ਮਹਾਮਾਰੀ ਦੇ ਟਾਕਰੇ ਲਈ ਜਹਾਨ ਦੀ ਵੀ ਸੁਣੋ!

TeamGlobalPunjab
6 Min Read

-ਜਗਤਾਰ ਸਿੰਘ ਸਿੱਧੂ

ਕੋਰੋਨਾ ਮਹਾਮਾਰੀ ਦੇ ਟਾਕਰੇ ਲਈ ਕੀਤੇ ਗਏ ਸਰਕਾਰਾਂ ਦੇ ਪ੍ਰਬੰਧਾਂ ਅਤੇ ਅਮਲ ਨੂੰ ਲੈ ਕੇ ਪਿਛਲੇ ਦਿਨੀਂ ਕੁਝ ਮਾੜੀਆਂ ਘਟਨਾਵਾਂ ਵਾਪਰੀਆਂ ਹਨ। ਸਰਕਾਰ ਵੱਲੋਂ ਅਚਾਨਕ ਲਾਕਡਾਊਨ ਅਤੇ ਕਰਫਿਊ ਲਾਗੂ ਕਰ ਦੇਣ ਨਾਲ ਕਿਵੇਂ ਜ਼ਿੰਦਗੀ ਦੀ ਤੋਰ ਅਚਾਨਕ ਰੁਕ ਗਈ, ਉਸ ਨਾਲ ਕਈ ਮੁਸ਼ਕਲਾਂ ਵੀ ਖੜ੍ਹੀਆਂ ਹੋਈਆਂ। ਜਿੱਥੋਂ ਤੱਕ ਕੋਵਿਡ-19 ਦੇ ਬਚਾਅ ਲਈ ਪ੍ਰਬੰਧ ਕੀਤੇ ਗਏ ਹਨ, ਉਨ੍ਹਾਂ ਪ੍ਰਬੰਧਾਂ ਨੂੰ ਅਮਲ ‘ਚ ਲਿਆ ਕੇ ਹੀ ਇਸ ਮਹਾਮਾਰੀ ਦੇ ਅਸਰ ਨੂੰ ਘਟਾਇਆ ਜਾ ਸਕਦਾ ਹੈ। ਜਿਸ ਤਰ੍ਹਾਂ ਆਏ ਦਿਨ ਮਰੀਜ਼ਾਂ ਅਤੇ ਬਿਮਾਰੀ ਨਾਲ ਮੌਤਾਂ ਦੀ ਗਿਣਤੀ ‘ਚ ਵਾਧਾ ਹੋ ਰਿਹਾ ਹੈ, ਉਹ ਸਾਰਿਆਂ ਲਈ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ। ਸਿਹਤ ਪ੍ਰਬੰਧਾਂ ਨੂੰ ਲੈ ਕੇ ਅਜੇ ਤੱਕ ਵੀ ਟੈਸਟ ਕਿਟਾਂ ਦੀ ਘਾਟ ਹੈ ਅਤੇ ਸ਼ੱਕੀ ਮਰੀਜ਼ਾਂ ਦੇ ਟੈਸਟ ਘੱਟ ਹੋ ਰਹੇ ਹਨ। ਇਸ ਕਰਕੇ ਮਰੀਜ਼ਾਂ ਦਾ ਸਹੀ ਅੰਦਾਜ਼ਾਂ ਲਾਉਣ ‘ਚ ਮੁਸ਼ਕਲ ਆ ਰਹੀ ਹੈ। ਇਹ ਜ਼ਰੂਰ ਹੈ ਕਿ ਕੇਂਦਰ ਅਤੇ ਰਾਜ ਸਰਕਾਰਾਂ ਦਾ ਦਾਅਵਾ ਹੈ ਕਿ ਜੇਕਰ ਲਾਕਡਾਊਨ ਜਾਂ ਕਰਫਿਊ ਨਾ ਲਾਇਆ ਜਾਂਦਾ ਤਾਂ ਇਸ ਤੋਂ ਕਈ ਗੁਣਾਂ ਬਿਮਾਰੀ ਦਾ ਵਾਧਾ ਹੋਣਾ ਸੀ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਕੱਲ ਇਲੈਕਟ੍ਰੋਨਿਕ ਮੀਡੀਆ ਕੋਲ ਦਿੱਤੇ ਸੁਨੇਹੇ ਵਿੱਚ ਕਿਹਾ ਹੈ ਕਿ ਜੇਕਰ ਜ਼ਾਬਤਾ ਨਾ ਰੱਖਿਆ ਜਾਵੇ ਤਾਂ ਪੰਜਾਬ ਦੀ ਸਥਿਤੀ ਵਿਗੜ ਸਕਦੀ ਹੈ ਪਰ ਹੁਣ ਪੰਜਾਬ ਦੀ ਸਥਿਤੀ ਕਾਬੂ ਹੇਠ ਹੈ। ਉਨ੍ਹਾਂ ਨੇ ਆਪਣੇ ਜ਼ੱਦੀ ਸ਼ਹਿਰ ਪਟਿਆਲਾ ਵਿੱਚ ਨਿਹੰਗਾਂ ਦੇ ਚੋਲੇ ‘ਚ ਕੁਝ ਲੋਕਾਂ ਵੱਲੋਂ ਪੁਲੀਸ ‘ਤੇ ਹਮਲਾ ਕਰਨ ਅਤੇ ਇੱਕ ਪੁਲੀਸ ਵਾਲੇ ਦਾ ਹੱਥ ਕੱਟਣ ‘ਤੇ ਡੂੰਘੇ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਅਜਿਹੀਆਂ ਘਟਨਾਵਾਂ ਨੂੰ ਸਖਤੀ ਨਾਲ ਰੋਕਿਆ ਜਾਵੇਗਾ ਅਤੇ ਪੁਲੀਸ ਆਪਣੀ ਕਾਰਵਾਈ ਕਰੇਗੀ। ਪਟਿਆਲਾ ਵਿੱਚ ਪੁਲੀਸ ਮੁਲਾਜ਼ਮ ਦਾ ਹੱਥ ਕੱਟਣਾ ਅਤੇ ਪੁਲੀਸ ‘ਤੇ ਹਮਲਾ ਕਰਨਾ ਬਿਲਕੁਲ ਗੈਰ-ਮਨੁੱਖੀ ਕਾਰਾ ਹੈ। ਇਸ ਤਰ੍ਹਾਂ ਦੀ ਮੰਦਭਾਗੀ ਘਟਨਾ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਵੱਖ-ਵੱਖ ਰਾਜਸੀ ਨੇ ਨਿਖੇਧੀ ਕੀਤੀ ਹੈ। ਘਰਾਂ ਵਿੱਚ ਰਹਿ ਕੇ ਅਤੇ ਬਾਹਰ ਆਉਣ ਵੇਲੇ ਨਿਯਮਾਂ ਦੀ ਪਾਲਣਾ ਕਰਕੇ ਹੀ ਮਹਾਮਾਰੀ ਦਾ ਟਾਕਰਾ ਕਰ ਸਕਦੇ ਹਾਂ। ਇਸ ਦਾ ਦੂਜਾ ਪਹਿਲੂ ਇਹ ਵੀ ਹੈ ਕਿ ਇੱਕ ਮੰਦਭਾਗੀ ਘਟਨਾ ਨੂੰ ਲੈ ਕੇ ਸਮੁੱਚੇ ਸਮਾਜ ਨੂੰ ਇਸ ਵਰਤਾਰੇ ਨਾਲ ਨਹੀਂ ਜੋੜਿਆ ਜਾ ਸਕਦਾ। ਪੁਲੀਸ ਅਤੇ ਪ੍ਰਸ਼ਾਸਨ ਨੂੰ ਆਮ ਲੋਕਾਂ ਦੀਆਂ ਦਿੱਕਤਾਂ ਸਮਝਣ ਦੀ ਜ਼ਰੂਰਤ ਹੈ ਅਤੇ ਹਮਦਰਦੀ ਨਾਲ ਪੇਸ਼ ਆਉਣ ਦੀ ਜ਼ਰੂਰਤ ਹੈ। ਪੰਜਾਬੀ ਮਾੜੇ ਦਿਨਾਂ ਨੂੰ ਬਹੁਤ ਮੌਕਿਆਂ ‘ਤੇ ਪਿੰਡੇ ‘ਤੇ ਹੰਢਾ ਚੁੱਕੇ ਹਨ। ਜੇਕਰ ਪੁਲੀਸ ਨੂੰ ਮਹਾਮਾਰੀ ਦੇ ਟਾਕਰੇ ਲਈ ਖੁੱਲ੍ਹੀ ਛੂਟ ਦੇ ਦਿੱਤੀ ਜਾਂਦੀ ਹੈ ਤਾਂ ਇਸ ਦੇ ਵੀ ਮਾੜੇ ਨਤੀਜੇ ਨਿਕਲਣਗੇ।

