Home / ਓਪੀਨੀਅਨ / ਕੋਵਿਡ-19 ਦੇ ਹਨੇਰੇ ਵਿੱਚ ਚਾਨਣ ਦਾ ਸੁਨੇਹਾ ਦਿੰਦੀ ਜ਼ਿੰਦਗੀ

ਕੋਵਿਡ-19 ਦੇ ਹਨੇਰੇ ਵਿੱਚ ਚਾਨਣ ਦਾ ਸੁਨੇਹਾ ਦਿੰਦੀ ਜ਼ਿੰਦਗੀ

-ਜਗਤਾਰ ਸਿੰਘ ਸਿੱਧੂ

 

ਲੌਕਡਾਊਨ ਦੇ ਸਮੇਂ ‘ਚ ਬਹੁਤ ਸਾਰੇ ਲੋਕਾਂ ਨੇ ਆਪਣੇ ਰੁਝੇਵਿਆਂ ਵਿੱਚ ਵੱਖੋ-ਵੱਖਰੇ ਰੰਗ ਭਰਨ ਦੀ ਕੋਸ਼ਿਸ਼ ਵੀ ਕੀਤੀ ਤਾਂ ਜੋ ਕੋਰੋਨਾ ਮਹਾਮਾਰੀ ਦੇ ਦਹਿਸ਼ਤ ਵਾਲੇ ਮਾਹੌਲ ਦੀ ਜਕੜ ਨੂੰ ਤੋੜਿਆ ਜਾ ਸਕੇ। ਸੜਕਾਂ ‘ਤੇ ਸੰਨਾਟਾ ਸੀ। ਉੱਚੇ ਹਾਸੇ ਅਤੇ ਕਿਲਕਾਰੀਆਂ ਗੁੰਮ ਸਨ। ਇਸ ਸਾਰੇ ‘ਚੋਂ ਬਾਹਰ ਨਿਕਲਦਿਆਂ ਕਈਆਂ ਵੱਲੋਂ ਜ਼ਿੰਦਗੀ ਦੇ ਬੁਰਸ਼ ਨਾਲ ਕੁਝ ਅਲੱਗ ਚਿਤਰਿਆ ਗਿਆ। ਇਨ੍ਹਾਂ ‘ਚੋਂ ਕੁਝ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਆਪਣੇ ਅਨੁਭਵ ਵੀ ਸਾਂਝੇ ਕੀਤੇ।

