ਬਿਜਲੀ ਖ਼ਰੀਦ ਦੇ ਅੰਕੜਿਆਂ ਨੇ ਫਿਰ ਨੰਗੀ ਕੀਤੀ ਪ੍ਰਾਈਵੇਟ ਥਰਮਲ ਪਲਾਂਟਾਂ ਦੀ ਅੰਨ੍ਹੀ ਲੁੱਟ: ਅਮਨ ਅਰੋੜਾ

TeamGlobalPunjab
4 Min Read

ਚੰਡੀਗੜ੍ਹ: ਪੰਜਾਬ ਦੇ ਸਰਕਾਰੀ ਥਰਮਲ ਪਲਾਂਟਾਂ ਅਤੇ ਬਾਹਰੋਂ ਖ਼ਰੀਦੀ ਜਾਣ ਵਾਲੀ ਬਿਜਲੀ ਦੀ ਤੁਲਨਾ ‘ਚ ਪ੍ਰਾਈਵੇਟ ਥਰਮਲ ਪਲਾਂਟਾਂ ਵੱਲੋਂ ਵੇਚੀ ਜਾ ਰਹੀ ਬੇਹੱਦ ਮਹਿੰਗੀ ਬਿਜਲੀ ਦਾ ਵਿਰੋਧ ਕਰਦੇ ਹੋਏ ਆਮ ਆਦਮੀ ਪਾਰਟੀ ਨੇ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (ਜੋ ਬਿਜਲੀ ਮੰਤਰੀ ਵੀ ਹਨ) ‘ਤੇ ਬਾਦਲਾਂ ਵਾਂਗ ਨਿੱਜੀ ਬਿਜਲੀ ਕੰਪਨੀਆਂ ਨਾਲ ਮਿਲੇ ਹੋਣ ਦਾ ਗੰਭੀਰ ਦੋਸ਼ ਲਗਾਏ ਹਨ, ਉੱਥੇ ਜਨਤਾ ਨਾਲ ਵਾਅਦਾ ਕੀਤਾ ਹੈ ਕਿ ਜੇਕਰ 2022 ‘ਚ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਚੁਣਦੇ ਹਨ ਤਾਂ ਦਿੱਲੀ ਦੀ ਕੇਜਰੀਵਾਲ ਸਰਕਾਰ ਵਾਂਗ ਪੰਜਾਬ ‘ਚ ਵੀ ਸਾਰੇ ਸੂਬਿਆਂ ਨਾਲੋਂ ਸਸਤੀ ਬਿਜਲੀ ਮੁਹੱਈਆ ਕੀਤੀ ਜਾਵੇਗੀ।

‘ਆਪ’ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਅਤੇ ਪਾਰਟੀ ਵੱਲੋਂ ਵਿੱਢੇ ਹੋਏ ਬਿਜਲੀ ਅੰਦੋਲਨ ਦੇ ਇੰਚਾਰਜ ਅਤੇ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਸਾਲ 2019-20 ‘ਚ ਖ਼ਰੀਦੀ ਗਈ ਬਿਜਲੀ ਦੇ ਸਾਹਮਣੇ ਆਏ ਸਨਸਨੀਖ਼ੇਜ਼ ਅੰਕੜਿਆਂ ਨੇ ਬਿਜਲੀ ਮਾਫ਼ੀਆ ਵਿਰੁੱਧ ਆਮ ਆਦਮੀ ਪਾਰਟੀ ਦੇ ਅੰਦੋਲਨ ਨੂੰ ਸਹੀ ਅਤੇ ਸਮੇਂ ਦੀ ਜ਼ਰੂਰਤ ਸਾਬਤ ਕਰ ਦਿੱਤਾ ਹੈ।

ਅਮਨ ਅਰੋੜਾ ਅਤੇ ਮੀਤ ਹੇਅਰ ਨੇ ਦੱਸਿਆ ਕਿ ਪਾਵਰ ਕੌਮ (ਸਰਕਾਰ) ਨੇ ਪ੍ਰਾਈਵੇਟ ਥਰਮਲ ਪਲਾਂਟਾਂ ਅਤੇ ਸੋਲਰ ਪਲਾਂਟਾਂ ਨੂੰ ਇੱਕੋ ਸਾਲ ‘ਚ ਮਹਿੰਗੀ ਖ਼ਰੀਦੀ ਬਿਜਲੀ ਦੇ ਵਾਧੂ 4390 ਕਰੋੜ ਰੁਪਏ ਅਦਾ ਕੀਤੇ ਹਨ, ਜਿੰਨਾ ਦੀ ਉਗਰਾਹੀ ਹਰ ਅਮੀਰ-ਗ਼ਰੀਬ ਬਿਜਲੀ ਖਪਤਕਾਰ ਦੀ ਜੇਬ ‘ਚੋਂ ਕੀਤੀ ਗਈ ਹੈ।

