ਆਪ ਵਿਧਾਇਕਾਂ ਦਾ ਵੱਡਾ ਖੁਲਾਸਾ! ਕਿਹਾ “ਪ੍ਰਕਾਸ਼ ਪੁਰਬ ਮੌਕੇ ਲਗਾਈ ਵੱਖਰੀ ਸਟੇਜ਼ ਬਦਲੇ ਮਿਲੀ ਹੈ ਲੌਂਗੋਵਾਲ ਨੂੰ ਪ੍ਰਧਾਨਗੀ”  

TeamGlobalPunjab
2 Min Read

ਚੰਡੀਗੜ੍ਹ, 27 ਨਵੰਬਰ 2019 : ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਅੱਜ ਚੋਣਾਂ ਹੋਈਆਂ ਅਤੇ ਹੁਣ ਇਸ ਸੰਸਥਾ ਦੀ ਜਿੰਮੇਵਾਰੀ ਇੱਕ ਵਾਰ ਫਿਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਹੱਥਾਂ ‘ਚ ਆ ਗਈ ਹੈ। ਇਸ ਤੋਂ ਬਾਅਦ ਇਨ੍ਹਾਂ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਆਮ ਆਦਮੀ ਪਾਰਟੀ ਆਗੂਆਂ ਵੱਲੋਂ ਨਤੀਜਿਆਂ ਨੂੰ ਲੈ ਕੇ ਬੜੇ ਗੰਭੀਰ ਦੋਸ਼ ਲਾਏ ਗਏ ਹਨ। ਆਮ ਆਦਮੀ ਪਾਰਟੀ ਹੈਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਕੁਲਵੰਤ ਸਿੰਘ ਪੰਡੋਰੀ, ਜੈ ਕਿਸ਼ਨ ਸਿੰਘ ਰੋੜੀ, ਮਨਜੀਤ ਸਿੰਘ ਬਿਲਾਸਪੁਰ ਅਤੇ ਕੋਰ ਕਮੇਟੀ ਮੈਂਬਰ ਗੁਰਦਿੱਤ ਸਿੰਘ ਸੇਖੋਂ ਅਤੇ ਹਰਚੰਦ ਸਿੰਘ ਬਰਸਟ ਨੇ ਕਿਹਾ ਹੈ ਕਿ, ”ਲੰਬੇ ਸੰਘਰਸ਼ ਅਤੇ ਵੱਡੀਆਂ ਕੁਰਬਾਨੀਆਂ ਨਾਲ ਹੋਂਦ ‘ਚ ਆਈ ਸਿੱਖਾਂ ਦੀ ਸਿਰਮੌਰ ਲੋਕਤੰਤਰਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੂੰ ਬਾਦਲ ਪਰਿਵਾਰ ਨੇ ਆਪਣੇ ਸਵਾਰਥ ਲਈ ਮਿੱਟੀ ‘ਚ ਮਿਲਾਉਣ ਦੀ ਕੋਈ ਕਸਰ ਨਹੀਂ ਛੱਡੀ”। ਉਨ੍ਹਾਂ ਕਿਹਾ ਕਿ, “ਐਸਜੀਪੀਸੀ ਦੇ ਜਨਰਲ ਇਜਲਾਸ ਦੀ ਆੜ ਥੱਲੇ ਸੁਖਬੀਰ ਸਿੰਘ ਬਾਦਲ ਨੇ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਵਾਂਗ ਜਿਸ ‘ਲਿਫ਼ਾਫ਼ਾ ਕਲਚਰ’ ਰਾਹੀਂ ਗੋਬਿੰਦ ਸਿੰਘ ਲੌਂਗੋਵਾਲ ਨੂੰ ਇੱਕ ਵਾਰ ਫਿਰ ਪ੍ਰਧਾਨ ਅਤੇ ਆਪਣੇ ਖੁਸ਼ਾਮਦੀਦਾਂ ਨੂੰ ਦੂਸਰੀਆਂ ਅਹੁਦੇਦਾਰੀਆਂ ਵੰਡੀਆਂ ਹਨ, ਇਹ ਨਾ ਕੇਵਲ ਸਮੁੱਚੇ ਸਿੱਖ ਪੰਥ ਨਾਲ ਸਗੋਂ ਲੋਕਤੰਤਰਿਕ ਵਿਵਸਥਾ ਨਾਲ ਖਿਲਵਾੜ ਹੈ।”
ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਬਾਦਲਾਂ ਦਾ ਟੱਬਰ ਸਵਾਰਥੀ ਨੀਤੀ ਤਹਿਤ ਆਪਣੀ ਜੇਬ ‘ਚੋਂ ਪਰਚੀ ਰਾਹੀਂ ਹਮੇਸ਼ਾ ਕਮਜ਼ੋਰ ਨਿਰਭਰ, ਪਰਜੀਵੀ ਅਤੇ ਨਿਰਾਧਾਰ ਸਖਸ਼ ਨੂੰ ਐਸਜੀਪੀਸੀ ਦੀ ਕਮਾਨ ਸੌਂਪਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਅਵਤਾਰ ਸਿੰਘ ਮੱਕੜ ਅਤੇ ਹੁਣ ਗੋਬਿੰਦ ਸਿੰਘ ਲੌਂਗੋਵਾਲ ਇਸ ਦੀ ਸਟੀਕ ਮਿਸਾਲ ਹਨ।
ਪ੍ਰੋ. ਬਲਜਿੰਦਰ ਕੌਰ ਅਤੇ ਜੈ ਕਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਬਤੌਰ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਖ਼ੁਸ਼ਾਮਦੀ ਕਰਦਿਆਂ ਬਾਦਲ ਪਰਿਵਾਰ ਲਈ ਵੱਖਰੀ ਸਟੇਜ ਲਗਵਾ ਕੇ ਗੁਰੂ ਦੀ ਗੋਲਕ ਦੇ ਕਰੋੜਾਂ ਰੁਪਏ ਪਾਣੀ ਵਾਂਗ ਵਹਾਏ, ਉਸ ਬਦਲੇ ਬਾਦਲ ਪਰਿਵਾਰ ਨੇ ਲੌਂਗੋਵਾਲ ਨੂੰ ਪ੍ਰਧਾਨ ਦੇ ਅਹੁਦੇ ਦਾ ਤੋਹਫ਼ਾ ਦਿੱਤਾ ਹੈ।

Share this Article
Leave a comment