ਹਿੰਦੂ ਅਖਬਾਰ ਦੇ ਲੰਮਾ ਸਮਾਂ ਸੀਨੀਅਰ ਪੱਤਰਕਾਰ ਰਹੇ ਸਰਬਜੀਤ ਪੰਧੇਰ – ਪੰਧੇਰ ਨੂੰ ਪਿਛਲੇ ਕੁਝ ਸਮੇਂ ਤੋਂ ਪੱਤਰਕਾਰੀ ਨਾਲੋਂ ਜ਼ਿਆਦਾ ਫੋਟੋਗ੍ਰਾਫੀ ਦਾ ਜਨੂੰਨ ਸਿਰ ‘ਤੇ ਸਵਾਰ ਹੈ। ਫੋਟੋਗ੍ਰਾਫੀ ‘ਚ ਕਈ ਅਵਾਰਡ ਵੀ ਹਾਸਲ ਕਰ ਚੁੱਕੇ ਹਨ ਅਤੇ ਚੰਡੀਗੜ੍ਹ ‘ਚ ਮੀਡੀਆ ਫੋਟੋਗ੍ਰਾਫਰਾਂ ਦੀਆਂ ਕਲਾ ਪ੍ਰਦਰਸ਼ਨੀਆਂ ‘ਚ ਮੋਹਰੀ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨਾਲ ਛੱਤਬੀੜ ਜ਼ੂ (ਚਿੜੀਆ ਘਰ) ਦੇ ਪ੍ਰਬੰਧਕਾਂ ਨੇ ਸੰਪਰਕ ਕਰਕੇ ਦੱਸਿਆ ਕਿ ਲੌਕਡਾਊਨ ‘ਚ ਚਿੜੀਆ ਘਰ ਦੇ ਜਾਨਵਰਾਂ ਵੱਲੋਂ ਮਾਣਿਆ ਜਾ ਰਿਹਾ ਸ਼ਾਂਤੀ ਦਾ ਆਨੰਦ ਕੈਮਰੇ ‘ਚ ਬੰਦ ਕਰਨ ਵਾਲਾ ਹੈ। ਲਓ ਜੀ, ਪੰਧੇਰ ਨੂੰ ਹੋਰ ਕੀ ਚਾਹੀਦਾ ਸੀ? ਲੋੜੀਂਦੀ ਇਜਾਜ਼ਤ ਲੈ ਕੇ ਪਹੁੰਚ ਗਏ ਛੱਤਬੀੜ ਚਿੜੀਆ ਘਰ। ਉਨ੍ਹਾਂ ਨੇ ਵੇਖਿਆ ਕਿ ਮਨੁੱਖ ਦੇ ਭੀੜ ਭੜਕੇ ਬਗੈਰ ਸ਼ੇਰ, ਹਾਥੀ, ਚੀਤੇ ਅਤੇ ਵੱਖ-ਵੱਖ ਵੰਨਗੀਆਂ ਦੇ ਪੰਛੀ ਕਿੰਨੇ ਖੁਸ਼ ਸਨ। ਉਹ ਤਣਾਅ ਮੁਕਤ ਅਤੇ ਮੌਜ ਮੇਲੇ ਨਾਲ ਘੁੰਮ ਰਹੇ ਸਨ। ਪੰਧੇਰ ਨੇ ਨਜ਼ਦੀਕ ਤੋਂ ਜਾ ਕੇ ਉਨ੍ਹਾਂ ਦੀਆਂ ਤਸਵੀਰਾਂ ਲਈਆਂ। ਪੰਧੇਰ ਲਈ ਕੋਰੋਨਾ ਮਹਾਮਾਰੀ ਦੇ ਦੌਰ ‘ਚ ਵੱਖਰਾ ਅਨੁਭਵ ਸੀ। ਉਨ੍ਹਾਂ ਨੇ ਕਈ ਤਸਵੀਰਾਂ ਆਪਣੇ ਦੋਸ਼ਤਾਂ ਨਾਲ ਸਾਂਝੀਆਂ ਕੀਤੀਆਂ। ਕੁਝ ਤਸਵੀਰਾਂ ਹੇਠਾਂ ਹਾਜ਼ਰ ਹਨ।

 

