ਮਹਾਰਾਸ਼ਟਰ TET ਪੇਪਰ ਲੀਕ ਮਾਮਲੇ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ

Global Team
3 Min Read

ਨਵੀ ਦਿੱਲੀ : ਦਿੱਲੀ ਦੇ ਜੰਤਰ-ਮੰਤਰ ਸਮੇਤ ਕਈ ਥਾਵਾਂ ‘ਤੇ ਪੇਪਰ ਲੀਕ ਦੇ ਖ਼ਿਲਾਫ਼ ਪ੍ਰਦਰਸ਼ਨ ਜਾਰੀ ਹਨ। ਇਸ ਵਿਚਾਲੇ ਹੀ ਪੇਪਰ ਲੀਕ ਦੇ ਖ਼ਿਲਾਫ਼ ਇੱਕ ਵੱਡਾ ਐਕਸ਼ਨ ਹੋਇਆ ਹੈ। ਮਹਾਰਾਸ਼ਟਰ TET ਪੇਪਰ ਲੀਕ ਮਾਮਲੇ ਦਾ ਕਥਿਤ ਮਾਸਟਰਮਾਈਂਡ ਬਿਜੇਂਦਰ ਕੁਮਾਰ ਗੁਪਤਾ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਨੂੰ ਬਿਹਾਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਗ੍ਰਿਫ਼ਤਾਰੀ ਤੋਂ ਬਾਅਦ ਭਿਵੰਡੀ ਪੁਲਿਸ ਬਿਜੇਂਦਰ ਗੁਪਤਾ ਨੂੰ ਪੁਣੇ ਏਅਰਪੋਰਟ ਲੈ ਆਈ। ਉਮੀਦ ਹੈ ਕਿ ਅੱਗੇ ਦੀ ਜਾਚ ਅਤੇ ਕਾਨੂੰਨੀ ਕਾਰਵਾਈ ਲਈ ਉਸ ਨੂੰ ਜਲਦ ਹੀ ਭਿਵੰਡੀ ਲਿਜਾਇਆ ਜਾਵੇਗਾ। ਭਿਵੰਡੀ ਪਹੁੰਚਣ ਤੋਂ ਬਾਅਦ ਪੁਲਿਸ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰ ਸਕਦੀ ਹੈ, ਕਿਉਂਕਿ ਕਈ ਰਾਜਾਂ ਵਿੱਚ ਫੈਲੇ ਪ੍ਰੀਖਿਆ ਪੇਪਰ ਲੀਕ ਰੈਕੇਟ ਦੀ ਜਾਂਚ ਅਜੇ ਜਾਰੀ ਹੈ।

ਬੀਤੀ 28 ਜੂਨ ਨੂੰ ਆਯੋਜਿਤ ਹੋਣ ਵਾਲੀ ਅਧਿਆਪਕ ਯੋਗਤਾ ਪ੍ਰੀਖਿਆ (TET) 2026 ਦਾ ਪ੍ਰਸ਼ਨ ਪੱਤਰ ਪ੍ਰੀਖਿਆ ਤੋਂ ਮਹਿਜ਼ 24 ਘੰਟੇ ਪਹਿਲਾਂ ਕਥਿਤ ਤੌਰ ‘ਤੇ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਬਿਜੇਂਦਰ ਗੁਪਤਾ ਅਸਲ ਵਿੱਚ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਹਾਲਾਂਕਿ ਉਹ ਕਾਫ਼ੀ ਸਮੇਂ ਤੋਂ ਆਪਣੇ ਘਰ ਨਹੀਂ ਆਉਂਦਾ ਸੀ।

ਦੱਸਣਯੋਗ ਹੈ ਕਿ 28 ਜੂਨ ਨੂੰ ਮਹਾਰਾਸ਼ਟਰ ਵਿੱਚ TET ਦੀ ਪ੍ਰੀਖਿਆ ਹੋਣੀ ਸੀ। ਪ੍ਰੀਖਿਆ ਤੋਂ ਇੱਕ ਦਿਨ ਪਹਿਲਾਂ ਹੀ ਇਸ ਦਾ ਪੇਪਰ ਲੀਕ ਹੋ ਗਿਆ ਸੀ। ਜਾਂਚ ਦੌਰਾਨ ਭਿਵੰਡੀ ਵਿੱਚ ਪੁਲਿਸ ਨੇ 1.5 ਕਰੋੜ ਰੁਪਏ ਵਿੱਚ ਪ੍ਰਸ਼ਨ ਪੱਤਰ ਵੇਚਣ ਦੀ ਸਾਜ਼ਿਸ਼ ਦਾ ਭੰਡਾਫੋੜ ਕਰਦਿਆਂ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਦੋਸ਼ੀਆਂ ਕੋਲੋਂ ਚਾਰ ਪ੍ਰਸ਼ਨ ਪੱਤਰ ਸੈੱਟ ਬਰਾਮਦ ਹੋਏ ਸਨ।

ਪੁਲਿਸ ਅਨੁਸਾਰ, ਬਿਜੇਂਦਰ ਕੁਮਾਰ ਗੁਪਤਾ ਕਈ ਮਹੀਨਿਆਂ ਤੋਂ ਗ੍ਰਿਫ਼ਤਾਰੀ ਤੋਂ ਬਚਦਾ ਫਿਰ ਰਿਹਾ ਸੀ। ਉਸ ਦੀ ਭਾਲ ਵਿੱਚ ਬਿਹਾਰ ਸਮੇਤ ਕਈ ਰਾਜਾਂ ਵਿੱਚ ਲਗਾਤਾਰ ਮੁਹਿੰਮਾਂ ਚਲਾਈਆਂ ਜਾ ਰਹੀਆਂ ਸਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਸ ਦੀ ਗ੍ਰਿਫ਼ਤਾਰੀ ਨਾਲ ਮਾਮਲੇ ਦੀ ਜਾਂਚ ਨੂੰ ਨਵੀਂ ਦਿਸ਼ਾ ਮਿਲਣ ਦੀ ਉਮੀਦ ਹੈ ਅਤੇ ਪੇਪਰ ਲੀਕ ਰੈਕੇਟ ਨਾਲ ਜੁੜੇ ਹੋਰ ਲੋਕਾਂ ਤੱਕ ਪਹੁੰਚਣਾ ਆਸਾਨ ਹੋ ਸਕਦਾ ਹੈ।

ਜਾਂਚ ਏਜੰਸੀਆਂ ਮੁਤਾਬਕ, ਇਸ ਮਾਮਲੇ ਵਿੱਚ ਇਸ ਤੋਂ ਪਹਿਲਾਂ ਬਿਜੇਂਦਰ ਕੁਮਾਰ ਗੁਪਤਾ ਦੀ ਪਤਨੀ ਸਮੇਤ ਕਈ ਹੋਰ ਦੋਸ਼ੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਹਾਲਾਂਕਿ, ਮੁੱਖ ਦੋਸ਼ੀ ਲਗਾਤਾਰ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਸੀ। ਹੁਣ ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਜਾਂਚ ਦਾ ਦਾਇਰਾ ਹੋਰ ਵੱਡਾ ਹੋਣ ਦੀ ਸੰਭਾਵਨਾ ਹੈ।

 

Share This Article
Leave a Comment