ਅਜਿਹੇ ਖੁੱਲ੍ਹੇ ਅਧਿਕਾਰਾਂ ਨੂੰ ਕਈ ਵਾਰ ਸਤ੍ਹਾ ਨਾਲ ਜੁੜੇ ਲੋਕ ਕਿੜਾਂ ਕੱਢਣ ਲਈ ਵੀ ਇਸਤੇਮਾਲ ਕਰਦੇ ਹਨ। ਕਈ ਮੌਕਿਆਂ ‘ਤੇ ਪੁਲੀਸ ਵੀ ਆਮ ਆਦਮੀ ਦੀ ਸੁਣਵਾਈ ਕਰਨ ਦੀ ਥਾਂ ਡੰਡੇ ਦੀ ਵਰਤੋਂ ਨੂੰ ਹੀ ਠੀਕ ਸਮਝਦੀ ਹੈ। ਅਜਿਹੀਆਂ ਕਈ ਉਦਾਹਰਨਾਂ ਵੀ ਹਨ ਜਦੋਂ ਪੁਲੀਸ ਨੇ ਮੀਡੀਆ ਨੂੰ ਸਮਾਜ ਨਾਲ ਜੁੜੇ ਅਹਿਮ ਮੁੱਦੇ ਚੁੱਕਣ ਮੌਕੇ ਆਪਣਾ ਰੰਗ ਵਿਖਾਇਆ। ਇਸ ਨਾਲ ਸਮਾਜ ‘ਚ ਕਈ ਨਵੀਂ ਕਿਸਮ ਦੀਆਂ ਮੁਸ਼ਕਲਾਂ ਖੜ੍ਹੀਆਂ ਹੋ ਜਾਂਦੀਆਂ ਹਨ ਅਤੇ ਉਸ ਦੇ ਮਾੜੇ ਨਤੀਜੇ ਨਿਕਲਦੇ ਹਨ। ਇਸ ਸੰਕਟ ਦੀ ਘੜੀ ਵਿੱਚ ਸੰਤੁਲਨ ਅਤੇ ਸੰਜਮ ਕਾਇਮ ਰੱਖਣ ਦੀ ਬੇਹੱਦ ਲੋੜ ਹੈ। ਇਸ ਭਰੋਸੇਯੋਗਤਾ ਨਾਲ ਹੀ ਮਹਾਮਾਰੀ ਦਾ ਟਾਕਰਾ ਕੀਤਾ ਜਾ ਸਕਦਾ ਹੈ।