ਕੇਵਲ ਪੱਤਰਕਾਰ ਹੀ ਨਹੀਂ ਸਗੋਂ ਕਈ ਰਾਜਸੀ ਨੇਤਾਵਾਂ ਨੇ ਵੀ ਲੌਕਡਾਊਨ ਦੀ ਸਥਿਤੀ ‘ਚ ਜ਼ਿੰਦਗੀ ਦੇ ਉਨ੍ਹਾਂ ਪਹਿਲੂਆਂ ਵੱਲ ਧਿਆਨ ਦਿੱਤਾ, ਜਿਨ੍ਹਾਂ ਬਾਰੇ ਸ਼ਾਇਦ ਉਨ੍ਹਾਂ ਨੂੰ ਆਪਣੇ ਰਾਜਸੀ ਸਫਰ ਵਿੱਚ ਮੌਕਾ ਨਾ ਮਿਲਦਾ। ਸੀਨੀਅਰ ਅਕਾਲੀ ਨੇਤਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਇਹ ਸਮਾਂ ਆਪਣੇ ਰਾਜਸੀ ਜੀਵਨ ਬਾਰੇ ਕਿਤਾਬ ਲਿਖਣ ‘ਚ ਲਾਇਆ ਹੈ। ਉਨ੍ਹਾਂ ਦੀ ਕਿਤਾਬ ਹੁਣ ਮੁਕੰਮਲ ਹੋਣ ਦੇ ਨਜ਼ਦੀਕ ਹੈ। ਪ੍ਰੋ. ਚੰਦੂਮਾਜਰਾ 1969 ‘ਚ ਰਾਜਪੁਰਾ ਕਾਲਜ ‘ਚ ਆ ਕੇ ਵਿਦਿਆਰਥੀ ਨੇਤਾ ਬਣ ਗਏ ਸਨ। ਇਸ ਤਰ੍ਹਾਂ ਹੁਣ ਤੱਕ ਉਹ ਆਪਣੀ ਜ਼ਿੰਦਗੀ ਦੇ ਸਰਗਰਮ ਰਾਜਨੀਤੀ ਦੇ 50 ਸਾਲ ਪੂਰੇ ਕਰ ਚੁੱਕੇ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ‘ਚ ਵਿਦਿਆਰਥੀ ਨੇਤਾ ਰਹੇ। ਐਮਰਜੈਂਸੀ ਲੱਗੀ ਤਾਂ ਤਿੰਨ ਸਾਲ ਜੇਲ੍ਹ ‘ਚ ਰਹੇ ਅਤੇ ਉੱਥੇ ਹੀ ਉਨ੍ਹਾਂ ਦਾ ਜੇਲ੍ਹ ‘ਚ ਅਕਾਲੀ ਆਗੂਆਂ ਨਾਲ ਸੰਪਰਕ ਹੋਇਆ। ਜੇਲ੍ਹ ਤੋਂ ਰਿਹਾਅ ਹੋ ਕੇ ਆਏ ਤਾਂ ਕਾਲਜ ‘ਚ ਲੈਕਚਰਾਰ ਲੱਗ ਗਏ। ਇਸੇ ਸਮੇਂ ‘ਚ ਅਕਾਲੀ ਦਲ ਨੇ ਚੰਡੀਗੜ੍ਹ ਦਾ ਘਿਰਾਉ ਕੀਤਾ। ਪ੍ਰੋ. ਚੰਦੂਮਾਜਰਾ ਅਕਾਲੀ ਦਲ ਦੇ ਐਕਸ਼ਨ ‘ਚ ਸ਼ਾਮਲ ਨਹੀਂ ਸਨ ਪਰ ਪੁਲਿਸ ਨੇ ਉਪਰੋਂ ਪਾਈਆਂ ਲਿਸਟਾਂ ਮੁਤਾਬਿਕ ਉਨ੍ਹਾਂ ਨੂੰ ਘਰੋਂ ਚੁੱਕ ਲਿਆ। ਉਂਝ ਤਾਂ ਪੰਜਾਬ ਪੁਲਿਸ ਦਾ ਬਹੁਤ ਸਾਰੇ ਮਾਮਲਿਆਂ ‘ਚ ਯੋਗਦਾਨ ਹੈ ਪਰ ਪ੍ਰੋ. ਚੰਦੂਮਾਜਰਾ ਲੈਕਚਰਾਰ ਦੀ ਨੌਕਰੀ ਛੱਡ ਕੇ ਕਦੇ ਅਕਾਲੀ ਨੇਤਾ ਨਾ ਬਣਦੇ ਜੇਕਰ ਪੁਲਿਸ ਉਨ੍ਹਾਂ ਨੂੰ ਘਰੋਂ ਨਾ ਚੁੱਕਦੀ। ਪ੍ਰੋ. ਚੰਦੂਮਾਜਰਾ ਆਪਣੀ ਰਾਜਸੀ ਜ਼ਿੰਦਗੀ ਦੇ ਸਫਰ ‘ਤੇ ਕਿਤਾਬ ਲਿਖ ਰਹੇ ਹਨ ਪਰ ਇਸ ‘ਚ ਪੰਜਾਬ ਦੀ ਰਾਜਨੀਤੀ ਦੇ ਉਤਰਾ-ਚੜਾਅ ਬਾਰੇ ਵੀ ਬਹੁਤ ਕੁਝ ਹੋਵੇਗਾ। ਇਹ ਕਿਤਾਬ ਲੌਕਡਾਊਨ ਕਾਰਨ ਹੀ ਆ ਰਹੀ ਹੈ।

