ਨਿਊਜ਼ ਡੈਸਕ: ਓਡੀਸ਼ਾ ਦੇ ਅਨੁਗੁਲ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਛੱਪੜ ਨੇੜੇ ਜਾਮਣ ਦੇ ਰੁੱਖ ਨਾਲ ਲਟਕਦੀ ਨੌਜਵਾਨ ਦੀ ਲਾਸ਼ ਮਿਲੀ। ਪਰ ਜਿਸ ਗੱਲ ਨੇ ਇਸ ਦਰਦਨਾਕ ਦ੍ਰਿਸ਼ ਨੂੰ ਹੋਰ ਵੀ ਭਾਵੁਕ ਕਰ ਦਿੱਤਾ ਉਹ ਇਹ ਸੀ ਕਿ ਮ੍ਰਿਤਕ ਦਾ ਪਾਲਤੂ ਕੁੱਤਾ ਆਪਣੇ ਮਾਲਕ ਦੀ ਲਾਸ਼ ਤੋਂ ਪਲ ਭਰ ਲਈ ਵੀ ਨਹੀਂ ਹਟਿਆ। ਉਹ ਰੁੱਖ ਹੇਠਾਂ ਬੈਠਾ ਰਿਹਾ ਤੇ ਕਿਸੇ ਨੂੰ ਵੀ ਲਾਸ਼ ਦੇ ਨੇੜੇ ਨਹੀਂ ਜਾਣ ਦੇ ਰਿਹਾ ਸੀ। ਜਿਵੇਂ ਹੀ ਕੋਈ ਨੇੜੇ ਆਉਣ ਦੀ ਕੋਸ਼ਿਸ਼ ਕਰਦਾ ਸੀ, ਉਹ ਭੌਂਕਣਾ ਸ਼ੁਰੂ ਕਰ ਦਿੰਦਾ ਅਤੇ ਹਮਲਾ ਕਰਨ ਲਈ ਦੌੜਦਾ, ਜਿਵੇਂ ਉਹ ਆਖਰੀ ਵਾਰ ਆਪਣੇ ਮਾਲਕ ਦੀ ਰੱਖਿਆ ਕਰ ਰਿਹਾ ਹੋਵੇ।
ਪਾਲਤੂ ਕੁੱਤਾ ਨਹੀਂ ਹਟਿਆ ਪਿੱਛੇ
ਇਹ ਘਟਨਾ ਅਨੁਗੁਲ ਟਾਊਨ ਥਾਣਾ ਖੇਤਰ ਦੇ ਰਾਨੀਗੋਡਾ ਇਲਾਕੇ ਦੀ ਹੈ। ਮ੍ਰਿਤਕ ਦੀ ਪਛਾਣ ਮਾਨੀਆ ਬੇਹੜਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਮਾਨੀਆ ਅਤੇ ਉਸ ਦਾ ਕੁੱਤਾ ਇਕ-ਦੂਜੇ ਨਾਲ ਡੂੰਘਾ ਪਿਆਰ ਸੀ। ਮਾਨੀਆ ਜਿੱਥੇ ਵੀ ਜਾਂਦਾ ਸੀ ਉਸਦਾ ਦੋਸਤ ਵੀ ਨਾਲ-ਨਾਲ ਹੀ ਰਹਿੰਦਾ ਸੀ, ਖਾਸ ਕਰਕੇ ਜਦੋਂ ਉਹ ਛੱਪੜ ਨੇੜੇ ਆਪਣੀਆਂ ਗਾਵਾਂ-ਮੱਝਾਂ ਚਰਾਉਣ ਜਾਂਦਾ ਸੀ। ਕੁੱਤੇ ਦੀਆਂ ਅੱਖਾਂ ਵਿਚ ਡਰ, ਦਰਦ ਅਤੇ ਇਕੱਲਤਾ ਸਾਫ਼ ਨਜ਼ਰ ਦੇ ਰਹੀ ਸੀ ਪਰ ਫਿਰ ਵੀ ਉਹ ਪਿੱਛੇ ਨਹੀਂ ਹਟਿਆ। ਸ਼ਾਇਦ ਉਹ ਇਹ ਸਮਝਣ ਤੋਂ ਅਸਮਰੱਥ ਸੀ ਕਿ ਉਸਦਾ ਮਾਲਕ ਹੁਣ ਕਦੇ ਘਰ ਨਹੀਂ ਪਰਤੇਗਾ।