‘ਆਪ’ ਵਿਧਾਇਕਾਂ ਨੇ ਦੱਸਿਆ ਕਿ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਕੀਤੇ ਗਏ ਭੁਗਤਾਨ ਦੀ ਸੂਬੇ ਦੇ ਆਪਣੇ ਸਰਕਾਰੀ ਥਰਮਲ ਪਲਾਂਟਾਂ ਅਤੇ ਬਾਹਰੋਂ ਮਿਲ ਰਹੀ ਪ੍ਰਤੀ ਯੂਨਿਟ ਬਿਜਲੀ ਦੀ ਕੀਮਤ ਨਾਲ ਤੁਲਨਾ ਇਸ ਬਿਜਲੀ ਮਾਫ਼ੀਆ ਦੀ ਅੰਨ੍ਹੀ ਲੁੱਟ ਦਾ ਪਰਦਾਫਾਸ਼ ਕਰਦੀ ਹੈ। ਇਸ ਸਮੇਂ ਦੌਰਾਨ ਪਾਵਰ ਕੌਮ ਵੱਲੋਂ ਬਾਹਰੋਂ (ਦੂਸਰੇ ਰਾਜਾਂ/ ਸਰੋਤਾਂ) ਕੋਲੋਂ ਖ਼ਰੀਦੀ ਗਈ ਬਿਜਲੀ ਪ੍ਰਤੀ ਯੂਨਿਟ 3.94 ਰੁਪਏ ਬਣਦੀ ਹੈ, ਜਦਕਿ ਪ੍ਰਾਈਵੇਟ ਗੋਇੰਦਵਾਲ ਥਰਮਲ ਪਲਾਂਟਾਂ ਤੋਂ ਇਹੋ ਬਿਜਲੀ 9.54 ਰੁਪਏ ਪ੍ਰਤੀ ਯੂਨਿਟ, ਤਲਵੰਡੀ ਸਾਬੋ ਥਰਮਲ ਤੋਂ 6.63 ਰੁਪਏ ਪ੍ਰਤੀ ਯੂਨਿਟ ਅਤੇ ਰਾਜਪੁਰਾ ਥਰਮਲ ਪਲਾਂਟ ਤੋਂ 5.06 ਰੁਪਏ ਪ੍ਰਤੀ ਯੂਨਿਟ ਖ਼ਰੀਦੀ ਗਈ ਹੈ। ਸੋਲਰ ਅਤੇ ਹੋਰ ਬਾਇਓ ਮਾਸ ਪ੍ਰੋਜੈਕਟਾਂ ਕੋਲੋਂ ਇਹ ਕੀਮਤ ਪ੍ਰਤੀ ਯੂਨਿਟ 6.55 ਰੁਪਏ ਅਦਾ ਕੀਤੀ ਗਈ।

ਮੀਤ ਹੇਅਰ ਨੇ ਸਵਾਲ ਕੀਤਾ ਕਿ ਜਦੋਂ ਬਾਹਰੋਂ ਪ੍ਰਤੀ ਯੂਨਿਟ 3.94 ਰੁਪਏ ਬਿਜਲੀ ਉਪਲਬਧ ਹੈ ਤਾਂ ਪ੍ਰਾਈਵੇਟ ਥਰਮਲ ਪਲਾਂਟਾਂ ਕੋਲੋਂ ਪ੍ਰਤੀ ਯੂਨਿਟ 9.75 ਰੁਪਏ ਤੱਕ ਦੀ ਬੇਹੱਦ ਮਹਿੰਗੀ ਬਿਜਲੀ ਖ਼ਰੀਦੇ ਜਾਣ ਦੀ ਕੀ ਤੁਕ ਬਣਦੀ ਹੈ?