ਲੌਕਡਾਊਨ ‘ਚ ਕਈ ਰਾਜਸੀ ਆਗੂਆਂ ਦੀਆਂ ਹੋਰ ਵੀ ਦਿਲਚਸਪ ਟਿੱਪਣੀਆਂ ਹਨ। ਕਈ ਤਿਆਰ ਹੋਣਾ ਭੁੱਲ ਗਏ। ਆਮ ਵਾਂਗ ਨਾ ਕੋਈ ਵਫਦ, ਨਾ ਧਰਨਾ ਨਾ ਰੈਲੀ। ਇਨ੍ਹਾਂ ਦਿਨਾਂ ‘ਚ ਮੈਂ ਆਪਣੇ ਗਲੋਬਲ ਪੰਜਾਬ ਟੀ.ਵੀ. ਲਈ ਡਿਬੇਟ ‘ਚ ਆਉਣ ਵਾਸਤੇ ਮੋਬਾਈਲ ਰਾਹੀਂ ਹੀ ਲਿੰਕ ਭੇਜ ਕੇ ਚੈੱਨਲ ‘ਤੇ ਜੁੜਨ ਲਈ ਬੇਨਤੀ ਕਰਦਾ ਹਾਂ। ਇੱਕ ਦਿਨ ਆਪ ਦੇ ਨੇਤਾ ਰਹੇ ਅਤੇ ਵਿਧਾਇਕ ਸੁਖਪਾਲ ਖਹਿਰਾ ਨੂੰ ਇੰਟਰਵਿਊ ਲਈ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਕੁਝ ਦਿਨ ਠਹਿਰ ਜਾਉ। ਕਾਰਨ ਪੁੱਛਣ ‘ਤੇ ਪਤਾ ਲੱਗਾ ਕਿ ਉਨ੍ਹਾਂ ਨੇ ਕਈ ਦਿਨਾਂ ਤੋਂ ਦਾਹੜੀ ਹੀ ਡਾਈ (ਰੰਗੀ) ਨਹੀਂ ਕੀਤੀ ਸੀ। ਇਸ ਤਰ੍ਹਾਂ ਚੰਗਾ ਨਹੀਂ ਲਗਦਾ ਸੀ। ਉਂਝ ਵੀ ਖਹਿਰਾ ਉਨ੍ਹਾਂ ਰਾਜਸੀ ਹਸਤੀਆਂ ‘ਚੋਂ ਹਨ ਜਿਹੜੇ ਕਿ ਸੱਜ ਫਬ ਕੇ ਟੀ.ਵੀ. ਕੈਮਰਿਆਂ ਅੱਗੇ ਆਉਂਦੇ ਹਨ। ਚੇਹਰੇ ਦੀ ਖੂਬਸੂਰਤੀ ਵੀ ਤੁਹਾਡੀ ਪਹਿਚਾਣ ਦਾ ਅਹਿਮ ਹਿੱਸਾ ਹੈ।

