ਚੰਡੀਗੜ੍ਹ : ਫਿਲਮੀ ਸਿਤਾਰਿਆਂ ਨੂੰ ਮਿਲਣ ਲਈ ਦੁਨੀਆਂ ਦਾ ਹਰ ਬੰਦਾ ਹੀ ਦੀਵਾਨਾ ਹੁੰਦਾ ਹੈ ਅਤੇ ਇਨ੍ਹਾਂ ਨੂੰ ਮਿਲਣ ਲਈ ਉਹ ਕੀ ਕੀ ਨਹੀਂ ਕਰਦਾ? ਕੁਝ ਅਜਿਹੀ ਹੀ ਸਭ ਨੂੰ ਹੈਰਾਨ ਕਰਨ ਵਾਲੀ ਹਰਕਤ ਫਿਲਮੀ ਸਟਾਰ ਅਕਸ਼ੈ ਕੁਮਾਰ ਦੇ ਇੱਕ ਦੀਵਾਨੇ ਨੇ ਵੀ ਕੀਤੀ। ਜਾਣਕਾਰੀ ਮੁਤਾਬਕ ਅਕਸ਼ੈ ਕੁਮਾਰ ਦਾ ਇੱਕ ਫੈਨ ਉਨ੍ਹਾਂ ਨੂੰ ਮਿਲਣਾ ਚਾਹੁੰਦਾ ਸੀ ਜਿਸ ਲਈ ਉਹ ਰਾਤ ਨੂੰ 2 ਵਜ਼ੇ ਉਨ੍ਹਾਂ ਦੇ ਘਰ ਆ ਕੇ ਛੁੱਪ ਗਿਆ। ਉਹ ਉਦੋਂ ਤੱਕ ਛੁਪਿਆ ਰਿਹਾ ਜਦੋਂ ਤੱਕ ਫੜਿਆ ਨਹੀਂ ਗਿਆ।
ਖ਼ਬਰ ਮੁਤਾਬਕ ਰਾਤ ਨੂੰ ਇਹ ਦੀਵਾਨਾ ਕੰਧ ਟੱਪ ਕੇ ਅਕਸ਼ੈ ਕੁਮਾਰ ਦੇ ਘਰ ਆ ਗਿਆ ਅਤੇ ਕੂੜੇਦਾਨ ‘ਚ ਛੁੱਪ ਗਿਆ। ਜਦੋਂ ਉਹ ਕੂੜੇਦਾਨ ‘ਚ ਛੁੱਪ ਰਿਹਾ ਸੀ ਤਾਂ ਹਲਚਲ ਦੀ ਅਵਾਜ਼ ਸੁਣ ਕੇ ਉੱਥੇ ਸਕਿਊਰਟੀ ਗਾਰਡ ਚੈਕਿੰਗ ਲਈ ਜਰੂਰ ਆਇਆ ਪਰ ਇਸ ਦੀਵਾਨੇ ਨੇ ਆਪਣੇ ਆਪ ਨੂੰ ਇੰਨੇਂ ਸੁਰੱਖਿਅਤ ਢੰਗ ਨਾਲ ਲੁਕਾ ਲਿਆ ਕੇ ਗਾਰਡ ਨੂੰ ਉੱਥੇ ਕੁਝ ਵੀ ਮਹਿਸੂਸ ਨਾ ਹੋਇਆ ਅਤੇ ਉਹ ਚਲਾ ਗਿਆ। ਗਾਰਡ ਦੇ ਜਾਣ ਮਗਰੋਂ ਇਸ ਨੇ ਆਪਣੇ ਮੋਬਾਇਲ ਦੀ ਲਾਈਟ ਚਾਲੂ ਕੀਤੀ ਅਤੇ ਕੂੜੇਦਾਨ ‘ਚੋਂ ਬਾਹਰ ਆਉਣ ਦੀ ਕੋਸ਼ਿਸ਼ ਕਰਨ ਲੱਗਾ ਪਰ ਉਸ ਨੂੰ ਗਾਰਡਾਂ ਨੇ ਧਰ ਦਬੋਚਿਆ।
ਇਸ ਤੋਂ ਮਗਰੋਂ ਉਸ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਕੇ ਉਸ ਨੂੰ ਕੋਰਟ ‘ਚ ਪੇਸ਼ ਕੀਤਾ ਜਿੱਥੇ ਉਸ ‘ਤੇ ਚੋਰੀ ਛਿਪੇ ਕਿਸੇ ਦੇ ਘਰ ‘ਚ ਲੁਕਣ ਦਾ ਦੋਸ਼ ਲਾਇਆ ਗਿਆ। ਜਦੋਂ ਉਸ ਨੂੰ ਅਜਿਹਾ ਕਰਨ ਦਾ ਕਾਰਨ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਉਹ ਅਕਸ਼ੈ ਕੁਮਾਰ ਦਾ ਬੜਾ ਹੀ ਦੀਵਾਨਾ ਹੈ ਅਤੇ ਉਹ ਉਨ੍ਹਾਂ ਨੂੰ ਮਿਲਣ ਲਈ ਬੜਾ ਹੀ ਉਤਾਵਲਾ ਸੀ ਅਤੇ ਇਸੇ ਕਰਕੇ ਉਹ ਰਾਤ ਨੂੰ ਉਨ੍ਹਾਂ ਦੇ ਘਰ ਗਿਆ ਸੀ।