ਮੀਤ ਹੇਅਰ ਨੇ ਦੱਸਿਆ ਕਿ 2019-20 ‘ਚ ਪਾਵਰ ਕੌਮ ਨੇ ਇਨ੍ਹਾਂ ਨਿੱਜੀ ਬਿਜਲੀ ਕੰਪਨੀਆਂ ਕੋਲੋਂ 12,270 ਕਰੋੜ ਰੁਪਏ ਦੀ ਬਿਜਲੀ ਖ਼ਰੀਦੀ, ਜਿਸ ਕਾਰਨ ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਪੂਰਾ ਸਾਲ ਨਜਾਇਜ਼ ਮਹਿੰਗੇ ਬਿਜਲੀ ਤਾਰਨੇ ਪਏ ਅਤੇ ਭਵਿੱਖ ‘ਚ ਉਦੋਂ ਤੱਕ ਤਾਰਨੇ ਪੈਂਦੇ ਰਹਿਣਗੇ ਜਦੋਂ ਤੱਕ ਨਿੱਜੀ ਥਰਮਲ ਪਲਾਂਟਾਂ ਨਾਲ ਬਾਦਲਾਂ ਵੱਲੋਂ ਹਿੱਸਾ-ਪੱਤੀ ਰੱਖ ਕੇ ਕੀਤੇ ਗਏ ਮਹਿੰਗੇ ਅਤੇ ਇੱਕ ਪਾਸੜ ਬਿਜਲੀ ਖ਼ਰੀਦ ਸਮਝੌਤੇ (ਪੀਪੀਏਜ਼) ਰੱਦ ਨਹੀਂ ਕੀਤੇ ਜਾਂਦੇ।

ਅਮਨ ਅਰੋੜਾ ਨੇ ਕਿਹਾ ਕਿ 2002 ਤੋਂ ਲੈ ਕੇ ਅੱਜ ਤੱਕ ਕੈਪਟਨ ਅਤੇ ਬਾਦਲਾਂ ਨੇ ਨਿੱਜੀ ਬਿਜਲੀ ਕੰਪਨੀਆਂ ਕੋਲ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਹਿਤਾਂ ਦੀ ਬਲੀ ਦੇ ਦਿੱਤੀ ਅਤੇ ਅੱਜ ਪੰਜਾਬ ਦੀ ਬਿਜਲੀ ਲਈ 80 ਪ੍ਰਤੀਸ਼ਤ ਨਿਰਭਰਤਾ ਪ੍ਰਾਈਵੇਟ ਬਿਜਲੀ ਕੰਪਨੀਆਂ ‘ਤੇ ਕਰ ਦਿੱਤੀ ਜੋ 2010-11 ‘ਚ ਮਹਿਜ਼ 34 ਪ੍ਰਤੀਸ਼ਤ ਸੀ।

ਅਮਨ ਅਰੋੜਾ ਨੇ ਕਿਹਾ ਕਿ ਮੋਟੀ ਹਿੱਸਾ-ਪੱਤੀ ਅਤੇ ਡੂੰਘੀ ਸਾਜ਼ਿਸ਼ ਨਾਲ ਪੰਜਾਬ ਦੇ ਆਪਣੇ ਸਰਕਾਰੀ ਬਿਜਲੀ ਥਰਮਲ ਪਲਾਂਟਾਂ ਨੂੰ ਬੰਦ ਕੀਤਾ ਜਾ ਰਿਹਾ ਹੈ।
ਅਮਨ ਅਰੋੜਾ ਨੇ ਕਿਹਾ ਕਿ 2022 ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਉਸੇ ਤਰਾਂ ਬਿਜਲੀ ਮਾਫ਼ੀਆ ਦਾ ਖ਼ਾਤਮਾ ਕਰੇਗੀ, ਜਿਵੇਂ ਦਿੱਲੀ ‘ਚ ਕਾਂਗਰਸ ਸਰਕਾਰ ਵੱਲੋਂ ਪੈਦਾ ਕੀਤੇ ਪ੍ਰਾਈਵੇਟ ਬਿਜਲੀ ਮਾਫ਼ੀਆ ਨੂੰ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਖ਼ਤਮ ਕਰਕੇ ਅੱਜ ਪੂਰੇ ਦੇਸ਼ ਨਾਲੋਂ ਦਿੱਲੀ ‘ਚ ਬਿਜਲੀ ਸਸਤੀ ਕਰ ਦਿੱਤੀ ਹੈ।

Share This Article
Leave a Comment