ਼ ਦਾ ਵਰਲਡ’ ਵਿੱਚ ਦਿੱਤੀ ਹੈ, ਕਿ ਲੈਨਿਨ ਦੀ ਕਮਿਊਨਿਸਟ ਪਾਰਟੀ ਦਾ ਪੂਰਵਜ਼, ਗੁਰੂ ਗੋਬਿੰਦ ਸਿੰਘ ਦਾ ਖ਼ਾਲਸਾ ਹੈ ਅਤੇ ਇਹ ਪਾਰਟੀ ਸ੍ਵੈ–ਉਤਪਤੀ ਦੀ ਪਦਵੀ ਦੀ ਅਧਿਕਾਰੀ ਨਹੀਂ। (‘ਰਾਜ ਕਰੇਗਾ ਖਾਲਸਾ’, ਸਿਰਦਾਰ ਕਪੂਰ ਸਿੰਘ, ਪੰਨਾ 66)  (ਚਲਦਾ)

*roopsz@yahoo.com

Share this Article
Leave a comment