ਫਗਵਾੜਾ : ਇੰਨੀ ਦਿਨੀਂ ਪੰਜਾਬ ਸਰਕਾਰ ਨਸ਼ੇ ਦੇ ਖਾਤਮੇ ਲਈ ਪੂਰੀ ਤਰ੍ਹਾਂ ਸਰਗਰਮ ਹੈ। ਜਿਸ ਦੇ ਚਲਦਿਆਂ ਉਹ ਹਰ ਦਿਨ ਆਮ ਜਨ-ਮਾਨਸ ਨੂੰ ਵੀ ਸਾਥ ਦੇਣ ਦੀਆਂ ਅਪੀਲਾਂ ਕਰਦੀ ਰਹਿੰਦੀ ਹੈ। ਇਸ ਸਿਲਸਿਲੇ ਤਹਿਤ ਫਗਵਾੜਾ ਦਿਹਾਤੀ ਕਾਂਗਰਸ ਦੇ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਦੀ ਅਗਵਾਈ ‘ਚ ਕੀਤੀ ਗਈ ਇੱਕ ਬੈਠਕ ਦੌਰਾਨ ਉਨ੍ਹਾਂ ਨੇ ਸਥਾਨਕ ਲੋਕਾਂ ਨੂੰ ਅਪੀਲ ਕਰਦਿਆਂ ਐਲਾਨ ਕੀਤਾ ਕਿ ਨਸ਼ਾ ਤਸਕਰਾਂ ਨੂੰ ਫੜਾਉਣ ‘ਚ ਮਦਦ ਕਰਨ ਵਾਲਿਆਂ ਨੂੰ 10 ਹਜ਼ਾਰ ਰੁਪਏ ਦਾ ਨਗਦ ਇਨਾਮ ਦਿੱਤਾ ਜਾਵੇਗਾ। ਦਰਵੇਸ਼ ਨੇ ਇੱਥੇ ਇਹ ਵੀ ਭਰੋਸਾ ਦਿੱਤਾ ਕਿ ਜੋ ਕੋਈ ਨਸ਼ਾ ਤਸਕਰਾਂ ਨੂੰ ਫੜਵਾਏਗਾ ਉਸ ਦਾ ਨਾਂ ਅਤੇ ਪਤਾ ਵੀ ਗੁਪਤ ਰੱਖਿਆ ਜਾਵੇਗਾ ।
ਇਸ ਮੀਟਿੰਗ ਦੌਰਾਨ ਦਰਵੇਸ਼ ਨੇ ਇਹ ਦਾਅਵਾ ਕੀਤਾ ਕਿ ਜਦੋਂ ਦੀ ਕਾਂਗਰਸ ਪਾਰਟੀ ਕੈਪਟਨ ਦੀ ਅਗਵਾਈ ਅੰਦਰ ਸੱਤਾ ‘ਚ ਆਈ ਹੈ ਉਦੋਂ ਦੀ ਨਸ਼ਾ ਤਸਕਰਾਂ ਅੰਦਰ ਘਬਰਾਹਟ ਪੈਦਾ ਹੋਈ ਪਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਇਹ ਲੋਕ ਸ਼ਰੇਆਮ ਘੁਮ ਫਿਰ ਕੇ ਨਸ਼ਾ ਵੇਚਿਆ ਕਰਦੇ ਸਨ। ਉਨ੍ਹਾਂ ਕਿਹਾ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਸਖਤ ਹੁਕਮਾਂ ਤੋਂ ਬਾਅਦ ਪੰਜਾਬ ਪੁਲਿਸ ਵੀ ਪੂਰੀ ਤਰ੍ਹਾਂ ਮੁਸਤੈਦ ਹੈ ਤਾਹੀਓਂ ਇਹ ਸਭ ਸੰਭਵ ਹੋ ਸਕਿਆ ਹੈ ਕਿ ਨਸ਼ੇ ਨੂੰ ਠੱਲ ਪਾਉਣ ਲਈ ਵੱਡੇ ਪੱਧਰ ‘ਤੇ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਦਰਵੇਸ਼ ਅਨੁਸਾਰ ਕਾਂਗਰਸ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਕਈ ਨੌਜਵਾਨ ਜਾਂ ਤਾਂ ਬਿਲਕੁਲ ਹੀ ਨਸ਼ਾ ਛੱਡ ਗਏ ਹਨ ਤੇ ਜਾਂ ਫਿਰ ਉਨ੍ਹਾਂ ਦਾ ਨਸ਼ਾ ਛੁਡਾਊ ਕੇਂਦਰਾਂ ਵਿੱਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਕੁਝ ਨਸ਼ਾ ਤਸਕਰ ਹੀ ਬਾਕੀ ਬਚੇ ਹਨ ਜੋ ਕਿ ਚੋਰੀ ਛਿਪੇ ਇਸ ਧੰਦੇ ਵਿੱਚ ਲੱਗੇ ਹੋਏ ਹਨ ਜਿਨ੍ਹਾਂ ‘ਤੇ ਵੀ 10 ਹਜ਼ਾਰ ਵਾਲੇ ਇਸ ਇਨਾਮ ਤੋਂ ਬਾਅਦ ਕਾਬੂ ਪਾਉਣ ਵਿੱਚ ਪੁਲਿਸ ਨੂੰ ਮਦਦ ਮਿਲੇਗੀ ।