ਕਿਹੜੇ ਅਣਮਨੁੱਖੀ ਕਾਰਨਾਂ ਕਰਕੇ ਹੋਈ ਦਲਿਤ ਮਜ਼ਦੂਰ ਦੀ ਮੌਤ

TeamGlobalPunjab
4 Min Read

ਅਵਤਾਰ ਸਿੰਘ

-ਸੀਨੀਅਰ ਪੱਤਰਕਾਰ

ਇਕ ਪਾਸੇ ਪੰਜਾਬ ਵਿੱਚ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਧੂਮ-ਧਾਮ ਨਾਲ ਮਨਾ ਕੇ ਉਹਨਾਂ ਦੀ ਬਾਣੀ ਉਪਰ ਪਹਿਰਾ ਦੇਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਸੂਬੇ ਦੇ ਮੁੱਖ  ਮੰਤਰੀ ਸਮੇਤ ਸਭ ਆਗੂਆਂ ਨੇ ਮਜ਼ਦੂਰਾਂ ਅਤੇ ਮਜ਼ਲੂਮਾਂ ਦੀ ਰਾਖੀ ਕਰਨ ਦਾ ਅਹਿਦ ਲਿਆ ਦੂਜੇ ਪਾਸੇ ਇਸੇ ਧਰਤੀ ਉਪਰ ਇਕ ਮਜ਼ਦੂਰ ਉਪਰ ਅਜਿਹਾ ਅਣਮਨੁੱਖੀ ਤਸ਼ੱਦਦ ਢਾਹਿਆ ਗਿਆ ਕਿ ਸਭ ਦਾ ਦਿਲ ਕੰਬ ਗਿਆ ਹੈ। ਪੰਜਾਬ ਦੇ ਇਕ ਪਿੰਡ ਵਿੱਚ ਵਾਪਰੀ ਇਹ ਘਟਨਾ ਹੌਲਨਾਕ ਅਤੇ ਦਿਲ ਕੰਬਾਊ ਹੈ। ਅਜਿਹੀਆਂ ਰਿਪੋਰਟਾਂ ਪੜ੍ਹ ਕੇ ਹਰ ਇਕ ਦਾ ਦਿਲ ਉਦੋਂ ਦਹਿਲਾ ਜਾਂਦਾ ਹੈ ਕਿ ਕੀ ਉਹ ਇਸੇ ਪੰਜਾਬ ਵਿੱਚ ਵਸਦੇ ਹਨ। ਜ਼ਿਲਾ ਸੰਗਰੂਰ ਦੇ ਪਿੰਡ ਚੰਗਾਲੀਵਾਲਾ ’ਚ ਚਾਰ ਨੌਜਵਾਨਾਂ ਨੇ ਦਲਿਤ ਪਰਿਵਾਰ ਦੇ ਇੱਕ ਵਿਅਕਤੀ ‘ਤੇ ਅਜਿਹਾ ਕਥਿਤ ਅਣਮਨੁੱਖੀ ਤਸ਼ੱਦਦ ਢਾਹਿਆ ਕਿ ਉਸ ਨੂੰ ਸਦਾ ਨੀਂਦ ਸੁਲਾ ਦਿੱਤਾ। ਚੰਡੀਗੜ੍ਹ ਸਥਿਤ ਹਸਪਤਾਲ ਪੀਜੀਆਈ ’ਚ ਦਾਖ਼ਲ ਜਗਮੇਲ ਸਿੰਘ ਦੀਆਂ ਲੱਤਾਂ ਕੱਟ ਦਿੱਤੀਆਂ ਗਈਆਂ ਸਨ। ਇਨਫੈਕਸ਼ਨ ਵਧਣ ਕਾਰਨ ਜਗਮੇਲ ਸਿੰਘ ਦੀ 16 ਨਵੰਬਰ ਨੂੰ ਮੌਤ ਹੋ ਗਈ। ਪਰਿਵਾਰ ਨੇ ਪੋਸਟ ਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਇਸ ਘਟਨਾ ਦਾ ਐੱਸਸੀ ਕਮਿਸ਼ਨ ਪੰਜਾਬ ਨੇ ਵੀ ਗੰਭੀਰ ਨੋਟਿਸ ਲਿਆ ਹੈ। ਪਰਿਵਾਰ ਨੇ ਜਗਮੇਲ ਸਿੰਘ ਦੀ ਲਾਸ਼ ਹਸਪਤਾਲ ਵਿਚੋਂ ਲਿਜਾਣ ਤੋਂ ਇਨਕਾਰ ਕਰ ਦਿੱਤਾ ਹੈ। ਮੌਤ ਦੀ ਖ਼ਬਰ ਦਾ ਪਤਾ ਲੱਗਣ ‘ਤੇ ਮਜ਼ਦੂਰ ਜਥੇਬੰਦੀਆਂ ਨੇ ਲਹਿਰਾਗਾਗਾ ਦੇ ਐੱਸਡੀਐਮ ਦਫਤਰ ਅੱਗੇ ਧਰਨਾ ਦੇ ਕੇ ਪਰਿਵਾਰ ਨੂੰ 50 ਲੱਖ ਰੁਪਏ ਦੀ ਮਦਦ ਅਤੇ ਪਰਿਵਾਰ ਦੇ ਇਕ ਜੀਅ ਨੂੰ ਨੌਕਰੀ ਦੇਣ ਦੀ ਮੰਗ ਕੀਤੀ ਹੈ। ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਧਾਰਾ 302 ਅਧੀਨ ਕੇਸ ਦਰਜ ਕਰ ਲਿਆ ਹੈ।