ਬੱਚੇ ਘਰਾਂ ‘ਚ ਬਹੁਤ ਪ੍ਰੇਸ਼ਾਨ ਹਨ। ਤਿੰਨ ਸਾਲ ਦਾ ਬੱਚਾ ਵੀ ਆਖ ਰਿਹਾ ਹੈ ਕਿ ਬਾਹਰ ਕੋਰੋਨਾ ਘੁੰਮ ਰਿਹਾ ਹੈ। ਆਨਲਾਈਨ ਪੜ੍ਹਾਈ ਨੇ ਮਾਪਿਆਂ ਅਤੇ ਬੱਚਿਆਂ ‘ਤੇ ਬਹੁਤ ਦਬਾ ਬਣਾਇਆ ਹੋਇਆ ਹੈ। ਇਸ ਦੇ ਬਾਵਜੂਦ ਕਈ ਬੱਚੇ ਸੁਖਮ ਕਲਾਵਾਂ ਨਾਲ ਵੀ ਖੁਸਕ ਮੌਸਮ ‘ਚ ਜ਼ਿੰਦਗੀ ਦਾ ਰੰਗ ਭਰਦੇ ਰਹੇ। ਇੱਕ ਸਕੂਲ ਦੇ ਪੰਜਵੀਂ ਜਮਾਤ ‘ਚ ਪੜ੍ਹਦੇ ਆਦਿਲ ਨਾਂ ਦੇ ਬੱਚੇ ਨੇ ਲੌਕਡਾਊਨ ‘ਚ ਵੱਖ-ਵੱਖ ਰੰਗਾਂ ‘ਚ ਦਰਜਨਾਂ ਪੇਟਿੰਗਾਂ ਅਤੇ ਸਕੈੱਚ ਬਣਾ ਦਿੱਤੇ। ਜੇ ਲੌਕਡਾਊਨ ਨਾ ਹੁੰਦਾ ਤਾਂ ਉਹ ਸ਼ਾਇਦ ਕਦੇ ਪੈਂਟਿੰਗ ਅਤੇ ਸਕੈੱਚ ‘ਚ ਆਪਣੀ ਪ੍ਰਤਿਭਾ ਨਾ ਲਾਉਂਦਾ। ਪੇਸ਼ ਹੈ ਉਸ ਦੀ ਕਲਾਂ ਦੇ ਕੁਝ ਨਮੂਨੇ –

ਕਈ ਬੱਚਿਆਂ ਨੇ ਮਿਊਜ਼ਿਕ ਅਤੇ ਡਾਂਸ ਨੂੰ ਲੌਕਡਾਊਨ ਦੌਰਾਨ ਆਪਣੇ ਸ਼ੌਕ ਦਾ ਹਮੇਸ਼ਾ ਲਈ ਹਿੱਸਾ ਬਣਾ ਲਿਆ। ਮਾਪਿਆਂ ਨੂੰ ਵੀ ਜ਼ਰੂਰ ਰਾਹਤ ਮਿਲਦੀ ਹੈ ਪਰ ਪੜ੍ਹਾਈ ਦੇ ਨਾਲ-ਨਾਲ ਕਲਾ ਦੇ ਵੱਖ-ਵੱਖ ਰੂਪ ਅੱਗੇ ਜਾ ਕੇ ਉਨ੍ਹਾਂ ਦੀ ਇੱਕ ਪਹਿਚਾਣ ਵੀ ਬਣ ਸਕਦੇ ਹਨ। ਪਹਿਲੀ ਜਮਾਤ ‘ਚ ਪੜ੍ਹਦੀ ਇਨਾਰਾ ਜਗੀਰਦਾਰ ਨਾਂ ਦੀ ਇੱਕ ਬੱਚੀ ਨੇ ਇਸ ਸਮੇਂ ਨੂੰ ਡਾਂਸ ‘ਚ ਮੁਹਾਰਤ ਹਾਸਲ ਕਰਨ ਵਜੋਂ ਇਸਤੇਮਾਲ ਕੀਤਾ। ਪੇਸ਼ ਹੈ ਉਸ ਦੇ ਡਾਂਸ ਦੀ ਇੱਕ ਝਲਕ –

(ਇਸ ਲੇਖ ਦਾ ਬਾਕੀ ਹਿੱਸਾ ਕੱਲ੍ਹ ਪੜ੍ਹੋਗੇ)

ਸੰਪਰਕ : 98140-02186

Check Also

ਪੰਜਾਬ ਵਿੱਚ ਕਿਉਂ ਸੁੱਕ ਰਿਹਾ ਹੈ ਰਾਜ ਰੁੱਖ

ਟਾਹਲੀ ਮੂਲ ਤੌਰ ‘ਤੇ ਭਾਰਤ ਅਤੇ ਦੱਖਣ ਏਸ਼ੀਆ ਨਾਲ ਸਬੰਧਤ ਹੈ। ਬਲੈਕਵੁੱਡ, ਸ਼ੀਸ਼ਮ, ਰੋਜਵੁੱਡ ਨਾਲ …

Leave a Reply

Your email address will not be published. Required fields are marked *