ਦ੍ਰਿਸ਼ ਦੇਖ ਲੋਕਾਂ ਹੋਏ ਭਾਵੁਕ
ਇਹ ਨਜ਼ਾਰਾ ਇੰਨਾ ਭਾਵੁਕ ਸੀ ਕਿ ਮੌਕੇ ‘ਤੇ ਮੌਜੂਦ ਲੋਕ ਵੀ ਆਪਣੀਆਂ ਅੱਖਾਂ ‘ਚੋਂ ਹੰਝੂ ਨਹੀਂ ਰੋਕ ਸਕੇ। ਕੁੱਤੇ ਦੀ ਆਪਣੇ ਮਾਲਕ ਪ੍ਰਤੀ ਵਫ਼ਾਦਾਰੀ ਅਤੇ ਪਿਆਰ ਨੇ ਸਾਰਿਆਂ ਦੇ ਦਿਲਾਂ ਨੂੰ ਛੂਹ ਲਿਆ। ਇੱਥੋਂ ਤੱਕ ਕਿ ਪੁਲਿਸ ਨੂੰ ਲਾਸ਼ ਤੱਕ ਪਹੁੰਚਣ ਲਈ ਕਾਫੀ ਜੱਦੋ-ਜਹਿਦ ਕਰਨੀ ਪਈ ਕਿਉਂਕਿ ਕੁੱਤਾ ਆਪਣੇ ਮਾਲਕ ਨੂੰ ਕਿਸੇ ਵੀ ਹਾਲਤ ਵਿੱਚ ਛੱਡਣ ਲਈ ਤਿਆਰ ਨਹੀਂ ਸੀ।
ਖੁਦਕੁਸ਼ੀ ਜਾਂ ਕੁਝ ਹੋਰ?
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਇਸ ਛੱਪੜ ਦੀ ਨਿਲਾਮੀ ਕੀਤੀ ਗਈ ਸੀ। ਮਾਨੀਆ ਬਹੇੜਾ ਅਕਸਰ ਆਪਣੀਆਂ ਗਾਵਾਂ-ਮੱਝਾਂ ਚਰਾਉਣ ਲਈ ਉੱਥੇ ਜਾਂਦਾ ਸੀ। ਦੋਸ਼ ਹੈ ਕਿ ਉਸ ਦਾ ਛੱਪੜ ਦੇ ਨਵੇਂ ਮਾਲਕ ਨਾਲ ਜਾਇਦਾਦ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਘਟਨਾ ਵਾਲੇ ਦਿਨ ਸਵੇਰੇ ਕੁਝ ਲੋਕਾਂ ਨੇ ਉਸ ਦੀ ਲਾਸ਼ ਛੱਪੜ ਦੇ ਕੋਲ ਜਾਮਣ ਦੇ ਰੁੱਖ ਨਾਲ ਲਟਕਦੀ ਦੇਖੀ। ਉਸ ਦੇ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਵੀ ਸਨ, ਜਿਸ ਤੋਂ ਸ਼ੱਕ ਜ਼ਾਹਰ ਹੁੰਦਾ ਹੈ ਕਿ ਇਹ ਖੁਦਕੁਸ਼ੀ ਨਹੀਂ ਸਗੋਂ ਸੋਚੀ ਸਮਝੀ ਸਾਜ਼ਿਸ਼ ਹੋ ਸਕਦੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।