ਕਿਸੇ ਦਾ ਵੀ ਪਲ ਭਰ ਦਾ ਭਰੋਸਾ ਨਹੀਂ ਇਸ ਲਈ…
ਡਾ. ਗੁਰਦੇਵ ਸਿੰਘ
ਸੰਸਾਰ ਵਿੱਚ ਕਿਸੇ ਵੀ ਪ੍ਰਾਣੀ ਦਾ ਪਲ ਭਰ ਦਾ ਵੀ ਭਰੋਸਾ ਨਹੀਂ। ਕਿਸੇ ਨੂੰ ਵੀ ਨਹੀਂ ਪਤਾ ਕਿ ਕਦੋਂ ਕਿਸ ਨੇ ਇਸ ਸੰਸਾਰ ਤੋਂ ਤੁਰ ਜਾਣਾ ਹੈ। ਸਾਡੇ ਸਾਰੇ ਕਾਰ ਵਿਹਾਰ ਧਰੇ ਧਰਾਏ ਰਹਿ ਜਾਣੇ ਹਨ। ਸਾਡੀ ਉਮਰ ਬੀਤਦੀ ਜਾ ਰਹੀ ਹੈ। ਸਾਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੁੰਦਾ ਜੇ ਕਿਸੇ ਨੂੰ ਹੈ ਵੀ ਹੈ ਉਹ ਆਲਸ ਜਾ ਮੋਹ ਵਸ ਪਿਆ ਇਸ ਨੂੰ ਅਣਦੇਖਾ ਕਰੀ ਜਾ ਰਿਹਾ ਹੈ।
ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਵਿੱਚ ਅੱਜ ਅਸੀਂ 16ਵੇਂ ਸ਼ਬਦ ਦੀ ਵਿਚਾਰ ਕਰਾਂਗੇ। ਇਸ ਸ਼ਬਦ ਵਿੱਚ ਨੌਵੇਂ ਪਾਤਸ਼ਾਹ ਮਨੁੱਖ ਨੂੰ ਉਕਤ ਹਲਾਤਾਂ ਤੋਂ ਹੀ ਅਵਗਤ ਕਰਵਾ ਰਹੇ ਹਨ। ਅੱਜ ਅਸੀਂ ਰੇ ਮਨ ਰਾਮ ਸਿਉ ਕਰਿ ਪ੍ਰੀਤਿ॥ ਸ੍ਰਵਨ ਗੋਬਿੰਦ ਗੁਨੁ ਸੁਨਉ ਅਰੁ ਗਾਉ ਰਸਨਾ ਗੀਤਿ ॥੧॥ ਸ਼ਬਦ ਦੀ ਵਿਚਾਰ ਕਰਾਂਗੇ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 631 ‘ਤੇ ਅੰਕਿਤ ਹੈ ਜੋ ਕਿ ਸੋਰਠਿ ਰਾਗ ਅਧੀਨ ਅੰਕਿਤ ਹੈ। ਸੋਰਠਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਾਗਾਤਮਕ ਕ੍ਰਮ ਦਾ 9ਵਾਂ ਰਾਗ ਹੈ। ਨੌਵੇਂ ਪਾਤਾਸ਼ਾਹ ਇਸ ਸ਼ਬਦ ਵਿੱਚ ਮਨੁੱਖ ਨੂੰ ਇਸ ਤ੍ਹਰਾਂ ਉਪਦੇਸ਼ ਕਰ ਰਹੇ ਹਨ:
ਸੋਰਠਿ ਮਹਲਾ ੯ ੴ ਸਤਿਗੁਰ ਪ੍ਰਸਾਦਿ॥ ਰੇ ਮਨ ਰਾਮ ਸਿਉ ਕਰਿ ਪ੍ਰੀਤਿ॥ ਸ੍ਰਵਨ ਗੋਬਿੰਦ ਗੁਨੁ ਸੁਨਉ ਅਰੁ ਗਾਉ ਰਸਨਾ ਗੀਤਿ॥੧॥ ਰਹਾਉ ॥
- Advertisement -
ਹੇ (ਮੇਰੇ) ਮਨ! ਪਰਮਾਤਮਾ ਨਾਲ ਪਿਆਰ ਬਣਾ। (ਹੇ ਭਾਈ!) ਕੰਨਾਂ ਨਾਲ ਪਰਮਾਤਮਾ ਦੀ ਉਸਤਤਿ ਸੁਣਿਆ ਕਰ, ਅਤੇ, ਜੀਭ ਨਾਲ ਪਰਮਤਾਮਾ (ਦੀ ਸਿਫ਼ਤਿ-ਸਾਲਾਹ) ਦੇ ਗੀਤ ਗਾਇਆ ਕਰ।ਰਹਾਉ।
ਕਰਿ ਸਾਧਸੰਗਤਿ ਸਿਮਰੁ ਮਾਧੋ ਹੋਹਿ ਪਤਿਤ ਪੁਨੀਤ॥ ਕਾਲੁ ਬਿਆਲੁ ਜਿਉ ਪਰਿਓ ਡੋਲੈ ਮੁਖੁ ਪਸਾਰੇ ਮੀਤ ॥੧॥