- Advertisement -

ਜਿਸ ਤਰ੍ਹਾਂ ਅਚਾਨਕ ਲਾਕਡਾਊਨ ਲੱਗਾ ਸੀ, ਉਸ ਨਾਲ ਕਰੋੜਾਂ ਲੋਕਾਂ ਦੀ ਰੋਜ਼ੀ ਰੋਟੀ ‘ਤੇ ਬਰੇਕ ਲੱਗ ਗਈ ਹੈ। ਕੁਝ ਦਿਨਾਂ ਪਹਿਲਾਂ ਸੂਰਤ ਵਿੱਚ ਸੈਂਕੜੇ ਭੁੱਖੇ ਮਜ਼ਦੂਰਾਂ ਨੇ ਸੜਕ ‘ਤੇ ਨਿਕਲ ਕੇ ਰੋਸ ਪ੍ਰਗਟ ਕੀਤਾ ਅਤੇ ਕੁਝ ਥਾਂ ਅੱਗਾਂ ਵੀ ਲਾਈਆਂ। ਇਸੇ ਤਰ੍ਹਾਂ ਦੇਸ਼ ਦੇ ਬਹੁਤ ਹਿੱਸਿਆਂ ਵਿੱਚ ਮਜ਼ਦੂਰ ਫਸੇ ਬੈਠੇ ਹਨ ਅਤੇ ਉਹ ਆਪਣੇ ਰਾਜਾਂ ਨੂੰ ਵਾਪਸ ਜਾਣਾ ਚਾਹੁੰਦੇ ਹਨ ਪਰ ਕੋਈ ਬੰਦੌਬਸਤ ਨਹੀਂ ਹੈ। ਕਈ ਥਾਂ ਕਈ-ਕਈ ਦਿਨ ਭੁੱਖੇ ਰਹਿਣ ਦੀਆਂ ਰਿਪੋਰਟਾਂ ਵੀ ਆ ਰਹੀਆਂ ਹਨ। ਇਸ ਤਰ੍ਹਾਂ ਦੀ ਸਥਿਤੀ ਬੇਸ਼ਕ ਮਜ਼ਬੂਰੀ ‘ਚ ਪੈਦਾ ਹੋਈ ਹੈ ਪਰ ਸਰਕਾਰ ਦੇ ਅਚਾਨਕ ਫੈਸਲੇ ਕਾਰਨ ਬਿਪਤਾ ਵਿੱਚ ਫਸੇ ਲੋਕਾਂ ਦੀ ਮਦਦ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਅਕਸਰ ਰਾਜ ਸਰਕਾਰਾਂ ਆਖ ਦਿੰਦੀਆਂ ਹਨ ਕਿ ਉਨ੍ਹਾਂ ਕੋਲ ਸਾਧਨਾਂ ਦੀ ਘਾਟ ਹੈ। ਮਿਸਾਲ ਵਜੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਗਾਤਾਰ ਕੇਂਦਰ ‘ਤੇ ਜ਼ੋਰ ਪਾਇਆ ਹੈ ਕਿ ਮਹਾਮਾਰੀ ਦੇ ਟਾਕਰੇ ਲਈ ਵਿੱਤੀ ਵੰਡ ਮੁਹੱਈਆ ਕੀਤੇ ਜਾਣ। ਇਹੋ ਜਿਹੀ ਸਥਿਤੀ ਵਿੱਚ ਕੇਂਦਰ ਨੂੰ ਰਾਜਾਂ ਦੀ ਗੱਲ ਸੁਣਨੀ ਚਾਹੀਦੀ ਹੈ ਅਤੇ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ। ਇਹ ਸਪਸ਼ਟ ਹੈ ਕਿ ਇਹ ਲੜਾਈ ਸੂਬਾ ਪੱਧਰ ‘ਤੇ ਰਾਜਾਂ ਵੱਲੋਂ ਹੀ ਲੜੀ ਜਾਣੀ ਹੈ। ਪਿਛਲੇ ਸਮਿਆਂ ਦੌਰਾਨ ਬਹੁਤ ਸਾਰੇ ਅਧਿਕਾਰ ਕੇਂਦਰ ਕੋਲ ਆ ਗਏ ਅਤੇ ਰਾਜਾਂ ਦੇ ਪੱਲੇ ਬਹੁਤਾ ਕੁਝ ਨਹੀਂ। ਕੇਂਦਰ ਨੂੰ ਦੇਸ਼ ਦੇ ਹਿੱਤ ਵਿੱਚ ਨਵੀਂ ਯੋਜਨਾ ਘੜਨ ਦੀ ਜ਼ਰੂਰਤ ਹੈ ਤਾਂ ਜੋ ਰਾਜਾਂ ਨੂੰ ਤਕੜੇ ਕਰਕੇ ਮਹਾਮਾਰੀ ਦਾ ਟਾਕਰਾ ਕੀਤਾ ਜਾ ਸਕੇ। ਹਰ ਰਾਜ ਆਪਣੀਆਂ ਸਥਾਨਕ ਲੋੜਾਂ ਅਨੁਸਾਰ ਵੰਡਾਂ ਦੀ ਵਧੇਰੇ ਸੁਚੱਜੇ ਢੰਗ ਨਾਲ ਇਸਤੇਮਾਲ ਕਰ ਸਕਦਾ ਹੈ। ਇਸ ਵੇਲੇ ਮਹਾਮਾਰੀ ਦੇ ਟਾਕਰੇ ਦੇ ਨਾਲ-ਨਾਲ ਸਭ ਤੋਂ ਵੱਡੀ ਸਮੱਸਿਆ ਰੁਜ਼ਗਾਰ ਦੀ ਹੈ। ਹੁਣ ਤਾਂ ਦੇਸ਼ ਦੇ ਨੌਜਵਾਨ ਵੀ ਬਾਹਰ ਜਾਣ ਨੂੰ ਮੂੰਹ ਨਹੀਂ ਕਰਨਗੇ ਅਤੇ ਉਨ੍ਹਾਂ ਲਈ ਰੁਜ਼ਗਾਰ ਦੇ ਮੌਕੇ ਸਰਕਾਰਾਂ ਵੱਲੋਂ ਹੀ ਪੈਦਾ ਕੀਤੇ ਜਾਣਗੇ। ਇਸ ਲਈ ਬਦਲਵੇਂ ਹੱਲ ਤਲਾਸ਼ਣ ਦੀ ਫੌਰੀ ਜ਼ਰੂਰਤ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀਆਂ ਨਾਲ ਕਾਨਫਰੰਸ ਕਰਦਿਆਂ ਕਿਹਾ ਸੀ ਕਿ ਜਾਨ ਵੀ ਅਤੇ ਜਹਾਨ ਵੀ। ਹੁਣ ਇਨ੍ਹਾਂ ਸ਼ਬਦਾਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਜ਼ਰੂਰਤ ਹੈ।
ਸੰਪਰਕ : 9814002186

Share this Article
Leave a comment