ਕਿਹੜੇ ਅਣਮਨੁੱਖੀ ਕਾਰਨਾਂ ਕਰਕੇ ਹੋਈ ਦਲਿਤ ਮਜ਼ਦੂਰ ਦੀ ਮੌਤ

- Advertisement -

 

ਇਥੇ ਦੱਸਣਾ ਜਰੂਰੀ ਹੈ ਕਿ ਕੁਝ ਦਿਨ ਪਹਿਲਾਂ ਦਲਿਤ ਪਰਿਵਾਰ ਦੇ 37 ਸਾਲਾ ਜਗਮੇਲ ਸਿੰਘ ਦਾ ਪਿੰਡ ਦੇ ਕੁਝ ਨੌਜਵਾਨਾਂ ਨਾਲ ਝਗੜਾ ਹੋ ਗਿਆ ਸੀ। ਝਗੜੇ ਦਾ ਪੰਚਾਇਤੀ ਰਾਜ਼ੀਨਾਮਾ ਵੀ ਹੋ ਗਿਆ ਸੀ ਪਰ ਬੀਤੀ 7 ਨਵੰਬਰ ਨੂੰ ਜਦੋਂ ਉਹ ਪਿੰਡ ਵਿੱਚ ਗੁਰਦਿਆਲ ਸਿੰਘ ਪੰਚ ਦੇ ਘਰ ਬੈਠਾ ਸੀ ਤਾਂ ਰਿੰਕੂ, ਲੱਕੀ ਅਤੇ ਬਿੱਟਾ ਉਸ ਨੂੰ ਦਵਾਈ ਦਿਵਾਉਣ ਦਾ ਬਹਾਨਾ ਲੈ ਕੇ ਨਾਲ ਲੈ ਗਏ ਸਨ। ਪੀੜਤ ਦੀ ਪਤਨੀ ਅਤੇ ਭੈਣ ਦਾ ਕਹਿਣਾ ਹੈ ਕਿ ਜਗਮੇਲ ਸਿੰਘ ਨੂੰ ਬੰਨ੍ਹ ਕੇ ਰਾਡਾਂ ਨਾਲ ਕੁੱਟਿਆ ਗਿਆ। ਪਾਣੀ ਮੰਗਣ ’ਤੇ ਉਸ ਨੂੰ ਕਥਿਤ ਜਬਰੀ ਪਿਸ਼ਾਬ ਪਿਲਾਇਆ ਗਿਆ। ਜੇ ਮੌਕੇ ’ਤੇ ਪੀੜਤ ਦਾ ਦੋਸਤ ਨਾ ਪੁੱਜਦਾ ਤਾਂ ਉਸ ਨੂੰ ਮੁਲਜ਼ਮਾਂ ਨੇ ਉਦੋਂ ਹੀ ਜਾਨ ਤੋਂ ਮਾਰ ਦੇਣਾ ਸੀ। ਲਹਿਰਾਗਾਗਾ ਥਾਣੇ ਦੀ ਪੁਲੀਸ ਨੇ ਜਗਮੇਲ ਸਿੰਘ ਦੇ ਬਿਆਨਾਂ ’ਤੇ ਰਿੰਕੂ ਸਿੰਘ, ਲੱਕੀ, ਅਮਰਜੀਤ ਸਿੰਘ ਅਤੇ ਬਿੱਟਾ ਉਰਫ਼ ਬਿੰਦਰ ਖ਼ਿਲਾਫ਼ ਕੇਸ ਵੀ ਦਰਜ ਕਰ ਲਿਆ ਸੀ। ਜਗਮੇਲ ਸਿੰਘ ਦੀ ਭੈਣ ਤੇਜ ਕੌਰ ਨੇ ਦੱਸਿਆ ਕਿ ਇਨਫੈਕਸ਼ਨ ਵਧਣ ਕਾਰਨ ਜਗਮੇਲ ਦੀ ਇਕ ਲੱਤ ਪੂਰੀ ਕੱਟ ਦਿੱਤੀ ਗਈ ਸੀ, ਦੂਜੀ ਲੱਤ ਅੱਧੀ ਕੱਟੀ ਗਈ।

ਜ਼ਿਲ੍ਹਾ ਪੁਲੀਸ ਮੁਖੀ ਡਾ. ਸੰਦੀਪ ਗਰਗ ਅਨੁਸਾਰ ਤਿੰਨ ਮੁਲਜ਼ਮਾਂ ਰਿੰਕੂ ਸਿੰਘ, ਅਮਰਜੀਤ ਸਿੰਘ ਅਤੇ ਲੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਤੇ ਬਿੱਟਾ ਉਰਫ਼ ਬਿੰਦਰ ਫ਼ਰਾਰ ਸੀ। ਪੰਜਾਬ ਐੱਸਸੀ ਕਮਿਸ਼ਨ ਵੱਲੋਂ ਇਸ ਘਟਨਾ ਦਾ ਗੰਭੀਰ ਨੋਟਿਸ ਲਿਆ ਗਿਆ ਹੈ ਅਤੇ ਪੂਰੀ ਘਟਨਾ ਦੀ ਜ਼ਿਲ੍ਹਾ ਪੁਲੀਸ ਮੁਖੀ ਸੰਗਰੂਰ ਤੋਂ 28 ਨਵੰਬਰ ਨੂੰ ਰਿਪੋਰਟ ਵੀ ਮੰਗੀ ਹੈ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸੰਜੀਵ ਮਿੰਟੂ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਕਰਕੇ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ। ਉਧਰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਪਿੰਡ ਚੰਗਾਲੀਵਾਲਾ ਵਿੱਚ ਮਜ਼ਦੂਰ ਨਾਲ ਹੋਏ ਵਹਿਸ਼ੀਆਨਾ ਜ਼ੁਲਮ ਖ਼ਿਲਾਫ਼ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ।

Share this Article
Leave a comment