ਹੇ ਭਾਈ! ਗੁਰਮੁਖਾਂ ਦੀ ਸੰਗਤਿ ਕਰਿਆ ਕਰ, ਪਰਮਾਤਮਾ ਦਾ ਸਿਮਰਨ ਕਰਦਾ ਰਹੁ। (ਸਿਮਰਨ ਦੀ ਬਰਕਤਿ ਨਾਲ) ਵਿਕਾਰੀ ਭੀ ਪਵਿਤ੍ਰ ਬਣ ਜਾਂਦੇ ਹਨ। ਹੇ ਮਿੱਤਰ! ਇਸ ਕੰਮ ਵਿਚ ਆਲਸ ਨਾਹ ਕਰ, ਵੇਖ) ਮੌਤ ਸੱਪ ਵਾਂਗ ਮੂੰਹ ਖੋਲ੍ਹ ਕੇ ਪਈ ਫਿਰਦੀ ਹੈ।੧।
ਆਜੁ ਕਾਲਿ ਫੁਨਿ ਤੋਹਿ ਗ੍ਰਸਿ ਹੈ ਸਮਝਿ ਰਾਖਉ ਚੀਤਿ॥ ਕਹੈ ਨਾਨਕੁ ਰਾਮੁ ਭਜਿ ਲੈ ਜਾਤੁ ਅਉਸਰੁ ਬੀਤ ॥੨॥੧॥
ਹੇ ਭਾਈ! ਆਪਣੇ ਚਿੱਤ ਵਿਚ ਸਮਝ ਰੱਖ ਕਿ (ਇਹ ਮੌਤ) ਤੈਨੂੰ ਭੀ ਛੇਤੀ ਹੀ ਹੜੱਪ ਕਰ ਲਏਗੀ। ਨਾਨਕ (ਤੈਨੂੰ) ਆਖਦਾ ਹੈ-(ਹੁਣ ਅਜੇ ਵੇਲਾ ਹੈ) ਪਰਮਾਤਮਾ ਦਾ ਭਜਨ ਕਰ ਲੈ, ਇਹ ਵੇਲਾ ਲੰਘਦਾ ਜਾ ਰਿਹਾ ਹੈ।੨।੧।
- Advertisement -
ਨੌਵੇਂ ਪਾਤਸ਼ਾਹ ਇਸ ਸ਼ਬਦ ਵਿੱਚ ਸਾਡੇ ‘ਤੇ ਕ੍ਰਿਪਾ ਕਰ ਰਹੇ ਹਨ ਕਿ ਹੇ ਭਾਈ ਹਮੇਸ਼ਾਂ ਪਰਮਾਤਮਾ ਨਾਲ ਪਿਆਰ ਬਣਾ, ਕੰਨਾਂ ਨਾਲ ਉਸ ਦੇ ਗੁਣ ਸੁਣ ਤੇ ਜੀਭ ਨਾਲ ਉਨ੍ਹਾਂ ਗੁਣਾਂ ਨੂੰ ਗਾਉਂਦਾ ਰਹਿ। ਗੁਰਮੁਖਾਂ ਦੀ ਸੰਗਤ ਕਰਿਆ ਕਰ। ਪ੍ਰਮਾਤਮਾ ਦੇ ਗੁਣ ਗਾਉਣ ਨਾਲ ਵਿਕਾਰੀ ਮਨੁੱਖ ਵੀ ਪਵਿਤ੍ਰ ਬਣ ਜਾਂਦੇ ਹਨ। ਗੁਰੂ ਜੀ ਅੱਗੇ ਆਖਦੇ ਹਨ ਕਿ ਹੇ ਭਾਈ ਮੌਤ ਸੱਪ ਦੀ ਨਿਆਈ ਮੂੰਹ ਖੌਲੀ ਬੈਠੀ ਹੈ ਕਦੀ ਵੀ ਤੈਨੂੰ ਆਪਣਾ ਸ਼ਿਕਾਰ ਬਣਾ ਸਕਦੀ ਹੈ ਇਸ ਲਈ ਬਿਨਾਂ ਦੇਰੀ ਕੀਤੇ ਉਸ ਵਾਹਿਗੁਰੂ ਦਾ ਸਿਮਰਨ ਕਰ ਲੈ। ਲੰਘੀ ਜਾਂਦੇ ਸਮੇਂ ਨੂੰ ਸੰਭਾਲ ਲੈ।
ਨੌਵੇਂ ਨਾਨਕ ਸਾਹਿਬ ਇਸ ਸ਼ਬਦ ਵਿੱਚ ਵੀ ਮਨੁੱਖ ਨੂੰ ਮਨੁੱਖਾ ਜਨਮ ਦੀ ਅਹਿਮੀਅਤ ਸਮਝਾ ਰਹੇ ਹਨ ਤੇ ਪ੍ਰਮਾਤਮਾ ਦੀ ਭਗਤੀ ਕਰਨ ਦਾ ਉਪਦੇਸ਼ ਦੇ ਰਹੇ ਹਨ। ਕੱਲ ਸ਼ਾਮੀ 6 ਵਜੇ ਦੁਬਾਰਾ ਫਿਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚਲੇ 17ਵੇਂ ਸ਼ਬਦ ਦੀ ਵਿਚਾਰ ਕਰਾਂਗੇ। ਗੁਰਬਾਣੀ ਵਿਚਾਰ ਸੰਬੰਧੀ ਜੇ ਕੋਈ ਆਪ ਜੀ ਦਾ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ ਜੀ ਸਾਨੂੰ ਖੁਸ਼ੀ ਹੋਵੇਗੀ। ਤੁਹਾਡੇ ਸੁਝਾਅ ਸਾਡਾ ਮਾਰਗ ਦਰਸ਼ਨ ਕਰਨਗੇ। ਭੁੱਲਾਂ ਚੁੱਕਾਂ ਦੀ ਖਿਮਾ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ॥